EDITORIAL

‘ਰਾਜ  ਕਰੇਗਾ ਖਾਲਸਾ’,   ਖਾਲਸਾ ਬਣਿਆਂ ਵਿਸ਼ਵ ਬੈਂਕ ਦਾ ਮੁੱਖੀ

ਜੋਅ ਬਾਇਡਨ ਦਾ 'ਲਾਡਲਾ' ਅਜੈਪਾਲ ਬੰਗਾ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬੀਆਂ , ਸਿਖਾਂ ਤੇ ਭਾਰਤੀਆਂ ਲਈ ਇਹ ਫਖ਼ਰ ਦਾ ਲਮਹਾ ਹੈ ਕਿ  ਅਮਰੀਕਾ ਨੇ  63 ਸਾਲਾ  ਸ੍ਰ: ਅਜੈਪਾਲ ਸਿੰਘ ਬੰਗਾ  ਨੂੰ ‘ਵਿਸ਼ਵ ਬੈਂਕ’ ਦਾ ਅਗਲੇ ਪੰਜ ਸਾਲਾਂ ਲਈ ਮੁੱਖੀ ਥਾਪ ਦਿਤਾ ਹੈ । ਬੰਗਾ ਦੋ ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ ।  ਇਸ ਤੋਂ ਪਹਿਲਾਂ ਅਜੈਪਾਲ ਵਿਸ਼ਵ ਦੀ ਵੱਡੀ ਕੰਪਨੀ ਮਾਸਟਰ ਕਾਰਡ ਕਾਰਪੋਰੇਸ਼ਨ ਦੇ ਪ੍ਰਧਾਨ ਸਨ ਜਿਸ ਦੇ 24000 ਕਰਮਚਾਰੀ ਹਨ । ਬੰਗਾ ਦੇ ਮੁਕਾਬਲੇ ਵਿੱਚ ਕੋਈ ਹੋਰ ਵਿਅਕਤੀ ਇਸ ਵਿਸ਼ਵ ਵਕਾਰੀ ਅਹੁਦੇ ਲਈ ਨਹੀਂ ਨਿਤਰਿਆ ।

alternate option mastercard ajay banga president and chief executive officer mastercard

ਬੰਗਾ ਪੂਰੀ ਤਰ੍ਹਾਂ ਭਾਰਤ ‘ਚੋਂ ਵਿਦਿਆ ਪ੍ਰਾਪਤ ਕਰਨ ਵਾਲ਼ੇ ਭਾਰਤੀ ਹਨ । ਮਹਾਂਰਾਸ਼ਟਰ ਦੇ ਪੂਣੇ ਨੇੜੇ ਖੇੜਕੀ ‘ਚ ਜਨਮੇਂ ਅਜੈਪਾਲ ਨੇ ਸੇਂਟ ਸਟੀਫਨ ਕਾਲਿਜ ,ਦਿੱਲੀ ਤੇ ਆਈਆਈਐੱਮ, ਅਹਿਮਦਾਬਾਦ ਤੋਂ ਵਿਦਿਆ ਹਾਸਿਲ ਕੀਤੀ ਹੈ । ਉਨ੍ਹਾ ਦੇ ਪਿਤਾ ਸ੍ਰ: ਹਰਭਜਨ ਸਿੰਘ ਸੈਣੀ, ਭਾਰਤੀ ਫੌਜ ਵਿੱਚ ਲੈਫ: ਜਨਰਲ ਸਨ ।

The President Shri Pranab Mukherjee presenting the Padma Shri Award to Shri Ajaypal Singh Banga at a Civil Investiture Ceremony at Rashtrapati Bhavan in New Delhi on March 28 2016

