PunjabTop News

ਰੇਤੇ ਦੀਆਂ 50 ਹੋਰ ਜਨਤਕ ਖੱਡਾਂ ਜਲਦ ਸ਼ੁਰੂ ਹੋਣਗੀਆਂ: ਮੀਤ ਹੇਅਰ

– ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਜਨਤਕ ਰੇਤ ਖੱਡਾਂ ਦੇ ਕੰਮਕਾਜ ਦਾ ਲਿਆ ਜਾਇਜ਼ਾ 

ਚੰਡੀਗੜ੍ਹ, 25 ਮਾਰਚ 2023 – ਲੋਕਾਂ ਨੂੰ ਸਸਤੇ ਭਾਅ ‘ਤੇ ਰੇਤਾ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਹੀ 50 ਨਵੀਆਂ ਜਨਤਕ ਖੱਡਾਂ ਸ਼ੁਰੂ ਕਰੇਗੀ ।ਇਸ ਸਬੰਧੀ ਫੈਸਲਾ ਮਾਈਨਿੰਗ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਰੇਤੇ ਦੀਆਂ ਜਨਤਕ ਖੱਡਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ 32 ਜਨਤਕ ਖੱਡਾਂ ਚੱਲ ਕਰ ਰਹੀਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਦੀ ਗਿਣਤੀ ਵਧਾਈ ਜਾਵੇਗੀ ਕਿਉਂਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਸੂਬੇ ਭਰ ਵਿੱਚ 50 ਨਵੀਆਂ ਜਨਤਕ ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ। ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਜਨਤਕ ਖੱਡਾਂ ਵਿਖੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਸਥਾਨਕ ਮਜ਼ਦੂਰਾਂ ਨੂੰ ਵੀ ਕੰਮ ਮਿਲਿਆ ਹੈ, ਜਿਸ ਕਾਰਨ ਕਈ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਮੀਤ ਹੇਅਰ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਕੈਬਿਨੇਟ ਵੱਲੋਂ ਪ੍ਰਵਾਨ ਕੀਤੀ ਨੀਤੀ ਅਨੁਸਾਰ ਵਿਭਾਗ ਵੱਲੋਂ ਹਰ 15 ਦਿਨਾਂ ਤੋਂ ਵਪਾਰਕ ਮਾਈਨਿੰਗ ਸਾਈਟਾਂ ਦੇ ਕਲੱਸਟਰਾਂ ਲਈ, ਟੈਂਡਰ ਵੀ ਜਾਰੀ ਕੀਤੇ ਜਾਣਗੇ।

ਖਣਨ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਹੀ 21.03.23 ਨੂੰ 14 ਕਲੱਸਟਰਾਂ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸਰਕਾਰ ਵੱਲੋਂ 100 ਦੇ ਕਰੀਬ ਕਲੱਸਟਰਾਂ ਲਈ ਟੈਂਡਰ ਮੰਗੇ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਬਾਕਾਇਦਾ ਆਧਾਰ ‘ਤੇ ਲੋਕਾਂ ਤੋਂ ਫੀਡਬੈਕ ਮੰਗ ਰਹੀ ਹੈ ਅਤੇ ਹਰ ਜਨਤਕ ਸਾਈਟ ਦੇ ਸਹੀ ਢੰਗ ਨਾਲ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੰਮ ਦੀ ਸਮੀਖਿਆ ਕਰ ਰਹੀ ਹੈ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਐਸ.ਈਜ਼ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਹਾਜ਼ਰ ਸਨ।

Post Disclaimer
  1.  

Related Articles

Back to top button