ਲੀਡਰਾਂ ਨੇ ਪੁਲਿਸ ਨੂੰ ਕਮਜ਼ੋਰ ਕੀਤਾ, ਪੁਲਿਸ ਪ੍ਰਬੰਧਾਂ ‘ਚ ਵੱਡੇ ਸੁਧਾਰਾਂ ਦੀ ਲੋੜ
ਅਮਰਜੀਤ ਸਿੰਘ ਵੜੈਚ (94178-01988)
ਡੇਢ ਸੌ ਸਾਲ ਪੁਰਾਣੇ ਇਤਿਹਾਸ ਵਾਲ਼ੀ ਮੌਜੂਦਾ 80 ਹਜ਼ਾਰ ਦੀ ਨਫ਼ਰੀ ਨਾਲ਼ ਪੰਜਾਬ ਪੁਲਿਸ ਅੱਜ ਸਵਾਲਾਂ ‘ਚ ਕਿਉਂ ਘਿਰ ਗਈ ਹੈ ? ਮਹਾਂਰਾਜਾ ਰਣਜੀਤ ਸਿੰਘ ਦੇ 1839 ‘ਚ ਇੰਤਕਾਲ਼ ਤੋਂ 10 ਸਾਲਾਂ ਮਗਰੋਂ 1849 ‘ਚ ਅੰਗਰੇਜ਼ਾਂ ਦੇ ਭਾਰਤ ‘ਤੇ ਕਬਜ਼ੇ ਮਗਰੋਂ ਪੰਜਾਬ ਪੁਲਿਸ ਹੋਂਦ ‘ਚ ਆਉਂਦੀ ਹੈ ਤੇ ਅਸਲ ‘ਚ 1861 ਤੋਂ ਬਾਅਦ ਹੀ ਇਸ ਫ਼ੋਰਸ ਦੀ ਪਹਿਚਾਣ ਬਣਨ ਲੱਗਦੀ ਹੈ ।
ਆਜ਼ਾਦ ਭਾਰਤ ਦੇ ਛੇਵੇਂ ਦਹਾਕੇ ਦੇ ਅੰਤਲੇ ਵਰ੍ਹਿਆਂ ‘ਚ ਪੰਜਾਬ ਅੰਦਰ ਨਕਸਲਬਾੜੀ ਕਹਿਰ ਦੌਰਾਨ ਪੰਜਾਬ ਪੁਲਿਸ ਸਵਾਲਾਂ ‘ਚ ਘਿਰ ਗਈ ਸੀ । ਇਸ ਸਮੇਂ ਦੀ ਕਹਾਣੀ ਕਹਿਣ ਲਈ ਜਸਵੰਤ ਸਿੰਘ ਕੰਵਲ ਦਾ ਨਾਵਲ ‘ ਲਹੂ ਦੀ ਲੋਅ’ ਬਹੁਤ ਚਰਚਾ ‘ਚ ਰਿਹਾ । ਇਸ ਮਗਰੋਂ 1978 ਦੀ ਵਿਸਾਖੀ ਸਮੇਂ ਅੰਮ੍ਰਿਤਸਰ ‘ਚ ਨਿਰੰਕਾਰੀ-ਅਖੰਡ ਕੀਰਤਨੀ ਜੱਥੇ ਦੇ ਟਕਰਾ ਦੇ ਖੂਨੀ ਕਾਂਡ ਮਗਰੋਂ 1995 ਤੱਕ ਪੰਜਾਬ ਪੁਲਿਸ ਸਵਾਲਾਂ ‘ਚ ਘਿਰੀ ਰਹੀ ਤੇ ਹੁਣ ਫਿਰ ਓਹੀ ਸਥਿਤੀ ਬਣ ਗਈ ਹੈ । ਉਦੋਂ ਅਕਸਰ ਇਸ ‘ਤੇ ਕਥਿਤ ਝੂਠੇ ਪੁਲਿਸ ਮੁਕਾਬਲੇ ਕਰਕੇ ਪੰਜਾਬੀ ਮੁੰਡਿਆਂ ਨੂੰ ਮਾਰਨ ਦੇ ਦੋਸ਼ ਲੱਗਦੇ ਰਹੇ ਸਨ ।