ਨੈਸਲੇ ਇੰਡੀਆ ‘ਚ 13 ਸਾਲ ਨੌਕਰੀ ਕਰਨ ਮਗਰੋਂ ਉਨ੍ਹਾਂ ਲੰਮੀਆਂ ਛਲ਼ਾਂਗਾ ਮਾਰੀਆਂ ; ਭਾਰਤ ਵਿੱਚ ‘ਪੀਜ਼ਾ ਹੱਟ’ ਤੇ ‘ਕੇਐੱਫਸੀ’ ਨੂੰ ਬੰਗਾ ਨੇ ਹੀ ਸਥਾਪਿਤ ਕੀਤਾ । ਬੰਗਾ ਨੂੰ ਭਾਰਤ ਸਰਕਾਰ ਨੇ 2016 ‘ਚ ਪਦਮ ਸ਼੍ਰੀ ਸਨਮਾਨ ਦਿਤਾ ਸੀ । ਅਮਰੀਕਾ ‘ਚ ਵੀ ਉਨ੍ਹਾਂ ਨੂੰ ਕਈ ਰਾਸ਼ਟਰੀ ਸਨਮਾਨ ਮਿਲ਼ ਚੁੱਕੇ ਹਨ । ਹੁਣ ਉਹ ਅਮਰੀਕੀ ਨਾਗਰਿਕ ਹਨ । ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਉਨ੍ਹਾਂ ਨੂੰ ਅਮਰੀਕਾ ਦੀ ਬਹੁਤ ਹੀ ਮਹੱਤਵਪੂਰਨ  ਵਿਤ ਨਾਲ਼ ਸਬੰਧਿਤ ਸੰਸਥਾ  ‘ਰਾਸ਼ਟਰੀ ਸਲਾਹਕਾਰ ਕਮੇਟੀ’ ਦਾ ਮੈਂਬਰ ਲਾਇਆ ਸੀ । ਉਹ US India Business Council (USIBC)ਦੇ ਚੇਅਰਮੈਨ ਵੀ ਰਹੇ । ਇਸ ਕੌਂਸਿਲ ਦੀਆਂ  ਮੈਂਬਰ ਅਮਰੀਕਾ ਵਿਚਲੀਆਂ ਤਕੜੀਆਂ 300 ਕਾਰਪੋਰੇਸ਼ਨਾਂ ਹਨ ਜੋ ਭਾਰਤ ‘ਚ ਪੈਸਾ ਲਾਉਂਦੀਆਂ ਹਨ ।   ਬੰਗਾ ਇੰਟਰਨੈਸ਼ਨਲ ਚੈਂਬਰ ਆਫ ਕਾਮੱਰਸ  ਸਮੇਤ ਕਈ ਕੰਪਨੀਆਂ ਦੇ ਆਨਰੇਰੀ ਚੇਅਰਮੈਨ  ਵੀ ਰਹੇ ।

640px The World Bank Group building

ਵਿਸ਼ਵ ਬੈਂਕ 1944 ‘ਚ ਸਥਾਪਿਤ ਕੀਤਾ ਗਿਆ ਸੀ ਜੋ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਫੰਡ ਤੇ ਕਰਜ਼ੇ ਦਿੰਦਾ ਹੈ ਤਾਂਕੇ ਉਹ ਵਿਕਾਸ ਕਰ ਸਕਣ । ਬੰਗਾ ਨੇ ‘ਵਰਲਡ ਬੈਂਕ’ ਦੇ ਮੁੱਖੀ ਵੱਜੋਂ ਪ੍ਰਾਪਤੀ ਕਰਕੇ  ਸਿਖਾਂ ਦਾ ਵਿਸ਼ਵ ‘ਚ  ਮਾਣ ਨਾਲ਼ ਸਿਰ ਉੱਚਾ ਕਰ ਦਿਤਾ ਹੈ । ਬੰਗਾ ਦੀ ਇਹ ਨਿਯੁਕਤੀ ਸਿਖਾਂ ਦੀ ਸੰਸਾਰ ‘ਚ ਪਹਿਚਾਣ ਨੂੰ ਹੋਰ ਮਜਬੂਤ ਕਰੇਗੀ ।

