*ਸ਼ੁਕਰ ਹੈ!ਕਿ ਮਰਨ ਪਿੱਛੋਂ ਤਾਂ,ਖਾਲੀ ਹੱਥ ਹੀ ਜਾਣਾ ਏ!*
ਸੰਸਾਰ ਦੇ ਹਰ ਜੀਵ ਜੰਤੂ,ਪਸ਼ੂ,ਪੰਛੀ,ਜਾਨਵਰ ਅਤੇ ਮਨੁੱਖ,ਜਿਸਨੇ ਵੀ ਇਸ ਧਰਤੀ ਤੇ ਜਨਮ ਲਿਆ ਹੈ,ਉਸਨੇ ਇੱਕ ਨਾ ਇੱਕ ਦਿਨ ਮਰ ਹੀ ਜਾਣਾ ਹੈ।ਭਾਵ,ਕਿ ਖਤਮ ਹੋ ਹੀ ਜਾਣਾ ਹੈ।ਇੱਥੋਂ ਤੱਕ,ਕਿ ਦੁਨੀਆਂ ਦੇ ਪਹਾੜ ,ਨਦੀਆਂ,ਨਾਲੇ ਅਤੇ ਬਨਸਪਤੀ ਨੇ ਵੀ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ ਹੈ।ਇਸੇ ਸਬੰਧ ਚ ਗੁਰਬਾਣੀ ਚ ਵੀ ਫੁਰਮਾਇਆ ਗਿਆ ਹੈ,ਕਿ,
*ਜੋ ਉਪਜਿਓ ਸੋ ਬਿਨਸਿ ਹੈ,ਪਰਿਓ ਆਜ ਕਿ ਕਾਲ!*
ਭਾਵ ਕਿ ਦੁਨੀਆਂ ਦੀ ਹਰ ਚੀਜ ਨੇ ਦੇਰ ਜਾਂ ਸਵੇਰ ਖਤਮ ਹੋ ਹੀ ਜਾਣਾ ਹੈ। ਭਾਵੇਂ ਮਨੁੱਖ ਨੇ,ਇਸ ਦੁਨੀਆਂ ਚ,ਹਰ ਤਰ੍ਹਾਂ ਨਾਲ ਆਪਣੀ ਪੂਰੀ ਧਾਂਕ ਜਮਾ ਰੱਖੀ ਹੈ ਅਤੇ ਵਿਗਿਆਨ ਨੇ ਬੇਅੰਤ ਤਰੱਕੀ ਵੀ ਕਰ ਲਈ ਹੈ।ਪਰ ਦੁਨੀਆਂ ਦਾ ਕੋਈ ਵੀ ਵਿਗਿਆਨੀ ਅੱਜ ਤੱਕ ਨਾ ਹੀ,ਆਪ ਮੌਤ ਤੋਂ ਬਚ ਸਕਿਆ ਹੈ ਅਤੇ ਨਾ ਹੀ ਆਪਣੀ ਸਿਆਣਪ ਨਾਲ,ਕਿਸੇ ਹੋਰ ਨੂੰ ਹੀ ਇਸ ਮੌਤ ਤੋਂ ਬਚਾ ਸਕਿਆ ਹੈ।ਇਸੇ ਲਈ ਤਾਂ ਗੁਰਬਾਣੀ ਚ ਲਿਖਿਆ ਹੈ,ਕਿ,
*ਮਰਨਾ ਸੱਚ,ਜਿਊਣਾ ਝੂਠ!* ਹੈ,ਜੋ ਕਿ ਸੌ ਫੀ ਸਦੀ ਸੱਚ ਵੀ ਹੈ।
ਇਸ ਦੁਨੀਆਂ ਚ ਮੌਤ ਇਕੱਲੀ,ਗਰੀਬ ਬੰਦੇ ਨੂੰ ਹੀ ਨਹੀਂ ਆਉਂਦੀ।ਸਗੋਂ ਇਹ ਤਾਂ,ਹਰ ਗਰੀਬ,ਅਮੀਰ, ਬੱਚੇ,ਬੁੱਢੇ,ਰਾਜੇ ਅਤੇ ਰੰਕ ਨੂੰ ਵੀ ਆ ਜਾਂਦੀ ਹੈ।ਇਹ ਮੌਤ,ਕਿਸੇ ਨਾਲ ਕੋਈ ਭੇਦ ਭਾਵ ਵੀ ਨਹੀਂ ਕਰਦੀ,ਸਗੋਂ ਸਭ ਨਾਲ ਇੱਕੋ ਜਿਹਾ ਵਰਤਾਓ ਹੀ ਕਰਦੀ ਹੈ।