Breaking NewsD5 specialNewsPunjab

ਮੁਲਾਜ਼ਮਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਦਾ ਕੰਮਕਾਜ ਸੁਰੱਖਿਅਤ ਢੰਗ ਨਾਲ ਚਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਵਿਡ -19 ਮਹਾਂਮਾਰੀ ਦੌਰਾਨ ਸਰਕਾਰੀ ਦਫਤਰਾਂ ਦਾ ਕੰਮਕਾਜ ਸੁਰੱÎਖਿਅਤ ਢੰਗ ਨਾਲ ਚਲਾਉਣ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਅਤੇ ਪ੍ਰੋਟੋਕੋਲ ਜਾਰੀ ਕੀਤੇ ਹਨ ਅਤੇ ਮੁਲਾਜ਼ਮਾਂ ਦੀ ਸਿਹਤ ‘ਤੇ ਨਿਯਮਤ ਨਿਗਰਾਨੀ ਰੱਖਣ ਲਈ ਹਰੇਕ ਵਿਭਾਗ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਕਰਮਚਾਰੀਆਂ ਦਰਮਿਆਨ ਘੱਟੋ ਘੱਟ ਦੋ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਦਫਤਰਾਂ ਵਿਚ ਬੈਠਣ ਦੀ ਵਿਵਸਥਾ ਕੀਤੀ ਜਾਵੇ। ਨੋਡਲ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਦਫਤਰ ਦੇ ਮੁਖੀ ਨੂੰ ਸੌਂਪਣੀ ਹੋਵੇਗੀ।

ਦਫਤਰ ਆਉਣ ਵਾਲੇ ਕਰਮਚਾਰੀਆਂ ਨੂੰ ਡਿਊਟੀ ਲਈ ਰਿਪੋਰਟ ਕਰਨ, ਡਿਊਟੀ ਤੋਂ ਬਾਅਦ ਘਰ ਜਾਣ, ਦੁਪਹਿਰ ਦੇ ਖਾਣੇ ਅਤੇ ਚਾਹ ਪੀਣ ਲਈ ਉਨ੍ਹਾਂ ਦੀ ਸਹੂਲਤ ਮੁਤਾਬਕ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਦਫ਼ਤਰਾਂ ਵਿੱਚ ਭੀੜ ਨਾ ਹੋਵੇ ਅਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਏ ਰੱਖਣ ਸਬੰਧੀ ਨਿਯਮਾਂ ਨੂੰ ਬਣਾਈ ਰੱÎਖਿਆ ਜਾਵੇ।  ਉਹ ਕਰਮਚਾਰੀ ਜੋ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਰਕੇ ਜਾਂ ਉਨ੍ਹਾਂ ਦੀ ਰਹਾਇਸ਼ ਕੰਟੇਨਮੈਂਟ ਜ਼ੋਨ ਜਾਂ ਬਫ਼ਰ ਜ਼ੋਨ ਵਿੱਚ ਹੋਣ ਕਰਕੇ ਦਫ਼ਤਰ ਨਹੀਂ ਜਾ ਸਕਦੇ, ਨੂੰ ਸਿਵਲ ਸਰਵਿਸ ਰੂਲਜ਼ ਦੀਆਂ ਧਾਰਾਵਾਂ ਦੇ ਅਨੁਸਾਰ ਵੱਧ ਤੋਂ ਵੱਧ 30 ਦਿਨ ਦੀ ਕੁਆਰੰਟੀਨ ਲੀਵ (ਛੁੱਟੀ) ਦਿੱਤੀ ਜਾਵੇਗੀ। ਜੇ ਕੋਈ ਕਰਮਚਾਰੀ ਫਿਰ ਵੀ ਅਜਿਹੇ ਕਾਰਨਾਂ ਜੋ ਉਸਦੇ ਕੰਟਰੋਲ ਤੋਂ ਬਾਹਰ ਹਨ, ਕਰਕੇ ਕੁਆਰੰਟੀਨ ਲੀਵ ਦੇ 30 ਦਿਨਾਂ ਬਾਅਦ ਵੀ ਦਫਤਰ ਹਾਜ਼ਰ ਨਹੀਂ ਹੋ ਸਕਦਾ ਤਾਂ ਉਸ ਨੂੰ ਸਧਾਰਨ (ਆਰਡੇਨਰੀ) ਛੁੱਟੀ ਦਿੱਤੀ ਜਾਏਗੀ।

