D5 specialOpinion

ਵਿਰੋਧੀ ਧਿਰਾਂ, ਆਪਣੀ ਜਿੰਮੇਵਾਰੀ ਨਿਭਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ !

ਸੁਬੇਗ ਸਿੰਘ, ਸੰਗਰੂਰ

ਸਾਡੇ ਮਹਾਨ ਦੇਸ਼ ਭਾਰਤ ਵਿੱਚ ਤਾਂ ਚੋਣਾਂ ਸਿਰਫ ਜਿੱਤਣ ਲਈ ਹੀ ਲੜੀਆਂ ਜਾਂਦੀਆਂ ਹਨ। ਇਸੇ ਲਈ ਤਾਂ,ਹਰ ਰਾਜਨੀਤਕ ਪਾਰਟੀ ਵੱਲੋਂ ਚੋਣਾਂ ਦੇ ਵਕਤ,ਚੋਣਾਂ ਜਿੱਤਣ ਲਈ ਹਰ ਜਾਇਜ ਜਾਂ ਨਜਾਇਜ਼ ਤਰੀਕਾ ਵਰਤਿਆ ਜਾਂਦਾ ਹੈ। ਭਾਵੇਂ ਉਸ ਤਰੀਕੇ ਦੀ,ਦੇਸ਼ ਦਾ ਸੰਵਿਧਾਨ ਆਗਿਆ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ।ਉਹਦੀ ਆਪਣੀ ਪਾਰਟੀ,ਅਜਿਹੇ ਹੱਥਕੰਡੇ ਵਰਤਣ ਦੀ ਆਗਿਆ ਦਿੰਦੀ ਹੋਵੇ ਜਾਂ ਨਾ ਦਿੰਦੀ ਹੋਵੇ।ਇੱਥੋਂ ਤੱਕ,ਕਿ ਭਾਵੇਂ ਚੋਣ ਲੜਨ ਵਾਲੇ ਵਿਅਕਤੀ ਦੀ ਆਪਣੀ ਜਮੀਰ ਵੀ ਅਜਿਹੇ ਹੱਥਕੰਡੇ ਅਪਨਾਉਣ ਨੂੰ ਨਾ ਮੰਨਦੀ ਹੋਵੇ।ਪਰ ਚੋਣਾਂ ਦੇ ਵਕਤ ਤਾਂ ਹਰ ਚੋਣ ਲੜਨ ਵਾਲੇ ਹਰ ਵਿਅਕਤੀ ਦੇ ਦਿਮਾਗ ਤੇ ਇੱਕੋ ਹੀ ਭੂਤ ਸਵਾਰ ਰਹਿੰਦਾ ਹੈ,ਕਿ ਇਸ ਵਾਰ ਦੀ ਚੋਣ ਤਾਂ ਹਰ ਹੀਲੇ ਜਿੱਤਣੀ ਹੀ ਜਿੱਤਣੀ ਹੈ।ਇਹਦੇ ਲਈ,ਭਾਵੇਂ ਉਹਨੂੰ ਕੋਈ ਵੀ ਹੀਲਾ ਵਸੀਲਾ ਨਾ ਵਰਤਣਾ ਪਵੇ। ਜਿਸ ਤਰ੍ਹਾਂ ਕੋਈ ਮੈਚ ਹੁੰਦਾ ਹੈ ਅਤੇ ਇਸ ਵਿੱਚ ਦੋ ਜਾਂ ਦੋ ਤੋਂ ਜਿਆਦਾ ਖਿਲਾੜੀ ਖੇਡਦੇ ਹਨ,ਤਾਂ ਇਹ ਗੱਲ ਤਾਂ ਸੁਭਾਵਿਕ ਹੀ ਹੁੰਦੀ ਹੈ,ਕਿ ਜਿੱਤਣਾ ਤਾਂ ਕਿਸੇ ਇੱਕ ਨੇ ਹੀ ਹੁੰਦਾ ਹੈ।ਬਾਕੀ ਖੇਡਣ ਵਾਲੇ ਖਿਡਾਰੀਆਂ ਚੋਂ,ਕਿਸੇ ਨੇ ਦੂਜੇ ਤੇ ਕਿਸੇ ਨੇ ਤੀਜੇ ਨੰਬਰ ਤੇ ਹੀ ਆਉਣਾ ਹੁੰਦਾ ਹੈ।ਕੋਈ ਵੀ ਗੇਮ ਖੇਡਣ ਵੇਲੇ,ਇਹ ਗੱਲ ਅਕਸਰ ਹੀ ਕਹੀ ਜਾਂਦੀ ਹੈ,ਕਿ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ।ਕਿਉਂਕਿ,ਅਗਰ ਇਸ ਵਾਰ ਕੋਈ ਹਾਰ ਗਿਆ,ਤਾਂ ਉਹ ਅਗਲੀ ਵਾਰ ਜਿੱਤ ਜਾਵੇਗਾ, ਕਿਉਂਕਿ ਖੇਡ ਵਿੱਚ,ਜਿੱਤ ਹਾਰ ਤਾਂ ਹੁੰਦੀ ਹੀ ਰਹਿੰਦੀ ਹੈ।