ਦੁਨੀਆਂ ਵਿੱਚ ਸਿਖਾਂ ਦੀ ਗਿਣਤੀ  ਤਕਰੀਬਨ  ਪੌਣੇ ਤਿੰਨ ਕਰੋੜ ਹੈ ; ਇਨ੍ਹਾਂ ‘ਚੋਂ ਤਕਰੀਬਨ ਢਾਈ ਕਰੋੜ ਭਾਰਤ ‘ਚ ਹਨ ; ਯੂਕੇ-5,76000, ਕਨੇਡਾ-5,20000, ਅਮਰੀਕਾ-4,17000 ,ਆਸਟਰੇਲੀਆ-1,68000,ਮਲੇਸ਼ੀਆ-81000,ਸਾਊਦੀ ਅਰਬ-67000, ਪਾਕਿਸਤਾਨ-57000, ਕੀਨੀਆ-4900 ਤੇ ਇਟਲੀ  ‘ਚ 48000 ਸਿਖ ਰਹਿੰਦੇ ਹਨ । ਇਨ੍ਹਾਂ ਤੋਂ ਇਲਾਵਾ ਜਰਮਨ,ਫ਼ਰਾਂਸ, ਸਵੀਡਨ, ਬੈਲਜੀਅਮ,ਅਰਜਨਟੀਨਾ, ਨਿਊਜ਼ੀਲੈਂਡ ਤੇ ਅਫ਼ਰੀਕਾ ਦੇ ਮੁਲਕਾਂ ਵਿੱਚ ਵੀ ਕੁਝ ਕੁ ਹਜ਼ਾਰ ਸਿਖ ਵੱਸੇ ਹੋਏ ਹਨ ।

 ਸਾਬਕਾ ਆਈਪੀਐੱਸ ਤੇ ਰਾਅ ਦੇ ਸੀਨੀਅਰ ਅਫ਼ਸਰ  ਜੀ ਬੀ ਐੱਸ ਸਿੱਧੂ ਆਪਣੀ ਕਿਤਾਬ ‘ਖਾਲਿਸਤਾਨ ਕੌਂਸਪੀਰੇਸੀ’ (ਪੰਨਾ14-15) ‘ਚ ਲਿਖਦੇ ਹਨ ਕਿ  ” ਬਰਿਟਿਸ਼ ਆਰਮੀ ਦਾ ਸਾਬਕਾ ਸਿਪਾਹੀ ਰਿਸਾਲਦਾਰ ਕੇਸਰ ਸਿੰਘ ਤਕਰੀਬਨ 1897 ਦੇ ਨੇੜੇ  ਕਨੇਡਾ ‘ਚ ਜਾਣ ਵਾਲ਼ਾ ਪਹਿਲਾ ਸਿਖ ਸੀ ।” ਉਸ ਮਗਰੋਂ ਹੋਰ ਸਿਖ ਵੀ ਗਏ ਜਿਨ੍ਹਾਂ ‘ਚ ਭਾਰਤੀ ਆਜ਼ਾਦੀ ਸੰਗਰਾਮ ਦੇ ਗਦਰੀ ਬਾਬੇ ਵੀ ਸਨ ।  ਬਰਿਟਿਸ਼ ਕੋਲੰਬੀਆ ਦਾ ਪ੍ਰਧਾਨ ਮੰਤਰੀ ਬਣਨ ਵਾਲ਼ਾ ਉਜੱਲ਼ ਦੁਸਾਂਝ ਵੀ ਜਲੰਧਰ ਦੇ ਸਿਖ ਪਰਿਵਾਰ ‘ਚੋਂ ਹੀ ਸੀ ।   ਹੁਣ ਜਗਮੀਤ ਸਿੰਘ ਨੇ ਕਨੇਡਾ ਦੀ ਰਾਜਨੀਤੀ ‘ਚ ਨਿਊ ਡੈਮੋਕਰੇਟਿਕ ਪਾਰਟੀ ਨਾਲ਼ ਤਰਥੱਲ਼ੀ ਮਚਾ ਦਿਤੀ ਸੀ ਜਦੋਂ ਟਰੂਡੋ ਨੂੰ ਆਪਣੀ ਸਰਕਾਰ ਬਣਾਉਣ ਲਈ ਇਸ ਦੀ ਹਮਾਇਤ ਲੈਣੀ ਪਈ ਸੀ । ਸੱਭ ਤੋਂ ਪਹਿਲਾਂ ਜੋ ਸਿਖ ਕਨੇਡਾ ਅਮਰੀਕਾ ‘ਚ ਗਏ ਉਹ ਖੇਤੀ ਤੇ ਲੱਕੜ ਦੇ ਕੰਮਾਂ ‘ਚ ਮਜ਼ਦੂਰੀ ਕਰਦੇ ਰਹੇ ।

ਅੱਜ ਕਈ ਸਿਖ ਅਮਰੀਕਾ ਤੇ ਇੰਗਲੈਂਡ ਸਮੇਤ ਕਈ ਦੇਸ਼ਾ ਦੀਆਂ ਉੱਚ ਪਦਵੀਆਂ ‘ਤੇ ਸੁਸ਼ੋਬਿਤ ਹਨ ।  ਜਸਟਿਸ ਪਰਮਜੀਤ ਕੌਰ, ਯੂਕੇ ਦੀ ਇਕ ਹਾਈਕੋਰਟ ‘ਚ  ਜੱਜ ਹਨ ।  ਮਨਪ੍ਰੀਤ ਮੋਨੀਕਾ ਸਿੰਘ ਅਮਰੀਕਾ ਦੀ ਹੈਰਿਸ ਕਾਉਂਟੀ ‘ਚ ਜੱਜ ਹਨ ਤੇ ਉਹ ਅਮਰੀਕਾ ‘ਚ ਪਹਿਲੀ ਸਿਖ ਬੀਬੀ ਜੱਜ ਵੀ ਹੈ । ਸਬਰੀਨਾ ਸਿੰਘ , ਵਾਈਟ ਹਾਊਸ ‘ਚ ਡਿਪਟੀ ਪ੍ਰੈਸ ਸੈਕਰੇਟਰੀ ਹਨ । ਇੰਦਰਮੀਤ ਸਿੰਘ ਗਿਲ ,ਵਿਸ਼ਵ ਬੈਂਕ ਦੇ ਚੀਫ਼ ਇਕਾਨ‌ਿਮਿਸਟ ਹਨ । ਇਸੇ ਤਰ੍ਹਾਂ ਹਰਜੀਤ ਸਿੰਘ ਸੱਜਣ ਕਨੇਡਾ ‘ਚ ਰੱਖਿਆ ਮੰਤਰੀ ਤੇ ਕਮਲਜੀਤ ਕੌਰ ਖੇੜਾ ਮੰਤਰੀ ਹਨ  ।