ਦਫ਼ਤਰ ਦਾ ਮੁਖੀ ਕਿਸੇ ਵੀ ਵਿਸ਼ੇਸ਼ ਦਿਨ ਦਫਤਰ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਰੱਖੇਗਾ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਅਤੇ ਭੌਤਿਕ ਪੱਤਰ/ਨੋਟਿਸ/ਮੈਮੋ ਰਾਹੀਂ ਸੂਚਨਾਵਾਂ ਦੇ ਸੰਚਾਰ ਤੋਂ ਪਰਹੇਜ਼ ਕੀਤਾ ਜਾਵੇ। ਜਿੱਥੋਂ ਤੱਕ ਹੋ ਸਕੇ ਸਾਰਾ ਦਫਤਰੀ ਕੰਮ ਈ-ਆਫ਼ਿਸ, ਸਰਕਾਰੀ ਈਮੇਲਾਂ, ਟੈਲੀਫੋਨ, ਐਸ.ਐਮ.ਐਸ, ਵਟਸਐਪ, ਪੀ.ਬੀ.ਜੀ.ਆਰ.ਏ.ਐਮ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਸਰਕਾਰੀ ਮੀਟਿੰਗਾਂ ਜਿੱਥੋਂ ਤੱਕ ਸੰਭਵ ਹੋਵੇ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਬੀ.ਏ.ਐੱਸ.) ਦੀ ਵਰਤੋਂ ਆਰਜ਼ੀ ਤੌਰ ‘ਤੇ ਬੰਦ ਰਹੇਗੀ।

ਤੇਜ਼ ਬੁਖ਼ਾਰ ਤੋਂ ਪੀੜਤ ਕਰਮਚਾਰੀਆਂ ਅਤੇ ਆਉਣ ਵਾਲੇ ਹੋਰ ਵਿਅਕਤੀਆਂ ਦੀ ਸਕਰੀਨਿੰਗ ਲਈ ਦਫਤਰ ਦੇ ਪ੍ਰਵੇਸ਼ ਦੁਆਰ ‘ਤੇ ਥਰਮਲ ਸਕੈਨਰ ਲਗਾਏ ਜਾਣੇ ਚਾਹੀਦੇ ਹਨ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਦਫਤਰ ਵਿੱਚ ਕਿਸੇ ਕਰਮਚਾਰੀ ਨੂੰ ਤੇਜ਼ ਬੁਖ਼ਾਰ ਹੈ ਜਾਂ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਕਤ ਕਰਮਚਾਰੀ ਨੂੰ ਅਸਥਾਈ ਤੌਰ ‘ਤੇ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਦਫਤਰ ਅੰਦਰਲੀਆਂ ਥਾਵਾਂ ਖ਼ਾਸਕਰ ਪ੍ਰਵੇਸ਼ ਦੁਆਰ ਅਤੇ ਉੱਚ ਸੰਪਰਕ ਵਾਲੀਆਂ ਸਤਿਹਾਂ ਨੇੜੇ ਹੈਂਡ ਸੈਨੀਟਾਈਜਿੰਗ ਸਟੇਸ਼ਨ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਸਟਾਫ਼ ਲਈ ਦਫ਼ਤਰ ਦੇ ਪ੍ਰਵੇਸ਼ ਦੁਆਰ ‘ਤੇ ਅਲਕੋਹਲ-ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ) ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਦਫ਼ਤਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ।

