Breaking NewsD5 specialNewsPress ReleasePunjab

ਵਿਧਾਨ ਸਭਾ ਚੋਣਾਂ-2022 ਲਈ ਤਿਆਰੀਆਂ ਦਾ ਜਾਇਜ਼ਾ ਲੈਣ ਮੋਗਾ ਪੁੱਜੇ ਪੰਜਾਬ ਦੇ ਮੁੱਖ ਚੋਣ ਅਫ਼ਸਰ

ਕਿਹਾ ! ਆਗਾਮੀ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰਾਂ ਤਿਆਰ
ਵੋਟਰਾਂ ਨੂੰ ਈ-ਵੋਟਰ ਸਲਿਪ ਵੀ ਜਾਰੀ ਕੀਤੀ ਜਾਵੇਗੀ
ਇਸ ਵਾਰ ਹਰੇਕ ਬੂਥ ਦੀ 100 ਫੀਸਦੀ ਵੀਡੀਓਗਰਾਫੀ ਅਤੇ ਵੈਬ ਕਾਸਟਿੰਗ ਕੀਤੀ ਜਾਵੇਗੀ
ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲਾ ਚੋਣ ਅਫ਼ਸਰਾਂ ਅਤੇ ਰਿਟਰਨਿੰਗ ਅਧਿਕਾਰੀਆਂ ਨਾਲ ਬੈਠਕ
ਇਸ ਵਾਰ ਗਰੁੜ ਐਪ ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਆਨਲਾਈਨ ਮੈਪਿੰਗ ਯਕੀਨੀ ਬਣਾਏਗੀ –  ਡਾ. ਐਸ. ਕਰੁਣਾ ਰਾਜੂ
ਅਗਲੇ ਦਿਨਾਂ ‘ਚ ਆਨਲਾਈਨ ਮੈਪਿੰਗ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼
ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਜਿਨਾਂ ਨੂੰ ਮਾਣ ਨਾਲ ਚੋਣ ਪ੍ਰਕਿ੍ਰਆ ਦਾ ਹਿੱਸਾ ਬਣਾਇਆ ਜਾ ਰਿਹਾ
ਚੰਡੀਗੜ੍ਹ:ਜਿਲਾ ਮੋਗਾ, ਫਿਰੋਜਪੁਰ ਅਤੇ ਫਰੀਦਕੋਟ ‘ਚ ਵਿਧਾਨ ਸਭਾ ਚੋਣਾਂ-2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਅੱਜ ਮੋਗਾ ਪੁੱਜੇ। ਉਨਾਂ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਜਿਲਿਆਂ ਦੇ ਜ਼ਿਲਾ ਚੋਣ ਅਫ਼ਸਰਾਂ ਅਤੇ ਜਿਲਾ ਪੁਲਿਸ ਮੁਖੀਆਂ ਸਮੇਤ ਜਿਲਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਇਲੈਕਟ੍ਰੋਲ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ।ਇਸ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ-2022 ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰਾਂ ਤਿਆਰ ਹੈ।
ਉਹਨਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਤੀਜੇ ਲਿੰਗ ਵਾਲੇ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂਕਿ ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਅਤੇ ਇਨਾਂ ਨੂੰ ਮਾਣ ਨਾਲ ਚੋਣ ਪ੍ਰਕਿ੍ਰਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਇਸ ਵਾਰ ਰਾਜ ਦੇ 5 ਲੱਖ ਸੀਨੀਅਰ ਸਿਟੀਜਨ ਵੋਟਰਾਂ ਲਈ ਪੋਸਟਲ ਬੈਲੇਟ ਪੇਪਰ ਵਰਤੇ ਜਾਣਗੇ। ਜਦੋਂਕਿ ਮਹਿਲਾ ਵੋਟਰਾਂ ਲਈ ਇਸ ਵਾਰ ‘ਤੁਹਾਡੀ ਵੋਟ ਤੁਹਾਡੀ ਤਾਕਤ ਤੇ ਤੁਹਾਡਾ ਮਾਣ‘ ਨਾਮ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਇਸ ਵਾਰ ਵੋਟਰਾਂ ਨੂੰ ਦਸਤੀ ਵੋਟਰ ਸਲਿਪਾਂ ਜਾਰੀ ਕਰਨ ਦੇ ਨਾਲ ਨਾਲ ਈ-ਵੋਟਰ ਸਲਿਪ ਵੀ ਜਾਰੀ ਕੀਤੀ ਜਾਵੇਗੀ। ਇਹ ਵੋਟਰ ਦੇ ਫੋਨ ਉੱਤੇ ਮਿਲੇਗੀ।
ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰਾਂ ਚੋਣ ਪ੍ਰਕਿਰਿਆ ਨਾਲ ਜੁੜਨ ਲਈ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰਨ। ਇਸ ਐਪ ਉੱਤੇ ਹਰ ਤਰਾਂ ਦੀ ਜਾਣਕਾਰੀ ਉਪਲਬਧ ਹੋਵੇਗੀ। ਇੱਕ ਸਵਾਲ ਦੇ ਜਵਾਬ ‘ਚ ਡਾ. ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਤੇਜ਼, ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਪਿਛਲੀਆਂ ਚੋਣਾਂ ‘ਚ ਰਾਜ ਅੰਦਰ ਅਰਧ ਸੁਰੱਖਿਆ ਬਲਾਂ ਦੀਆਂ 525 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਵਾਰ ਵੀ ਲੋੜ ਮੁਤਾਬਿਕ ਕੰਪਨੀਆਂ ਦੀ ਮੰਗ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ‘ਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖ਼ਤ ਲਈ ਹਰ ਨਜ਼ਰੀਏ ਤੋਂ ਸਮੀਖਿਆ ਕੀਤੀ ਜਾ ਰਹੀ ਹੈ। ਉਨਾਂ ਨੇ ਹੋਰ ਦੱਸਿਆ ਕਿ ਭਗੌੜੇ ਮੁਜ਼ਰਮਾਂ, ਪੈਰੋਲ ਜੰਪਰਾਂ, ਗੜਬੜੀ ਕਰਨ ਵਾਲਿਆਂ, ਨਸ਼ਾ ਤਸਕਰਾਂ ਅਤੇ ਗ਼ੈਰਜਮਾਨਤੀ ਵਰੰਟਾਂ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਦਿਆਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਵਾਰ ਹਰੇਕ ਬੂਥ ਦੀ 100 ਫੀਸਦੀ ਵੀਡੀਓਗਰਾਫੀ ਅਤੇ ਵੈਬ ਕਾਸਟਿੰਗ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਬੂਥ ਲੈਵਲ ਅਧਿਕਾਰੀਆਂ ਦੁਆਰਾ ਸਾਰੇ ਪੋਲਿੰਗ ਸਟੇਸ਼ਨਾਂ ਦੀ ਡਿਜੀਟਲ ਮੈਪਿੰਗ ਲਈ ਗਰੁੜ ਐਪ ਵਿਕਸਤ ਕੀਤੀ ਗਈ ਹੈ। ਇਸ ਐਪ ਰਾਹੀਂ ਬੀ.ਐਲ.ਓ ਆਪਣੇ ਰਜਿਸਟਰਡ ਮੋਬਾਇਲ ਨੰਬਰਾਂ ਰਾਹੀਂ ਪੋਲਿੰਗ ਸਟੇਸ਼ਨਾਂ ਦੀਆਂ ਫੋਟੋਆਂ ਅਤੇ ਸਥਾਨ ਦੀ ਜਾਣਕਾਰੀ ਅਪਲੋਡ ਕਰਨਗੇ। ਉਨਾਂ ਦੱਸਿਆ ਕਿ ਇਹ ਐਪ ਜਿੱਥੇ ਮਨੁੱਖੀ ਸ਼ਕਤੀ ‘ਤੇ ਨਿਰਭਰਤਾ ਘਟਾਏਗੀ, ਉਥੇ ਹੀ ਕਾਗਜ਼ੀ ਕੰਮਾਂ ਨੂੰ ਵੀ ਘੱਟ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਅਤੇ ਹੁਣ ਬੀ.ਐਲ.ਓਜ਼ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ, ਕੱਟਣ ਜਾਂ ਆਪਣੇ ਪਤੇ ਵਿੱਚ ਸੋਧ ਕਰਵਾ ਸਕਣਗੇ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਐਪ ‘ਚ ਪੋਲਿੰਗ ਸਟੇਸ਼ਨਾਂ ‘ਚ ਵੀਲਚੇਅਰਾਂ, ਪਖਾਨੇ, ਪੀਣ ਵਾਲਾ ਪਾਣੀ, ਬਿਜਲੀ, ਸ਼ੈੱਡ, ਕੁਰਸੀਆਂ, ਦਿਵਿਆਂਗਜਨਾਂ ਲਈ ਰੈਂਪ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦੇ ਵੇਰਵੇ ਵੀ ਸ਼ਾਮਲ ਕੀਤੇ ਜਾਣਗੇ ਜੋਕਿ ਆਨਲਾਈਨ ਵੀ ਚੈਕ ਕੀਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਆਨਲਾਈਨ ਮੈਪਿੰਗ ਪ੍ਰਕਿਰਿਆ ਨੂੰ ਮਿਸ਼ਨ ਮੋਡ ਮੁਹਿੰਮ ਰਾਹੀਂ ਅਗਲੇ ਦਿਨਾਂ ‘ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24659 ਕਰ ਦਿੱਤੀ ਗਈ ਹੈ ਅਤੇ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਜਿਲਾ ਮੋਗਾ ਫਰੀਦਕੋਟ ਅਤੇ ਫਿਰੋਜਪੁਰ ਵਿੱਚ 93 ਨਵੇਂ ਬੂਥ ਬਣਾਏ ਗਏ ਹਨ। ਉਹਨਾਂ ਕਿਹਾ ਕਿ ਪਹਿਲਾਂ 1400 ਵੋਟਰਾਂ ਲਈ ਬੂਥ ਬਣਾਇਆ ਜਾਂਦਾ ਸੀ ਜਦਕਿ ਹੁਣ ਕਰੋਨਾ ਕਾਰਨ ਵੋਟਰਾਂ ਦੀ ਗਿਣਤੀ ਨੂੰ ਘਟਾ ਕੇ 1200 ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ‘ਚ ਮਾਸਕਾਂ, ਦਸਤਾਨਿਆਂ, ਸੈਨੇਟਾਈਜ਼ਰ ਤੇ ਸਮਾਜਿਕ ਦੂਰੀ ਆਦਿ ਦੇ ਵਿਸੇਸ਼ ਬੰਦੋਬਸਤ ਕੀਤੇ ਜਾਣਗੇ। ਉਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਮਹੂਰੀਅਤ ਦਾ ਅਹਿਮ ਤਿਉਹਾਰ ਹੈ, ਇਸ ਲਈ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸੁਤੰਤਰ ਤਰੀਕੇ ਨਾਲ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਮੀਡੀਆ ਵੀ ਸਹਿਯੋਗ ਕਰੇ। ਉਨਾਂ ਨੇ ਦੱਸਿਆ ਕਿ ਇਨਾਂ ਚੋਣਾਂ ‘ਚ ਐਮ-3 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ, ਜਿਨਾਂ ‘ਚ ਖ਼ਰਾਬੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਉਨਾਂ ਦੱਸਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਵੋਟਰਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਦੇ ਨਾਲ-ਨਾਲ ਅਕਾਲ ਚਲਾਣਾ ਕਰ ਚੁੱਕੇ ਵੋਟਰਾਂ ਅਤੇ ਤਰਕਪੂਰਨ ਗ਼ਲਤੀਆਂ ਨੂੰ ਵੋਟਰ ਸੂਚੀ ਵਿੱਚੋਂ ਕੱਢਣ ਦੇ ਨਾਲ-ਨਾਲ ਸਵੀਪ ਅਭਿਆਨ ਤਹਿਤ ਆਪਣੇ ਖੇਤਰਾਂ ਵਿੱਚ ਵਿਆਪਕ ਜਾਗਰੂਕਤਾ ਗਤੀਵਿਧੀਆਂ ਵੀ ਚਲਾਉਣ।ਉਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 1 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਇਸ ‘ਚ ਸੋਧਾਂ, ਦਾਅਵੇ ਅਤੇ ਇਤਰਾਜਾਂ ਲਈ ਇੱਕ ਮਹੀਨੇ ਵਾਸਤੇ ਵੋਟਰਾਂ ਦੇ ਸਨਮੁੱਖ ਰੱਖਿਆ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਹੋਵੇਗੀ।ਇਸ ਮੌਕੇ ਡਾ. ਕਰੁਣਾ ਰਾਜੂ ਨੇ ਜ਼ਿਲਾ ਪ੍ਰਸ਼ਾਸਨ ਦੇ ਸਮੁਚੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਬਾਰੇ ਵਿਸਥਾਰਤ ਗੱਲਬਾਤ ਕੀਤੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button