ਉਸ ਕਾਲ਼ੇ ਦੌਰ ਨੂੰ ਪੰਜਾਬ ‘ਚ ‘ਖਾੜਕੂ ਦੌਰ’ ਕਿਹਾ ਜਾਂਦਾ ਹੈ । ਇਸ ਕਾਲ਼ੇ ਸਮੇਂ ‘ਚ ਪੁਲਿਸ ਦੀ ਆਪਣੀ ਸਰਕਾਰੀ ਵੈੱਬਸਾਈਟ ਅਨੁਸਾਰ ਪੰਜਾਬ ‘ਚ 1984 ਤੋਂ 1994 ਤੱਕ 20000 ਲੋਕ ਮਾਰੇ ਗਏ । ਇਸ ਸਮੇਂ ਦੌਰਾਨ ਪੁਲਿਸ ਦੇ ਕਈ ਆਲ੍ਹਾ ਅਫ਼ਸਰ ਤੇ ਦੂਜੇ ਕਰਮਚਾਰੀ ਵੀ ਖਾੜਕੂਆਂ ( ਅੱਤਵਾਦੀ) ਨੇ ਮੌਤ ਦੇ ਘਾਟ ਉਤਾਰ ਦਿਤੇ । ਉਂਜ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਕਾਲ਼ੀ ਹਨੇਰੀ ‘ਚ ਪੁਲਿਸ ਨੇ 25000 ਲਾਸ਼ਾ ਨੂੰ ਅਣਪਛਾਤੇ ਦੱਸਕੇ ਵੱਖ-ਵੱਖ ਸ਼ਮਸ਼ਾਨ ਘਾਟਾਂ ‘ਚ ਸਸਕਾਰ ਕੀਤੇ ਸਨ । ਖਾਲੜਾ ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਪੁਲਿਸ ਨੇ ਉਨ੍ਹਾਂ ਤਕਰੀਬਨ 2000 ਪੁਲਿਸ ਅਫ਼ਸਰਾਂ ਤੇ ਕਰਮੀਆਂ ਨੂੰ ਵੀ ਮਾਰ ਮੁਕਾਇਆ ਜਿਨ੍ਹਾਂ ਨੇ ਪੁਲਿਸ ਦਾ ਕਥਿਤ ਝੂਠੇ ਮੁਕਾਬਲਿਆਂ ‘ਚ ਸਾਥ ਨਹੀਂ ਸੀ ਦਿਤਾ । ਪੁਲਿਸ ਇਸ ਤੋਂ ਇਨਕਾਰ ਕਰਦੀ ਰਹੀ ਹੈ । ਪੁਲਿਸ ਰਿਕਾਰਡ ਮੁਤਾਬਿਕ ਖਾਲੜਾ ਵੀ 1995 ਤੋਂ ‘ਗਾਇਬ’ ਹੈ।
ਪੰਜਾਬ ਪੁਲਿਸ ਦੀ 30 ਅਕਤੂਬਰ 1993 ‘ਚ ਉਦੋਂ ਬਹੁਤ ਕਿਰਕਰੀ ਹੋਈ ਸੀ ਜਦੋਂ ਪੱਟੀ ਨੇੜੇ ਇਕ ਕਥਿਤ ਮੁਕਾਬਲੇ ‘ਚ ਪੁਲਿਸ ਵੱਲੋਂ ਪੱਟੀ ਹੱਸਪਤਾਲ਼ ਦੇ ਮੁਰਦਾਘਰ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਜਿਨ੍ਹਾਂ ‘ਚੋਂ ਇਕ ਸੁਰਜੀਤ ਸਿੰਘ ਜਿਉਂਦਾ ਰਹਿ ਗਿਆ । ਫਿਰ ਪਤਾ ਲੱਗਣ ਮਗਰੋਂ ਥਾਣਾ ਇੰਚਾਰਜ ਸੀਤਾ ਰਾਮ ਉਸ ਨੂੰ ਚੁੱਕ ਕੇ ਲੈ ਗਿਆ ਤੇ ਬਾਦ ‘ਚ ਇਹ ਕਹਿ ਕੇ ਵਾਪਸ ਛੱਡ ਗਿਆ ਕਿ ਉਹ ਜ਼ਖਮੀ ਬੰਦਾ ਅੰਮ੍ਰਿਤਸਰ ਦੇ ਹਸਪਤਾਲ਼ ‘ਚ ਲਿਜਾਂਦਿਆਂ ਰਾਹ ‘ਚ ਹੀ ‘ਮਰ’ ਗਿਆ । ਇਸ ਘਟਨਾ ਦੀ ਕਾਮਰੇਡ ਸੱਤਪਾਲ ਤੇ ਕਾਮਰੇਡ ਮਹਾਂਬੀਰ ਸਿੰਘ ਦੀ ਪਹਿਲ ਕਦਮੀ ਕਰਕੇ ‘ਦਾ ਟ੍ਰਿਬਿਊਨ’ ‘ਚ ਇਕ ਨਵੰਬਰ ਨੂੰ ਲੱਗੀ ਖ਼ਬਰ ‘ Killed once , twice ‘ ( HS Bhanwar ) ਕਰਕੇ ਸੁਪਰੀਮ ਕੋਰਟ ਨੇ ਅਗਲੇ ਦਿਨ ਹੀ ਸੀਬੀਆਈ ਦੀ ਟੀਮ ਅੰਮ੍ਰਿਤਸਰ ਭੇਜ ਦਿਤੀ ਸੀ । ਇਹ ਮੁਕਾਬਲਾ ਝੂਠਾ ਨਿਕਲ਼ਿਆ ਸੀ ਤੇ ਸੀਤਾ ਰਾਮ ਨੂੰ ਬਾ-ਮੁਸ਼ੱਕਤ ਉਮਰ ਕੈਦ ਹੋਈ ਸੀ ।
ਇਸ ਸਮੇਂ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਕੇ ਪੀ ਐੱਸ ਗਿੱਲ ਵੀ ਬਹੁਤ ਬਦਨਾਮ ਹੋਏ ਜਿਸ ‘ਤੇ ਇਹ ਦੋਸ਼ ਲੱਗਦੇ ਰਹੇ ਕਿ ਉਸ ਨੇ ਪੰਜਾਬ ‘ਚੋਂ ਅੱਤਵਾਦ ਖ਼ਤਮ ਕਰਨ ਦੇ ਨਾਮ ‘ਤੇ ਬਹੁਤ ਨਿਰਦੋਸ਼ ਪੰਜਾਬੀਆਂ ਨੂੰ ਵੀ ਮੌਤ ਦੇ ਮੂੰਹ ‘ਚ ਧੱਕ ਦਿਤਾ : ਪੁਲਿਸ ਦੇ ਕਈ ਉੱਚ ਅਫ਼ਸਰਾਂ ‘ਤੇ ਵੀ ਅਜਿਹੇ ਦੋਸ਼ ਲੱਗਦੇ ਰਹੇ ਕਿ ਉਨ੍ਹਾਂ ਨੇ ਇਸ ਕਾਲ਼ੇ ਦੌਰ ‘ਚ ਬਹੁਤ ਹੱਥ ਰੰਗੇ ਸਨ ।
ਪਹਿਲਾਂ ਅਕਤੂਬਰ 1986 ‘ਚ ਪੰਜਾਬ ਪੁਲਿਸ ਮੁੱਖੀ ਰਬੀਰੋ ‘ਤੇ ਜਲੰਧਰ ਪੁਲਿਸ ਹੈੱਡ ਕਵਾਰਟਰ ‘ਚ ਤੇ ਫਿਰ ਫ਼ਰਵਰੀ 1991 ਨੂੰ ਡੀਜੀਪੀ ਡੀ ਐੱਸ ਮਾਂਗਟ ‘ਤੇ ਲੁਧਿਆਣਾ ‘ਚ ਹਮਲਾ, 31 ਅਗਸਤ 1995 ‘ਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ, ਜਨਵਰੀ 2004 ‘ਚ ਬੇਅੰਤ ਸਿੰਘ ਦੇ ਕਥਿਤ ਕਤਲ ‘ਚ ਸ਼ਾਮਿਲ ਬੁੜੈਲ ਜੇਲ੍ਹ ‘ਚ ਬੰਦ ਦੋਸ਼ੀਆਂ ਵੱਲੋਂ ਜੇਲ੍ਹ ‘ਚੋ 94 ਫੁੱਟ ਸੁਰੰਗ ਪੱਟਕੇ ਭੱਜਣਾ , ਅਕਤੂਬਰ 2015 ‘ਚ ਬਰਗਾੜੀ ਤੇ ਕੋਟਕਪੂਰਾ ਗੋਲ਼ੀ ਕਾਂਡ , ਨਵੰਬਰ 2016 ‘ਚ ਨਾਭਾ ਦੀ ਹਾਈ ਸਿਕਿਓਰਟੀ ਜੇਲ੍ਹ ‘ਤੇ ਹਮਲਾ,ਹੁਣ ਵਾਰ ਵਾਰ ਪੰਜਾਬ ਦੀਆਂ ਜੇਲ੍ਹਾਂ ‘ਚੋ ਮੁਬਾਇਲ ਫੋਨ ਤੇ ਨਸ਼ੇ ਫੜੇ ਜਾਣੇ , ਬਠਿੰਡਾ ਜੇਲ੍ਹ ‘ਚੋਂ ਗੈਂਗਸਟਰ ਲਾਰੰਸ ਬਿਸ਼ਨੋਈ ਦੀਆਂ ਇਕ ਟੀਵੀ ਚੈਨਲ ਵੱਲੋਂ ਔਨਲਾਈਨ ਦੋ ਮੁਲਾਕਾਤਾਂ ਰਿਕਾਰਡ ਕਰਨੀਆਂ, ਗੋਇੰਦਵਾਲ਼ ਜੇਲ੍ਹ ‘ਚ ਗੈਂਗਸਟਰਾਂ ਵੱਲੋਂ ਦੂਜੇ ਗਰੁੱਪ ਦੇ ਦੋ ਕੈਦੀਆਂ ਦੇ ਕਤਲ ਕਰਨ ਦੀਆਂ ਵੀਡੀਓਜ਼ ਜਾਰੀ ਕਰਨਾ ਤੇ ਹੁਣ 23 ਫ਼ਰਵਰੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲ਼ਾ ਪੁਲਿਸ ਸਟੇਸ਼ਨ ‘ਤੇ ਕਬਜ਼ਾ ਕਰਨਾ ਤੇ ਫਿਰ ਪੁਲਿਸ ਨਾਲ਼ 18 ਮਾਰਚ ਮਗਰੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਣਮੀਚੀ ਖੇਡਣਾ ਪੁਲਿਸ ਨੂੰ ਪਸੀਨੇ ਛਡਾਉਣ ਵਾਲ਼ੀਆਂ ਘਟਨਾਵਾਂ ਹਨ ।
ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਲੈਕੇ ਵੀ ਪੰਜਾਬ ਪੁਲਿਸ ਘਿਰਦੀ ਪਈ ਹੈ : ਪਹਿਲਾਂ ਇੰਸਪੈਕਟਰ ਇੰਦਰਜੀਤ ਸਿੰਘ ਨੇ ਤੇ ਹੁਣ ਏਆਈਜੀ ਰਾਜਜੀਤ ਸਿੰਘ ਹੁੰਦਲ ਦੇ ਤਾਜ਼ਾ ਕੇਸ ਨੇ ਪੁਲਿਸ ਨੂੰ ਨਿਰ-ਉਤਰ ਕਰ ਦਿਤਾ ਹੈ । ਹਾਲੇ ਹੋਰ ਵੀ ਕਈ ਨਾਮ ਇਸ ਸੂਚੀ ਵਿੱਚ ਜੁੜਨ ਦੀ ਸੰਭਾਵਨਾ ਹੈ ।
