Opinion

ਮੋਦੀ ਦੀ ਪੰਜਾਬ ਫੇਰੀ – ਹੱਥ ਖ਼ਾਲੀ

ਗੁਰਮੀਤ ਸਿੰਘ ਪਲਾਹੀ

ਉਹ ਆਏ ਅਤੇ ਚਲੇ ਗਏ। ਹਾਲੋਂ-ਬੇਹਾਲ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਹਾਲ ਤੇ ਛੱਡ ਗਏ। ਉਹ ਆਏ ਅਤੇ ਚਲੇ ਗਏ। ਪੰਜਾਬ ਪੱਲੇ ਇੱਕ ਕੈਂਸਰ ਹਸਪਤਾਲ ਪਾ ਗਏ ਅਤੇ ਪੰਜਾਬੀਆਂ ਦੀਆਂ ਇਸ਼ਾਰੇ-ਇਸ਼ਾਰੇ ‘ਚ ਮੰਗੀਆਂ ਪੰਜਾਬ ਦੇ ਮੁੱਖ ਮੰਤਰੀ ਦੀਆਂ ਮੰਗਾਂ ਤੇ ਚੁੱਪੀ ਵਟ ਗਏ। ਇਵੇਂ ਜਾਪਿਆਂ ਜਿਵੇਂ ਨਰੇਂਦਰ ਮੋਦੀ ਭਾਰਤ ਦਾ ਨਹੀਂ ਭਾਜਪਾ ਦਾ ਪ੍ਰਧਾਨ ਮੰਤਰੀ ਹੈ ਅਤੇ ਭਗਵੰਤ ਸਿੰਘ ਮਾਨ ਪੰਜਾਬ ਦਾ ਨਹੀਂ “ਆਪ” ਦਾ ਮੁੱਖ ਮੰਤਰੀ ਹੈ। ਉਲਾਹਮਾ ਕਾਹਦਾ, ਪੰਜਾਬ ਸਦਾ ਹੀ ਕੇਂਦਰ ਦੀਆਂ ਅੱਖਾਂ ‘ਚ ਰੜਕਦਾ ਰਿਹਾ ਹੈ ਅਤੇ ਰੜਕਦਾ ਰਹੇਗਾ, ਕਿਉਂਕਿ ਪੰਜਾਬ ਸਦਾ ਅਣਖ ਨਾਲ ਜੀਊਣਾ ਸਿੱਖਿਆ ਹੈ। ਭਾਵੇਂ ਹਾਲ ਪੰਜਾਬ ਦੇ ਨਿਰੇ ਮਾੜੇ ਹਨ!

ਕੀ ਕੇਂਦਰ ਨਹੀਂ ਜਾਣਦਾ ਪੰਜਾਬ ਹੱਦ ਦਰਜ਼ੇ ਦਾ ਕਰਜ਼ਾਈ ਹੈ? ਕੀ ਕੇਂਦਰ ਨਹੀਂ ਜਾਣਦਾ ਪੰਜਾਬੀਆਂ ਦੇ ਜ਼ਬਰੀ ਪ੍ਰਵਾਸ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ? ਕੀ ਕੇਂਦਰ ਨਹੀਂ ਜਾਣਦਾ ਪੰਜਾਬ ਦੇਸ਼ ਦਾ ਢਿੱਡ ਭਰਦਾ ਆਪ ਮਾਰੂਥਲ ਹੋਣ ਵੱਲ ਵੱਧ ਰਿਹਾ ਹੈ? ਕੀ ਕੇਂਦਰ ਨਹੀਂ ਜਾਣਦਾ ਪੰਜਾਬ ਦਾ ਨੌਜਵਾਨ ਔਜੜੇ ਰਾਹਾਂ ‘ਤੇ ਹੈ, ਨਸ਼ਿਆਂ ਦੇ ਸੌਦਾਗਰਾਂ ਉਸਦਾ ਨਾਸ ਮਾਰਿਆ ਹੋਇਆ ਹੈ? ਕੀ ਕੇਂਦਰ ਨਹੀਂ ਜਾਣਦਾ ਕਿ ਸੂਬੇ ਪੰਜਾਬ ਦਾ ਕਿਸਾਨ ਕਰਜ਼ੇ ਦੀ ਦਲ ਦਲ ‘ਚ ਫਸਿਆ, ਨਿੱਤ ਖੁਦਕੁਸ਼ੀਆਂ ਕਰਦਾ ਹੈ?

