ਲਖੀਮਪੁਰ ਦੀ ਘਟਨਾ ਨੇ ਭਾਜਪਾ ਵਿਰੁੱਧ ਗੈਰ ਭਾਜਪਾ ਰਾਜਸੀ ਪਾਰਟੀਆਂ ਨੂੰ ਦਿੱਤਾ ਇਕ ਨਵਾਂ ਮੁੱਦਾ
ਹਰ ਪਾਰਟੀ ਕਿਸਾਨ ਹਿਤੈਸ਼ੀ ਹੋਣ ਲਈ ਲਾ ਰਹੀ ਹੈ ਅੱਡੀ ਚੋਟੀ ਦਾ ਜੋਰ
ਲੋਕਾਂ ਦਾ ਵਿਸ਼ਵਾਸ਼ ਉਠ ਰਿਹਾ ਹੈ ਰਾਜਸੀ ਲੋਕਾਂ ਤੋਂ, ਪ੍ਰਧਾਨ ਮੰਤਰੀ ਪੂਰੇ ਮਾਮਲੇ ਤੇ ਚੁੱਪ
(ਜਸਪਾਲ ਸਿੰਘ ਢਿੱਲੋਂ)
ਪਟਿਆਲਾ 11 ਅਕਤੂਬਰ : 3 ਅਕਤੂਬਰ ਨੂੰ ਉਤਰਪ੍ਰਦੇਸ ਦੇ ਲਖੀਮਪੁਰ ਖੇੜੀ ਦੇ ਵਿੱਚ ਸੰਘਰਸ਼ ਕਰਕੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਤੇ ਇਕ ਤਾਕਤਵਰ ਵਿਅਕਤੀ ਦੇ ਇਸ਼ਾਰੇ ਤੇ ਗੱਡੀਆਂ ਚੜਾ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਚਾਰ ਕਿਸਾਨਾਂ , ਪੱਤਰਕਾਰ ਸਮੇਤ 8 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਪਹਿਲਾਂ ਇਸ ਘਟਨਾ ਨੂੰ ਆਮ ਵਾਂਗ ਲਿਆ ਗਿਆ ਜਲਦ ਹੀ ਸੰਯੁਕਤ ਕਿਸਾਨ ਮੋਰਚੇ ਨੇ ਇਸ ਨੂੰ ਅਪਣਾ ਲਿਆ ਤੇ ਉਨ੍ਹਾਂ ਨੇ ਘਟਨਾ ਨੂੰ ਲੈਕੇ ਲੋਕਾਂ ਨੂੰ ਲਾਮਬੰਦ ਕੀਤਾ। ਉਤਰਪ੍ਰਦੇਸ ਦੀ ਪੁਲਿਸ ਜੋ ਆਪਣੇ ਅਸਲ ਕੰਮ ਤੋਂ ਪਾਸੇ ਹਟਕੇ ਹਾਕਮ ਧਿਰ ਦੀ ਰਾਜਪੂਤ ਜ਼ਿਆਦਾ ਬਣਕੇ ਕੰਮ ਕਰਦੀ ਹੈ, ਦੀ ਕਾਰਗੂਜ਼ਾਰੀ ਸ਼ੁਰੂ ਤੋਂ ਹੀ ਛੱਕੀ ਜਾਪਦੀ ਰਹੀ। ਪਰ ਕਿਸਾਨਾਂ ਦੇ ਦਬਾਅ ਕਾਰਨ ਸਰਕਾਰ ਨੂੰ ਕਿਸਾਨਾਂ ਨਾਲ ਸਮਝੋਤਾ ਕਰਨਾ ਪਿਆ ਜੋ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਹਾਜ਼ਰੀ ਪ੍ਰੀਵਾਰ ਨੂੰ 45-45 ਲੰਖ ਰੁਪਏ ਅਤੇ ਪ੍ਰੀਵਾਰ ਦੇ ਇਕ ਮੈਂਬਰ ਨੂੰ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦੇਣਾ ਅਤੇ ਸਮਾਂਬੱਧ ਜਾਂਚ ਕਰਕੇ ਇਸ ਕੇਸ ਦੇ ਨਾਲ ਸਬੰਧਤ ਕਥਿਤ ਦੋਸ਼ੀਆਂ ਨੂੰ ਸ਼ਲਾਖਾਂ ਪਿੱਛੇ ਭੇਜਣਾ ਸ਼ਾਮਿਲ ਹੈ। ਇਸ ਘਟਨਾ ਨੇ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕ ਮੰਚ ਪ੍ਰਦਾਨ ਕਰ ਦਿੱਤਾ ਹੈ।
