OpinionD5 special

ਲਖੀਮਪੁਰ ਖੇੜੀ ਵਿਖੇ ਵਾਪਰੀ ਘਟਨਾ ਨੇ ਸਚਮੁੱਚ ਦੇਸ ਨੂੰ ਹਲੂਣ ਕੇ ਰੱਖ ਦਿੱਤਾ, ਹੁਕਮਰਾਨਾ ਦੇ ਮਨਸੂਬੇ ਜੱਗ ਜਾਹਰ

ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਰੋਕਣਾ ਲੋਕਤੰਤਰ ਪ੍ਰਣਾਲੀ ਦੇ ਉਲਟ

(ਜਸਪਾਲ ਸਿੰਘ ਢਿੱਲੋਂ) : ਪਟਿਆਲਾ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਕਿਸਾਨਾਂ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸੀਸ਼ ਮਿਸ਼ਰਾ ਵੱਲੋਂ ਸਿੱਧੀ ਗੱਡੀ ਚੜਾਉਣ ਦੇ ਮਾਮਲੇ ਨੇ ਇਕ ਵਾਰ ਫਿਰ ਮਾਹੌਲ ਵਿਗਾੜ ਦਿੱਤਾ ਹੈ। ਇੰਝ ਲੱਗ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਥਾਂ ਦਬਾਉਣ ਦੀ ਰਾਜਨੀਤੀ ਅਪਣਾਈ ਜਾ ਰਹੀ ਹੈ। ਇਸ ਘਟਨਾ ’ਚ ਚਾਰ ਕਿਸਾਨ ਅਤੇ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪਤਾ ਲੱਗਾ ਹੈ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦਿ ਮੌਰੀਆ ਦਾ ਇਕ ਸਮਾਗਮ ਸੀ। ਉਧਰ ਤਿਕੋਨੀਆ ਬਬਰੀਪੁਰ ਸੜਕ ਤੇ ਕਿਸਾਨਾਂ ਨੇ ਵਿਰੋਧ ਸਮਾਗਮ ਕੀਤਾ। ਜਿਸ ਵੇਲੇ ਸਮਾਗਮ ਖਤਮ ਕਰਕੇ ਆਗੂ ਵਾਪਿਸ ਜਾ ਰਹੇ ਸੀ ਉਸ ਵੇਲੇ ਕਿਸਾਨਾਂ ਤੇ ਇਹ ਗੱਡੀ ਚੜਾਈ ਗਈ। ਬਹੁਤ ਸਾਰੇ ਆਗੂਆਂ ਨੇ ਇਸ ਨੂੰ ਡੂੰਘੀ ਗਿਣੀ ਮਿਥੀ ਸਾਜਿਸ਼ ਦਾ ਸਿੱਟਾ ਦੱਸਿਆ ਹੈ, ਜਿਸ ਦੀ ਪਟਕਥਾ ਕਿਧਰੇ ਹੋ ਲਿਖੀ ਗਈ ਹੋਵੇ। ਇਸ ਘਟਨਾ ਨੂੰ ਮਨੁੱਖਤਾ ਦਾ ਘਾਣ ਦੱਸਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਯੂਪੀ ਦੀ ਘਟਨਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਡੰਡਿਆਂ ਵਾਲਾ ਬਿਆਨ ਵੀ ਇਸੇ ਪਟਕਥਾ ਦਾ ਹਿੱਸਾ ਹੈ ਜੋ ਬੀਜੇਪੀ ਦੀ ਸਾਜਿਸ਼ ਤੇ ਮਨਸੂਬਿਆਂ ਨੂੰ ਬੇਨਕਾਬ ਕਰਦਾ ਹੈ। ਕਿਸਾਨੀ ਅੰਦੋਲਣ ਕਰਕੇ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਹੈ।

ਮੰਨਿਆ ਜਾ ਰਿਹਾ ਹੈ ਕਿ ਮੁਜਫਰਨਗਰ ਦੀ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਅਤੇ 27 ਸਤੰਬਰ ਦੇ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ। ਮੋਦੀ ਸਰਕਾਰ ਕਿਸੇ ਵੀ ਪੱਧਰ ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਸ ‘ਚ ਉਹ ਆਪਣੀ ਹੇਠੀ ਸਮਝਦੇ ਹਨ। ਇਸ ਦੇ ਨਾਲ ਹੀ ਹਾਲ ਹੀ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਹ ਗੱਲ ਕਹਿਣੀ ਕਿ 5 ਤੋਂ 7 ਸੋ ਲੱਠ ਮਾਰ ਤਿਆਰ ਕਰਕੇ ‘ਜੈਸੇ ਨੂੰ ਤੈਸਾ’ ਜਵਾਬ ਦਿੱਤਾ ਜਾਵੇ। ਇਸ ਘਟਨਾ ਨੇ ਕਿਸਾਨਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ। ਹਰ ਪਾਸੇ ਮਾਹੌਲ ਬਦਲਿਆ ਹੋਇਆ ਹੈ, ਸਾਰੇ ਪਾਸੇ ਦਹਿਸ਼ਤ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਸੋਚੀ ਸਮਝੀ ਸਾਜ਼ਿਸ ਹੈ, ਇਸ ਦਾ ਮਤਲਬ ਇਹ ਹੈ ਕਿ ਸਖਤੀ ਨਾਲ ਕਿਸਾਨਾ ਦਾ ਅੰਦੋਲਣ ਖਤਮ ਕਰਵਾਇਆ ਜਾਵੇ। ਟਿਕੈਤ ਨੇ ਆਖਿਆ ਕਿ ਸਰਕਾਰ ਦੀਆਂ ਗਿਦੜ ਧਮਕੀਆਂ ਤੇ ਡਰਨ ਵਾਲੇ ਨਹੀਂ ਉਹ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਪਰਤਣਗੇ , ਭਾਵੇਂ ਜਿਨਾਂ ਮਰਜ਼ੀ ਸਮਾ ਲੱਗ ਜਾਵੇ, ਅਸੀਂ ਇਥੋਂ ਨਹੀਂ ਹਿੱਲਾਂਗੇ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸਾਰੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜਦੂਾ ਜੱਜ ਤੋਂ ਕਰਵਾਈ ਜਾਵੇ, ਤਾਂ ਜੋ ਸਚਾਈ ਸਾਹਮਣੇ ਆਵੇ ਅਤੇ ਇਸ ਨਾਲ ਸਬੰਧਤ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇ। ਕਿਸਾਨਾਂ ਦੇ ਸਾਰੇ ਹੀ ਆਗੂਆਂ ਨੇ ਇਸ ਘਟਨਾ ਨੂੰ ਕਿਸਾਨ ਵਿਰੋਧੀ ਦੱਸਿਆ ਤੇ ਆਖਿਆ ਕਿ ਇਸ ਦੀ ਜਾਂਚ ’ਚ ਅਸਲੀਅਤ ਸਾਹਮਣੇ ਲਿਆਂਦੀ ਜਾਵੇ। ਸੀਨੀਅਰ ਆਗੂ ਯੋਗਿੰਦਰ ਯਾਦਵ ਤੇ ਗੁਰਨਾਮ ਸਿੰਘ ਚਢੂਨੀ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਅੰਨਦਾਤੇ ਤੇ ਹਮਲਾ ਦੱਸਿਆ। ਕਿਸਾਨਾਂ ਦਾ ਇਹ ਅੰਦੋਲਣ ਜਿਵੇਂ ਸਾਰੇ ਭਾਰਤ ’ਚ ਫੈਲ ਗਿਆ ਹੈ ਤੇ ਹਰ ਵਿਅਕਤੀ ਇਸ ਦੀ ਹਮਾਇਤ ’ਚ ਹਨ , ਹਾਲ ਹੀ ’ਚ ਪੱਛਮੀ ਬੰਗਾਲ ਦੀਆਂ ਉਪ ਚੋਣਾਂ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਸ ਦੇ ਦੋ ਹੋਰ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ ਹਨ ਇਸ ਸਬੰਧੀ ਵੀ ਆਮ ਰਾਇ ਹੈ ਕਿ ਇਸ ਜਿੱਤ ’ਚ ਕਿਸਾਨਾਂ ਦੀ ਅਹਿਮ ਭੂਮਿਕਾ ਰਹੀ ਹੈ। ਕਿਸਾਨੀ ਅੰਦੋਲਨ ਤੋਂ ਭਾਜਪਾ ਬੁਰੀ ਤਰਾਂ ਘਬਰਾਈ ਹੋਈ ਹੈ।

ਇਸ ਸਬੰਧੀ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਆਗੂ ਖਾਸਕਰ ਰਾਹੁਲ ਗਾਂਧੀ , ਪ੍ਰਿਅੰਕਾ ਗਾਂਧੀ , ਅਖਲੇਸ਼ ਯਾਦਵ, ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ,ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕਈ ਸੀਨੀਅਰ ਆਗੂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਣਦੀਪ ਸਿੰਘ ਸੁਰਜੇਵਾਲਾ, ਬੀਬੀ ਸੈਲਜਾ ਸਮੇਤ ਬਹੁਤ ਸਾਰੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨ ਅੰਦੋਲਣ ਨੂੰ ਕੁਚਲਣਾ ਚਾਹੁੰਦੀ ਹੈ। ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਦਾਖਲੇ ਤੇ ਰੋਕ ਲਾ ਦਿੱਤੀ ਹੈ। ਸ: ਰੰਧਾਵਾ ਨੇ ਇਸ ਘਟਨਾ ਦੀ ਤੁਲਣਾ ਜੱਲਿਆਂ ਵਾਲਾ ਬਾਗ ਨਾਲ ਕੀਤੀ ਹੈ। ਸਾਰੀਆਂ ਹੀ ਪਾਰਟੀਆਂ ਨੇ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕੀਤੀ ਹੈ। ਇਸ ਸਬੰਧ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਰਾਜਪਾਲ ਦੇ ਘਰ ਦੇ ਸਾਹਮਣੇ ਕਈ ਵਿਧਾਇਕਾਂ ਤੇ ਹੋਰ ਵਰਕਰਾਂ ਨੇ ਧਰਨਾ ਦਿੱਤਾ ਜਿਸ ਕਰਕੇ ਉਨਾਂ ਨੂੰ ਹਿਰਾਸਤ ’ਚ ਲਿਆ ਗਿਆ ਨਾਲ ਹੀ ਉਨਾਂ ਖੱਟਰ ਦੇ ਬਿਆਨ ਦੀ ਵੀ ਨਿਖੇਧੀ ਕਰਦਿਆਂ ਆਖਿਆ ਕਿ ਉਸ ਤੇ ਦੇਸ ਧਰੋਹ ਦਾ ਕੇਸ ਦਰਜ ਕੀਤਾ ਜਾਵੇ।

ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ ਅੰਦਰ ਅੰਦੋਲਣ ਹੋਰ ਤੇਜ ਹੋ ਗਿਆ ਹੈ, ਇਸ ਸਬੰਧੀ ਜ਼ਿਲਾ ਮੈਜਿਸਟ੍ਰੇਟ ਤੋਂ ਲੈਕੇ ਰਾਸ਼ਟਰਪਤੀ ਤੱਕ ਮੰਗ ਪੱਤਰ ਸੌਂਪੇ ਗਏ, ਕਿਸਾਨ ਆਗੂ ਇਸ ਗੱਲ ਤੇ ਡਟੇ ਹੋਏ ਹਨ ਕਿ ਸਬੰਧਤ ਮੰਤਰੀ ਉਸ ਦੇ ਪੁੱਤਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮ੍ਰਿਤਕ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਇਕ ਇਕ ਕਰੋੜ ਦਾ ਮੁਆਵਜ਼ਾ ਤੇ ਇਕ ਪ੍ਰੀਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ। ਇਸ ਵੇਲੇ ਸਮਝਿਆ ਇਹ ਜਾ ਰਿਹਾ ਹੈ ਕਿ ਅਗਲੇ ਸਾਲ ਦੇ ਸ਼ੁਰੂ ’ਚ ਯੂਪੀ, ਪੰਜਾਬ, ਉਤਰਾਖੰਡ, ਮਨੀਪੁਰ ਤੇ ਗੋਆ ਦੀਆਂ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀ ਨੀਂਦ ਹਰਾਮ ਕਰ ਰੱਖੀ ਹੈ ਜਿਸ ਕਾਰਨ ਭਾਜਪਾ ਅੱਕੀ ਪਲਾਹੀ ਹੱਥ ਮਾਰ ਰਹੀ ਹੈ ਇਸ ਬਹਾਨੇ ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਰੋਕਣ ਦਾ ਯਤਨ ਹੋ ਰਿਹਾ ਹੈ । ਇਸ ਵੇਲੇ ਹਰ ਪਾਸੇ ਤੋਂ ਕਿਸਾਨਾਂ ਨੂੰ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵੇਲੇ ਦੇਸ ਬਲਦੀ ਭੱਠੀ ’ਚ ਸੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਲੋਕਾਂ ਦੇ ਅਸਲ ਮੁੱਦੇ ਪਾਸੇ ਕਰਕੇ ਵੋਟ ਰਾਜਨੀਤੀ ਕੀਤੀ ਜਾ ਰਹੀ ਹੈ ਹਰ ਵਿਅਕਤੀ ਦੀ ਅਵਾਜ਼ ਬੰਦ ਕਰਨ ਦਾ ਜੋ ਯਤਨ ਹੋ ਰਿਹਾ ਹੈ ਇਸ ਨਾਲ ਦੇਸ ਅੰਦਰ ਅਰਾਜਕਤਾ ਫੈਲਣ ਦਾ ਖਦਸ਼ਾ ਹੈ। ਦੇਸ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਕੀ ਦੇਸ ਦੇ ਹਿਤ ’ਚ ਰਹੇਗਾ ਲੋਕਾਂ ਸਾਹਮਣੇ ਇਹ ਇਕ ਵੱਡਾ ਸਵਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button