ਨਹੀਂ ਲੁਕੀ ਹੋਈ ਕਿਸੇ ਤੋਂ ਪੰਜਾਬ ਦੀ ਹਾਲਾਤ ਆਰਥਿਕ ਪੱਖੋਂ ਨਿਘਾਰ ਦੀ। ਨਾ ਕੋਈ ਵੱਡਾ ਉਦਯੋਗ ਪੰਜਾਬ ‘ਚ, ਨਾ ਕੋਈ ਪੰਜਾਬ ਦੀ ਰਾਜਧਾਨੀ, ਨਾ ਪੰਜਾਬੀਆਂ ਨੂੰ ਕਦੇ ਮਿਲਿਆ ਆਰਥਿਕ ਪੈਕੇਜ ਅਤੇ ਜੋ ਛੋਟੇ-ਵੱਡੇ ਉਦਯੋਗ ਪੰਜਾਬ ‘ਚ ਹਨ ਜਾਂ ਸਨ, ਉਹ ਵੀ ਪੰਜਾਬੋਂ ਬਾਹਰ ਤੁਰ ਗਏ ਜਾਂ ਤੋਰ ਦਿੱਤੇ ਗਏ, ਕਿਉਂਕਿ ਗੁਆਂਢੀ ਸੂਬਿਆਂ ‘ਚ ਉਦਯੋਗ ਲਈ ਪੈਕੇਜ ਹਨ, ਪੰਜਾਬ ਇਹਨਾ ਤੋਂ ਸੱਖਣਾ। ਉਹ ਪੰਜਾਬ ਜਿਹੜਾ ਸਰਹੱਦੀ ਸੂਬਾ ਹੈ, ਉਹ ਪੰਜਾਬ ਜਿਹੜਾ ਦੇਸ਼ ਲਈ ਜਾਨਾਂ ਵਾਰਦਾ ਹੈ, ਉਹ ਪੰਜਾਬ ਜਿਹੜਾ ਹਰ ਔਕੜ ਵੇਲੇ ਆਪਣੀ ਹੋਂਦ ਗੁਆ ਕੇ ਵੀ ਦੇਸ਼ ਲਈ ਕੁਰਬਾਨ ਹੁੰਦਾ ਹੈ। ਉਹ ਪੰਜਾਬ ਅੱਜ ਸਿਆਸਤਦਾਨਾਂ ਦੀਆਂ ਭੈੜੀਆਂ ਨੀਤੀਆਂ ਅਤੇ ਨੀਤ ਕਾਰਨ ਅਧ ਮੋਇਆ ਹੋਇਆ ਪਿਆ ਹੈ। ਕੇਂਦਰ ਨੂੰ ਇਸ ਨਾਲ ਕੀ ਵਾਸਤਾ? ਉਸ ਲਈ ਤਾਂ ਆਪਣੇ ਹਿੱਤ ਪਿਆਰੇ ਹਨ। ਪੰਜਾਬ ‘ਚ ਭਾਜਪਾ ਰਾਜ-ਭਾਗ ਸਥਾਪਤ ਕਰਨਾ ਉਸਦਾ ਮੁੱਖ ਉਦੇਸ਼ ਹੈ। ਕਿਸੇ ਵੀ ਪਾਰਟੀ ਨੂੰ ਇਹ ਅਧਿਕਾਰ ਪ੍ਰਾਪਤ ਹੈ, ਪਰ ਵਿਰੋਧੀ ਧਿਰਾਂ ਨੂੰ ਮਿੱਧਕੇ, ਮਨ-ਆਈਆਂ ਕਰਨੀਆਂ ਤੇ ਸੂਬੇ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰਨਾ ਕਿਥੋਂ ਤੱਕ ਜਾਇਜ਼ ਹੈ?

