NewsBreaking NewsIndiaPoliticsPunjab

‘ਆਪ’ ਆਗੂ ਸ਼ਰੇਆਮ ਪੰਜ ਕਕਾਰਾਂ ਦਾ ਉਡਾਉਂਦਾ ਰਿਹਾ ਮਜ਼ਾਕ ਤੇ ਹੱਸਦੇ …

ਮਾਨਸਾ : ਬੀਤੇ ਸਮੇਂ ਵਿਚ ਸੁਖਪਾਲ ਖਹਿਰਾ ਵਲੋਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਤੇ ਬਰਗਾੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਕੀਤੇ ਗਏ ਸਮਾਗਮਾਂ ਵਿਚ ਵੱਡਾ ਰੋਲ ਅਦਾ ਕਰਨ ਤੋਂ ਬਾਅਦ ਸਿੱਖ ਜਗਤ ਵਿਚ ਖਹਿਰਾ ਦੀ ਇੱਜ਼ਤ ਇੰਨੀ ਵੱਧ ਗਈ ਸੀ ਕਿ ਸਾਰੇ ਲੋਕ ਉਸਨੂੰ ਇੱਕ ਪੰਥਕ ਚਿਹਰੇ ਦੇ ਰੂਪ ਵਿਚ ਦੇਖਣ ਲੱਗ ਪਏ ਸਨ ਪਰ ਕਹਿੰਦੇ ਨੇ ਸਿਆਸਤ ਕਦੋਂ ਕਿਸਨੂੰ ਉੱਤੇ ਲੈ ਜਾਵੇ ਤੇ ਕਦੋਂ ਕਿਸਨੂੰ ਅਸਮਾਨੋਂ ਭੁੰਜੇ ਸੁੱਟ ਦੇਵੇ ਕੋਈ ਪਤਾ ਨਹੀਂ ਹੈ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਸੁਖਪਾਲ ਖਹਿਰਾ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਆਪਣੇ ਹੀ ਇੱਕ ਆਗੂ ਵਲੋਂ ਸਿੱਖ ਧਰਮ ਦੇ ਪ੍ਰਤੀਕ ਪੰਜ ਕਕਾਰਾਂ ਦੀ ਕੀਤੀ ਗਈ ਬੇਪੱਤੀ ਦੀ, ਜਿਸ ਵਿਚ ‘ਆਪ’ ਆਗੂ ਸਟੇਜ ਤੋਂ ਸ਼ਰੇਆਮ ਪੰਜ ਕਕਾਰਾਂ ਦੀ ਤੁਲਨਾ ਸਮਾਜ ਦੀਆਂ ਪੰਜ ਬੁਰਾਈਆਂ ਨਾਲ ਕਰਦੇ ਚਲੇ ਗਏ ਤੇ ਸੁਖਪਾਲ ਖਹਿਰਾ ਸਟੇਜ ਤੇ ਉਨ੍ਹਾਂ ਦੇ ਪਿੱਛੇ ਬੈਠੇ ਹਸਦੇ ਦਿਖਾਈ ਦਿੱਤੇ।

Read Also ਸਜ਼ਾ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਡਿਆ ਸਲਮਾਨ ਦਾ ਮਜ਼ਾਕ

ਹਾਲਾਂਕਿ ਬਾਅਦ ਵਿਚ ਖਹਿਰਾ ਨੇ ਇਹ ਕਹਿ ਕੇ ਆਪਣੇ ਆਗੂ ਦਾ ਬਚਾਅ ਕੀਤਾ ਕਿ ਇਹ ਇੱਕ ਸਾਧਾਰਨ ਜ਼ੁਬਾਨ ਵਿੱਚ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਜਵਾਬ ਸੀ ਜੋ ਲੋਕ ਪੰਜ ਕਕਾਰ ਪਹਿਨ ਕੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਮੌਜੂਦਗੀ ਵਿਚ ਆਪ ਆਗੂ ਵਲੋਂ ਦਿੱਤਾ ਗਿਆ ਇਹ ਬਿਆਨ ਉਸ ਤੀਰ ਵਾਂਗ ਨਿਕਲ ਗਿਆ ਜਿਸ ਨੂੰ ਵਾਪਸ ਮੋੜਨਾ ਹੁਣ ਉਨ੍ਹਾਂ ਦੇ ਆਪਣੇ ਵੱਸ ਵਿਚ ਨਹੀਂ, ਲਿਹਾਜ਼ਾ ਚਾਰੇ ਪਾਸੇ ਹੋ ਰਹੀ ਨਿੰਦਾ ਤੋਂ ਬਾਅਦ ਖਹਿਰਾ ਧੜਾ ਹੁਣ ਇਸ ਸੋਚ ਵਿਚ ਹੈ ਕਿ ਇਸ ਮੁਸੀਬਤ ਤੋਂ ਖਹਿੜਾ ਕਿਵੇਂ ਛੁਡਾਇਆ ਜਾਵੇ। ਹੋਇਆ ਇੰਝ ਕਿ ਸੁਖਪਾਲ ਖਹਿਰਾ ਧੜੇ ਵਲੋਂ ਆਉਂਦੀ 5 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਕੱਢੇ ਜਾਣ ਵਾਲੇ ਪੈਦਲ ਮਾਰਚ ਸਬੰਧੀ ਮਾਨਸਾ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੇ ਜਾਣ ਦਾ ਦੌਰ ਜਾਰੀ ਹੈ ਤੇ ਇਸੇ ਸਿਲਸਿਲੇ ਵਿਚ ਖਹਿਰਾ ਆਪਣੇ ਸਾਥੀਆਂ ਸਣੇ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਨੁੱਕੜ ਮੀਟਿੰਗ ਕਰ ਰਹੇ ਸਨ।

ਇਸ ਦੌਰਾਨ ਸਟੇਜ ਤੋਂ ਬੋਲਦਿਆਂ ਆਪ ਆਗੂ ਬਲਦੇਵ ਸਿੰਘ ਨੇ ਪੰਜ ਕਕਾਰਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਅਕਾਲੀਆਂ ਲਈ ਤਾਂ ਇੱਕ ‘ਕ’ ਕਰੱਪਸ਼ਨ, ਦੂਜਾ ਕੈਸ਼, ਤੀਜਾ ਕੋਠੀ ਤੇ ਇਸੇ ਤਰ੍ਹਾਂ ਆਖਰੀ ਕੱਕੇ ਦਾ ਉਨ੍ਹਾਂ ਨੇ ਇਹ ਕਹਿੰਦਿਆਂ ਮਜ਼ਾਕ ਉਡਾ ਦਿੱਤਾ ਕਿ ਉਹ ਕੱਕਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਲੈ ਕੇ ਭੱਜ ਗਈ ਹੈ ਤੇ ਉਹ ਤੁਸੀ ਉਸ ਕੋਲੋਂ ਪੁੱਛ ਲੈਣਾ ਕਿ ਉਹ ਕੱਕਾ ਕੀ ਹੈ। ਜਦੋਂ ਬਲਦੇਵ ਸਿੰਘ ਇਨ੍ਹਾਂ ਕੱਕਿਆਂ ਦਾ ਮਜ਼ਾਕ ਉਡਾ ਰਹੇ ਸਨ ਤਾਂ ਉਸ ਮੌਕੇ ਬਣਾਈ ਗਈ ਵੀਡੀਓ ਵਿਚ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬਲਦੇਵ ਸਿੰਘ ਦੇ ਪਿੱਛੇ ਪੀਲੀ ਪੱਗ ਬੰਨ੍ਹੀ ਕੁਰਸੀ ਤੇ ਬੈਠੇ ਸੁਖਪਾਲ ਖਹਿਰਾ ਹੱਸ ਰਹੇ ਹਨ।

ਇਸ ਸਬੰਧ ਵਿਚ ਜਦੋਂ ਸੁਖਪਾਲ ਖਹਿਰਾ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਬਲਦੇਵ ਸਿੰਘ ਦਾ ਬਚਾਅ ਕਰਦਿਆਂ ਕਿਹਾ ਕਿ ਇਸ ਆਪ ਆਗੂ ਨੇ ਤਾਂ ਸਾਦੀ ਜ਼ੁਬਾਨ ਵਿਚ ਉਨ੍ਹਾਂ ਲੋਕਾਂ ਨਾਲ ਤੁਲਨਾ ਕੀਤੀ ਹੈ ਜਿਹੜੇ ਪੰਜ ਕਕਾਰ ਤਾਂ ਪਹਿਨਦੇ ਹਨ ਪਰ ਉਨ੍ਹਾਂ ਕਕਾਰਾਂ ਦੀ ਰੱਜ ਕੇ ਬੇਅਦਬੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸਾਧਾਰਨ ਤੌਰ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨ੍ਹਾਂ ਲੋਕਾਂ ਲਈ ਇਨ੍ਹਾਂ ਕਕਾਰਾਂ ਦਾ ਕੀ ਮਤਲਬ ਹੈ। ਸੁਖਪਾਲ ਖਹਿਰਾ ਭਾਵੇਂ ਕੁਝ ਮਰਜ਼ੀ ਕਹੀ ਜਾਣ ਪਰ ਵਿਰੋਧੀ ਤਾਂ ਆਖਰ ਵਿਰੋਧੀ ਹੀ ਹੁੰਦੇ ਹਨ ਤੇ ਉਹ ਹਰ ਸਮੇਂ ਆਪਣਾ ਪੈਰ ਚੁੱਕ-ਚੁੱਕ ਕੇ ਵੇਖਦੇ ਰਹਿੰਦੇ ਹਨ ਕਿ ਸ਼ਾਇਦ ਥੱਲੇ ਕੋਈ ਬਟੇਰ ਆ ਹੀ ਜਾਵੇ ਤੇ ਇਸ ਮੁੱਦੇ ਰੂਪੀ ਪੈਰ ਥੱਲੇ ਆਈ ਬਟੇਰ ਨੂੰ ਖਹਿਰਾ ਵਿਰੋਧੀ ਹੁਣ ਸੁੱਕਾ ਕਿਵੇਂ ਜਾਣ ਦਿੰਦੇ ਹਨ, ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button