ਭਾਵੇਂ ਪੰਜਾਬ ਪੁਲਿਸ ਦਾ ਇਨ੍ਹਾ ਘਟਨਾਵਾਂ ਕਾਰਨ ਅਕਸ ਧੁੰਦਲਾ ਹੁੰਦਾ ਰਿਹਾ ਹੈ ਪਰ ਤਾਂ ਵੀ ਔਖੀ ਘੜੀ ਸਮੇਂ ਹਰ ਪੰਜਾਬ ਵਾਸੀ ਪੁਲਿਸ ਦੀ ਮਦਦ ਹੀ ਭਾਲ਼ਦਾ ਹੈ । ਰਾਤ ਸਮੇਂ ਚੌਂਕਾਂ ‘ਤੇ ਖੜੇ ਪੁਲਿਸ ਵਾਲ਼ੇ ਲੋਕਾਂ ਲਈ ਹੌਸਲਾ ਬਣਦੇ ਹਨ । ਪੁਲਿਸ ਨੇ ਪਿਛਲੇ ਸਮੇਂ ‘ਚ ਕਈ ਅਜਿਹੇ ਕੇਸ ਸੁਲਝਾਏ ਹਨ ਜਿਨ੍ਹਾਂ ਕਾਰਨ ਲੋਕ ਪੁਲਿਸ ਵੱਲ ਚੰਗੀ ਆਸ ਨਾਲ਼ ਵੀ ਵੇਖਦੇ ਹਨ : ਭਾਵੇਂ ਕੋਵਿਡ ਦੌਰਾਨ ਪੁਲਿਸ ਨੇ ਲੋਕਾਂ ਨਾਲ਼ ਚੰਗੀ ਨਹੀ ਕੀਤੀ ਪਰ ਕਈ ਥਾਂਵਾਂ ‘ਤੇ ਪੁਲਿਸ ਨੇ ਦੂਜਿਆਂ ਦੀ ਰੱਖਿਆਂ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ : ਪਹਿਲੇ ਕੋਰੋਨਾ ਲੌਕਡਾਊਨ ‘ਚ 12 ਅਪ੍ਰੈਲ 2020 ਨੂੰ ਪਟਿਆਲ਼ਾ ਸਬਜ਼ੀ ਮੰਡੀ ‘ਚ ਇਕ ਨਿਹੰਗ ਸਿੰਘ ਨੇ ਤਲਵਾਰ ਨਾਲ਼ ਏਐੱਸਆਈ ਹਰਜੀਤ ਸਿੰਘ ਦਾ ਹੱਥ ਹੀ ਗੁੱਟ ਨਾਲ਼ੋਂ ਵੱਢ ਦਿਤਾ ਸੀ । ਟ੍ਰੈਫ਼ਿਕ ਪੁਲਿਸ ਵਾਲ਼ੇ ਕਾਂ ਦੀ ਅੱਖ ਕੱਢਣ ਵਾਲ਼ੀ ਤਪਦੀ ਗਰਮੀ ‘ਚ ਆਵਾਜਾਈ ਨਾਲ਼ ਨਜਿਠਦੇ ਅਕਸਰ ਵੇਖੇ ਜਾ ਸਕਦੇ ਹਨ । ਵੀਆਈਪੀਜ਼ ਡਿਊਟੀਆਂ ਸਮੇਂ ਸੜਕਾਂ ਕਿਨਾਰੇ ਅਕਸਰ ਇਹ ਕਰਮੀ ਖੜੇ ਦਿਸਦੇ ਹਨ । ਹਾਲ ਹੀ ਵਿੱਚ ਲੁਧਿਆਣੇ ‘ਚ ਇਕ ਟ੍ਰੈਫ਼ਿਕ ਪੁਲਿਸ ਕਰਮੀ ਨੂੰ ਇਕ ਕਾਰ ਵਾਲ਼ੇ ਵੱਲੋਂ ਬੋਨਟ ਤੇ ਸੁੱਟ ਕੇ ਕਾਰ ਭਜਾਉਣ ਦੀ ਘਟਨਾ ਦੱਸਦੀ ਹੈ ਕਿ ਇਹ ਕਰਮਚਾਰੀ ਕਿਨ੍ਹਾਂ ਖ਼ਤਰਨਾਕ ਸਥਿਤੀਆਂ ‘ਚ ਕੰਮ ਕਰਦੇ ਹਨ । ਕਾਲ਼ੇ ਕਾਰਨਾਮੇ ਤਾਂ ਕੁਝ ਪੁਲਿਸ ਕਰਮੀ ਕਰਦੇ ਹਨ ਪਰ ਜਨਤਾ ਦਾ ਗੁੱਸਾ ਕਿਸੇ ਵੀ ਕਰਮਚਾਰੀ ‘ਤੇ ਨਿਕਲ਼ ਜਾਂਦਾ ਹੈ ।
ਵਰਤਮਾਨ ਸਥਿਤੀਆਂ ਲੋਕਾਂ ਤੇ ਪੁਲਿਸ ਦਰਮਿਆਨ ਇਕ ਖੱਪਾ ਪੈਦਾ ਕਰ ਰਹੀਆਂ ਹਨ ਜੋ ਰਾਜ ਵਾਸਤੇ ਕਿਸੇ ਬਦ-ਸ਼ਗਨੀ ਦਾ ਬਾਇਸ ਹੈ ..ਲੋਕ ਪੁਲਿਸ ਥਾਣੇ ‘ਚ ਜਾਣ ਲਈ ਸਿਫ਼ਾਰਸ਼ਾਂ ਲੱਭਦੇ ਹਨ ਕਿਉਂਕਿ ਉਨ੍ਹਾਂ ਦਾ ਡਰ ਹੁੰਦਾ ਹੈ ਕਿ ਪਤਾ ਨਹੀਂ ਪੁਲਿਸ ਵਾਲ਼ੇ ਕਿਸ ਮੂੰਹ ਗੱਲ ਕਰਨ, ਰਿਸ਼ਵਤ ਕਾਰਨ ਵੀ ਇਹ ਮਹਿਕਮਾਂ ਬਦਨਾਮ ਹੈ …ਲੋਕਾਂ ਨੂੰ ਝੂਠੇ ਕੇਸਾਂ ‘ਚ ਫਸਾਉਣ ਦੇ ਕੇਸ ਵੀ ਚਰਚਾ ਦਾ ਕਾਰਨ ਬਣਦੇ ਹਨ ।
ਪੁਲਿਸ ਦੇ ਇਕ ਸੇਵਾ ਮੁਕਤ ਉੱਚ ਅਫ਼ਸਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਗ਼ਲਤ ਕੰਮ ਕਰਨ ਲਈ ਸੱਤ੍ਹਾ ਧਿਰ ਦੇ ਲੋਕ ਮਜਬੂਰ ਕਰਦੇ ਹਨ । ਜੇਕਰ ਇਕ ਅਫ਼ਸਰ ਕੋਈ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਸਰਕਾਰ ਉਸ ਦੀ ਬਦਲੀ ਕਰਕੇ ਕਿਸੇ ਨਲਾਇਕ ਅਫ਼ਸਰ ਤੋਂ ਉਹ ਕੰਮ ਕਰਵਾ ਲੈਂਦੀ ਹੈ । ਉਸ ਅਨੁਸਾਰ ਉਪਰੋਕਤ ਸਾਰੀਆਂ ਸਥਿਤੀਆਂ ਲਈ ਰਾਜਸੀ ਨੇਤਾ ਹੀ ਜ਼ਿੰਮੇਵਾਰ ਹਨ । ਸੋ ਇਹ ਸਪੱਸ਼ਟ ਹੈ ਕਿ ਪੁਲਿਸ ਅੰਦਰ ਪਨਪੇ ‘ਗੰਦ’ ‘ਚ ਸਾਡੀਆਂ ਰਾਜਸੀਆਂ ਪਾਰਟੀਆਂ ਦਾ ਵੱਡਾ ਹੱਥ ਹੈ ਕਿਉਂਕਿ ਇਹ ਲੀਡਰ ਆਪੋ-ਆਪਣੀ ਸਰਕਾਰ ਬਣਾਉਣ ਤੇ ਬਚਾਉਣ ਸਮੇਂ ਪੁਲਿਸ ਦੀ ਦੁਰ-ਵਰਤੋਂ ਕਰਦੇ ਹਨ ਜਿਸ ਕਰਕੇ ਪੁਲਿਸ ਵਿੱਚ ਵੀ ਕਾਣ ਪੈਣ ਲੱਗ ਪੈਂਦੀ ਹੈ ।
ਪੁਲਿਸ ਦੇ ਅੰਦਰ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਲਈ ਨੌਕਰੀ ਦੀਆਂ ਸਥਿਤੀਆਂ ਉਨ੍ਹਾਂ ਦੇ ਅਨੂਕੂਲ ਨਹੀਂ ਹਨ । ਸਾਲ 1973 ‘ਚ ਯੂਪੀ ਦੀ ਪੀਏਸੀ ( Provincial Armed Constabulary ) ਵਿੱਚ ਵੱਡੇ ਪੱਧਰ ‘ਤੇ ਤਨਖਾਹਾਂ ,ਸਹੂਲਤਾਂ ਆਦਿ ਨੂੰ ਲੈਕੇ ਇਕ ਬਗਾਵਤ ਹੋ ਗਈ ਸੀ ਜਿਸ ਵਿੱਚ ਵੱਡਾ ਨੁਕਸਾਨ ਹੋਇਆ ਸੀ ਤੇ ਫੌਜ ਨੂੰ ਬੁਲਾਉਣਾ ਪਿਆ ਸੀ । ਭਵਿਖ ‘ਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਫੌਰਨ ਸੁਚੇਤ ਹੋਣ ਦੀ ਲੋੜ ਹੈ । ਇਸ ਲਈ ਪੁਲਿਸ ਨੂੰ ਇਕ ਸੰਵੇਦਨਸ਼ੀਲ ਤਰੀਕੇ ਨਾਲ਼ ਸਿਖਲਾਈ ਦੇਣ ਦੀ ਲੋੜ ਹੈ । ਇਸ ਦੇ ਨਾਲ ਹੀ ਪੁਲਿਸ ਨੂੰ ਆਪਣੀਆਂ ਤਕਨੀਕੀ,ਸਿਖਲਾਈ,ਮਨੁੱਖੀ-ਸਰੋਤ, ਵਿੱਤੀ,ਸਮਾਜਿਕ ਤੇ ਰਾਜਨੀਤਿਕ ਕਮਜ਼ੋਰੀਆਂ ਨੂੰ ਪਹਿਚਾਨਣ ਤੇ ਨਜਿਠਣ ਲਈ ਨਿਗਰ ਉਪਰਾਲੇ ਕਰਨ ਦੀ ਲੋੜ ਹੈ । ਪੁਲਿਸ ‘ਚ ਇਹ ਹੌਸਲਾ ਭਰਨ ਦੀ ਲੋੜ ਹੈ ਕਿ ਉਹ ਰਾਜਸੀ ਲੋਕਾਂ ਵੱਲੋਂ ਗ਼ਲਤ ਕੰਮ ਕਰਵਾਉਣ ਤੋਂ ਇਨਕਾਰ ਕਰਨ ਦੀ ਹਿੰਮਤ ਕਰ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.