ਭਾਰਤ ਅਤੇ ਏਸ਼ੀਆਈ ਦੇਸ਼ਾਂ ਵਿੱਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ। ਖਾਦ ਅਤੇ ਕੀਟਨਾਸ਼ਕਾਂ ਦਾ ਕਾਰੋਬਾਰ ਕਰਨ ਵਾਲੀਆਂ ਬਹੁ-ਰਾਸ਼ਟਰੀ ਕੰਪਨੀਆਂ ਨੇ ਇਹ ਪਰਚਾਰਿਆ ਕਿ ਬੇਹਤਰ ਉਪਜ ਲਈ ਕੀਟਨਾਸ਼ਕਾਂ ਦਾ ਇਸਤੇਮਾਲ ਜ਼ਰੂਰੀ ਹੈ। ਇਸਦੇ ਬਾਅਦ ਦੇਸ਼ ਦੇ ਕਿਸਾਨਾਂ ਨੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਕੀਟਨਾਸ਼ਕ ਖਾਦਾਂ ਦਾ ਇਸਤੇਮਾਲ ਇਸ ਕਦਰ ਕਰਨਾ ਸ਼ੁਰੂ ਕੀਤਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਖ਼ਤਮ ਹੋਣ ਕੰਢੇ ਹੋਈ ਹੀ ਹੈ, ਕੈਂਸਰ, ਦਮਾ ਅਤੇ ਹੋਰ ਭਿਅੰਕਰ ਬੀਮਾਰੀਆਂ ਨੇ ਪੰਜਾਬੀਆਂ ਨੂੰ ਘੇਰਾ ਪਾ ਲਿਆ ਹੈ। ਅੱਜ ਪੰਜਾਬ ਦੀ ਹੀ ਨਹੀਂ ਦੇਸ਼ ਦੇ ਲੱਖਾਂ ਕਿਸਾਨਾਂ ਦੇ ਖੇਤਾਂ ਦੀ ਉਪਜਾਊ ਸ਼ਕਤੀ ਇੰਨੀ ਘੱਟ ਹੋ ਗਈ ਹੈ ਕਿ ਵੱਡੀ ਮਾਤਰਾ ‘ਚ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਬਿਨ੍ਹਾਂ ਫ਼ਸਲ ਹੀ ਨਹੀਂ ਉੱਗਦੀ। ਇਹਨਾ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਕਾਰਨ ਜ਼ਹਿਰੀਲਾਪਨ ਧਰਤੀ ‘ਚ ਵੱਧਦਾ ਹੈ।