ਇਸੇ ਦੌਰਾਨ ਇਸ ਕੇਸ ਦਾ ਮੁੱਖ ਦੋਸ਼ੀ ਲਖੀਮਪੁਰ ਦੇ ਸਾਂਸਦ ਦੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਸਪੁਤਰ ਅਸ਼ੀਸ਼ ਮਿਸ਼ਰਾ ਦਾ ਨਾਮ ਸਾਹਮਣੇ ਆਇਆ , ਉਸ ਦੇ ਨਾਲ ਅੰਕਿਤ ਦਾਸ ਜੋ ਸਾਬਕਾ ਮੇਅਰ ਅਖਲੇਸ਼ ਦਾਸ ਦਾ ਭਤੀਜਾ ਹੈ , ਤੇ ਹੋਰ ਵਿਅਕਤੀਆਂ ਦੇ ਨਾਮ ਬੋਲਦੇ ਹਨ। ਇਸ ਕੇਸ ’ਚ ਕਾਫੀ ਖਲਬਲੀ ਮੱਚੀ ਹੋਈ ਹੈ , ਹਾਕਮ ਧਿਰ ਦਾ ਸਭ ਤੋਂ ਵੱਧ ਜੋਰ ਅਸਲੀਅਤ ਨੂੰ ਛੁਪਾਉਣ ਤੇ ਲੱਗਾ ਰਿਹਾ। ਇਸ ਕੇਸ ’ਚ ਦੇਸ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵੱਲੋਂ ਇਸ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਜਿਸ ਤਰੀਕੇ ਨਾਲ ਉਤਰਪ੍ਰਦੇਸ ਸਰਕਾਰ ਦੀ ਜੋ ਝਾੜ ਪਾਈ ਉਸ ਪਿਛੇ ਭਾਵੇਂ ਮਨਸਾ ਕੁੱਝ ਵੀ ਹੋਵੇ ਪਰ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਹੈ ਕਿ ਹੁਣ ਕੁੱਝ ਨਾ ਕੁੱਝ ਜਰੂਰ ਹੋੇਵੇਗਾ। ਇਹ ਸਰਬਉਚ ਅਦਾਲਤ ਦਾ ਹੀ ਅਸਰ ਦੇਖਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਸਪੁਤਰ ਅਸ਼ੀਸ਼ ਮਿਸ਼ਰਾ ਨੂੰ ਜਾਂਚ ਕਮੇਟੀ ਅੱਗੇ ਪੇਸ਼ ਕਰਾਉਣ ’ਚ ਸਫਲ ਹੋ ਗਏ ਹਾਲਾਂ ਕਿ ਉਸ ਦਿਨ ਜੋ ਕੁੱਝ ਵਾਪਰਿਆ, ਉਹ ਪ੍ਰਿਆ ਲੋਕਾਂ ਦੇ ਗਲੇ ’ਚੋਂ ਹੇਠਾਂ ਨਹੀਂ ਜਾ ਰਹੀ। ਜਿਸ ਤਰੀਕੇ ਨਾਲ ਅਸ਼ੀਸ਼ ਨਾਲ ਵਰਤਾਅ ਕੀਤਾ ਗਿਆ ਤੇ ਰਾਤ ਅੱਧੀ ਰਾਤ ਸਮੇਂ ਮੰਤਰੀ ਦੇ ਪੁੱਤਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ ਕਰਕੇ ਨਿਆਂਇਕ ਹਿਰਾਸਤ ਅਧੀਨ ਜੇਲ ਭੇਜ ਦਿੱਤਾ ਗਿਆ, ਪੁਲਿਸ ਵੱਲੋ ਰਿਮਾਂਡ ਨਾ ਹਾਸਿਲ ਕਰ ਸਕਣਾ, ਲੋਕਾਂ ਨੂੰ ਇਹ ਜਾਪ ਰਿਹਾ ਹੈ ਕਿ ਜਿਵੇਂ ਵੱਡੀ ਅਦਾਲਤ ਦੇ ਡੰਡੇ ਦੇ ਡਰੋਂ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਜੇਕਰ ਇਹ ਕਥਿਤ ਦੋਸ਼ੀ ਮੰਤਰੀ ਦਾ ਮੁੰਡਾ ਨਾ ਆਉਦਾ ਇਸੇ ਪੁਲਿਸ ਨੇ ਪਹਿਲੇ ਦਿਨ ਹੀ ਸਬੰਧਤ ਕਥਿਤ ਦੋਸ਼ੀ ਦਾ ਸਾਰਾ ਟੱਬਰ ਥਾਣੇ ਬਿਠਾ ਲੈਣਾ ਸੀ , ਤੇ ਪਹਿਲੇ ਦਿਨ ਹੀ ਅਦਾਲਤ ਤੋਂ 14 ਦਿਨ ਦਾ ਵੱਧ ਤੋਂ ਵੱਧ ਰਿਮਾਂਡ ਮੰਗਣਾ ਸੀ।
ਇਸ ਕੇਸ ’ਚ ਅਜੇਹਾ ਨਹੀਂ ਕੀਤਾ ਗਿਆ। ਕਿਸਾਨ ਮੋਰਚੇ ਆਗੂਆਂ ਨੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਹ ਤੰਜ ਕਸਣਾ ਕਿ ਉਹ ਰਾਜ ਦੀ ਰਾਜਧਾਨੀ ਲਖਨਊ ਤਾਂ ਗਏ ਪਰ ਕੁੱਝ ਕਿਲੋਮੀਟਰ ਦੂਰ ਲਖੀਮਪੁਰ ਤੱਕ ਦੌਰਾ ਕਰਨਾ ਤਾ ਇਕ ਪਾਸੇ ਰਿਹਾ , ਉਨਾਂ ਨੇ ਇਸ ਘਟਨਾ ਸਬੰਧੀ ਇਕ ਬੋਲ ਵੀ ਨਹੀ ਬੋੋਲਿਆ। ਮੰਤਰੀ ਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਪਰ ਉਸ ਤੋਂ ਅਸਤੀਫਾ ਨਾ ਲੈਣਾ ਇਹ ਸਪਸ਼ਟ ਕਰਦਾ ਹੈ ਕਿ ਕਿਧਰੇ ਇਸ ਸਾਰੀ ਕਹਾਣੀ ਦੀ ਪਟਕਥਾ 26 ਜਨਵਰੀ ਵਾਂਗ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਹਾਕਮ ਧਿਰ ਨੇ ਤਾਂ ਨਹੀਂ ਲਿਖੀ , ਦੇਸ ਦੀ ਜਨਤਾ ਦੇਖਦੀ ਹੈ ਕਿ ਮੰਤਰੀ ਅਜੈ ਮਿਸ਼ਰਾ ਵੱਲੋਂ ਜਨਤਕ ਤੌਰ ਤੇ ਇਸ ਘਟਨਾ ਤੋਂ ਕੁੱਝ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਚਿਤਾਵਨੀ ਦੇਣਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਦੇ ਭਾਜਵਾ ਵਰਕਰਾਂ ਨੂੰ ਡਾਂਗਾਂ ਚੁੱਕਣ ਦਾ ਸੱਦਾ ਦੇਣਾ ਤੇ ਆਖਣਾ ਕਿ ‘ਜੈਸੇ ਕੋ ਤੈਸਾ’ ਵਰਗਾ ਗੈਰ ਸੰਵਿਧਾਨਕ ਐਲਾਨ ਕਰਨਾ ਸਪਸ਼ਟ ਕਰਦਾ ਹੈ ਕਿ ਹਾਕਮ ਧਿਰ ਹਾਲੇ ਵੀ ਟਕਰਾ ਦੀ ਨੀਤੀ ਹੀ ਅਪਣਾਉਣਾ ਚਾਹੁੰਦੀ ਹੈ। ਇਹ ਵੀ ਚਰਚਾ ਹੈੈ ਘੱਟ ਗਿਣਤੀਆਂ ਨੂੰ ਵਰਤਕੇ ਵੱਡੇ ਵੋਟ ਬੈਂਕ ਨੂੰ ਹਥਿਆਉਣ ਦੀ ਮਨਸ਼ਾ ਚੱਲ ਰਹੀ ਹੈ॥ ਅਗਲੇ ਸਾਲ ਸ਼ੁਰੂ ’ਚ ਹੀ ਉਤਰਪ੍ਰਦੇਸ, ਪੰਜਾਬ , ਉਤਰਾਖੰਡ, ਮਨੀਪੁਰ ਤੇ ਗੋਆ ਦੀਆਂ ਵਿਧਾਨ ਸਭਾ ਚੋਣਾ ਆ ਰਹੀਆਂ ਹਨ। ਦੇਸ ਦੇ ਹਕੂਮਤ ਤੇ ਕਾਬਜ਼ ਹੋਣ ਜਾਂ ਇਸ ਨੂੰ ਬਰਕਰਾਰ ਰੱਖਣ ਲਈ ਰਾਜਸੀ ਪਾਰਟੀਆਂ ਆਪਣਾ ਪੂਰਾ ਜੋਰ ਲਾ ਰਹੀਆਂ ਹਨ।
ਭਲਕੇ 12 ਅਕਤੂਬਰ ਨੂੰ ਜੋ ਕਿਸਾਨ ਇਸ ਘਟਨਾ ’ਚ ਆਪਣੀਆਂ ਜਾਨਾਂ ਵਾਰ ਗਏ ਹਨ , ਦੀ ਅੰਤਿਮ ਅਰਦਾਸ ਹੋਣੀ ਹੈ ਕਿਸਾਨ ਜਥੇਬੰਦੀਆਂ ਨੇ ਆਪਣਾ ਅਲਟੀਮੇਟਮ ਵੀ ਦਿੱਤਾ ਹੋਇਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਪਸ਼ਟ ਆਖਣਾ ਕਿ ਉਨਾਂ ਨੇ ਜੋ ਸਮਝੋਤਾ ਕਰਵਾਇਆ ਹੈ ਉਹ ਹਾਲਾਤਾਂ ਅਤੇਅਮਨ ਦੀ ਸਥਿਤੀ ਨੂੰ ਮੁੱਖ ਰੱਖਕੇ ਲਿਆ ਸੀ । ਇਸ ਵੇਲੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਦੋਂ ਤੱਕ ਕਥਿਤ ਦੋਸ਼ੀ ਦਾ ਪਿਤਾ ਮੰਤਰੀ ਦੀ ਕੁਰਸੀ ਤੇ ਬੈਠਾ ਹੈ , ਇਨਸਾਫ ਦੀ ਪੋੜੀ ਤੇ ਚੜਣਾ ਮੁਸ਼ਕਲ ਹੈ। ਹਾਲਾਂ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਹੈ ਉਤਰਪ੍ਰਦੇਸ ਰਾਜ ਦਾ ਪੁਲਿਸ ਮੁਖੀ ਸਾਰਾ ਸਬੂਤ ਸੁਰਖਿਅਤ ਰੱਖੇ। ਪਰ ਇਹ ਉਹ ਪੁਲਿਸ ਹੈ, ਜਿਸ ਤੇ ਹਾਕਮ ਧਿਰ ਦੀ ਪਿਉਦ ਕੁੱਝ ਜ਼ਿਆਦਾ ਹੀ ਚੜੀ ਰਹਿੰਦੀ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ: ਉਤਰਪ੍ਰਦੇਸ ’ਚ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਹੈ ਇਸ ਤੋਂ ਇਲਾਵਾ ਕਾਂਗਰਸ ਅਤੇ ਬਸਪਾ ਵੀ ਹੈ। ਇਸ ਵੇਲੇ ਨਜ਼ਰ ਇਹ ਆ ਰਿਹਾ ਹੈ ਕਿ ਦੋਵੇਂ ਵਿਰੋਧੀ ਪਾਰਟੀਆਂ ਇਸ ਸਮੇਂ ਦਾ ਪੂਰਾ ਫਾਇਦਾ ਚੁੱਕਣ ਦਾ ਯਤਨ ਕਰ ਰਹੀਆਂ ਹਨ। ਪਿ੍ਰਅੰਕਾ ਗਾਂਧੀ ਤੇ ਅਖਲੇਸ਼ ਯਾਦਵ ਨੂੰ ਜਿਸ ਤਰਾਂ ਗ੍ਰਿਫ਼ਤਾਰ ਕੀਤਾ ਗਿਆ ਤੇ ਲੋਕਾਂ ’ਚ ਉਨਾਂ ਪ੍ਰਤੀ ਹਮਦਰਦੀ ਵਧੀ ਨੇ ਹਾਕਮ ਭਾਜਪਾ ਦੀ ਨੀਂਦ ਹਰਾਮ ਕੀਤੀ ਹੋਈ ਹੈ। ਹਾਲ ਹੀ ’ਚ ਪ੍ਰਿਅੰਕਾ ਦੀ ਵਾਰਾਨਸੀ ਅਤੇ ਅਖਲੇਸ਼ ਦੀ ਸਹਾਰਨਪੁਰ ਰੈਲੀ ’ਚ ਲੋਕਾਂ ਦੀ ਉਮੜੀ ਭੀੜ ਨੇ ਹਾਕਮ ਧਿਰ ਨੂੰ ਸੋਚਾਂ ’ਚ ਜ਼ਰੂਰ ਪਾ ਦਿੱਤਾ ਹੈ।