Press ReleasePunjabTop News

ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਲਈ ਪੁਲਿਸ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਦੀ ਲੋੜ ਉਤੇ ਜ਼ੋਰ

ਪੁਲਿਸ ਦੀ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਸਮੇਂ ਦੀ ਲੋੜ


ਬੱਚਿਆਂ ਤੇ ਔਰਤਾਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਚੈਟ ਬੋਟ ਨੰਬਰ 95177-95178 ਜਾਰੀ

ਇਸ ਕਦਮ ਨੂੰ ‘ਨਵੇਂ ਯੁੱਗ ਦੀ ਸ਼ੁਰੂਆਤ’ ਦੱਸਿਆ

ਮੋਹਾਲੀ : ਪੁਲਿਸ ਬਲ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਉਪਰ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਆਨਲਾਈਨ ਮਾਧਿਅਮ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਦੀ ਸਹੂਲਤ ਦੇਣੀ ਸਮੇਂ ਦੀ ਲੋੜ ਹੈ। ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਵਿੱਚ ਔਰਤਾਂ ਤੇ ਬੱਚਿਆਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਚੈਟ ਬੋਟ (95177-95178) ਲਾਂਚ ਕਰਦਿਆਂ ਅਤੇ ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਰਕਰਸ਼ਾਪ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਸੇਵਾ ਵਿੱਚ ਅਣਗਿਣਤ ਬਲੀਦਾਨ ਦੇਣ ਦੀ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਵਿਰਾਸਤ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਦਾ ਆਪਣਾ ਮੁੱਖ ਫ਼ਰਜ਼ ਨਿਭਾਉਂਦਿਆਂ ਪੰਜਾਬ ਪੁਲਿਸ ਨੇ ਹਮੇਸ਼ਾ ਦੇਸ਼ ਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਦਲ ਰਹੇ ਹਾਲਾਤ ਵਿੱਚ ਪੁਲਿਸ ਬਲ ਲਈ ਚੁਣੌਤੀਆਂ ਕਈ ਗੁਣਾ ਵਧੀਆਂ ਹਨ, ਜਿਸ ਲਈ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਸਮੇਂ ਦੀ ਜ਼ਰੂਰਤ ਬਣ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ-ਵਿਵਸਥਾ ਉਤੇ ਸਖ਼ਤੀ ਨਾਲ ਨਿਗ੍ਹਾ ਰੱਖਣ ਤੋਂ ਇਲਾਵਾ ਪੁਲਿਸ ਬਲ ਨੂੰ ਕਮਿਊਨਿਟੀ ਪੁਲਿਸਿੰਗ ਉਤੇ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਸਹੂਲਤ ਦੇਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਕਰਨ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਆਨਲਾਈਨ ਸਹੂਲਤਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੀ ਕਰਨ ਉਤੇ ਵੱਡਾ ਧਿਆਨ ਦੇਣ ਦੀ ਜ਼ਰੂਰਤ ਹੈ।

ਅੰਮ੍ਰਿਤਪਾਲ ਮਾਮਲੇ ‘ਚ ਨਵਾਂ ਮੋੜ! ਹਾਈ ਕੋਰਟ ਨੇ ਮੰਗਿਆ ਸਰਕਾਰ ਤੋਂ ਇਹ ਸਬੂਤ! ਸੁਣੋ! ਜੱਜ ਨੇ ਕਿਸ ਦੀ ਲਾਈ ਕਲਾਸ?

ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਨਿਆਂ ਪ੍ਰਣਾਲੀ ਵਿੱਚ ਸਿਰੇ ਤੋਂ ਸੁਧਾਰ ਕਰਨ ਦੀ ਲੋੜ ਹੈ ਅਤੇ ਪੁਲਿਸ ਇਸ ਪ੍ਰਣਾਲੀ ਦਾ ਧੁਰਾ ਹੈ, ਜਿਸ ਵਿੱਚ ਫੌਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਸੁਧਾਰਾਂ ਦਾ ਮੰਤਵ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰ, ਪੁਲਿਸ ਸੰਗਠਨ ਦੀਆਂ ਨੀਤੀਆਂ ਤੇ ਸਦਾਚਾਰ ਵਿੱਚ ਬਦਲਾਅ ਹੋਵੇਗਾ ਤਾਂ ਕਿ ਪੁਲਿਸ ਜਮਹੂਰੀ ਕਦਰਾਂ-ਕੀਮਤਾਂ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਮੁਤਾਬਕ ਆਪਣੇ ਫ਼ਰਜ਼ ਨਿਭਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਇਕ ਮੰਤਵ ਸੁਰੱਖਿਆ ਖੇਤਰ ਦੇ ਹੋਰ ਭਾਗਾਂ ਨਾਲ ਸਿੱਝਣ ਦੇ ਪੁਲਿਸ ਨੂੰ ਯੋਗ ਬਣਾਉਣਾ ਹੈ, ਜਿਨ੍ਹਾਂ ਵਿੱਚ ਮੈਨੇਜਮੈਂਟ ਅਤੇ ਨਿਗਰਾਨੀ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ। ਸੰਗਰੂਰ ਸੰਸਦੀ ਹਲਕੇ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਹਰੇਕ ਕੋਨੇ ਉਤੇ ਨਜ਼ਰ ਰੱਖਣ ਲਈ ਉਥੇ ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਸ਼ੁਰੂ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਕਿ ਇਸ ਨੂੰ ਹੁਣ ਸੂਬੇ ਭਰ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਕਿ ਪੁਲਿਸ ਉਤੇ ਕੰਮ ਦਾ ਬੋਝ ਘਟਾਉਣ ਦੇ ਨਾਲ-ਨਾਲ ਕਾਨੂੰਨ-ਵਿਵਸਥਾ ਦੀ ਸਥਿਤੀ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇ। ਭਗਵੰਤ ਮਾਨ ਨੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਪੁਲਿਸ ਦੀ ਤੀਜੀ ਅੱਖ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਨਾਲ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਫੌਰੀ ਕਾਰਵਾਈ ਯਕੀਨੀ ਬਣੇਗੀ। ਮੁੱਖ ਮੰਤਰੀ ਨੇ ਵਿਭਾਗ ਦੇ ਆਧੁਨਿਕੀਕਰਨ ਲਈ ਪੁਲਿਸ ਬਲ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਮਨੁੱਖੀ ਤਸਕਰੀ ਪੁਲਿਸ ਲਈ ਹੀ ਨਹੀਂ, ਸਗੋਂ ਸਮੁੱਚੇ ਸਮਾਜ ਲਈ ਗੰਭੀਰ ਖ਼ਤਰਾ ਬਣ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖ਼ਤਰੇ ਨਾਲ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ, ਜਿਸ ਲਈ ਪੁਲਿਸ ਵੱਲੋਂ ਲੀਕ ਤੋਂ ਹਟ ਕੇ ਕੀਤੀ ਚੈਟ ਬੋਟ ਨਾਂ ਦੀ ਪਹਿਲਕਦਮੀ ਇਕ ਸਵਾਗਤਯੋਗ ਕਦਮ ਹੈ।

Simranjit Mann ਦਾ Amritpal ਬਾਰੇ ਬਿਆਨ? ਮਾਨ ਸਰਕਾਰ ਨੂੰ ਸੁਣਾਈਆਂ ਖ਼ਰੀਆਂ- ਖਰੀਆਂ! || D5 Channel Punjabi

