Breaking NewsD5 specialNewsPress ReleasePunjab

ਰਾਣਾ ਸੋਢੀ ਵੱਲੋਂ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦਾ 2.51 ਕਰੋੜ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ

ਮੁੱਖ ਮੰਤਰੀ ਵੱਲੋਂ ਤਮਗ਼ਾ ਜੇਤੂ ਤੇ ਹੋਰ ਖਿਡਾਰੀਆਂ ਨੂੰ ਪਿਛਲੇ ਮਹੀਨੇ 28.36 ਕਰੋੜ ਰੁਪਏ ਨਾਲ ਕੀਤਾ ਗਿਆ ਸੀ ਸਨਮਾਨਤ
ਚੰਡੀਗੜ੍ਹ:ਪੰਜਾਬ ਦੇ ਖੇਡ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਨੇ ਟੋਕੀਉ ਉਲੰਪਿਕ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਜਕਾਰਤਾ ਪੈਰਾ-ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਗੁਰਲਾਲ ਸਿੰਘ ਨੂੰ ਅੱਜ ਇੱਥੇ ਨਕਦ ਪੁਰਸਕਾਰਾਂ ਨਾਲ ਸਨਮਾਨਤ ਕੀਤਾ।ਪੰਜਾਬ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਰਾਣਾ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਮੁਤਾਬਕ ‘ਗੋਲਡਨ ਬੁਆਏ’ ਨੀਰਜ ਚੋਪੜਾ ਨੂੰ 2.51 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਅਤੇ 2018 ਵਿੱਚ ਜਕਾਰਤਾ ਵਿਖੇ ਹੋਈਆਂ ਪੈਰਾ-ਏਸ਼ੀਆਈ ਖੇਡਾਂ ਵਿੱਚ ਸਾਈਕਲਿੰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਗੁਰਲਾਲ ਸਿੰਘ ਨੂੰ 50 ਲੱਖ ਰੁਪਏ ਦੇ ਚੈੱਕ ਭੇਟ ਕੀਤਾ।
ਸਮਾਗਮ ਦੌਰਾਨ ਆਪਣੇ ਸੰਬੋਧਨ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਸਣੇ ਉਲੰਪਿਕ ਵਿੱਚ ਹਿੱਸਾ ਲੈਣ ਵਾਲੇ ਬਾਕੀ ਖਿਡਾਰੀਆਂ ਨੂੰ ਕੁੱਲ 28.36 ਕਰੋੜ ਰੁਪਏ ਦੀ ਰਾਸ਼ੀ ਨਾਲ ਪਹਿਲਾਂ ਹੀ ਸਨਮਾਨਤ ਕੀਤਾ ਜਾ ਚੁੱਕਾ ਹੈ ਪਰ ਉਦੋਂ ਨੀਰਜ ਚੋਪੜਾ ਜ਼ਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਨ ਸਕੇ, ਜਿਨ੍ਹਾਂ ਨੂੰ ਅੱਜ ਨਕਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਕਦ ਰਾਸ਼ੀ ਖੁਣੋਂ ਰਹਿ ਗਏ ਪੈਰਾ ਖਿਡਾਰੀ ਗੁਰਲਾਲ ਸਿੰਘ ਨੂੰ ਵੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦੇ ਖਿਡਾਰੀ 2024 ਦੀਆਂ ਪੈਰਿਸ ਉਲੰਪਿਕਸ ਵਿੱਚ ਇਸ ਤੋਂ ਵੀ ਵੱਧ ਤਮਗ਼ੇ ਦੇਸ਼ ਦੀ ਝੋਲੀ ਪਾਉਣਗੇ।
ਖੇਡ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਮਾਗਮ ਕਰਵਾ ਕੇ ਇਨਾਮ ਤਕਸੀਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਰੰਗ ਲਿਆ ਰਹੀ ਹੈ ਅਤੇ ਪੰਜਾਬ ਮੁੜ ਖੇਡਾਂ ਵਿੱਚ ਆਪਣੇ ਚੋਟੀ ਦੇ ਸਥਾਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।ਦੱਸ ਦੇਈਏ ਕਿ ਪਿਛਲੇ ਮਹੀਨੇ ਟੋਕੀਉ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਸਮਾਗਮ ਦੌਰਾਨ ਟੋਕੀਉ ਉਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਤੇ ਸਿਮਰਨਜੀਤ ਸਿੰਘ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ ਗੁਰਜੀਤ ਕੌਰ ਤੇ ਰੀਨਾ ਖੋਖਰ, ਭਾਰਤੀ ਪੁਰਸ਼ ਹਾਕੀ ਟੀਮ ਦੇ ਰਾਖਵੇਂ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਅਤੇ ਇਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਛੇ ਹੋਰ ਖਿਡਾਰੀਆਂ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ, ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਤੇ ਅੰਜੁਮ ਮੌਦਗਿਲ, ਮੁੱਕੇਬਾਜ਼ ਸਿਮਰਨਜੀਤ ਕੌਰ ਅਤੇ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ-ਮੁਕਤ) ਡਾ. ਜਗਬੀਰ ਸਿੰਘ ਚੀਮਾ, ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਸ੍ਰੀ ਕਰਨ ਗਿਲਹੋਤਰਾ, ਹਾਕੀ ਉਲੰਪੀਅਨ ਅਜੀਤ ਸਿੰਘ, ਤੇਨਜ਼ਿੰਗ ਨੌਰਗੇ ਐਵਾਰਡੀ ਕਰਨਲ ਸਰਫ਼ਰਾਜ਼ ਸਿੰਘ ਅਤੇ ਸੰਯੁਕਤ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸਣੇ ਸਮੂਹ ਪੰਜਾਬੀ ਉਲੰਪਿਕ ਖਿਡਾਰੀ ਵੀ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button