IndiaPress ReleasePunjabTop News

ਮੰਤਰੀ ਸਮੂਹ ਵੱਲੋਂ ਲੰਪੀ ਸਕਿਨ ਨੂੰ ‘ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ’ ਵਿੱਚ ਸ਼ਾਮਲ ਕਰਾਉਣ ਲਈ ਕੇਂਦਰ ਨੂੰ ਅਪੀਲ

ਸੂਬੇ 'ਚ ਹੁਣ ਤੱਕ 9 ਲੱਖ ਤੋਂ ਗਾਵਾਂ ਦੀ ਵੈਕਸੀਨੇਸ਼ਨ ਅਤੇ 1 ਲੱਖ 45 ਹਜ਼ਾਰ ਤੋਂ ਵੱਧ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਗਿਆ

ਹਰਪਾਲ ਸਿੰਘ ਚੀਮਾ ਨੇ ਲਾਲਜੀਤ ਸਿੰਘ ਭੁੱਲਰ ਨੂੰ ਕੇਂਦਰੀ ਪਸ਼ੂ ਪਾਲਣ ਮੰਤਰੀ ਨਾਲ ਮੁਲਾਕਾਤ ਕਰਕੇ ਮੁੱਦਾ ਉਠਾਉਣ ਲਈ ਕਿਹਾ
ਮੰਤਰੀ ਸਮੂਹ ਵੱਲੋਂ ਸਮੂਹ ਧਾਰਮਿਕ ਸੰਸਥਾਵਾਂ, ਕਮਰਸ਼ੀਅਲ ਡੇਅਰੀ ਫਾਰਮਰਾਂ ਅਤੇ ਗੁੱਜਰ ਭਾਈਚਾਰੇ ਵੱਲੋਂ ਰੱਖੀਆਂ ਗਾਵਾਂ ਦਾ ਟੀਕਾਕਰਨ ਯਕੀਨੀ ਬਣਾਉਣ ਦੇ ਆਦੇਸ਼
ਪਠਾਨਕੋਟ ‘ਚ ਗਲ-ਘੋਟੂ ਵੈਕਸੀਨ ਦੇ ਐਕਸਪਾਇਰੀ ਮਾਮਲੇ ਵਿੱਚ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ
ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ‘ਤੇ ਰੋਕ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ
ਚੰਡੀਗੜ੍ਹ : ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ ‘ਤੇ ਕਰੜੀ ਨਜ਼ਰ ਰੱਖਣ ਅਤੇ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਏ ਮੰਤਰੀ ਸਮੂਹ ਵੱਲੋਂ ਅੱਜ ਇਹ ਫ਼ੈਸਲਾ ਲਿਆ ਗਿਆ ਕਿ ਇਸ ਬੀਮਾਰੀ ਨੂੰ “ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ” ਵਿੱਚ ਸ਼ਾਮਲ ਕਰਾਉਣ ਲਈ ਛੇਤੀ ਹੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਕੇਂਦਰੀ ਪਸ਼ੂ ਪਾਲਣ ਮੰਤਰੀ ਸ੍ਰੀ ਪਰਸ਼ੋਤਮ ਰੁਪਾਲਾ ਨੂੰ ਮਿਲ ਕੇ ਇਸ ਬੀਮਾਰੀ ਨੂੰ “ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ” ਵਿੱਚ ਸ਼ਾਮਲ ਕਰਾਉਣ ਦਾ ਮੁੱਦਾ ਉਠਾਉਣ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਲੰਪੀ ਸਕਿਨ ਦੇ ਫੈਲਾਅ ਅਤੇ ਇਸ ਬੀਮਾਰੀ ਦੇ ਸਾਲ ਦਰ ਸਾਲ ਆਉਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਇਸ ਬੀਮਾਰੀ ਦਾ ਟੀਕਾਕਰਨ ਮੂੰਹ-ਖੁਰ ਅਤੇ ਬਰੂਸੀਲੋਸਿਸ ਜਿਹੀਆਂ ਬੀਮਾਰੀਆਂ ਦੀ ਤਰਜ਼ ‘ਤੇ ਮੁਫ਼ਤ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਭਵਨ ਵਿਖੇ ਲੰਪੀ ਸਕਿਨ ਦੀ ਰੋਕਥਾਮ ਦੇ ਰਾਹਤ ਕਾਰਜਾਂ ਦੀ ਜਾਇਜ਼ਾ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਣੂ ਕਰਵਾਇਆ ਗਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਵਿਭਾਗ ਵੱਲੋਂ 1.54 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਗੋਟ ਪੌਕਸ ਵੈਕਸੀਨ ਦੀਆਂ ਖ਼ਰੀਦੀਆਂ 10.16 ਲੱਖ ਡੋਜ਼ ਵਿਚੋਂ ਹੁਣ ਤੱਕ 9.10 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਵਿਭਾਗ ਕੋਲ 1.10 ਲੱਖ ਤੋਂ ਵੱਧ ਟੀਕੇ ਉਪਲਬਧ ਹਨ। ਇਸ ਤੋਂ ਇਲਾਵਾ ਬੀਮਾਰੀ ਦੀ ਰੋਕਥਾਮ ਲਈ ਹੋਰ ਦਵਾਈਆਂ ਤੇ ਸਾਜ਼ੋ-ਸਾਮਾਨ ਖ਼ਰੀਦਣ ਵਾਸਤੇ 1.32 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੁੱਛੇ ਜਾਣ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ 1.45 ਲੱਖ ਤੋਂ ਵੱਧ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ‘ਚ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਵਿੱਤ ਮੰਤਰੀ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਆਦੇਸ਼ ਦਿੱਤੇ ਕਿ ਦੂਜੇ ਗੇੜ ਦੌਰਾਨ ਸੂਬੇ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਕਮਰਸ਼ੀਅਲ ਡੇਅਰੀ ਫਾਰਮਰਾਂ, ਗੁੱਜਰ ਭਾਈਚਾਰੇ ਅਤੇ ਹੋਰਨਾਂ ਲੋਕਾਂ ਵੱਲੋਂ ਵੱਡੀ ਤਾਦਾਦ ‘ਚ ਰੱਖੀਆਂ ਗਾਵਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਮੰਤਰੀ ਸਮੂਹ ਨੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਨੂੰ ਵੀ ਹਦਾਇਤ ਕੀਤੀ ਕਿ ਉਹ ਮਿਲਕਫੈਡ ਦੇ ਐਮ.ਡੀ. ਨਾਲ ਮੀਟਿੰਗ ਕਰਕੇ ਅਦਾਰੇ ਅਧੀਨ ਰਜਿਸਟਰਡ ਡੇਅਰੀ ਫਾਰਮਰਾਂ ਦੇ ਪਸ਼ੂਆਂ ਦਾ ਟੀਕਾਕਰਨ ਯਕੀਨੀ ਬਣਾਉਣ।
ਇਸੇ ਦੌਰਾਨ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਮਾਹਿਰਾਂ ਨੇ ਦੱਸਿਆ ਕਿ ਗੋਟ ਪੌਕਸ ਟੀਕੇ ਦਾ ਅਸਰ ਕਰੀਬ ਇੱਕ ਸਾਲ ਰਹਿੰਦਾ ਹੈ। ਇਸ ‘ਤੇ ਮੰਤਰੀ ਸਮੂਹ ਨੇ ਆਦੇਸ਼ ਦਿੱਤੇ ਕਿ ਬੀਮਾਰੀ ਦੀ ਰੋਕਥਾਮ ਲਈ ਅਗਲੇ ਸਾਲ ਫ਼ਰਵਰੀ ਮਹੀਨੇ ਦੌਰਾਨ ਟੀਕਾਕਰਨ ਅਤੇ ਬੂਸਟਰ ਡੋਜ਼ ਮੁਹਿੰਮ ਚਲਾਈ ਜਾਵੇ।
ਜ਼ਿਲ੍ਹਾ ਪਠਾਨਕੋਟ ਵਿੱਚ ਨਾ-ਵਰਤੀ ਜਾਣ ਕਾਰਨ ਮਿਆਦ-ਪੁੱਗਾ ਚੁੱਕੀ ਗਲ-ਘੋਟੂ ਵੈਕਸੀਨ ਦੀਆਂ 19,150 ਖ਼ੁਰਾਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਸਮੂਹ ਨੇ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਲੰਪੀ ਸਕਿਨ ਵਰਗੀ ਭਿਆਨਕ ਬੀਮਾਰੀ ਕਾਰਨ ਬੇਜ਼ੁਬਾਨ ਪਸ਼ੂਆਂ ਦੀ ਜ਼ਿਆਦਾ ਸਾਂਭ-ਸੰਭਾਲ ਦੀ ਲੋੜ ਸੀ, ਉਦੋਂ ਮੁਲਾਜ਼ਮਾਂ ਵੱਲੋਂ ਵਰਤੀ ਗਈ ਅਣਗਹਿਲੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੈਬਨਿਟ ਮੰਤਰੀਆਂ ਨੇ ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲਾਜ਼ਮੀ ਤੌਰ ‘ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਇਸੇ ਦੌਰਾਨ ਮੰਤਰੀਆਂ ਨੇ ਗਲ-ਘੋਟੂ ਬੀਮਾਰੀ ਅਤੇ ਮੂੰਹ-ਖੁਰ ਦੀ ਬੀਮਾਰੀ ਦੇ ਟੀਕਾਕਰਨ ਦਾ ਟੀਚਾ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਮੀਟਿੰਗ ਦੌਰਾਨ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ‘ਤੇ ਰੋਕ ਅਗਲੇ ਹੁਕਮਾਂ ਤੱਕ ਬਰਕਰਾਰ ਰੱਖਣ ਲਈ ਵੀ ਕਿਹਾ ਗਿਆ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਸੂਬੇ ਵਿੱਚ ਲੰਪੀ ਸਕਿਨ ਬੀਮਾਰੀ ਤੋਂ ਪ੍ਰਭਾਵਤ ਪਸ਼ੂਆਂ ਵਿੱਚੋਂ 1,08,605 ਪਸ਼ੂ ਠੀਕ ਹੋ ਚੁੱਕੇ ਹਨ।
ਇਸ ਦੌਰਾਨ ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ ਗੋਇਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਤਰਫੋਂ ਡਾ. ਵਾਈ.ਪੀ.ਐਸ. ਮਲਿਕ ਅਤੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਐਸ.ਪੀ.ਐਸ. ਘੁੰਮਣ ਵੀ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button