Breaking NewsD5 specialNewsPress ReleasePunjabTop News

ਮੁੱਖ ਮੰਤਰੀ ਚੰਨੀ ਵਲੋਂ ਤਲਵੰਡੀ ਸਾਬੋ ਵਿਖੇ ਵਿਰਾਸਤੀ ਮਾਰਗ ਬਣਾਉਣ ਦਾ ਐਲਾਨ

ਚੰਨੀ ਨੇ ਝੂਠੇ ਵਾਅਦੇ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਲਿਆ ਕਰੜੇ ਹੱਥੀਂ

ਰਾਮਾਂ ਮੰਡੀ: ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਵਿਕਾਸ ਲਈ ਕੁਝ ਨਾ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਅੰਮਿ੍ਰਤਸਰ ਅਤੇ ਸ੍ਰੀ ਚਮਕੌਰ ਸਾਹਿਬ ਦੀ ਤਰਜ਼ ਤੇ ਤਲਵੰਡੀ ਸਾਬੋ ਵਿਖੇ ਵੀ ਵਿਰਾਸਤੀ ਮਾਰਗ ਬਣਾਇਆ ਜਾਵੇਗਾ। ਅੱਜ ਇੱਥੇ ਦਾਣਾ ਮੰਡੀ ਵਿਚ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਬਾਦਲਾਂ ਨੇ ਸਾਰਾ ਧਿਆਨ ਆਪਣੇ ਖਜਾਨੇ ਭਰਨ ਤੇ ਲਗਾਈ ਰੱਖਿਆ ਅਤੇ ਪਵਿੱਤਰ ਸ਼ਹਿਰ ਤਲਵੰਡੀ ਸਾਬੋ ਦੇ ਵਿਕਾਸ ਲਈ ਕੁਝ ਨਹੀਂ ਕੀਤਾ । ਉਨਾਂ ਕਿਹਾ ਕਿ ਇਸ ਧਾਰਮਿਕ ਤੌਰ ਤੇ ਪਵਿੱਤਰ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਉੱਦਮ ਕੀਤੇ ਜਾਣਗੇ।ਇਸ ਮੌਕੇ ਉਨਾਂ ਨੇ ਤਲਵੰਡੀ ਸਾਬੋ ਦੇ ਸਰਬਪੱਖੀ ਵਿਕਾਸ ਲਈ ਅਨੇਕਾਂ ਵੱਡੇ ਕਦਮ ਚੁੱਕਣ ਦਾ ਐਲਾਨ ਕਰਦਿਆਂ ਆਖਿਆ ਕਿ ਜਿਸ ਤਰਾਂ ਦਾ ਆਧੁਨਿਕ ਮਾਡਲ ਸਕੂਲ ਖਰੜ ਵਿਖੇ ਬਣਾਇਆ ਗਿਆ ਹੈ ਉਸੇ ਤਰਾਂ ਦਾ ਹੀ ਸਕੂਲ ਰਾਮਾਂ ਮੰਡੀ ਵਿਖੇ ਬਣਾਇਆ ਜਾਵੇਗਾ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ । ਮੰਡੀ ਦੀ ਯਾਤਾਯਾਤ ਸਮੱਸਿਆ ਸਬੰਧੀ ਬੋਲਦਿਆਂ ਉਨਾਂ ਨੇ ਰਾਮਾਂ ਮੰਡੀ ਵਿਚ ਇਕ ਫਲਾਈਓਵਰ ਬਣਾਉਣ ਦਾ ਐਲਾਨ ਵੀ ਕੀਤਾ। ਉਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਨਾਂ ਨੇ ਗੋਆ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਤਾਂ ਪੰਜਾਬ ਵਿੱਚ ਇਸ ਦੇ ਬਰਾਬਰ ਜਾਂ ਪੰਜ ਹਜਾਰ ਰੁਪਏ ਦੇਣ ਦਾ ਐਲਾਨ ਕਿਉਂ ਨਹੀਂ ਕੀਤਾ । ਉਨਾਂ ਨੇ ਆਪ ਵਾਲਿਆਂ ਨੂੰ ਬਾਹਰੀ ਦੱਸਦਿਆਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਲਈ ਝੂਠੇ ਵਾਅਦਿਆਂ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ ।

http://Ik Meri vi Suno (Kisan Bill) : ਵੱਡੀ ਖੁਸ਼ਖਬਰੀ, ਮੰਨੀ ਮੋਦੀ ਸਰਕਾਰ! ਬਣੀ ਸਹਿਮਤੀ || D5 Channel Punjabi