ਪਰ ਅਫਸੋਸ ਤਾਂ,ਉਸ ਵਕਤ ਹੁੰਦਾ ਹੈ,ਜਦੋਂ ਰਾਜਨੀਤੀ ਦੇ ਮੈਦਾਨ ਚ ਖੇਡਣ ਵਾਲੇ ਖਿਡਾਰੀ, ਸਾਰੇ ਅਸੂਲਾਂ ਅਤੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਨ।ਬੱਸ,ਉਨ੍ਹਾਂ ਨੇ ਤਾਂ ਆਪਣੀ ਚੋਣ ਹਰ ਹੀਲੇ ਜਿੱਤਣੀ ਹੀ ਜਿੱਤਣੀ ਹੁੰਦੀ ਹੈ,ਤਾਂ ਜੋ ਕੇੰਦਰ ਜਾਂ ਸੂਬੇ ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣ ਜਾਵੇ ਅਤੇ ਉਹ ਰਾਜਨੀਤਕ ਸੱਤਾ ਦਾ ਅਨੰਦ ਮਾਣ ਸਕਣ।ਇਹਦੇ ਨਾਲ,ਇੱਕ ਗੱਲ ਹੋਰ ਹਰ ਚੋਣ ਲੜਨ ਵਾਲੇ ਦੇ ਮਨ ਚ ਵਸ ਜਾਂਦੀ ਹੈ,ਕਿ ਅਗਰ ਉਹਨੇ ਇੱਕ ਵਾਰ ਰਾਜਸੱਤਾ ਦਾ ਅਨੰਦ ਮਾਣ ਲਿਆ,ਤਾਂ ਉਹ ਅਗਲੀ ਚੋਣ ਵੀ ਹਰ ਹੀਲੇ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।ਇਹਦੇ ਲਈ,ਭਾਵੇਂ ਉਹਨੂੰ ਕੁੱਝ ਵੀ ਕਿਉਂ ਨਾ ਕਰਨਾ ਪਵੇ। ਸੋ ਇਸ ਤਰ੍ਹਾਂ,ਚੋਣਾਂ ਦੀ ਇਸ ਪ੍ਰਕ੍ਰਿਆ ਦੇ ਦੌਰਾਨ, ਜਿੱਤਣਾ ਤਾਂ ਉਸ ਉਮੀਦਵਾਰ ਨੇ ਹੀ ਹੁੰਦਾ ਹੈ,ਜਿਸਨੂੰ ਲੋਕ ਜਿਆਦਾ ਗਿਣਤੀ ਚ ਵੋਟਾਂ ਪਾ ਕੇ ਜਿਤਾਉਂਦੇ ਹਨ।ਇਹ ਪ੍ਰਕ੍ਰਿਆ ਤਾਂ ਚੱਲਦੀ ਹੀ ਰਹਿੰਦੀ ਹੈ।ਅਗਰ ਕੋਈ ਪਾਰਟੀ ਜਾਂ ਕਿਸੇ ਪਾਰਟੀ ਦਾ ਨੁਮਾਇੰਦਾ,ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਦਾ ਹੈ,ਤਾਂ ਲੋਕ ਉਸਨੂੰ ਵੋਟਾਂ ਪਾ ਕੇ ਦੁਬਾਰਾ ਚੁਣ ਲੈਂਦੇ ਹਨ।ਅਗਰ ਕੋਈ ਨੁਮਾਇੰਦਾ,ਅਜਿਹਾ ਨਹੀਂ ਕਰਦਾ,ਤਾਂ ਲੋਕ ਉਸਦੀ ਥਾਂ ਤੇ ਕਿਸੇ ਹੋਰ ਨੁਮਾਇੰਦੇ ਨੂੰ ਜਿਤਾ ਦਿੰਦੇ ਹਨ।ਇਹ ਪ੍ਰਕ੍ਰਿਆ ਤਾਂ ਚੱਲਦੀ ਹੀ ਰਹਿੰਦੀ ਹੈ।ਕਿਉਂਕਿ ਇਹ ਚੋਣਾਂ ਦਾ ਇੱਕ ਹਿੱਸਾ ਹੈ।

ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੀ ਚੋਣਾਂ ਚ ਖੜ੍ਹੇ ਹੋਣ ਵਾਲੀ ਕਿਸੇ ਰਾਜਨੀਤਕ ਪਾਰਟੀ ਜਾਂ ਕਿਸੇ ਨੁਮਾਇੰਦੇ ਦੀ ਰਾਜਨੀਤਕ ਡਿਊਟੀ ਸਿਰਫ ਚੋਣਾਂ ਚ ਜਿੱਤਣ ਤੱਕ ਹੀ ਸੀਮਤ ਹੁੰਦੀ ਹੈ।ਅਗਰ ਕੋਈ ਰਾਜਨੀਤਕ ਪਾਰਟੀ ਜਾਂ ਕੋਈ ਨੁਮਾਇੰਦਾ ਚੋਣਾਂ ਚ ਹਾਰ ਜਾਂਦਾ ਹੈ,ਤਾਂ ਉਹਦੀ ਜਿੰਮੇਵਾਰੀ ਉੱਥੇ ਹੀ ਖਤਮ ਹੋ ਜਾਂਦੀ ਹੈ।ਇਸ ਤੋਂ ਇਲਾਵਾ,ਅਗਰ ਕੋਈ ਪਾਰਟੀ,ਆਪਣੀ ਸਰਕਾਰ ਨਹੀਂ ਬਣਾ ਸਕਦੀ ਅਤੇ ਉਸਨੂੰ ਵਿਰੋਧੀ ਧਿਰ ਚ ਬੈਠਣਾ ਪੈ ਜਾਵੇ,ਤਾਂ ਕੀ ਉਹਦੀ ਦੇਸ਼ ਜਾਂ ਸੂਬੇ ਦੀ ਜਨਤਾ ਪ੍ਰਤੀ ਕੋਈ ਜਿੰਮੇਵਾਰੀ ਹੀ ਨਹੀਂ ਬਣਦੀ।
ਅਸਲ ਵਿੱਚ,ਸਭ ਤੋਂ ਜਿਆਦਾ ਜਰੂਰੀ ਅਤੇ ਮਹੱਤਵਪੂਰਨ ਗੱਲ ਤਾਂ ਇਹ ਹੈ,ਕਿ ਅਗਰ ਕੋਈ ਰਾਜਨੀਤਕ ਪਾਰਟੀ,ਘੱਟ ਸੀਟਾਂ ਮਿਲਣ ਦੇ ਕਾਰਨ,ਸੂਬਾ ਜਾਂ ਕੇਂਦਰ ਚ ਆਪਣੀ ਸਰਕਾਰ ਬਨਾਉਣ ਤੋਂ ਖੁੰਝ ਜਾਂਦੀ ਹੈ,ਤਾਂ ਉਹਦੀ ਜਿੰਮੇਵਾਰੀ ਤਾਂ ਸਗੋਂ ਹੋਰ ਵੀ ਵੱਧ ਜਾਂਦੀ ਹੈ।ਕਿਉਂਕਿ,ਵਿਰੋਧੀ ਧਿਰ ਚ ਬੈਠਕੇ,ਲੋਕ ਮੁੱਦਿਆਂ ਨੂੰ ਉਠਾਉਣਾ ਵਿਰੋਧੀ ਧਿਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।ਕਿਉਂਕਿ ਸੱਤਾਧਾਰੀ ਪਾਰਟੀ ਤਾਂ,ਸੱਤਾ ਦੇ ਨਸ਼ੇ ਚ ਚੂਰ ਹੋ ਕੇ ਜਨਤਾ ਦੀਆਂ ਸਮੱਸਿਆਵਾਂ ਅਤੇ ਜਾਇਜ ਮੰਗਾਂ ਵੱਲੋਂ ਬਿਲਕੁਲ ਹੀ ਮੂੰਹ ਮੋੜ ਲੈਂਦੀ ਹੈ।ਲੋਕਾਂ ਲਈ,ਵਿਰੋਧੀ ਧਿਰ ਹੀ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਉਜਾਗਰ ਕਰਨ ਲਈ,ਇੱਕੋ ਇੱਕ ਆਸ ਦੀ ਕਿਰਨ ਹੁੰਦੀ ਹੈ।