ਕਾਂਗਰਸ ਤੇ ਸਪਾ ਦੀ ਸਰਗਰਮੀ ਵੱਧ ਹੈ ਪਰ ਬਸਪਾ ਦੀ ਦਾ ਵੇਗ ਘੱਟ ਨਜ਼ਰ ਆਉਦਾ ਹੈ।ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਪੀੜਤ ਪ੍ਰੀਵਾਰਾਂ ਨਾਲ ਭਾਵਨਾਤਮਕ ਦੁੱਖ ਸਾਂਝਾ ਕਰਨਾ ਅਤੇ ਪੰਜਾਬ ਅਤੇ ਛਤੀਸ ਗੜ ਦੀਆਂ ਸਰਕਾਰਾਂ ਵੱਲੋਂ ਪੀੜਤਾਂ ਨੂੰ 50-50 ਲੱਖ ਦੀ ਸਹਾਇਤਾ ਦਿਵਾ ਦੇਣਾ , ਨੇ ਲੋਕਾਂ ਦੇ ਮਨਾਂ ਤੇ ਛਾਪ ਛੱਡੀ ਹੈ। ਭਾਵੇਂ ਇਹ ਸਭ ਕੁੱਝ ਉਨਾਂ ਦਾ ਸਿਆਸੀ ਦਾਅ ਵੀ ਹੋ ਸਕਦਾ ਹੈ।
ਲਖੀਮਪੁਰ ਮਾਮਲੇ ’ਚ ਪੰਜਾਬ ਕਾਂਗਰਸ ਤੇ ਆਪ ਅੱਗੇ ਅਕਾਲੀ ਦਲ ਪਛੜਿਆ : ਹਾਲਾਂਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਪਰ ਸਿਆਸੀ ਲੋਕ ਕਦੇ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ । ਪੰਜਾਬ ਦੀ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਸ਼ਰਧਾਂਜਲੀ ਦੇ ਕੇ ਰਾਜਪਾਲ ਨੂੰ ਸਭ ਤੋਂ ਪਹਿਲਾਂ ਮੰਗ ਪੱਤਰ ਦੇਣਾ, ਉਪ ਮੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ’ਚ ਵਫਦ ਭੇਜਣਾ , ਮੁੱਖ ਮੰਤਰੀ ਨੂੰ ਹਵਾਈ ਯਾਤਰਾ ਰਾਹੀਂ ਆਗਿਆ ਨਾ ਮਿਲਣਾ, ਨਵਜੋਤ ਸਿੰਘ ਸਿੱਧੂ ਪ੍ਰਧਾਨ ਪ੍ਰਦੇਸ਼ ਕਾਂਗਰਸ ਵੱਲੋਂ ,ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਨਾਲ ਰਾਜਪਾਲ ਦਾ ਘਰ ਘੇਰਨਾ, ਅਤੇ ਬਾਅਦ ’ਚ ਉਤਰਪ੍ਰਦੇਸ ’ਚ ਰੁਕਾਵਟਾਂ ਦੇ ਬਾਵਜੂਦ ਪਹੁੰਚ ਕੇ ਪੀੜਤ ਪ੍ਰੀਵਾਰਾਂ ਤੱਕ ਪਹੁੰਚਣਾ ਅਤੇ ਅਸ਼ੀਸ਼ ਦੀ ਗ੍ਰਿਫ਼ਤਾਰੀ ਲਈ ਆਖਣਾ ਕਿ ਉਨਾਂ ਦੇ ਦਬਾਅ ਕਾਰਨ ਹੀ ਸੰਭਵ ਹੋਈ ਹੈ। ਉਨਾਂ ਉਥੇ ਮੋਨ ਵਰਤ ਤੇ ਭੁੱਖ ਹੜਤਾਲ ਵੀ ਰੱਖੀ। ਇਸੇ ਤਰਾਂ ਆਮ ਆਦਮੀ ਪਾਰਟੀ ਨੇ ਵੀ ਕਾਫੀ ਰੋਸ ਮੁਜਾਹਰੇ ਕੀਤੇ , ਪਾਣੀ ਦੀਆਂ ਬੁਛਾੜਾਂ ਦੇ ਬਾਵਜੂਦ ਉਨਾਂ ਰਾਜ ਭਵਨ ਦਾ ਘੇਰਾਉ ਕੀਤਾ ਇਸ ਮਾਮਲੇ ’ਚ ਆਪ ਦੇ ਪੌਣੀ ਦਰਜਨ ਆਗੂਆਂ ਤੇ ਚੰਡੀਗੜ ਦੇ ਸੈਕਟਰ 3 ਦੇ ਥਾਣੇ ’ਚ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਆਪ ਦਾ ਵਫਦ ਵੀ ਵਿਰੋਧੀ ਧਿਰ ਦੇ ਆਗੂ, ਪੰਜਾਬ ਮਾਮਲਿਆਂ ਦੇ ਮੁਖੀ ਕੁੱਝ ਵਿਧਾਇਕਾਂ ਤੇ ਹੋਰ ਨੇ ਲਖੀਮਪੁਰ ਜਾਕੇ ਪੀੜਤਾਂ ਦੇ ਘਰ ਦੁੱਖ ਸਾਂਝਾ ਕੀਤਾ। ਇਸ ਮਾਮਲੇ ’ਚ ਅਕਾਲੀ ਦਲ ਕੁੱਝ ਪਛੜਿਆ ਨਜ਼ਰ ਆਇਆ , ਲੋਕਾਂ ’ਚ ਇਹ ਚਰਚਾ ਹੈ ਕਿ ਭਾਵੇਂ ਇਨਾਂ ਨੇ ਭਾਜਪਾ ਦਾ ਖਹਿੜਾ ਕਿਸਾਨਾਂ ਦੇ ਵਿਰੋਧ ਕਾਰਨ ਛੱਡ ਦਿੱਤਾ ਹੈ, ਹਾਲੇ ਵੀ ਅੰਦਰ ਖਾਤੇ ਇਨਾਂ ਦਾ ਮੋਹ ਟੁੱਟਿਆ ਨਹੀਂ ਹੈ। ਅਕਾਲੀ ਦਲ ਵੱਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ’ਚ ਇਕ ਵਫਦ ਭੇਜਿਆ ਗਿਆ ਜਿਸ ਵਿਚ ਸ੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਦੀ ਪਧਾਨ ਬੀਬੀ ਜਗੀਰ ਕੌਰ ਵੀ ਹਾਜ਼ਰ ਸਨ, ਇਸ ਤੋਂ ਇਲਾਵਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ ਤੇ ਬਲਵਿੰਦਰ ਸਿੰਘ ਭੂੰਦੜ ਵੀ ਨਾਲ ਸਨ, ਇਨਾਂ ਨੇ ਪੀਡਛ 5 ਪ੍ਰੀਵਾਰਾਂ ਨੂੰ ਸ੍ਰੋਮਣੀ ਕਮੇਟੀ ਵੱਲੋਂ 5-5 ਲੱਖ ਦੇ ਚੈਕ ਵੀ ਪੀੜਤ ਪ੍ਰੀਵਾਰਾਂ ਨੂੰ ਪ੍ਰਦਾਨ ਕੀਤੇ । ਲੋਕਾਂ ’ਚ ਚਰਚਾ ਹੈ ਕਿ ਅਕਾਲੀ ਦਲ ਬਾਦਲ ਇਸ ਦੌੜ ’ਚ ਦੁਜਿਆਂ ਨਾਲੋਂ ਪਛੜ ਗਏ ਹਨ। ਹਾਲਾਂ ਕਿ ਅਕਾਲੀ ਦਾਲ ਦਾ ਵੱਡਾ ਕਾਡਰ ਹੈ, ਉਹ ਵੀ ਵੱਡਾ ਵਫਦ ਲਿਜਾ ਸਕਦੇ ਸਨ, ਉਨ੍ਹਾਂ ਵਲੋਂ ਨਾ ਜਾਣਾ ਉਨ੍ਹਾਂ ਦੀ ਆਪਣੀ ਨੀਤੀ ਹੋ ਸਕਦੀ ਹੈ।