ਸਰ ਬਰਿੰਦਰ ਸਿੰਘ ਇੰਗਲੈਂਡ ‘ਚ ਇਕ ਹਾਈਕੋਰਟ ਦੇ ‘ਕੁਈਨ ਬੈਂਚ’ ਦੇ ਜੱਜ ਰਹਿ ਚੁੱਕੇ ਹਨ । ਕੀਨੀਆਂ ‘ਚ ਪੈਦਾ ਹੋਏ ਸਰ ਮੋਤਾ ਸਿੰਘ 1982 ‘ਚ ਲੰਡਨ ‘ਚ ਪਹਿਲੇ ਸਿਖ ਜੱਜ ਬਣੇ ਸਨ ਜਿਨ੍ਹਾਂ ਨੇ ਇੰਗਲੈਂਡ ਦੇ ਜੱਜਾਂ ਵੱਲੋਂ ਪਹਿਨੀ ਜਾਂਦੀ ਰਵਾਇਤੀ ‘ਵਿਗ’ ਦੀ ਥਾਂ ਦਸਤਾਰ ਸਜਾਈ ਸੀ । ਗੋਬਿੰਦ ਸਿੰਘ ਦਿਓ 2018 ‘ਚ ਮਲੇਸ਼ੀਆ ਦੇ ਪਹਿਲੇ ਸਿਖ ਮੰਤਰੀ ਬਣੇ । ਕੰਵਲਜੀਤ ਸਿੰਘ ਬਖਸ਼ੀ ਨਿਊਜ਼ੀਲੈਂਡ ‘ਚ ਮੰਤਰੀ ਰਹਿ ਚੁੱਕੇ ਹਨ ।  ਪਰੀਤ ਕੌਰ ਗਿਲ ਯੂਕੇ ਦੀ ਪਹਿਲੀ ਸਿਖ ਸੰਸਦ ਮੈਂਬਰ ਬਣੇ । ਹਰਮਿੰਦਰ ਕੌਰ ਸਿਧੂ ਭਾਰਤ ‘ਚ ਆਸਟਰੇਲੀਆ ਦੀ ਪਹਿਲੀ ਸਿਖ ਬੀਬੀ ਹਾਈ ਕਮਿਸ਼ਨਰ ਬਣੇ ।

ਸਰਨਪਾਲ ਸਿੰਘ ਜੋ ਸਿੰਘਾਪੁਰ ਦੇ ਰਹਿਣ ਵਾਲ਼ੇ ਹਨ ਅਰਜਨਟੀਨਾ ‘ਚ ਚੌਲਾਂ,ਸੋਇਆ ਤੇ ਮੱਕੀ ਦੇ ਬਾਦਸ਼ਾਹ ਕਰਕੇ ਜਾਣੇ ਜਾਂਦੇ ਹਨ । ਸਵਰਗੀ ਦੀਦਾਰ ਸਿੰਘ ਬੈਂਸ ਨੂੰ ਉਤਰੀ ਅਮਰੀਕਾ ਦਾ ਆੜੂਆਂ  ਦੇ ਬਾਗਵਾਨਾਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ।

12 1

ਭਾਰਤ ਵਿੱਚ ਗਿਆਨੀ ਜ਼ੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਤੇ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ । ਇਸੇ ਤਰ੍ਹਾਂ ਦੇਸ਼ ਦੇ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਤੇ  ਐੱਮ ਐੱਸ ਗਿਲ.ਚੀਫ਼ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਰਹੇ ਹਨ ।  ਕਈ ਰਾਜਾਂ ਦੇ ਹਾਈਕੋਰਟਾਂ ਦੇ ਚੀਫ਼ ਜਸਟਿਸ, ਜੱਜ, ਰਾਜਪਾਲ,ਕੇਂਦਰੀ ਮੰਤਰੀ, ਕਈ ਸੂਬਿਆਂ ਦੇ  ਮੰਤਰੀ ,ਡੀਜੀਪੀ ਤੇ ਹੋਰ ਉਚ ਪਦਵੀਆਂ ਤੇ ਸਿਖ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ ।