ਅਜੋਕੇ ਸਮੇਂ ਚ,ਕੇਂਦਰ ਚ ਭਾਜਪਾ ਦੀ ਸਰਕਾਰ 2014 ਤੋਂ ਕੇੰਦਰ ਦੀ ਸੱਤਾ ਤੇ ਪੂਰਨ ਬਹੁਮਤ ਨਾਲ ਕਾਬਜ ਹੈ ਅਤੇ ਕੇਂਦਰ ਚ ਕਾਂਗਰਸ ਪਾਰਟੀ ਵਿਰੋਧੀ ਧਿਰ ਚ ਹੈ।ਇਸੇ ਤਰ੍ਹਾਂ,ਪਿਛਲੇ ਪੰਜ ਸਾਲਾਂ ਤੋਂ ਪੰਜਾਬ ਚ ਕਾਂਗਰਸ ਦੀ ਸਰਕਾਰ ਚਲੀ ਆ ਰਹੀ ਹੈ ਅਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਬੈਠਦੀ ਹੈ।ਪਰ ਬੜੇ ਅਫਸੋਸ ਤੇ ਦੁੱਖ ਦੀ ਗੱਲ ਹੈ,ਕਿ ਨਾ ਤਾਂ ਕੇਂਦਰ ਚ ਕਾਂਗਰਸ ਪਾਰਟੀ ਵਿਰੋਧੀ ਧਿਰ ਚ ਹੁੰਦਿਆਂ ਅਤੇ ਨਾ ਹੀ ਪੰਜਾਬ ਚ ਆਮ ਆਦਮੀ ਪਾਰਟੀ, ਵਿਰੋਧੀ ਧਿਰ ਚ ਹੁੰਦਿਆਂ ਆਪਣੀ ਪੂਰੀ ਜਿੰਮੇਵਾਰੀ ਨਿਭਾ ਰਹੀਆਂ ਹਨ।ਸਗੋਂ ਇਉਂ ਲੱਗਦਾ ਹੈ,ਕਿ ਜਿਵੇਂ ਕੇਂਦਰ ਚ ਕਾਂਗਰਸ ਅਤੇ ਪੰਜਾਬ ਚ ਆਪ ਨੇ ਪੂਰੀ ਤਰ੍ਹਾਂ ਸਰਕਾਰਾਂ ਦੇ ਅੱਗੇ ਗੋਡੇ ਟੇਕ ਦਿੱਤੇ ਹੋਣ ਅਤੇ ਲੋਕਾਂ ਦੀਆਂ ਜਾਇਜ ਮੰਗਾਂ ਤੇ ਸਮੱਸਿਆਵਾਂ ਨੂੰ ਸਰਕਾਰ ਅੱਗੇ ਉਠਾਉਣ ਤੋਂ ਬਿਲਕੁਲ ਹੀ ਕਿਨਾਰਾ ਕਰ ਲਿਆ ਹੋਵੇ।ਇਉਂ ਲੱਗਦਾ ਹੈ,ਜਿਵੇਂ ਵਿਰੋਧੀ ਧਿਰਾਂ,ਪੂਰੀ ਤਰ੍ਹਾਂ ਆਪਣੀ ਜਿੰਮੇਵਾਰੀ ਤੋਂ ਹੀ ਭੱਜ ਗਈਆਂ ਹੋਣ ਅਤੇ ਸਰਕਾਰ ਨਾਲ ਫਰੈਂਡਲੀ ਮੈਚ ਖੇਡਣ ਲੱਗ ਪਈਆਂ ਹੋਣ ਅਤੇ ਲੋਕਾਂ ਦੀਆਂ ਅੱਖਾਂ ਚ ਹੀ ਘੱਟਾ ਪਾਈ ਜਾਂਦੀਆਂ ਹੋਣ।

ਮੁੱਕਦੀ ਗੱਲ ਤਾਂ ਇਹ ਹੈ,ਕਿ ਭਾਵੇਂ ਲੋਕਾਂ ਦੀਆਂ ਸਮੱਸਿਆਵਾਂ ਜਾਂ ਜਾਇਜ ਮੰਗਾਂ ਨੂੰ ਸੁਣਨਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ,ਸੱਤਾਧਾਰੀ ਧਿਰ ਜਾਂ ਸਰਕਾਰਾਂ ਦਾ ਕੰਮ ਹੁੰਦਾ ਹੈ।