ਇਸੇ ਤਰਾਂ ਅਕਾਲੀ ਦਲ ਸੰਯੁਕਤ ਦਾ ਇਕ ਵਫਦ ਵੀ ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਪੀੜਤਾਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਗਿਆ । ਲੋਕ ਇਨਸਾਫ ਪਾਰਟੀ ਦੇ ਆਗੂ ਬੈਂਸ ਭਰਾਵਾਂ ਨੇ ਵੀ ਲਖੀਮਪੁਰ ਦੇ ਪ੍ਰੀਵਾਰਾਂ ਨਾਲ ਪੂਰੀ ਹਮਦਰਦੀ ਪ੍ਰਗਟ ਕੀਤੀ ਹੈ। ਗੱਲ ਕੀ ਭਾਜਪਾ ਨੂੰ ਛੱਡ ਕੇ ਬਾਕੀ ਦੇਸ ਦੀਆਂ ਸਾਰੀਆਂ ਹੀ ਪਾਰਟੀਆਂ ਖਾਸ ਕਰ ਬੀਬੀ ਮਮਤਾ ਬੈਨਰਜੀ, ਸ਼ਿਵ ਸੈਨਾ ਤੇ ਹੋਰ ਪਾਰਟੀਆਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਹੈ। ਅੱਜ ਸ਼ਿਵ ਸੈਨਾ ਨੇ ਲਖੀਮਪੁਰ ਘਟਨਾ ਮਾਮਲੇ ’ਚ ਪੀੜਤਾਂ ਨਾਲ ਹਮਦਰਦੀ ਜਤਾਉਣ ਲਈ ਮਹਾਂਰਾਸਟਰ ਬੰਦ ਦਾ ਐਲਾਨ ਕੀਤਾ ਹੈ। ਅਗਲੇ ਦਿਨਾਂ ’ਚ ਕਿਸਾਨਾਂ ਨੇ ਮਹਾਂ ਪੰਚਾਇਤਾਂ ਦਾ ਐਲਾਨ ਕੀਤਾ ਹੈ ਜੋ 26 ਅਕਤੂਬਰ ਨੂੰ ਲਖਨਊ ’ਚ ਇਕ ਵੱਡੀ ਮਹਾਂ ਪੰਚਾਇਤ ਹੋ ਰਹੀ ਹੈ। ਇਸ ਵੇਲੇ ਲੋਕਾਂ ਦੀ ਨਜ਼ਰ ਹੁਣ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲੱਗੀ ਹੋਈ ਹੈ। ਕੀ ਭਾਜਪਾ ਵਿਰੋਧੀ ਰਾਜਸੀ ਪਾਰਟੀਆਂ ਇਨਾਂ ਚੋਣਾਂ ’ਚ ਕੋਈ ਰੰਗ ਦਿਖਾ ਸਕਣਗੀਆਂ ਜੋ ਭਾਜਪਾ ਦੇ ਜੇਤੂ ਰਥ ਨੂੰ ਰੋਕਣ ’ਚ ਕਾਮਯਾਬ ਹੋਣਗੀਆਂ, ਸਮਾਂ ਹੀ ਦੱਸੇਗਾ। ਲੋਕਾਂ ਨੂੰ ਹਾਲੇ ਵੀ ਉਮੀਦ ਹੈ ਕਿ ਕਦੋਂ ਦੇਸ ਅੰਦਰ ਜਾਗਰੂਕਤਾ ਆਏਗੀ , ਜਦੋਂ ਲੋਕ ਇਨਾਂ ਰਾਜਸੀ ਆਗੂਆਂ ਦੇ ਸ਼ਤਰੰਜੀ ਚਾਲਾਂ ’ਚ ਬਾਹਰ ਨਿਕਲਣਗੇ ਅਤੇ ਕਿਸ ਵੇਲੇ ਦੇ ਅੰਦਰ ਦੇ ਦੀਆਂ ਅਸਲ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਇਥੇ ਸਚਾਈ ਦਾ ਪਰਚਮ ਲਹਿਰਾਏਗਾ। ਕਿਸਾਨ ਮੋਰਚਾ ਕਾਫ਼ੀ ਹੱਦ ਤੱਕ ਲੋਕ ਜਾਗਰੂਕਤਾ ਲਈ ਕਾਮਯਾਬ ਵੀ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.