Breaking NewsD5 specialNewsPress ReleasePunjabPunjab OfficialsTop News

ਮੁੱਖ ਮੰਤਰੀ ਵੱਲੋਂ ਮਾਲੇਰਕੋਟਲਾ ਦਾ ਸੂਬੇ ਦੇ 23ਵੇਂ ਜ਼ਿਲੇ ਵਜੋਂ ਉਦਘਾਟਨ, 548 ਕਰੋੜ ਰੁਪਏ ਦੇ ਵਿਕਾਸਮੁਖੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

ਰਜ਼ੀਆ ਸੁਲਤਾਨਾ ਵੱਲੋਂ ਮੁੱਖ ਮੰਤਰੀ ਦਾ ਮਾਲੇਰਕੋਟਲਾ ਵਾਸੀਆਂ ਨੂੰ ਤੋਹਫਾ ਦੇਣ ਲਈ ਧੰਨਵਾਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵਰਚੁਅਲ ਢੰਗ ਨਾਲ ਮਾਲੇਰਕੋਟਲਾ ਦਾ ਸੂਬੇ ਦੇ 23ਵੇਂ ਜ਼ਿਲੇ ਵਜੋਂ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ 548 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਨਵੇਂ ਬਣਾਏ ਗਏ ਮਾਲੇਰਕੋਟਲਾ ਜ਼ਿਲੇ ਵਿੱਚ 100 ਵੱਖੋ-ਵੱਖ ਸਥਾਨਾਂ ’ਤੇ ਐਲ.ਈ.ਡੀ. ਸਕ੍ਰੀਨਾਂ ਰਾਹੀਂ ਕਈ ਵਿਧਾਇਕਾਂ, ਮਿਊਂਸਪਲ ਕਮੇਟੀਆਂ ਦੇ ਕੌਂਸਲਰਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਨੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਲੇਰਕੋਟਲਾ ਦੇ ਨਵਾਂ ਜ਼ਿਲਾ ਬਣਨ ਨਾਲ ਇਸ ਖੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨਾਂ ਇਹ ਵੀ ਕਿਹਾ ਕਿ ਬੇਹੱਦ ਅਮੀਰ ਵਿਰਸੇ ਵਾਲੇ ਮਾਲੇਰਕੋਟਲਾ ਨੂੰ ਕਾਫੀ ਸਮਾਂ ਪਹਿਲਾਂ ਹੀ ਜ਼ਿਲਾ ਬਣਾ ਦਿੱਤਾ ਜਾਣਾ ਚਾਹੀਦਾ ਸੀ। ਉਨਾਂ ਅੱਗੇ ਕਿਹਾ ਕਿ ਉਨਾਂ ਨੇ ਆਪਣੇ ਬੀਤੇ ਕਾਰਜਕਾਲ ਦੌਰਾਨ 2005 ਵਿੱਚ ਮਾਲੇਰਕੋਟਲਾ ਨੂੰ ਜ਼ਿਲਾ ਬਣਾਏ ਜਾਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਕਾਰਨ ਉਹ ਪੂਰਾ ਨਹੀਂ ਹੋ ਸਕਿਆ। ਬਾਅਦ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਇਕ ਦਹਾਕਾ ਚੱਲੇ ਕਾਰਜਕਾਲ ਦੌਰਾਨ ਸਥਾਨਕ ਵਾਸੀਆਂ ਦੀ ਇਸ ਮੰਗ ਨੂੰ ਅਣਗੌਲਿਆਂ ਹੀ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2017 ਵਿੱਚ ਸੱਤਾ ਵਿੱਚ ਆਉਣ ਮਗਰੋਂ ਉਨਾਂ ਦੀ ਸਰਕਾਰ ਨੇ ਇਸ ਸਬੰਧੀ ਤਿਆਰੀ ਕਰਨੀ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਇਸ ਵਰੇ 14 ਮਈ ਨੂੰ ਈਦ-ਉਲ-ਫਿਤਰ ਦੇ ਮੁਬਾਰਕ ਮੌਕੇ ਰਸਮੀ ਐਲਾਨ ਉਨਾਂ ਵੱਲੋਂ ਕੀਤਾ ਗਿਆ। ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਇਸ ਨਵੇਂ ਬਣੇ ਜ਼ਿਲੇ ਵਿੱਚ ਮਾਲੇਰਕੋਟਲਾ, ਅਹਿਮਦਗੜ ਅਤੇ ਸਬ-ਤਹਿਸੀਲ ਤੋਂ ਦਰਜਾ ਵਧਾ ਕੇ ਸਬ-ਡਵੀਜ਼ਨ ਬਣਾਏ ਗਏ ਅਮਰਗੜ ਸਬ-ਡਵੀਜ਼ਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਜ਼ਿਲਾ ਪੱਧਰ ’ਤੇ ਆਰਜ਼ੀ ਦਫ਼ਤਰ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਪੱਧਰ ’ਤੇ ਹੀ 12 ਵਿਭਾਗਾਂ ਦੇ ਦਫ਼ਤਰ ਛੇਤੀ ਹੀ ਚਾਲੂ ਕੀਤੇ ਜਾਣਗੇ।  ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਵੀਜ਼ਨਲ ਕੰਪਲੈਕਸ ਦੀ ਉਸਾਰੀ ਜੰਗੀ ਪੱਧਰ ’ਤੇ ਕੀਤੀ ਜਾਵੇਗੀ ਜਿਸ ਲਈ 20 ਕਰੋੜ ਰੁਪਏ ਅਲਾਟ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਮਾਲੇਰਕੋਟਲਾ ਦੇ ਨਵਾਂ ਜ਼ਿਲਾ ਬਣਨ ਨਾਲ ਖੇਤਰ ਦਾ ਸਮੁੱਚਾ ਵਿਕਾਸ ਹੋਵੇਗਾ ਜਿਸ ਨਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉਨਾਂ ਦੇ ਬੂਹਿਆਂ ’ਤੇ ਸੇਵਾਵਾ ਮੁਹੱਈਆ ਕਰਵਾਈਆਂ ਜਾਣਗੀਆਂ।

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਸ਼ਹਿਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੀ ਸਥਾਪਨਾ ਸਾਲ 1454 ਵਿੱਚ ਸ਼ੇਖ ਸਦਰੁੱਦੀਨ- ਏ-ਜਹਾਂ ਵੱਲੋਂ ਕੀਤੀ ਗਈ ਸੀ ਜੋ ਕਿ ਅਫਗਾਨਿਸਤਾਨ ਤੋਂ ਆਏ ਸਨ ਅਤੇ ਇਸ ਪਿਛੋਂ ਬਾਇਜ਼ੀਦ ਖਾਨ ਵੱਲੋਂ 1657 ਵਿੱਚ ਮਾਲੇਰਕੋਟਲਾ ਰਿਆਸਤ ਸਥਾਪਤ ਕੀਤੀ ਗਈ ਸੀ। ਬਾਅਦ ਵਿੱਚ ਮਾਲੇਰਕੋਟਲਾ ਨੂੰ ਹੋਰ ਸ਼ਾਹੀ ਰਿਆਸਤਾਂ ਨਾਲ ਮਿਲਾ ਕੇ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦੀ ਸਿਰਜਨਾ ਕੀਤੀ ਗਈ ਸੀ। 