Press ReleaseBreaking NewsD5 specialNewsPress NotePunjab

ਮੁੱਖ ਸਕੱਤਰ ਵੱਲੋਂ ਕੋਵਿਡ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ, ਪੁਲਿਸ ਮੁਖੀ ਅਤੇ ਐਮ.ਸੀਜ਼ ਨਾਲ ਮੀਟਿੰਗ

ਕੋਵਿਡ ਦੀ ਤੀਜੀ ਲਹਿਰ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰਾਂ ਨੂੰ ਠੋਸ ਪ੍ਰਬੰਧ ਕਰਨ ਲਈ ਕਿਹਾ
ਐਲ-2 ਅਤੇ ਐਲ-3 ਕੋਵਿਡ ਸਹੂਲਤਾਂ ਪ੍ਰਦਾਨ ਕਰ ਰਹੇ ਚੋਣਵੇਂ ਹਸਤਾਲਾਂ ਨੂੰ ਕੋਵਿਡ ਲਈ ਵਾਧੂ ਬਿਸਤਰਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਚੋਣਵੀਆਂ ਸਰਜਰੀਆਂ 2 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਸਲਾਹ
ਸਾਰੇ ਮੁੱਢਲੇ ਸਿਹਤ ਕੇਂਦਰ (ਪੀ.ਐਚ.ਸੀਜ਼) ਤੁਰੰਤ ਪ੍ਰਭਾਵ ਨਾਲ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਸ਼ੁਰੂ ਕਰਨਗੇ
ਚੰਡੀਗੜ੍ਹ : ਮੁੱਖ ਸਕੱਤਰ ਪੰਜਾਬ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮੌਜੂਦਾ ਵਾਧੇ ਨਾਲ ਨਜਿੱਠਣ ਲਈ ਚੁੱਕੇ ਗਏ ਹੰਗਾਮੀ ਕਦਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ, ਪੁਲਿਸ ਮੁਖੀ, ਮਿਉਂਸਪਲ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੋਵਿਡ ਦੀ ਤੀਜੀ ਲਹਿਰ ’ਤੇ ਚਿੰਤਾ ਜ਼ਾਹਰ ਕਰਦਿਆਂ ਜਿੱਥੇ 13 ਮਾਰਚ ਨੂੰ 1515 ਕੋਵਿਡ-19 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਨਾਂ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਅਤੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਆਏ ਉਭਾਰ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ।ਉਨਾਂ ਫੈਲਾਅ ਦੀ ਲੜੀ ਨੂੰ ਤੋੜਨ ਲਈ ਸੰਪਰਕਾਂ ਦੀ ਟੈਸਟਿੰਗ ਵਧਾਉਣ ਲਈ ਕਿਹਾ। ਉਨਾਂ ਮੀਟਿੰਗ ਦੌਰਾਨ ਮੈਡੀਕਲ ਮਾਹਿਰਾਂ ਨਾਲ ਵੀ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਕੋਵਿਡ ਦੇ ਫੈਲਾਅ ਰੋਕਣ ਲਈ ਲੋੜੀਂਦੇ ਕਦਮਾਂ ਬਾਰੇ ਉਨਾਂ ਦੀ ਰਾਇ ਮੰਗੀ।
ਉਨਾਂ ਦੱਸਿਆ ਕਿ ਰਾਜ ਨੇ ਪਿਛਲੇ ਸਾਲ ਸਤੰਬਰ ਵਿਚ ਕੋਵਿਡ ਦਾ ਪਹਿਲਾ ਸਿਫ਼ਰ ਵੇਖਿਆ ਜਦੋਂ ਇੱਕ ਦਿਨ ਵਿੱਚ 2,896 ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਦੂਬਾ ਸਿਖ਼ਰ ਨਵੰਬਰ ਵਿੱਚ ਵੇਖਿਆ ਗਿਆ ਜਦੋਂ ਇੱਕ ਦਿਨ ਵਿੱਚ 843 ਕੇਸ ਸਾਹਮਣੇ ਆਏ।ਉਨਾਂ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਕਿ ਉਹ ਹਫ਼ਤੇ ਦੇ ਸਾਰੇ ਦਿਨਾਂ ਲਈ ਸਾਰੇ ਮਨੋਨੀਤ ਹਸਪਤਾਲਾਂ ਵਿੱਚ ਕੋਵਿਡ-19 ਟੀਕਾਕਰਨ ਕਰਨ ਅਤੇ ਸਾਰੇ ਸਰਕਾਰੀ ਪੀ.ਐਚ.ਸੀਜ਼ ਸਮੇਤ ਹੋਰ ਸਰਕਾਰੀ ਅਤੇ ਨਿੱਜੀ ਸਿਹਤ ਸਹੂਲਤਾਂ ਨੂੰ ਟੀਕਾਕਰਨ ਕੇਂਦਰਾਂ ਵਜੋਂ ਸ਼ਾਮਲ ਕਰਨ। ਸ੍ਰੀਮਤੀ ਮਹਾਜਨ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਕੋਵਿਡ ਬਿਸਤਰਿਆਂ ਦੀ ਸਮਰੱਥਾ ਵਧਾਉਣ ਲਈ ਸਲਾਹ ਦੇਣ ਅਤੇ ਪ੍ਰਾਈਵੇਟ ਹਸਪਤਾਲਾਂ ਜੋ ਅਜੇ ਤੱਕ ਐਲ-3 ਕੋਵਿਡ ਕੇਅਰ ਲਈ ਵੈਰੀਫਾਈ ਨਹੀਂ ਕੀਤੇ ਗਏ, ਉਨਾਂ ਨੂੰ ਜ਼ਿਲਿਆਂ ਦੁਆਰਾ ਜਲਦ ਵੈਰੀਫਾਈ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਉਨਾਂ ਨੂੰ ਐਲ-3 ਕੇਅਰ ਸਹੂਲਤਾਂ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਥੇ ਵਧੇਰੇ ਐਲ-3 ਬੈੱਡ ਉਪਲੱਬਧ ਹਨ।ਐਲ -3 ਕੋਵਿਡ ਮਰੀਜ਼ਾਂ ਨੂੰ ਸੰਭਾਲਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਮਾਨਵੀ ਸ਼ਕਤੀ ਵਾਲੇ ਪਛਾਣ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਬਿਸਤਰਿਆਂ ਦੀ ਸਮਰੱਥਾ ਤੁਰੰਤ ਪਹਿਲੇ ਸਿਖਰ ਦੇ ਪੱਧਰ ਤੱਕ ਵਧਾਉਣ ਲਈ ਕਿਹਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਲੈਬਾਟਰੀਆਂ ਲਈ ਲਗਭਗ 28,000 ਤੋਂ 30,000 ਕੋਵਿਡ ਨਮੂਨਿਆਂ ਦਾ ਪ੍ਰਤੀ ਦਿਨ ਟੈਸਟ ਕਰਨਾ ਲਾਜ਼ਮੀ ਹੈ। ਉਨਾਂ ਹਦਾਇਤ ਕੀਤੀ ਕਿ 3 ਸਰਕਾਰੀ ਮੈਡੀਕਲ ਕਾਲਜਾਂ ਨੂੰ ਐਲ -2 ਅਤੇ ਐਲ -3 ਬਿਸਤਰਿਆਂ ਦੀ ਢੁੱਕਵੀਂ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ ਜਿਵੇਂ ਕਿ ਪਹਿਲੇ ਸਿਖ਼ਰ ਦੌਰਾਨ ਕੀਤਾ ਗਿਆ ਸੀ। ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕੋਵਿਡ ਪ੍ਰਬੰਧਨ ਲਈ ਸਾਰੇ ਜ਼ਿਲਿਆਂ ਵਿੱਚ ਡਾਕਟਰੀ ਮਾਹਰਾਂ ਦੀ ਢੁੱਕਵੀਂ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਤੁਰੰਤ ਲੋੜੀਂਦੀ ਮਨੁੱਖੀ ਸ਼ਕਤੀ ਜਿਵੇਂ ਵਾਰਡ ਅਟੈਂਡੈਂਟਸ, ਕਲਾਸ -4 ਅਮਲਾ ਅਤੇ ਐਂਬੂਲੈਂਸਾਂ ਲਈ ਡਰਾਈਵਰਾਂ ਆਦਿ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਸਾਰੇ ਜ਼ਿਲਿਆਂ ਵਿੱਚ ਸਾਰੀਆਂ ਐਲ -2 ਸਹੂਲਤਾਂ ਨੂੰ ਪੂਰੀ ਤਰਾਂ ਕਾਰਜਸ਼ੀਲ ਬਣਾਇਆ ਜਾਵੇ। ਉਨਾਂ ਅੱਗੇ ਕਿਹਾ ਕਿ ਡਾਕਟਰੀ ਮਾਹਰਾਂ ਵੱਲੋਂ ਸੁਝਾਏ ਅਨੁਸਾਰ ਜ਼ਿਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਲੈਵਲ 2 ਅਤੇ ਲੈਵਲ 3 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਘੱਟੋ ਘੱਟ 2 ਹਫਤਿਆਂ ਲਈ ਰੁਟੀਨ ਦੀਆਂ ਚੋਣਵੀਆਂ ਸਰਜਰੀਆਂ ਮੁਲਤਵੀ ਕਰਨ ਤਾਂ ਜੋ ਇੱਥੇ ਕੋਵਿਡ ਬਿਸਤਰਿਆਂ ਦੀਆਂ ਵਾਧੂ ਲੋੜ ਲਈ ਪ੍ਰਬੰਧ ਕੀਤੇ ਜਾ ਸਕਣ। ਉਨਾਂ ਦੱਸਿਆ ਕਿ 8 ਜ਼ਿਲਿਆਂ ਵਿੱਚ ਪਹਿਲਾਂ ਹੀ ਰਾਤ ਦਾ ਕਰਫਿਊ  ਲਗਾਇਆ ਗਿਆ ਹੈ ਅਤੇ ਹੋਰ ਜ਼ਿਲਿਆਂ ਨੂੰ ਵੀ ਸਥਿਤੀ ਦੀ ਸਮੀਖਿਆ ਕਰਨ ਅਤੇ ਉਸ ਅਨੁਸਾਰ ਢੁੱਕਵੇਂ ਫੈਸਲੇ ਲੈਣ ਦੀ ਸਲਾਹ ਦਿੱਤੀ ਗਈ ਹੈ।
ਮੁੱਖ ਸਕੱਤਰ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਪਰਵਾਹੀ ਨਾ ਵਿਖਾਉਣ ਅਤੇ ਕੋਵਿਡ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਮਹਾਂਮਾਰੀ ਨਾਲ ਨਜਿੱਠਣ ਵਿੱਚ ਸਰਕਾਰ ਦੀ ਸਹਾਇਤਾ ਕਰਨ। ਉਨਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਟੀਕਾਕਰਨ ਸਬੰਧੀ ਕਿਸੇ ਵੀ ਤਰਾਂ ਦੇ ਸੰਦੇਹ ਨੂੰ ਦੂਰ ਕਰਨ ਲਈ ਆਈ.ਈ.ਸੀ. ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਲੋਕਾਂ ਨਾਲ ਸੰਪਰਕ ਲਈ ਸ਼ੋਸ਼ਲ ਤੇ ਹੋਰ ਮੀਡੀਆ ਨੂੰ ਸ਼ਾਮਲ ਕਰਨ ਲਈ ਕਿਹਾ। ਉਨਾਂ ਦੱਸਿਆ ਕਿ ਰਾਜ ਨੇ ਪਹਿਲਾਂ ਹੀ ਸਾਰੇ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਹਨ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ ’ਤੇ ਕ੍ਰਮਵਾਰ 100 ਅਤੇ 200 ਵਿਅਕਤੀਆਂ ਦੇ ਇਕੱਠ ਦੀਆਂ ਬੰਦਿਆਂ ਲਗਾ ਦਿੱਤੀਆਂ ਹਨ। ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਸਪੱਸ਼ਟ ਕੀਤਾ ਕਿ ਇਹ ਸੰਭਾਵਨਾ ਹੋ ਸਕਦੀ ਹੈ ਕਿ ਲਾਭਪਾਤਰੀ ਦੂਜੀ ਖੁਰਾਕ ਲਗਾਏ ਜਾਣ ਤੋਂ ਬਾਅਦ ਵੀ ਕੋਵਿਡ ਪਾਜ਼ੇਟਿਵ ਪਾਇਆ ਜਾਵੇ, ਕਿਉਂਕਿ ਕੋਵਿਡ ਵੈਕਸੀਨ ਦੂਜੀ ਖੁਰਾਕ ਦਿੱਤੇ ਜਾਣ ਦੇ ਦੋ ਹਫ਼ਤਿਆਂ ਬਾਅਦ ਹੀ ਸੁਰੱਖਿਆ ਦਾ ਲੋੜੀਂਦਾ ਪੱਧਰ ਪੈਦਾ ਕਰਦੀ ਹੈ।ਉਨਾਂ ਕਿਹਾ ਕਿ ਜੇ ਕੋਈ ਲਾਭਪਾਤਰੀ ਦੂਜੀ ਖੁਰਾਕ ਦੇ ਦੋ ਹਫਤਿਆਂ ਤੋਂ ਵੱਧ ਸਮੇਂ ਬਾਅਦ ਵੀ ਪਾਜ਼ੇਟਿਵ ਪਾਇਆ ਜਾਂਦਾ ਹੈ  ਤਾਂ ਇਨਫੈਕਸ਼ਨ ਦੀ ਗੰਭੀਰਤਾ ਬਹੁਤ ਘੱਟ ਹੋਵੇਗੀ ਅਤੇ ਲਾਭਪਾਤਰੀ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਉਨਾਂ ਦੀ ਅਗਵਾਈ ਵਾਲੇ ਮਾਹਰ ਸਮੂਹ ਨੇ ਕੋਵਿਡ ਪ੍ਰਬੰਧਨ ਲਈ ਨਵੇਂ ਪ੍ਰੋਟੋਕਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਜਲਦੀ ਸਰਕਾਰ ਦੁਆਰਾ ਨੋਟੀਫਾਈ ਕੀਤਾ ਜਾਵੇਗਾ।