ਇਹ ਬੀਮਾਰੀਆਂ ਦਾ ਕਾਰਨ ਬਣਦਾ ਹੈ। ਸਿੱਟੇ ਵਜੋਂ ਕਿਸਾਨ ਕਈ ਸਮੱਸਿਆਵਾਂ ਨਾਲ ਘਿਰਦੇ ਜਾ ਰਹੇ ਹਨ। ਪੰਜਾਬ ਹਰੀ ਕ੍ਰਾਂਤੀ ਕਾਰਨ ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਕਾਰਨ ਦੇਸ਼ ਦੇ ਬਾਕੀ ਭਾਗਾਂ ਨਾਲੋਂ ਵੱਧ ਲਪੇਟ ‘ਚ ਆਇਆ ਹੈ। ਬਠਿੰਡਾ ਤੋਂ ਰਾਜਸਥਾਨ ਨੂੰ ਹਰ ਰੋਜ਼ ਭਰਕੇ ਜਾਂਦੀ ਕੈਂਸਰ ਟਰੇਨ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਖਿੱਤਾ ਕੈਂਸਰ ਤੋਂ ਵੱਧ ਪ੍ਰਭਾਵਤ ਹੈ। ਹੁਣ ਮੋਹਾਲੀ ਵਿਖੇ ਕੈਂਸਰ ਹਸਪਤਾਲ ਤੇ ਖੋਜ਼ ਕੇਂਦਰ ਦਾ ਨਰੇਂਦਰ ਮੋਦੀ ਪ੍ਰਦਾਨ ਮੰਤਰੀ ਵਲੋਂ ਉਦਘਾਟਨ ਕਰਨਾ, ਜਿਸ ਦੀ ਨੀਂਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2013 ਵਿੱਚ ਰੱਖੀ ਸੀ ਅਤੇ ਫੰਡ ਮਨਜ਼ੂਰ ਅਤੇ ਜਾਰੀ ਕੀਤੇ ਸਨ, ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਸਮੇਤ ਇਸ ਖਿੱਤੇ ‘ਚ ਜਾਨ ਮਾਰੂ ਕੈਂਸਰ ਦਾ ਪ੍ਰਕੋਪ ਵਧ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਰਸਾਇਣ ਖਾਦਾਂ ਉਤੇ ਸਬਸਿਡੀ ਦੇ ਰਹੀ ਹੈ, ਪਰ ਖੇਤੀ ਉਨਤ ਕਰਨ ਲਈ ਹੋਰ ਕੋਈ ਵਿਕਲਪ (ਖਾਦਾਂ ਤੋਂ ਬਿਨ੍ਹਾਂ) ਉਪਲੱਬਧ ਨਹੀਂ ਕਰਵਾ ਰਹੀ।

ਕਿਸਾਨ ਇਸ ਸਮੇਂ ਮਾਨਸਿਕ ਤਣਾਅ ਵਿੱਚ ਹਨ, ਘਾਟੇ ਦੀ ਖੇਤੀ ਕਰ ਰਹੇ ਹਨ ਅਤੇ ਸਰਕਾਰ ਸਾਲ ਭਰ ਲਈ ਉਹਨਾ ਨੂੰ 6 ਜਾਂ 8 ਹਜ਼ਾਰ ਰੁਪਏ ਦੀ ਮਦਦ ਦੇ ਕੇ ਆਪਣੇ ਕਿਸਾਨ ਪੱਖੀ ਹੋਣ ਦਾ ਸਬੂਤ ਦੇਣ ਦੇ ਆਹਰ ‘ਚ ਹੈ। ਖ਼ਾਸ ਤੌਰ ‘ਤੇ ਉਸ ਵੇਲੇ ਜਦੋਂ ਬੀਜ਼ਾਂ, ਖਾਦਾਂ, ਕੀੜੇ ਮਾਰ ਦਵਾਈਆਂ, ਡੀਜ਼ਲ ਦੇ ਭਾਅ ਅਸਮਾਨ ਨੂ ਛੋਹ ਰਹੇ ਹਨ। ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੇਤੀ ਅਧਾਰਤ ਉਦਯੋਗ ਪੰਜਾਬ ‘ਚ ਲਾਉਣ ਦੀ ਲੋੜ ਸੀ, ਪਰ ਇਸ ਦਿਸ਼ਾ ‘ਚ ਕੋਈ ਕਦਮ ਨਹੀਂ ਪੁੱਟੇ ਗਏ। ਪੰਜਾਬ ਨੂੰ ਪਾਣੀਆਂ ਦੀ ਲੋੜ ਸੀ, ਉਹ ਹਥਿਆਉਣ ਦਾ ਲਗਾਤਾਰ ਯਤਨ ਹੋਇਆ। ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਅਨੁਸਾਰ ਦਰਿਆਈ ਪਾਣੀਆਂ ਉਤੇ ਹੱਕ ਪੰਜਾਬ ਦਾ ਸੀ, ਉਸ ਸਬੰਧੀ ਝਗੜਾ ਪੈਦਾ ਕੀਤਾ ਗਿਆ।

ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦਿੱਤੀ ਗਈ। ਕੇਂਦਰ ਦੀਆਂ ਸਰਕਾਰਾਂ ਭਾਵੇਂ ਉਹ ਹੁਣ ਵਾਲੀ ਭਾਜਪਾ ਸਰਕਾਰ ਹੈ ਜਾਂ ਪਹਿਲੀਆਂ ਕਾਂਗਰਸੀ ਜਾਂ ਹੋਰ ਸਰਕਾਰਾਂ ਪੰਜਾਬ ਨਾਲ ਮਤਰੇਆ ਸਲੂਕ ਕਰਦੀਆਂ ਰਹੀਆਂ। ਇਹੋ ਕਾਰਨ ਹੈ ਕਿ ਪੰਜਾਬੀਆਂ ‘ਚ ਕੇਂਦਰ ਪ੍ਰਤੀ ਰੰਜ਼ਿਸ਼ ਵੇਖਣ ਨੂੰ ਮਿਲਦੀ ਹੈ ਅਤੇ ਸਮੇਂ-ਸਮੇਂ ਪੰਜਾਬੀ ਇਸ ਵਿਤਕਰੇ ਪ੍ਰਤੀ ਰੋਸ ਪ੍ਰਗਟ ਕਰਦੇ ਨਜ਼ਰ ਆਉਂਦੇ ਹਨ। ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਦਾ ਜਿਸ ਢੰਗ ਨਾਲ ਸਮੁੱਚੇ ਪੰਜਾਬੀਆਂ ਨੇ ਵਿਰੋਧ ਕੀਤਾ, ਉਹ ਇਸਦੀ ਤਾਜ਼ਾ ਉਦਾਹਰਨ ਹੈ। ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਦੇ ਵਿਰੋਧ ਦੀ ਸ਼ੁਰੂਆਤ ਵੀ ਪੰਜਾਬ ‘ਵੱਲੋਂ ਹੋਈ ਸੀ, ਜਿਸਦੇ ਦਮਨ ਚੱਕਰ ‘ਚ ਪੰਜਾਬੀਆਂ ਦਾ ਵੱਡਾ ਨੁਕਸਾਨ ਹੋਇਆ। ਪੰਜਾਬ ‘ਚ ਚਲੀਆਂ ਗਰਮ-ਸਰਦ ਲਹਿਰਾਂ ਕਾਰਨ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ।