ਪਰ,ਵਿਰੋਧੀ ਧਿਰ ਵੱਲੋਂ ਲੋਕਾਂ ਦੀਆਂ ਮੰਗਾਂ ਜਾਂ ਸਮੱਸਿਆਵਾਂ ਨੂੰ ਸੰਸਦ ਜਾਂ ਵਿਧਾਨ ਸਭਾਵਾਂ ਚ ਜੋਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਵੀ ਵਿਰੋਧੀ ਧਿਰ ਦਾ ਹੀ ਮੁੱਖ ਕੰਮ ਹੁੰਦਾ ਹੈ।ਕਿਉਂਕਿ,ਆਖਰ ਉਹ ਵੀ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਤਾਂ ਹੁੰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਕੁੱਝ ਨਾ ਕੁੱਝ ਆਸ ਵੀ ਤਾਂ ਹੁੰਦੀ ਹੈ।ਭਾਵੇਂ ਉਹ ਵਿਰੋਧੀ ਧਿਰ ਚ ਹੀ ਬੈਠੇ ਹੁੰਦੇ ਹਨ।
ਇਹੋ ਕਾਰਨ ਹੈ,ਕਿ ਕੇਂਦਰ ਚ ਧੜਾਧੜ ਲੋਕ ਵਿਰੋਧੀ ਕਾਨੂੰਨ ਪਾਸ ਹੋਈ ਜਾ ਰਹੇ ਹਨ।ਮਹਿੰਗਾਈ,ਬੇਰੁਜਗਾਰੀ,ਧਾਰਮਿਕ ਕੱਟੜਤਾ,ਸਰਕਾਰੀ ਸੰਪਤੀ ਦਾ ਨਿੱਜੀਕਰਨ ਅਤੇ ਹੋਰ ਬਹੁਤ ਸਾਰੇ ਮੁੱਦੇ ਹਨ,ਜਿੰਨ੍ਹਾਂ ਵਾਰੇ ਕਾਂਗਰਸ ਪਾਰਟੀ ਨੂੰ ਸੰਸਦ ਚ ਜੋਰਦਾਰ ਢੰਗ ਨਾਲ ਅਵਾਜ਼ ਉਠਾਉਣੀ ਚਾਹੀਦੀ ਸੀ,ਪਰ ਅਜਿਹਾ ਨਹੀਂ ਹੋਇਆ।ਇਸੇ ਤਰ੍ਹਾਂ,ਪੰਜਾਬ ਚ ਵਿਰੋਧੀ ਧਿਰ ਨੇ ਮਹਿੰਗਾਈ,ਬੇਰੁਜਗਾਰੀ,ਸਿਹਤ ਅਤੇ ਵਿਦਿਆ ਦਾ ਬੁਰਾ ਹਾਲ,ਭ੍ਰਿਸ਼ਟਾਚਾਰ,ਭਾਈ ਭਤੀਜਾਵਾਦ,ਰੇਤ ਮਾਫੀਆ,ਕੇਬਲ ਮਾਫੀਆ ਅਤੇ ਹੋਰ ਬਹੁਤ ਸਾਰੇ ਮੁੱਦੇ ਹਨ,ਜਿੰਨ੍ਹਾਂ ਵਾਰੇ ਵਿਰੋਧੀ ਧਿਰ ਆਪਣੀ ਜਿੰਮੇਵਾਰੀ ਨਿਭਾਉਣ ਚ ਪੂਰੀ ਤਰ੍ਹਾਂ ਹੀ ਫੇਲ ਹੋਈ ਹੈ,ਜਦੋਂਕਿ ਵਿਰੋਧੀ ਧਿਰਾਂ ਆਵਾਮ ਦੇ ਹੱਕਾਂ ਦੀ ਆਵਾਜ਼ ਹੁੰਦੀਆਂ ਹਨ।ਜਨਤਾ ਨੂੰ ਵਿਰੋਧੀ ਧਿਰਾਂ ਨੂੰ ਉਨ੍ਹਾਂ ਦੀ ਨਲਾਇਕੀ ਦੇ ਸਬੰਧ ਚ ਸਵਾਲ ਪੁੱਛਣੇ ਚਾਹੀਦੇ ਹਨ,ਤਾਂ ਕਿ ਅੱਗੇ ਨੂੰ ਵਿਰੋਧੀ ਧਿਰਾਂ ਵੀ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਣ ਦੇ ਸਮਰੱਥ ਹੋ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button