ਲਾਕਡਾਊਨ ਦੌਰਾਨ ਸਹਿਕਾਰੀ ਸਭਾਵਾਂ ਨੇ ਪੇਂਡੂ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਬਣਾਈ ਯਕੀਨੀ
ਨਵਾਂ ਸ਼ਹਿਰ : ਸਹਿਕਾਰੀ ਸਭਾਵਾਂ ਨੇ ਕੋਵਿਡ-19 ਲਾਕਡਾਊਨ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਖਾਸਕਰ ਪੇਂਡੂ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੀ ਪੂਰਤੀ ’ਚ ਵੱਡਾ ਯੋਗਦਾਨ ਪਾ ਕੇ ਸਹਿਕਾਰਤਾ ਲਹਿਰ ਦੇ ਅਸਲ ਮਨੋਰਥ ਨੂੰ ਸਾਹਮਣੇ ਲਿਆਂਦਾ ਹੈ। ਲਾਕਡਾਊਨ ਦੌਰਾਨ ਜ਼ਿਲ੍ਹੇ ਦੀਆਂ 102 ਬਹੁਮੰਤਵੀ ਸਹਿਕਾਰੀ ਸਭਾਵਾਂ ਨੇ 3.20 ਕਰੋੜ ਰੁਪਏ ਦੀਆਂ ਵਸਤਾਂ ਦੀ ਵਿਕਰੀ ਕਰਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਬੰਗਾ ਸਬ ਡਵੀਜ਼ਨ ’ਚ ਪਠਲਾਵਾ ਅਤੇ ਆਸ ਪਾਸ ਦੇ 15 ਪਿੰਡ ਸੀਲ ਕੀਤੇ ਗਏ ਤਾਂ ਉਸ ਮੌਕੇ ਸਹਿਕਾਰਤਾ ਵਿਭਾਗ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਆਪਣੀ ਬੰਗਾ ਮਾਰਕੀਟਿੰਗ ਸੁਸਾਇਟੀ ਰਾਹੀਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਜ਼ਰੂਰੀ ਵਸਤਾਂ ਦੀਆਂ ਲੋੜਾਂ ਦੀ ਪੂਰਤੀ ਕਰਨਾ ਸੀ। ਸਭਾ ਨੇ ਆਪਣੇ ਹਿੰਮਤੀ ਸਟਾਫ਼ ਅਤੇ ਮੈਨੇਜਰ ਇਕਬਾਲ ਸਿੰਘ ਦੀ ਅਗਵਾਈ ’ਚ ਇਸ ਜ਼ਿੰਮੇਵਾਰੀ ਨੂੰ ਨਾ ਸਿਰਫ਼ ਪੂਰਾ ਕਰਨ ’ਚ ਕਾਮਯਾਬ ਹੋਈ ਬਲਕਿ ਡੇਢ ਕਰੋੜ ਦੇ ਲਗਪਗ ਦਾ ਰਾਸ਼ਨ ਵੀ ਇਨ੍ਹਾਂ ਦਿਨਾਂ ’ਚ ਸਪਲਾਈ ਕੀਤਾ।
ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਹਿਮਤੀ ਨਾਲ ਅਤੇ ਰਜਿਸਟਰਾਰ ਸਹਿਕਾਰਤਾ ਪੰਜਾਬ ਸ੍ਰੀ ਵਿਕਾਸ ਗਰਗ ਅਤੇ ਜੁਆਇੰਟ ਰਜਿਸਟਰਾਰ ਜਲੰਧਰ ਪਲਵਿੰਦਰ ਸਿੰਘ ਬੱਲ ਦੀਆਂ ਹਦਾਇਤਾਂ ’ਤੇ ਲਾਕਡਾਊਨ ਦੌਰਾਨ ਬੰਦ ਪਈਆਂ ਸਹਿਕਾਰੀ ਸਭਾਵਾਂ ਰਾਹੀਂ 27 ਮਾਰਚ ਤੋਂ ਰਾਸ਼ਨ ਦੀ ਹੋਮ ਡਲਿਵਰੀ ਦੀ ਸ਼ੁਰੂਆਤ ਬੰਗਾ ’ਚ ਕਰਨ ਤੋਂ ਬਾਅਦ ਨਵਾਂ ਸ਼ਹਿਰ ਤੇ ਬਲਾਚੌਰ ’ਚ 31 ਮਾਰਚ ਤੱਕ ਇਹ ਗਿਣਤੀ 102 ’ਤੇ ਪੁੱਜ ਗਈ। ਉੱਪ ਰਜਿਸਟਰਾਰ ਅਨੁਸਾਰ ਜ਼ਿਲ੍ਹੇ ਦੀਆਂ 142 ’ਚੋਂ 102 ਸਹਿਕਾਰੀ ਸਭਾਵਾਂ ਦੇ ਸਟਾਫ਼ ਨੇ ਆਪਣੀਆਂ ਪ੍ਰਬੰਧਕੀ ਕਮੇਟੀਆਂ ਦੀ ਅਗਵਾਈ ’ਚ ਸਹਿਕਾਰਤਾ ਲਹਿਰ ਦੇ ਅਸਲ ਮਨੋਰਥ ਨੂੰ ਪੂਰਾ ਕਰਦਿਆਂ 350 ਤੋਂ ਵੀ ਵਧੇਰੇ ਪਿੰਡਾਂ ’ਚ ਘਰ ਘਰ ਰਾਸ਼ਨ ਪਹੁੰਚਾਇਆ।
ਉਨ੍ਹਾਂ ਦੱਸਿਆ ਕਿ ਸਭਾਵਾਂ ਦੇ ਕਿਸਾਨ ਮੈਂਬਰਾਂ ਕੋਲ ਸਭਾਵਾਂ ਦੇ ਅਮਲੇ ਦੇ ਫ਼ੋਨ ਨੰਬਰ ਆਮ ਹੁੰਦੇ ਹਨ ਅਤੇ ਇਸੇ ਦਾ ਸਭ ਤੋਂ ਵੱਡਾ ਫ਼ਾਇਦਾ ਸਭਾਵਾਂ ਦੇ ਅਮਲੇ ਨੂੰ ਰਾਸ਼ਨ ਦੀ ਹੋਮ ਡਲਿਵਰੀ ’ਚ ਹੋਇਆ। ਲੋਕ ਆਪਣੇ ਘਰ ਤੋਂ ਫ਼ੋਨ ਕਰ ਦਿੰਦੇ ਸਨ ਤੇ ਸਭਾ ਦਾ ਅਮਲਾ ਰਾਸ਼ਨ ਦੀ ਪੂਰਤੀ ਕਰ ਦਿੰਦਾ ਸੀ। ਸਭਾਵਾਂ ਮਸਰ ਦਾਲ, ਮਸਰ ਸਾਬਤ, ਚਨਾ ਦਾਲ, ਮਾਂਹ ਦਾਲ, ਸਰੋਂ ਦਾ ਤੇਲ, ਘਿਉ, ਰਿਫ਼ਾਇੰਡ, ਆਟਾ, ਖੰਡ, ਚਾਹਪੱਤੀ, ਚਾਵਲ, ਵੇਸਣ, ਸਰਫ਼, ਸਾਬਣ, ਨਮਕ, ਮਿਰਚ, ਮਸਾਲਾ, ਹਲਦੀ, ਚਨਾ ਕਾਲਾ, ਆਦਿ ਵਸਤਾਂ ਪਹਿਲ ਦੇ ਆਧਾਰ ’ਤੇ ਸਪਲਾਈ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬੰਗਾ, ਬਲਾਚੌਰ ਅਤੇ ਨਵਾਂ ਸ਼ਹਿਰ ਸਬ ਡਿਵੀਜ਼ਨਾਂ ’ਚ ਜਦੋਂ ਵੀ ਕਿਸੇ ਪਿੰਡ ਨੂੰ ਸੀਲ ਕਰਨਾ ਹੰਦਾ ਸੀ ਤਾਂ ਸਭ ਤੋਂ ਪਹਿਲੀ ਡਿਊਟੀ ਜ਼ਰੂਰੀ ਵਸਤਾਂ ਦੀ ਪੂਰਤੀ ਕਰਨ ਦੀ ਸਹਿਕਾਰਤਾ ਵਿਭਾਗ ਦੀ ਲਾਈ ਜਾਂਦੀ ਸੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸਹਿਕਾਰਤਾ ਵਿਭਾਗ ਵੱਲੋਂ ਲਾਕਡਾਊਨ ਦੌਰਾਨ ਕੀਤੇ ਕੰਮ ਬਾਰੇ ਕਹਿੰਦੇ ਹਨ ਕਿ ਵਿਭਾਗ ਦੇ ਸਮੁੱਚੇ ਅਮਲੇ ਨੇ ਪ੍ਰਸ਼ਾਸਨ ਦਾ ਨਿੱਠ ਕੇ ਸਾਥ ਦਿੱਤਾ ਹੈ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਪਿੰਡ ਪੱਧਰ ’ਤੇ ਹੱਲ ਕਰਨ ’ਚ ਸਹਿਯੋਗ ਦਿੱਤਾ। ਸਹਿਕਾਰਤਾ ਮਹਿਕਮੇ ਵੱਲੋਂ ਝਿੰਗੜਾਂ ਬਹੁਮੰਤਵੀ ਸਹਿਕਾਰੀ ਸਭਾ ਨਾਲ ਸਬੰਧਤ ਸੰਗਤਪੁਰ ਸੈਲਫ਼ ਹੈਲਪ ਗਰੁੱਪ ਅਤੇ ਬਾਪੂ ਸੇਵਾ ਦਾਸ ਸੈਲਫ਼ ਹੈਲਪ ਗਰੁੱਪ ਵੱਲੋਂ ਕੱਪੜੇ ਦੇ ਮਾਸਕ ਬਣਾ ਕੇ ਵੀ ਸਸਤੇ ਰੇਟ ’ਤੇ ਸਪਲਾਈ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਖੇਤੀਬਾੜੀ ਸਭਾਵਾਂ, ਸੀ.ਐਮ.ਐਸ.ਬੰਗਾ, ਮਾਹਿਲ ਗਹਿਲਾਂ, ਪੱਲੀ ਝਿੱਕੀ, ਝਿੰਗੜਾਂ, ਹਿਆਲਾ ਅਤੇ ਰੱਕੜਾ ਬੇਟ ਆਦਿ ਦੀ ਮੱਦਦ ਨਾਲ ਸੈਲਫ਼ ਹੈਲਪ ਗਰੁੱਪਾਂ ਰਾਹੀਂ ਤਿਆਰ ਮਾਸਕ ਜ਼ਿਲ੍ਹੇ ਦੀਆਂ ਮੰਡੀਆਂ ਬੰਗਾ, ਬਹਿਰਾਮ, ਸੂੰਢ, ਨਵਾਂਸ਼ਹਿਰ ਅਤੇ ਰਾਹੋਂ ਆਦਿ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਲਗਭਗ 2500 ਮਾਸਕ ਅਤੇ ਬਲਾਚੌਰ ਵਿਚ 500 ਮਾਸਕ ਮੁਫ਼ਤ ਵੰਡੇ ਗਏ। ਡੀ ਆਰ ਜਗਜੀਤ ਸਿੰਘ ਅਨੁਸਾਰ ਸਭਾਵਾਂ ਨੇ ਆਪੋ-ਆਪਣੇ ਪਿੰਡ ਦੇ ਐਨ.ਆਰ.ਆਈਜ਼, ਸਰਪੰਚਾਂ, ਪ੍ਰਬੰਧਕ ਕਮੇਟੀਆਂ ਅਤੇ ਦਾਨੀ ਸੱਜਣਾਂ ਨਾਲ ਮਿਲ ਕੇ ਇਸ ਔਖੀ ਘੜੀ ਵਿਚ ਜ਼ਰੂਰਤਮੰਦਾਂ ਤੱਕ ਲੋੜੀਂਦਾ ਰਾਸ਼ਨ ਬਿਨਾਂ ਕਿਸੇ ਭੇਟਾ ਤੋਂ ਪਹੁੰਚਾਉਣ ’ਚ ਵੀ ਮੋਹਰੀ ਭੂਮਿਕਾ ਨਿਭਾਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.