ਪੰਜਾਬ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬੀਆਂ ਨੂੰ ਪ੍ਰਵਾਸ ਦਾ ਰਾਹ ਅਪਨਾਉਣਾ ਪਿਆ, ਸਥਿਤੀ ਇਹ ਹੈ ਕਿ ਅੱਜ ਹਰ ਪੰਜਾਬੀ ਪਰਿਵਾਰ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ ‘ਚ ਭੇਜਕੇ ਸੁੱਖ ਦਾ ਸਾਹ ਲੈਣ ‘ਤੇ ਮਜ਼ਬੂਰ ਹੋ ਰਿਹਾ ਹੈ ਅਤੇ ਪੰਜਾਬ ਬਾਕੀ ਸੂਬਿਆਂ ਤੋਂ ਆਏ ਪ੍ਰਵਾਸੀਆਂ ਦੇ ਹੱਥ ਆਉਂਦਾ ਦਿਸਦਾ ਹੈ, ਕਿਉਂਕਿ ਲਗਭਗ ਹਰ ਖੇਤਰ ‘ਚ ਕਾਰੀਗਰ ਹੁਣ ਯੂ.ਪੀ., ਸੀ.ਪੀ., ਬਿਹਾਰ ਤੇ ਹੋਰ ਸੂਬਿਆਂ ਦੇ ਲੋਕ ਹਨ, ਜੋ ਵੱਡੀ ਮਾਤਰਾ ‘ਚ ਪੰਜਾਬ ‘ਚੋਂ ਕਮਾਈ ਕਰਦੇ ਹਨ ਅਤੇ ਆਪਣੇ ਸੂਬਿਆਂ ‘ਚ ਲੈ ਜਾਂਦੇ ਹਨ ਅਤੇ ਪੰਜਾਬ ਦਾ ਪੈਸਾ, ਪ੍ਰਵਾਸ ਕਰਨ ਲਈ “ਮਣਾਂ-ਮੂੰਹੀ” ਪੰਜਾਬ ‘ਚੋਂ ਬਾਹਰ ਧੱਕਿਆ ਜਾ ਰਿਹਾ ਹੈ। ਪੰਜਾਬ ਦੀ ਨੌਜਵਾਨੀ, ਪੰਜਾਬ ਦਾ ਦਿਮਾਗ, ਪੰਜਾਬ ਦਾ ਪੈਸਾ ਪੰਜਾਬ ਵਿਚੋਂ ਲਗਾਤਾਰ ਬੇਰੋਕ-ਟੋਕ ਬਾਹਰ ਜਾ ਰਿਹਾ ਹੈ ਅਤੇ ਨੌਜਵਾਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੈਨੇਡਾ, ਅਮਰੀਕਾ, ਅਸਟ੍ਰੇਲੀਆ, ਨਿਊਜੀਲੈਂਡ ਅਤੇ ਹੋਰ ਦੇਸ਼ਾਂ ਵੱਲ ਕੂਚ ਕਰ ਰਹੇ ਹਨ।

ਪੰਜਾਬ ਦੇ ਵਿਕਾਸ ਦੀ ਇੱਕ ਝਲਕ ਵੇਖਣੀ ਹੈ ਤਾਂ ਵੇਖ ਲਵੋ। ਪਿੰਡਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ। ਸਕੂਲਾਂ ਵਿੱਚ ਟੀਚਰ ਨਹੀਂ ਪੇਂਡੂ ਹਸਪਤਾਲਾਂ, ਡਿਸਪੈਂਸਰੀਆਂ ‘ਚ ਸਟਾਫ਼ ਨਹੀਂ, ਦਵਾਈਆਂ ਮਿਲਣੀਆਂ ਤਾਂ ਦੂਰ ਦੀ ਗੱਲ ਹੈ। ਸਰਕਾਰੀ ਦਫ਼ਤਰਾਂ ‘ਚ ਮਿਲਦੀਆਂ ਸੁਵਿਧਾਵਾਂ, ਸੁਵਿਧਾ ਸੈਂਟਰਾਂ ਕਾਰਨ ਮਹਿੰਗੀਆਂ ਹੋ ਗਈਆਂ ਹਨ। ਥਾਣਿਆਂ, ਅਦਾਲਤਾਂ ‘ਚ ਇਨਸਾਫ਼ ਲੈਣਾ ਆਮ ਆਦਮੀ ਲਈ ਔਖਾ ਅਤੇ ਮਹਿੰਗਾ ਹੋ ਚੁੱਕਿਆ ਹੈ। ਪਿੰਡ ਪੰਚਾਇਤਾਂ ਦੇ ਹਾਲਾਤ ਮਾੜੇ ਹਨ, ਉਪਰਲੇ ਅਧਿਕਾਰੀ ਕੰਮ ਨਹੀਂ ਕਰਨ ਦੇ ਰਹੇ, ਗ੍ਰਾਂਟਾਂ ਉਹਨਾ ਦੀ ਮਰਜ਼ੀ ਨਾਲ ਖ਼ਰਚੀਆਂ ਜਾ ਰਹੀਆਂ ਹਨ। ਇਹੋ ਜਿਹੀਆਂ ਹਾਲਤਾਂ ‘ਚ ਭਲਾ ਸਥਾਨਕ ਸਰਕਾਰਾਂ ਦਾ ਕੀ ਅਰਥ?

ਪਿੰਡਾਂ, ਸ਼ਹਿਰਾਂ ‘ਚ ਪ੍ਰਦੂਸ਼ਨ ਇੰਨਾ ਕਿ ਨਦੀਆਂ, ਨਾਲੇ ਗੰਦੇ ਪਾਣੀ ਨਾਲ ਭਰੇ ਪਏ ਹਨ। ਪਿੰਡਾਂ ‘ਚ ਰੂੜੀਆਂ ਦੀ ਭਰਮਾਰ ਹੈ, ਸ਼ਹਿਰਾਂ ‘ਚ ਗੰਦਗੀ ਦਾ ਕੋਈ ਅੰਤ ਨਹੀਂ। ਦਰੱਖ਼ਤਾਂ, ਬੂਟਿਆਂ ਦੀ ਕਟਾਈ ਕਾਰਨ ਪੰਜਾਬ ਦਾ ਵਾਤਾਵਰਨ ਖ਼ਰਾਬ ਹੋ ਗਿਆ ਹੈ। ਉਪਰੋਂ ਰੇਤਾ, ਬਜ਼ਰੀ, ਖਨਣ, ਮਾਫੀਏ ਉਤੇ ਕੰਟਰੋਲ ਨਾ ਹੋਣ ਕਾਰਨ, ਆਪ ਮੁਹਾਰੇ, ਮੂੰਹ ਮੰਗੀਆਂ ਕੀਮਤਾਂ ਉਤੇ ਰੇਤਾ ਬਜ਼ਰੀ ਮਿਲ ਰਹੀ ਹੈ। ਨਸ਼ਿਆਂ ਦੇ ਸੌਦਾਗਰਾਂ, ਭ੍ਰਿਸ਼ਟ ਅਫ਼ਸਰਾਂ, ਕਾਲੇ-ਦਿਲ ਵਾਲੇ ਕੁਝ ਸਿਆਸਤਦਾਨਾਂ ਦੀ ਤਿਕੱੜੀ ਨੇ ਪੰਜਾਬ ਨੂੰ ਲੁੱਟਣ-ਪੁੱਟਣ ‘ਚ ਕੋਈ ਕਸਰ ਨਹੀਂ ਛੱਡੀ। ਇਹੋ ਜਿਹੇ ਹਾਲਾਤਾਂ ‘ਚ ਪੰਜਾਬ ਵਿਰਲਾਪ ਨਹੀਂ ਕਰੇਗਾ ਤਾਂ ਕੀ ਕਰੇਗਾ? ਪੰਜਾਬ ਵਿਰੋਧ ਨਹੀਂ ਕਰੇਗਾ ਤਾਂ ਕੀ ਕਰੇਗਾ? ਪੰਜਾਬ ਆਪਣੇ ਹੱਕ ਨਹੀਂ ਮੰਗੇਗਾ ਤਾਂ ਕੀ ਕਰੇਗਾ?

ਹਰ ਸਿਆਸੀ ਧਿਰ ਪੰਜਾਬ ਹਥਿਆਉਣਾ ਚਾਹੁੰਦੀ ਹੈ, ਇਸ ਉਤੇ ਰਾਜ-ਭਾਗ ਕਰਨਾ ਚਾਹੁੰਦੀ ਹੈ, ਪਰ ਪੰਜਾਬ ਪੱਲੇ ਕੁੱਝ ਪਾਉਣਾ ਨਹੀਂ ਚਾਹੁੰਦੀ। ਨੇਤਾਵਾਂ ਦੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਲਗਾਅ ਦੀ ਕਮੀ, ਪੰਜਾਬੀਆਂ ਨੂੰ ਔਜੜੇ ਰਾਹੀਂ ਤੋਰ ਰਹੀ ਹੈ। ਇਹੋ ਜਿਹੇ ਹਾਲਾਤ ‘ਚ ਪੰਜਾਬ ਦਾ ਭਵਿੱਖ ਕੀ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button