ਪੁਲਿਸ ਤੋਂ ਕੰਮ ਦਾ ਬੋਝ ਘਟਾਉਣ ਲਈ ਪਿੰਡਾਂ ਜਾਂ ਘਰਾਂ ਦੇ ਪੱਧਰ ਉਤੇ ਸੁਲ੍ਹਾ-ਮਸ਼ਵਰਾ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜਿੱਥੇ ਸੂਬੇ ਵਿੱਚ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੋਵੇਗਾ, ਉੱਥੇ ਲੋਕਾਂ ਵਿਚਾਲੇ ਆਪਸੀ ਪਿਆਰ ਵੀ ਵਧੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸਮਾਜਿਕ ਬਦਨਾਮੀ ਦੇ ਵੱਖ-ਵੱਖ ਕਾਰਨਾਂ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇਗੀ ਅਤੇ ਸਾਰਿਆਂ ਲਈ ਬਰਾਬਰ ਮੌਕਿਆਂ ਵਾਲਾ ਸਮਾਜ ਸਥਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ। ਚੈਟ ਬੋਟ ਨੂੰ ਪੁਲਿਸ ਪ੍ਰਣਾਲੀ ਵਿੱਚ ਸੁਧਾਰ ਲਈ ਨਿਵੇਕਲੀ ਪਹਿਲਕਦਮੀ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਕਰਨ ਲਈ ਵਟਸਐਪ ਚੈਟ ਬੋਟ ਤੇ ਹੋਰ ਆਨਲਾਈਨ ਤਰੀਕਿਆਂ ਦੀ ਲੋੜ ਹੈ। ਔਰਤਾਂ ਨੂੰ ਹਰੇਕ ਖ਼ੇਤਰ ਵਿੱਚ ਅੱਗੇ ਆਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਸੂਬਾ ਸਰਕਾਰ ਨੇ ਲਾਮਿਸਾਲ ਕਦਮ ਚੁੱਕਦਿਆਂ ਸੱਤ ਔਰਤਾਂ ਨੂੰ ਡਿਪਟੀ ਕਮਿਸ਼ਨਰ ਅਤੇ ਪੰਜ ਨੂੰ ਐਸ.ਐਸ.ਪੀ. ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਹ ਅਫ਼ਸਰ ਸੂਬੇ ਤੇ ਇਸ ਦੇ ਲੋਕਾਂ ਦੀ ਮਿਸਾਲੀ ਸੇਵਾ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਅਫ਼ਸਰ ਹੋਰ ਔਰਤਾਂ ਨੂੰ ਅੱਗੇ ਆਉਣ ਅਤੇ ਆਪਣੇ ਪਰਿਵਾਰਾਂ ਲਈ ਕਮਾਊ ਬਣਨ ਲਈ ਪ੍ਰੇਰਿਤ ਕਰ ਰਹੇ ਹਨ, ਜਿਸ ਨਾਲ ਦਾਜ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਆਪਣੇ-ਆਪ ਹੱਲ ਹੋ ਜਾਣਗੀਆਂ ਅਤੇ ਔਰਤਾਂ ਦੇ ਸ਼ਕਤੀਕਰਨ ਦਾ ਰਾਹ ਪੱਧਰਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿੱਚ 10 ਮਹਿਲਾ ਪੁਲਿਸ ਥਾਣੇ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਇਹ ਥਾਣੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਭਰ ਵਿੱਚ ਅਜਿਹੇ ਹੋਰ ਥਾਣੇ ਸਥਾਪਤ ਕਰਨ ਉਤੇ ਵਿਚਾਰ ਕਰ ਰਹੀ ਹੈ।

ਆਪਣੀ ਲਿਖੀ ਕਵਿਤਾ ‘ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ, ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਹਾਰਿਆ ਗਿਆ’ ਸੁਣਾਉਂਦਿਆਂ ਮੁੱਖ ਮੰਤਰੀ ਨੇ ਹਰੇਕ ਖ਼ੇਤਰ ਵਿੱਚ ਔਰਤਾਂ ਲਈ ਬਰਾਬਰ ਮੌਕਿਆਂ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਹਰੇਕ ਖ਼ੇਤਰ ਵਿੱਚ ਲੜਕਿਆਂ ਨੂੰ ਪਛਾੜਿਆ ਹੈ ਅਤੇ ਜੇ ਲੜਕੀਆਂ ਨੂੰ ਮੌਕਾ ਮਿਲੇ ਤਾਂ ਉਹ ਹਰੇਕ ਖ਼ੇਤਰ ਵਿੱਚ ਸਫ਼ਲਤਾ ਦੇ ਝੰਡੇ ਗੱਡ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਸਮਾਜ ਦੀ ਬੁਨਿਆਦ ਹਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਮੁਹੱਈਆ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤਾਂ ਕਿ ਉਹ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਦਾ ਅਨਿੱਖੜ ਅੰਗ ਬਣਨ। ਇਸ ਤੋਂ ਪਹਿਲਾਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਬੱਚਿਆਂ ਨੂੰ ਹੀ ਨਹੀਂ, ਸਗੋਂ ਬਚਪਨ ਨੂੰ ਵੀ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ ਅਤੇ ‘ਵਿੱਦਿਆ ਪ੍ਰਕਾਸ਼, ਸਕੂਲ ਵਾਪਸੀ ਦਾ ਆਗਾਜ਼’ ਇਨ੍ਹਾਂ ਵਿੱਚੋਂ ਇਕ ਹੈ, ਜਿਹੜਾ ਹੌਲੀ-ਹੌਲੀ ਸਫ਼ਲਤਾ ਦਾ ਪ੍ਰਤੀਕ ਬਣ ਰਿਹਾ ਹੈ। ਇਸ ਮੌਕੇ ਡੀ.ਜੀ.ਪੀ. ਗੌਰਵ ਯਾਦਵ ਨੇ ਪੁਲਿਸ ਦੀ ਕਾਰਜਪ੍ਰਣਾਲੀ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਅਤੇ ਭਰੋਸਾ ਦਿਵਾਇਆ ਕਿ ਪੁਲਿਸ ਜਵਾਨਾਂ ਲਈ ਅਨੁਕੂਲ ਮਾਹੌਲ ਸਿਰਜਿਆ ਜਾਵੇਗਾ। ਏ.ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਨੇ ਸਮਾਗਮ ਵਿੱਚ ਪੁੱਜੀਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button