ਬਹੁਤ ਸਿਖਾਂ ਨੇ ਬਾਹਰਲੇ ਮੁਲਕਾਂ ‘ਚ  ਗੁਰੂ ਨਾਨਕ ਦੇ  ਕਿਰਤ ਕਰੋ,ਵੰਡ ਛਕੋ ਤੇ ਨਾਮ ਜਪੋ ਦੇ ਫ਼ਲਸਫੇ ਨਾਲ਼ ਆਪਣੇ ਧਰਮ ਦੀ ਪਹਿਚਾਣ ਬਣਾਈ ਹੈ ਪਰ ਹਾਲ ਹੀ ਵਿੱਚ ਕੁਝ  ਨਕਲੀ ਸਿਖ-ਸ਼ਰਾਰਤੀਆਂ ਵੱਲੋਂ ਜੋ ਕਾਰਵਾਈਆਂ ਵਿਦੇਸ਼ਾਂ ਖਾਸਕਰ ਕਨੇਡਾ,ਅਮਰੀਕਾ,ਇੰਗਲੈਂਡ ਤੇ ਆਸਟਰੇਲੀਆ ‘ਚ ਕੀਤੀ ਗਈਆਂ ਹਨ ਇਨ੍ਹਾਂ ਨਾਲ ਅਜੈਪਾਲ ਸਿੰਘ ਬੰਗਾ ਵਰਗੇ ਦਾਨਿਸ਼ਵਰਾਂ ਵੱਲੋਂ ਸਿਖਾਂ ਦੇ ਉੱਚੇ ਕੀਤੇ ਮਾਣ ਨੂੰ ਠੇਸ ਲੱਗਣ ਦਾ ਖ਼ਤਰਾ ਬਣਿਆ ਰਹੇਗਾ । ਜੇਕਰ ਸਿਖਾਂ ਨੂੰ ਬਦਨਾਮ ਕਰਨ ਵਰਗੀਆਂ ਕੋਝੀਆਂ ਹਰਕਤਾਂ ਹੁੰਦੀਆਂ ਰਹੀਆਂ ਤਾਂ ਫਿਰ ਵਿਦੇਸ਼ਾਂ ਦੀਆਂ ਸਰਕਾਰਾਂ ਸਿਖਾਂ ‘ਤੇ ਪਾਬੰਦੀਆਂ ਵੀ ਲਾ ਸਕਦੀਆਂ ਹਨ । ਇਸ ਕਿਸਮ ਦੇ ਡਰ ਪ੍ਰਵਾਸੀ ਪੰਜਾਬੀ ਸਿਖ ਪ੍ਰਗਟ  ਵੀ ਕਰਨ ਲੱਗ ਪਏ ਹਨ । ਆਸਟਰੇਲੀਆ ਨੇ ਤਾਂ ਕਾਰਵਾਈ ਸ਼ੁਰੂ ਵੀ ਕਰ ਦਿਤੀ ਹੈ ।

ਜੇਕਰ ਸਿਖ ਗੁਰੂ ਨਾਨਕ  ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਨਿਰਾਲੇ ਪੰਥ  ਦੇ ਸੰਕਲਪ ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਏ’ ਨੂੰ ਹਕੀਕੀ ਰੂਪ ਦੇਣਾ ਚਾਹੁੰਦੇ ਹਨ ਤਾਂ ਵਿਦੇਸ਼ਾਂ ਤੇ ਭਾਰਤ ‘ਚ ਸਿੱਖ ਵਿਰੋਧੀ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਪਵੇਗਾ  । ਜੇਕਰ ਇੰਜ ਨਹੀਂ ਹੁੰਦਾ ਤਾਂ ਵਿਦੇਸ਼ਾਂ ‘ਚ ਸਿਖਾਂ ਵੱਲੋਂ ਬੰਗਾਂ ਵਾਂਗ ਉੱਚ ਅਹੁਦਿਆਂ ‘ਤੇ ਪਹੁੰਚਣ ਲਈ ਰੁਕਾਵਟਾਂ ਵੀ ਆ ਸਕਦੀਆਂ ਹਨ ।

                              ਸ੍ਰ; ਅਜੈਪਾਲ ਸਿੰਘ ਬੰਗਾ ਨੂੰ ਬਹੁਤ ਬਹੁਤ ਮਾਬਾਰਕਾਂ ਤੇ ਸ਼ੁੱਭ ਇਛਾਵਾਂ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button