ਕੋਵਿਡ-19 ਟੀਕਾਕਰਨ ਦੀ ਸਥਿਤੀ ਬਾਰੇ ਮੁੱਖ ਸਕੱਤਰ ਨੂੰ ਜਾਣੂ ਕਰਵਾਉਂਦਿਆਂ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਲਗਭਗ 50 ਫੀਸਦ ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ ਨਿਰਧਾਰਤ ਸਮਾਂ ਪੂਰਾ ਹੋਣ ’ਤੇ ਇਨਾਂ ਲਾਭਪਾਤਰੀਆਂ ਨੂੰ ਕ੍ਰਮਵਾਰ ਦੂਜੀ ਖੁਰਾਕ ਵੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੂਬੇ ਨੂੰ ਹੁਣ ਤੱਕ ਮਿਆਦ ਪੁੱਗਣ ਦੀਆਂ ਵੱਖ ਵੱਖ ਤਰੀਕਾਂ ਵਾਲੀਆਂ ਕੋਵੀਸ਼ੀਲਡ ਦੀਆਂ 19.15 ਲੱਖ ਖੁਰਾਕਾਂ ਅਤੇ ਕੋਵੈਕਸਿਨ ਦੀਆਂ 1.37 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ ਅਤੇ ਫੀਲਡ ਅਧਿਕਾਰੀਆਂ ਨੂੰ ’ਅਰਲੀ ਐਕਸਪਾਇਰੀ ਫਸਟ ਆਊਟ’ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਨਾਂ ਨੇ ਕਿਹਾ ਕਿ ਫੀਲਡ ਅਧਿਕਾਰੀ ਪ੍ਰਤੀ ਪਾਜ਼ੇਟਿਵ ਮਾਮਲੇ ਪਿੱਛੇ 20 ਵਿਅਕਤੀਆਂ ਦੇ ਸੰਪਰਕ ਦਾ ਪਤਾ ਲਗਾ ਰਹੇ ਹਨ ਅਤੇ ਸਾਰੇ ਸੰਪਰਕਾਂ ਦੀ ਕੋਵਿਡ ਟੈਸਟਿੰਗ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਕੋਵਿਡ ਸੈਂਪਲਿੰਗ ਨੂੰ ਵਧਾ ਕੇ 30,000 ਪ੍ਰਤੀ ਦਿਨ ਤੋਂ ਵੱਧ ਕੀਤਾ ਗਿਆ ਹੈ ਉਨਾਂ ਦੱਸਿਆ ਕਿ ਕੇਸਾਂ ਦੀ ਮੌਤ ਦਰ 3.2% ਰਹੀ ਹੈ ਅਤੇ ਇਸਨੂੰ ਹੇਠਾਂ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਹਾ ਕਿ ਸੀ.ਐਫ.ਆਰ. ਪਿਛਲੇ ਇੱਕ ਮਹੀਨੇ ਦੇ ਸਮੇਂ ਦੌਰਾਨ 2.4 ਰਹੀ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਫੋਰਸ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਕੋਵਿਡ ਪ੍ਰੋਟੋਕੋਲਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ ਅਤੇ ਇਹ ਸੁਝਾਅ ਦਿੱਤੀ ਗਿਆ ਹੈ ਕਿ ਲਾਗ ਦੇ ਫੈਲਣ ਨੂੰ ਰੋਕਣ ਲਈ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸਾਂ ਦੇ ਸਟਾਫ ਦੀ ਨਿਯਮਤ ਤੌਰ ’ਤੇ ਜਾਂਚ ਕੀਤੀ ਜਾ ਸਕਦੀ ਹੈ। ਉਨਾਂ ਕੋਵਿਡ ਪ੍ਰੋਟੋਕੋਲ ਲਾਗੂ ਕਰਨ ਵਿੱਚ ਜ਼ਿਲਿਆਂ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ।
ਇਸ ਵਰਚੁਅਲ ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀ ਡੀ.ਕੇ. ਤਿਵਾੜੀ, ਕੌਮੀ ਸਿਹਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਕੁਮਾਰ ਰਾਹੁਲ, ਬੀ.ਐਫ.ਯੂ.ਐਚ.ਐਸ. ਦੇ ਉਪ ਕੁਲਪਤੀ, ਪ੍ਰੋ ਰਾਜ ਬਹਾਦਰ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ. ਸਿੰਘ, ਡਾ. ਰਾਜੇਸ਼ ਕੁਮਾਰ, ਈਡੀ, ਐਸ.ਐਚ.ਐਸ.ਆਰ.ਸੀ. ਸਾਰੀਆਂ ਲੈਵਲ-3 ਸਹੂਲਤਾਂ ਦੇ ਇੰਚਾਰਜ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button