ਲੋਕਾਂ ਦੀ ਤਾੜੀਆਂ ਦੀ ਗੜਗੜਾਹਟ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇੱਥੋਂ ਦੀ ਆਪਣੀ ਪੁਰਾਣੀ ਸਾਈਕਲ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਵਾਰੀ ਉਹ ਹੈਲੀਕਾਪਟਰ ਤੇ ਆਏ ਹਨ ਜੋ ਸਾਡੇ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਵਿਸ਼ਵਾਸ ਦਾ ਨਤੀਜਾ ਹੈ । ਉਨਾਂ ਆਖਿਆ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਹੋਏ ਖਰਾਬੇ ਦੇ ਮੁਆਵਜੇ ਵਜੋਂ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕਡ ਦਾ ਮੁਆਵਜਾ ਅਗਲੇ ਹਫਤੇ ਤੱਕ ਮਿਲ ਜਾਵੇਗਾ। ਮੁੱਖ ਮੰਤਰੀ ਨੇ ਕਾਂਗਰਸ ਆਗੂ ਅਤੇ ਤਲਵੰਡੀ ਸਾਬੋ ਹਲਕਾ ਦੇਖ ਰਹੇ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇਲਾਕੇ ਦੀਆਂ ਮੰਗਾਂ ਨੂੰ ਪ੍ਰਭਾਵੀ ਤਰੀਕੇ ਨਾਲ ਉਠਾਉਣ ਲਈ ਉਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕਾਂਗਰਸ ਸਰਕਾਰ ਤਲਵੰਡੀ ਸਾਬੋ ਦੇ ਵਿਕਾਸ ਵਿੱਚ ਇੱਕ ਵੀ ਰੁਕਾਵਟ ਨਹੀਂ ਰਹਿਣ ਦੇਵੇਗੀ। ਇਸ ਤੋਂ ਪਹਿਲਾਂ ਬੋਲਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਰੋਜ਼ਾਨਾ ਆਮਦਨ ਵਿੱਚ 1.28 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ 14 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ। ਉਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬੀਆਂ ਨਾਲ ਧੋਖਾ ਕਰਨ ਦੀ ਗੱਲ ਵੀ ਆਖੀ । ਇਸ ਤੋਂ ਪਹਿਲਾਂ ਖੁਸ਼ਬਾਜ ਸਿੰਘ ਜਟਾਣਾ ਨੇ ਇਸ ਮੌਕੇ ਬੋਲਦਿਆਂ ਇਲਾਕੇ ਦੀਆਂ ਮੰਗਾਂ ਮੁੱਖ ਮੰਤਰੀ ਦੇ ਸਨਮੁਖ ਰੱਖੀਆਂ । ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਾਮੰਡੀ ਵਿਖੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਥਾਨਕ ਸੀਨੀਅਰ ਆਗੂ ਖੁਸ਼ਬਾਜ ਸਿੰਘ ਜਟਾਣਾ ਦੀ ਹਾਜਰੀ ਵਿੱਚ ਨਵੀਂ ਬਣਨ ਵਾਲੀ ਸਬਜ਼ੀ ਮੰਡੀ ਦਾ ਨੀਂਹ ਪੱਥਰ ਵੀ ਰੱਖਿਆ । ਇਸ ਮੌਕੇ ਉਨਾਂ ਨੇ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਸਾਬਕਾ ਮੰਤਰੀ ਹਰਮਿੰਦਰ ਜੱਸੀ , ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ, ਆਈ ਜੀ ਪੁਲਸ ਬਠਿੰਡਾ ਰੇਂਜ ਜਸਕਰਨ ਸਿੰਘ, ਐੱਸਐੱਸਪੀ ਅਜੈ ਮਲੂਜਾ ਵੀ ਹੋਰਨਾਂ ਪ੍ਰਮੁੱਖ ਆਗੂਆਂ ਦੇ ਨਾਲ ਨਾਲ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button