1956 ਵਿੱਚ ਸੂਬਿਆਂ ਦੇ ਪੁਨਰਗਠਨ ਮੌਕੇ ਮਾਲੇਰਕੋਟਲਾ ਰਿਆਸਤ ਪੰਜਾਬ ਦਾ ਹਿੱਸਾ ਬਣ ਗਈ ਸੀ। ਸਿੱਖ ਇਤਿਹਾਸ ਵਿੱਚ ਮਾਲੇਰਕੋਟਲਾ ਦੇ ਖਾਸ ਮਹੱਤਵ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਲੋਕ ਖਾਸ ਕਰਕੇ ਸਿੱਖ, ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਬਹੁਤ ਇਜ਼ੱਤ ਕਰਦੇ ਹਨ ਜਿਨਾਂ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੁਆਰਾ ਜ਼ੁਲਮ ਦੀ ਇੰਤਹਾ ਕਰਦੇ ਹੋਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ (9 ਸਾਲ) ਅਤੇ ਬਾਬਾ ਫਤਿਹ ਸਿੰਘ ਜੀ (7 ਸਾਲ) ਨੂੰ ਜਿਊਂਦਿਆਂ ਨੀਂਹਾਂ ਵਿੱਚ ਚਿਣੇ ਜਾਣ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ‘ਹਾਅ ਦਾ ਨਾਅਰਾ’ ਮਾਰਿਆ ਸੀ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ‘ਸ੍ਰੀ ਸਾਹਿਬ’ (ਤਲਵਾਰ) ਅਤੇ ‘ਹੁਕਮਨਾਮਾ’ ਬਖ਼ਸ਼ਿਸ਼ ਕੀਤਾ ਸੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਅਤੇ ਮਾਲੇਰਕੋਟਲਾ ਦੇ ਲੋਕਾਂ ਨੂੰ ਅਸੀਸ ਦਿੱਤੀ ਸੀ ਕਿ ਇਹ ਸ਼ਹਿਰ ਹਮੇਸ਼ਾ ਅਮਨੋ-ਅਮਾਨ ਅਤੇ ਖੁਸ਼ੀ ਨਾਲ ਵਸੇਗਾ। ਇਸ ਦਾ ਸਬੂਤ ਇਸੇ ਗੱਲ ਤੋਂ ਮਿਲਦਾ ਹੈ ਕਿ 1947 ਵਿੱਚ ਬਟਵਾਰੇ ਦੇ ਦੰਗਿਆਂ ਮੌਕੇ ਮਾਲੇਰਕੋਟਲਾ ਰਿਆਸਤ ਵਿੱਚ ਹਿੰਸਾ ਦੀ ਇਕ ਵੀ ਘਟਨਾ ਨਹੀਂ ਵਾਪਰੀ। ਉਨਾਂ ਅੱਗੇ ਦੱਸਿਆ ਕਿ ਇਸ ਸ਼ਹਿਰ ਨੂੰ ਸੂਫੀ ਸੰਤ ਬਾਬਾ ਹੈਦਰ ਸ਼ੇਖ਼ ਦੀ ਅਸੀਸ ਵੀ ਹਾਸਲ ਹੈ ਜਿਨਾਂ ਦੀ ਇੱਥੇ ਦਰਗਾਹ ਸਥਿਤ ਹੈ।
ਮੁੱਖ ਮੰਤਰੀ ਨੇ ਮਾਲੇਰਕੋਟਲਾ ਵਿਖੇ ਜਨਵਰੀ, 1872 ਵਿੱਚ 66 ਨਾਮਧਾਰੀ ਸਿੱਖਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਕੂਕਾ ਸ਼ਹੀਦਾਂ, ਜਿਨਾਂ ਨੂੰ ਬਿਨਾਂ ਮੁਕੱਦਮੇ ਦੇ ਬਿ੍ਰਟਿਸ਼ ਹਕੂਮਤ ਨੇ ਤੋਪਾਂ ਨਾਲ ਬੰਨ ਕੇ ਉਡਾ ਦਿੱਤਾ ਸੀ, ਦੀ ਯਾਦ ਵਿੱਚ 66 ਫੁੱਟ ਲੰਮਾ ਖੰਡਾ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ 66 ਵੱਡੀਆਂ ਅਤੇ ਛੋਟੀਆਂ ਮੋਰੀਆਂ ਹਨ। ਵੱਡੀਆਂ ਮੋਰੀਆਂ ਨੌਜਵਾਨ ਸ਼ਹੀਦਾਂ ਅਤੇ ਛੋਟੀਆਂ ਮੋਰੀਆਂ ਬਾਲ ਸ਼ਹੀਦਾਂ ਦਾ ਪ੍ਰਤੀਕ ਹਨ।

🔴LIVE| 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi

ਮਾਲੇਰਕੋਟਲਾ ਦੇ ਉਸ ਸਮੇਂ ਦੇ ਨਵਾਬ ਨਾਲ ਆਪਣੇ ਗੂੜੇ ਰਿਸ਼ਤਿਆਂ ਨੂੰ ਯਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਚਪਨ ਵਿੱਚ ਆਪਣੀਆਂ ਸ਼ਹਿਰ ਫੇਰੀਆਂ ਮੌਕੇ ਉਹ ਨਵਾਬ ਸਾਹਿਬ ਨੂੰ ‘ਚਾਚਾ ਜੀ’ ਅਤੇ ਨਵਾਬ ਵੱਲੋਂ ਉਨਾਂ ਨੂੰ ਪਿਆਰ ਨਾਲ ‘ਭਤੀਜ’ ਕਹਿਕੇ ਸੱਦਦੇ ਸਨ। ਬਾਅਦ ਵਿੱਚ ਮੁੱਖ ਮੰਤਰੀ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਰਕਾਰੀ ਮੈਡੀਕਲ ਕਾਲਜ ਮਾਲੇਰਕੋਟਲਾ ਦਾ ਨੀਂਹ ਪੱਥਰ ਰੱਖਿਆ ਜਿਸ ’ਤੇ 500 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਸਬੰਧੀ 50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਮਨਜ਼ੂਰ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਮਾਲੇਰਕੋਟਲਾ ਵਿੱਖੇ ਕੁੜੀਆਂ ਦੇ ਸਰਕਾਰੀ ਕਾਲਜ (12 ਕਰੋੜ ਰੁਪਏ), ਨਵੇਂ ਬੱਸ ਸਟੈਂਡ (10 ਕਰੋੜ ਰੁਪਏ) ਅਤੇ ਮਹਿਲਾ ਥਾਣੇ ਦੇ ਵੀ ਨੀਂਹ ਪੱਥਰ ਰੱਖੇ। ਉਨਾਂ ਇਸ ਮੌਕੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰੀ ਵਿਕਾਸ ਯਕੀਨੀ ਬਣਾਉਣ ਲਈ 6 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ।
ਮਾਲੇਰਕੋਟਲਾ ਦੀ ਸੱਭਿਆਚਾਰਕ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਲਈ ਮੁੱਖ ਮੰਤਰੀ ਨੇ ਦ ਆਗਾ ਖ਼ਾਨ ਫਾਊਂਡੇਸ਼ਨ (ਯੂ.ਕੇ.) ਵੱਲੋਂ ਜਾਰੀ ਪੱਤਰ ਦੇ ਵੇਰਵੇ ਵੀ ਸਾਂਝੇ ਕੀਤੇ ਜੋ ਕਿ ਉਨਾਂ ਵੱਲੋਂ ਫਾਊਂਡੇਸ਼ਨ ਨੂੰ ਪਹਿਲਾਂ ਲਿਖੇ ਪੱਤਰ ਦਾ ਜਵਾਬ ਸੀ ਜਿਸ ਵਿੱਚ ਉਨਾਂ ਨੇ ਮਾਲੇਰਕੋਟਲਾ ਦੇ ਆਖਰੀ ਨਵਾਬ ਇਫ਼ਤਿਖਾਰ ਅਲੀ ਖ਼ਾਨ ਦੀ ਪਤਨੀ ਬੇਗਮ ਸਾਹਿਬਾ ਮੁਨੱਵਰ ਉਲ ਨਿਸਾ ਦੀ ਮਲਕੀਅਤ ਵਾਲੇ ਮੁਬਾਰਕ ਮੰਜ਼ਿਲ ਪੈਲੇਸ ਦੀ ਸਾਂਭ ਸੰਭਾਲ ਕਰਨ ਬਾਬਤ ਲਿਖਿਆ ਸੀ।

ਫਾਊਂਡੇਸ਼ਨ ਵੱਲੋਂ ਇਸ ਪ੍ਰਾਜੈਕਟ ਲਈ ਹਾਮੀ ਭਰੀ ਗਈ ਹੈ ਅਤੇ ਉਸ ਦੇ ਪ੍ਰਤੀਨਿਧੀ ਛੇਤੀ ਹੀ ਸਬੰਧਤ ਅਥਾਰਟੀਆਂ ਨਾਲ ਗੱਲਬਾਤ ਕਰਕੇ ਇਸ ਕੰਮ ਦੀ ਰੂਪ-ਰੇਖਾ ਉਲੀਕਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁਬਾਰਕ ਮੰਜ਼ਿਲ ਪੈਲੇਸ ਦਾ ਅਧਿਗ੍ਰਹਿਣ ਕਰ ਲਿਆ ਹੈ ਅਤੇ ਇਸ ਦੀ ਸਾਂਭ-ਸੰਭਾਲ ਮਾਲੇਰਕੋਟਲਾ ਦੇ ਨਵਾਬਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤਾਂ ਜੋ  ਇਸ ਸ਼ਹਿਰ ਦੀਆਂ ਧਰਮ ਨਿਰਪੱਖ ਅਤੇ ਮਿਲਜੁਲ ਕੇ ਰਹਿਣ ਦੀਆਂ ਪਰੰਪਰਾਵਾਂ ਨੂੰ ਅੱਗੇ ਵਧਾਇਆ ਜਾ ਸਕੇ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ, ਜੋ ਕਿ ਸਥਾਨਕ ਵਿਧਾਇਕ ਵੀ ਹਨ, ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਲੇਰਕੋਟਲਾ ਦੇ ਨਿਵਾਸੀਆਂ ਨੂੰ ਇਹ ਸ਼ਾਨਦਾਰ ਤੋਹਫਾ ਦੇਣ ਲਈ ਉਹ ਮੁੱਖ ਮੰਤਰੀ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। ਉਨਾਂ ਅੱਗੇ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲਾ ਬਣਾਏ ਜਾਣ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਨਾਂ ’ਤੇ ਉਸਾਰੇ ਜਾਣ ਵਾਲੇ ਮੈਡੀਕਲ ਕਾਲਜ ਨਾਲ ਉਨਾਂ ਆਲੋਚਕਾਂ ਦੇ ਮੂੰਹ ਬੰਦ ਹੋ ਗਏ ਹਨ ਜੋ ਕਿ ਮਾਲੇਰਕੋਟਲਾ ਦੇ ਤਰਜ਼ੀਹੀ ਵਿਕਾਸ ਨਾ ਕੀਤੇ ਜਾਣ ਲਈ ਸਰਕਾਰ ਦੀ ਨੁਕਤਾਚੀਨੀ ਕਰਦੇ ਰਹਿੰਦੇ ਸਨ।

ਸ਼ਿਵ ਸੈਨਾ ਦੇ ਪ੍ਰੋਗਰਾਮ ‘ਚ ਵੜ੍ਹਗੇ ਗੁਰੂ ਦੇ ਸਿੰਘ,ਮਾਹੌਲ ਗਰਮ,ਚਾਰੇ ਪਾਸੇ ਲੱਗੀ ਪੁਲਿਸ!

ਇਸ ਮੌਕੇ ਆਪਣੇ ਸੰਬੋਧਨ ਵਿੱਚ ਮਾਲ ਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਾਲੇਰਕੋਟਲਾ ਨੂੰ ਇੱਕ ਨਵੀਂ ਜ਼ਿਲਾ ਪ੍ਰਸ਼ਾਸਨਿਕ ਇਕਾਈ ਬਣਾਏ ਜਾਣ ਦੀ ਸ਼ਾਨਦਾਰ ਪਹਿਲ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕਦਮ ਨਾਲ ਇਸ ਖੇਤਰ ਦੇ ਸਮੁੱਚੇ ਵਿਕਾਸ ਲਈ ਸਰਕਾਰੀ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾਣ ਦਾ ਰਾਹ ਪੱਧਰਾ ਹੋਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮਾਲੇਰਕੋਟਲਾ ਦੇ ਇਤਿਹਾਸਕ ਸ਼ਹਿਰ ਨੂੰ ਜ਼ਿਲਾ ਬਣਾਏ ਜਾਣ ਨਾਲ ਇਸ ਖੇਤਰ ਦਾ ਸਰਵਪੱਖੀ ਵਿਕਾਸ ਹੋਵੇਗਾ ਜੋਕਿ ਸਥਾਨਕ ਨਿਵਾਸੀਆਂ ਦੀਆਂ ਆਸਾਂ ਪੂਰੀਆਂ ਕਰੇਗਾ। ਉਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਬਿਹਤਰ ਪ੍ਰਸ਼ਾਸਨ ਅਤੇ ਤੇਜ਼ ਗਤੀ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨੀਕ ਦੇ ਬਦਲਦੇ ਰੂਪ ਦੇ ਮੱਦੇਨਜ਼ਰ ਸਥਾਨਕ ਲੋਕਾਂ ਦੀ ਮੰਗ ਅਨੁਸਾਰ ਅਬੋਹਰ ਅਤੇ ਬਟਾਲਾ ਨੂੰ ਵੀ ਜ਼ਿਲੇ ਬਣਾਉਣ ਲਈ ਸੰਭਾਵਨਾ ਤਲਾਸ਼ੀ ਜਾਵੇ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਇੱਕ ਸਮਾਨ ਵਿਕਾਸ ਕੀਤੇ ਜਾਣ ਲਈ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲਿਆ ਜਾਵੇ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ. ਵਜੋਂ ਕੰਵਰਦੀਪ ਕੌਰ ਦੀ ਤਾਇਨਾਤੀ ਕਰਕੇ ਮਹਿਲਾ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਦਾ ਮੁਜ਼ਾਹਰਾ ਕੀਤਾ ਹੈ। ਉਨਾਂ ਮੁੱਖ ਮੰਤਰੀ ਨੂੰ ਰੋਪੜ ਜ਼ਿਲੇ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਨਿੱਜੀ ਤੌਰ ’ਤੇ ਦਖਲ ਦੇਣ ਦੀ ਅਪੀਲ ਵੀ ਕੀਤੀ। ਮੁੱਖ ਸਕੱਤਰ ਵਿਨੀ ਮਹਾਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਲੇਰਕੋਟਲਾ ਨੂੰ ਨਵਾਂ ਜ਼ਿਲਾ ਮੁੱਖ ਦਫ਼ਤਰ ਬਣਾਏ ਜਾਣ ਨਾਲ ਇਸ ਖੇਤਰ ਦੇ ਸੰਪੂਰਣ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗਾ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਇੱਕ ਸਮਰੱਥ ਅਤੇ ਪਾਰਦਰਸ਼ੀ ਪ੍ਰਸ਼ਾਸਨ ਵੀ ਮਿਲੇਗਾ। ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਮਾਲ ਅਤੇ ਮੁੜ ਵਸੇਬਾ ਰਵਨੀਤ ਕੌਰ ਨੇ ਮਾਲੇਰਕੋਟਲਾ, ਅਹਿਮਦਗੜ ਅਤੇ ਅਮਰਗੜ ਦੀ ਸ਼ਮੂਲੀਅਤ ਵਾਲੇ ਮਾਲੇਰਕੋਟਲਾ ਜ਼ਿਲੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਸ਼ਾਮਲ ਕੀਤੇ ਜਾਣਗੇ। ਇਸ ਮੌਕੇ ਮਿਊਂਸਪਲ ਕੌਂਸਲਰ ਮਨੋਜ ਕੁਮਾਰ, ਜ਼ੀਆ ਜਮਾਲ, ਬਲਾਕ ਸੰਮਤੀ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਜਸਪਾਲ ਦਾਸ ਅਤੇ ਪ੍ਰੋਫੈਸਰ ਰਫੀ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਮਾਲੇਰਕੋਟਲਾ ਨੂੰ ਜ਼ਿਲਾ ਮੁੱਖ ਦਫ਼ਤਰ ਦਾ ਦਰਜਾ ਦੇਣ ਅਤੇ ਸਥਾਨਕ ਵਾਸੀ ਦੀ ਕਿਸਮਤ ਬਦਲਣ ਲਈ ਕਈ ਵਿਕਾਸਮੁਖੀ ਪ੍ਰਾਜੈਕਟ ਮਨਜ਼ੂਰ ਕੀਤੇ ਜਾਣ ਲਈ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button