ਅਗਰ ਇਹ ਮੌਤ,ਕਿਸੇ ਗਰੀਬ ਤੇ ਅਮੀਰ ਚ ਕੋਈ ਭੇਦਭਾਵ ਕਰਦੀ ਹੁੰਦੀ ਜਾਂ ਇਹ ਮੌਤ ਸਿਰਫ ਗਰੀਬਾਂ ਨੂੰ ਹੀ ਆਉਂਦੀ ਹੁੰਦੀ,ਤਾਂ ਫਿਰ ਕਿਸੇ ਅਮੀਰ ਨੇ ਤਾਂ ਮਰਨਾ ਹੀ ਨਹੀਂ ਸੀ।ਇਸੇ ਲਈ ਤਾਂ,ਗੁਰਬਾਣੀ ਚ ਫੁਰਮਾਇਆ ਗਿਆ ਹੈ,ਕਿ,
*ਰਾਮ ਗਇਓ ਰਾਵਣ ਗਇਓ,ਜਾਕੋ ਬਹੁ ਪਰਿਵਾਰ!*
ਭਾਵ,ਕਿ ਜਿੰਨ੍ਹਾਂ ਦੇ ਐਨੇ ਵੱਡੇ 2 ਪਰਿਵਾਰ ਸਨ,ਉਹ ਵੀ ਇੱਕ ਦਿਨ,ਇਸ ਸੰਸਾਰ ਨੂੰ ਛੱਡਕੇ ਚਲੇ ਗਏ।ਪਰ ਹੈਰਾਨੀ ਦੀ ਗੱਲ ਤਾਂ ਇਹ ਹੈ,ਕਿ ਮਨੁੱਖ ਦੁਨੀਆਂ ਦਾ ਸਭ ਤੋਂ ਸਿਆਣਾ ਪ੍ਰਾਣੀ ਹੁੰਦਾ ਹੋਇਆ ਵੀ ਮੂਰਖ ਹੈ।ਕਿਉਂਕਿ ਸਭ ਤੋਂ ਪਹਿਲਾਂ ਤਾਂ,ਮਨੁੱਖ ਆਪਣੀ ਮੌਤ ਨੂੰ ਹੀ ਭੁਲਾ ਬੈਠਾ ਹੈ।ਮੌਤ ਤੋਂ ਬਾਅਦ,ਮਨੁੱਖ ਇਹ ਗੱਲ ਵੀ,ਬੜੀ ਆਸਾਨੀ ਨਾਲ ਭੁਲਾ ਦਿੰਦਾ ਹੈ,ਕਿ,ਉਸਨੇ ਇਸ ਸੰਸਾਰ ਚੋਂ ਬਿਲਕੁਲ ਹੀ ਖਾਲੀ ਹੱਥ ਜਾਣਾ ਹੈ।ਜਿਸ ਤਰ੍ਹਾਂ ਜਨਮ ਵੇਲੇ,ਮਨੁੱਖ ਖਾਲੀ ਹੱਥ ਆਇਆ ਸੀ,ਉਸੇ ਤਰ੍ਹਾਂ ਮੌਤ ਦੇ ਬਾਅਦ ਵੀ,ਇਸ ਦੁਨੀਆਂ ਦੀ ਧਨ ਦੌਲਤ ਨੂੰ,ਇੱਥੇ ਹੀ ਛੱਡ ਜਾਣਾ ਹੈ।
ਪਰ ਅਫਸੋਸ ਤਾਂ ਇਸ ਗੱਲ ਦਾ ਹੈ,ਕਿ ਮਨੁੱਖ ਉਂਝ ਤਾਂ ਆਪਣੇ ਆਪਨੂੰ ਦੁਨੀਆਂ ਦਾ ਸਭ ਤੋਂ ਸਿਆਣਾ ਪ੍ਰਾਣੀ ਸਮਝਦਾ ਹੈ।ਪਰ ਉਸਨੂੰ ਆਪਣਾ ਇਸ ਸੰਸਾਰ ਚ ਖਾਲੀ ਹੱਥ ਆਉਣ ਅਤੇ ਇੱਥੋਂ ਖਾਲੀ ਹੱਥ ਜਾਣ ਦਾ ਖਿਆਲ ਬਿਲਕੁਲ ਹੀ ਭੁੱਲ ਜਾਂਦਾ ਹੈ।ਮਨੁੱਖ ਸਾਰੀ ਉਮਰ,ਦਿਨ ਰਾਤ ਠੱਗੀਆਂ ਠੋਰੀਆਂ ਦੇ ਨਾਲ ਧਨ ਦੌਲਤ ਇਕੱਠੀ ਕਰਨ ਚ ਹੀ ਲੱਗਿਆ ਰਹਿੰਦਾ ਹੈ ਅਤੇ ਆਪਣਾ ਜੀਵਨ,ਇਸੇ ਚੱਕਰ ਚ ਹੀ ਬਰਬਾਦ ਕਰ ਦਿੰਦਾ ਹੈ।
ਇਸਦੇ ਉਲਟ,ਮਨੁੱਖ ਨੂੰ ਛੱਡਕੇ,ਦੁਨੀਆਂ ਦਾ ਕੋਈ ਵੀ ਜੀਵ ਜੰਤੂ,ਪਸ਼ੂ ਤੇ ਪੰਛੀ ਆਪਣੇ ਭੋਜਨ ਦੀ ਤਲਾਸ਼ ਚ ਐਨਾ ਮਾਰਿਆ 2 ਨਹੀਂ ਫਿਰਦਾ ਅਤੇ ਨਾ ਹੀ ਕਿਸੇ ਚੀਜ ਨੂੰ ਜੋੜਨ ਜਾਂ ਫਿਰ ਇਕੱਠਾ ਕਰਨ ਦੇ ਚੱਕਰ ਚ ਹੀ ਪੈਂਦਾ ਹੈ।ਹਰ ਕੋਈ,ਕੁਦਰਤ ਦੇ ਹਿਸਾਬ ਦੇ ਨਾਲ ਆਪਣੀ ਜਿੰਦਗੀ ਜਿਉਂ ਕੇ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ,
*ਪੱਲ੍ਹੇ ਰਿਜਕ ਨਾ ਬੰਨ੍ਹਦੇ,ਪੰਛੀ ਤੇ ਦਰਵੇਸ਼!*
ਕਹਿਣ ਤੋਂ ਭਾਵ ਇਹ ਹੈ,ਕਿ ਪੰਛੀ ਤੇ ਦਰਵੇਸ਼ ਲੋਕ ਧਨ ਦੌਲਤ ਇਕੱਠਾ ਕਰਨ ਦੇ ਚੱਕਰ ਚ ਬਿਲਕੁਲ ਵੀ ਨਹੀਂ ਪੈਂਦੇ।ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੁਦਰਤ ਦੇ ਸਿਧਾਂਤ ਦੇ ਅਨੁਸਾਰ, ਮਨੁੱਖ ਇਸ ਧਰਤੀ ਤੇ ਆਪਣੇ ਜਨਮ ਸਮੇਂ ਖਾਲੀ ਹੱਥ ਹੀ ਆਇਆ ਸੀ ਅਤੇ ਮੌਤ ਵੇਲੇ ਖਾਲੀ ਹੱਥ ਹੀ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ।ਦੁਨੀਆਂ ਦੀ ਸਾਰੀ ਹੀ ਧਨ ਦੌਲਤ ਅਤੇ ਜਮੀਨ ਜਾਇਦਾਦ,ਇੱਥੇ ਦੀ ਇੱਥੇ ਹੀ ਰਹਿ ਜਾਂਦੀ ਹੈ।
ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਅਗਰ,ਇੱਥੋਂ ਦੀ ਸਾਰੀ ਧਨ ਦੌਲਤ ਇੱਥੇ ਹੀ ਰਹਿ ਜਾਣੀ ਹੈ,ਤਾਂ ਮਨੁੱਖ ਇਸ ਧਨ ਦੌਲਤ ਲਈ,ਸਾਰੀ ਉਮਰ ਮਾਰਾਮਾਰੀ ਕਿਉਂ ਕਰਦਾ ਫਿਰਦਾ ਹੈ। ਅਗਰ ਥੋੜ੍ਹੀ ਜਿਹੀ ਗੰਭੀਰਤਾ ਨਾਲ ਸੋਚ ਵਿਚਾਰ ਕਰ ਲਈ ਜਾਵੇ,ਕਿ ਅਗਰ ਇੱਥੋਂ ਦੀ ਸਾਰੀ ਧਨ ਦੌਲਤ ਅਤੇ ਜਮੀਨ ਜਾਇਦਾਦ,ਮਨੁੱਖ ਆਪਣੇ ਨਾਲ ਆਪਣੀ ਮੌਤ ਵੇਲੇ ਨਾਲ ਲਿਜਾ ਸਕਦਾ ਹੁੰਦਾ,ਤਾਂ ਇੰਨ੍ਹਾਂ ਅਮੀਰ ਲੋਕਾਂ ਨੇ ਤਾਂ,ਇਸ ਦੁਨੀਆਂ ਤੋਂ ਇੱਕ ਹੋਰ ਵੱਖਰੀ ਬਸਤੀ ਹੀ ਵਸਾ ਲੈਣੀ ਸੀ ਅਤੇ ਇਸ ਸੰਸਾਰ ਨੂੰ ਕੰਗਾਲ ਹੀ ਕਰ ਦੇਣਾ ਸੀ
।ਜਿਸਦੀ ਭਰਭਾਈ ਕਿਸੇ ਵੀ ਹਾਲਤ ਚ ਨਹੀਂ ਸੀ ਹੋਣੀ।ਇੱਥੋਂ ਦੇ ਲੋਕਾਂ ਨੇ ਤਾਂ,ਫਿਰ ਕੰਗਾਲ ਹੀ ਹੋ ਜਾਣਾ ਸੀ ਅਤੇ ਭੁੱਖਮਰੀ ਨਾਲ ਹੀ ਮਰ ਜਾਣਾ ਸੀ।ਮੁੱਕਦੀ ਗੱਲ ਤਾਂ ਇਹ ਹੈ,ਕਿ ਪ੍ਰਮਾਤਮਾ ਨੇ ਇਹ ਸਿਧਾਂਤ ਮਨੁੱਖ ਦੇ ਭਲੇ ਲਈ ਹੀ ਤਾਂ ਬਣਾਇਆ ਹੈ,ਤਾਂ ਕਿ ਉਹ ਆਪਣੀ ਸੂਝਬੂਝ ਤੋਂ ਕੰਮ ਲੈ ਕੇ,ਆਪਣੀਆਂ ਠੱਗੀਆਂ ਠੋਰੀਆਂ ਤੋਂ ਤੋਬਾ ਕਰ ਸਕੇ ਅਤੇ
*ਜੀਓ ਤੇ ਜੀਣ ਦਿਓ!* ਦੇ ਸਿਧਾਂਤ ਤੇ ਚੱਲ ਸਕੇ।
ਪਰ ਅਫਸੋਸ,ਕਿ ਮਨੁੱਖ ਤਾਂ ਐਨਾ ਲਾਲਚੀ ਤੇ ਹੰਕਾਰੀ ਹੋ ਚੁੱਕਿਆ ਹੈ,ਕਿ ਉਸਦੇ ਪੱਲ੍ਹੇ ਇਹ ਗੱਲ ਸਮਝ ਹੀ ਨਹੀਂ ਪੈਂਦੀ,ਕਿ ਉਹ ਖਾਲੀ ਹੱਥ ਹੀ ਆਇਆ ਸੀ ਅਤੇ ਇੱਥੋਂ ਖਾਲੀ ਹੱਥ ਹੀ ਚਲੇ ਜਾਣਾ ਹੈ।ਅਗਰ ਮਨੁੱਖ,ਇੱਥੋਂ ਕੁੱਝ ਲੈ ਕੇ ਜਾ ਸਕਦਾ ਹੁੰਦਾ,ਤਾਂ ਇੱਥੇ ਤਾਂ ਪਰਲੋ ਹੀ ਆ ਜਾਣੀ ਸੀ।
*ਇਹ ਤਾਂ ਸ਼ੁਕਰ ਹੈ,ਕਿ ਮਨੁੱਖ ਨੇ ਮਰਨ ਪਿੱਛੋਂ ਖਾਲੀ ਹੱਥ ਹੀ ਜਾਣਾ ਹੈ!*
ਅਗਰ ਅਜਿਹਾ ਨਾ ਹੁੰਦਾ,ਤਾਂ ਮਨੁੱਖ ਨੇ ਤਾਂ ਆਪਣਿਆਂ ਤੇ ਬੇਗਾਨਿਆਂ,ਸਭ ਨੂੰ ਹੀ ਉਜਾੜ ਦੇਣਾ ਸੀ।
ਸੁਬੇਗ ਸਿੰਘ, ਸੰਗਰੂਰ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.