ਏਅਰ ਕੰਡੀਸ਼ਨਿੰਗ ਸਿਸਟਮਜ਼ ਦੀ ਵਰਤੋਂ ਲਈ, ਦਿਸ਼ਾ-ਨਿਰਦੇਸ਼ ਹਵਾਲਾ ਨੰ: 3129 (ਆਰ) – 3136 (ਆਰ) ਮਿਤੀ 24 ਅਪ੍ਰੈਲ, 2020, ਸਾਰੇ ਸਰਕਾਰੀ ਦਫਤਰਾਂ ਵਿਚ ਲਾਗੂ ਹੋਣਗੇ। ਦਫ਼ਤਰ ਦੀ ਢੁੱਕਵੀਂ ਸਾਫ਼-ਸਫਾਈ ਨੂੰ ਯਕੀਨੀ ਬਣਾਉਣ ਲਈ,ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਦਫਤਰੀ ਸਥਾਨਾਂ ਅਤੇ ਕਾਨਫਰੰਸ ਰੂਮਾਂ ਸਮੇਤ ਅੰਦਰਲੇ ਖੇਤਰਾਂ ਨੂੰ ਹਰ ਸ਼ਾਮ ਦਫਤਰ ਦੇ ਘੰਟਿਆਂ ਤੋਂ ਬਾਅਦ ਜਾਂ ਸਵੇਰੇ ਸਟਾਫ਼ ਦੇ ਆਉਣ ਤੋਂ ਪਹਿਲਾਂ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਇੱਕ ਦੂਜੇ ਨੂੰ ਮਿਲਣ ਜਾਂ ਅਲਵਿਦਾ ਕਹਿਣ ਸਮੇਂ ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਪਰਹੇਜ਼ ਕੀਤਾ ਜਾਵੇ। ਕਰਮਚਾਰੀਆਂ ਨੂੰ ਦਫਤਰ ਵਿੱਚ ਬੇਲੋੜਾ ਘੁੰਮਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੀ ਨਿਰਧਾਰਤ ਜਗ੍ਹਾ ਤੋਂ ਕੰਮ ਕਰਨਾ ਚਾਹੀਦਾ ਹੈ।

ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੇ ਬਾਹਰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨ ਕੇ ਨਿੱਕਲਣਾ ਚਾਹੀਦਾ ਹੈ। ਮਾਸਕ ਨੂੰ ਇਸ ਤਰ੍ਹਾਂ ਪਹਿਨਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਵੀ ਢੱਕਿਆ ਹੋਵੇ। ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਕਰਮਚਾਰੀਆਂ ਨੂੰ ਚਮੜੇ ਦੇ ਪਰਸ ਅਤੇ ਹੈਂਡਬੈਗ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਜ਼ਿਆਦਾ ਹੀ ਜਰੂਰੀ ਹੋਵੇ ਤਾਂ ਉਹ ਕੋਈ ਛੋਟਾ ਬੈਗ ਲੈ ਸਕਦੇ ਹਨ ਅਤੇ ਆਪਣੇ ਘਰ ਵਾਪਸ ਆਉਣ ਤੇ ਇਸ ਬੈਗ ਨੂੰ ਕੀਟਾਣੂਨਾਸ਼ਕ ਕੀਤਾ ਜਾਵੇ।

ਜੇ ਕੋਈ ਕਰਮਚਾਰੀ ਬੁਖਾਰ ਜਾਂ ਕੋਵਿਡ -19 ਦੇ ਹੋਰ ਲੱਛਣਾਂ ਜਿਵੇਂ (ਖਾਂਸੀ / ਛਿੱਕ / ਸਾਹ ਲੈਣ ਵਿੱਚ ਤਕਲੀਫ) ਨਾਲ ਪੀੜਤ ਹੈ ਤਾਂ ਕਰਮਚਾਰੀ ਨੂੰ ਸਵੈ -ਇੱਛਾ ਨਾਲ ਦਫਤਰ ਦੇ ਮੁਖੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਘਰ ਰਹਿਣਾ ਚਾਹੀਦਾ ਹੈ। ਕੋਵਿਡ -19 ਦਾ ਸਮੇਂ ਸਿਰ ਪਤਾ ਲਗਾਉਣ ਅਤੇ ਇਲਾਜ ਲਈ ਡਾਕਟਰੀ ਸਲਾਹ ਵੀ ਲੈਣੀ ਚਾਹੀਦੀ ਹੈ  ਜਿਨ੍ਹਾਂ ਕਰਮਚਾਰੀਆਂ ਦੀ ਰਿਹਾਇਸ਼ ਕੰਟੇਨਮੈਂਟ ਜਾਂ ਬਫਰ ਜ਼ੋਨ ਵਿਚ ਪੈਂਦੀ ਹੈ ਉਨ੍ਹਾਂ ਤੋਂ ਦਫ਼ਤਰ ਵਿਚ ਹਾਜ਼ਰ ਨਹੀਂ ਹੋ ਸਕਦੇ ਪਰ ਉਨ੍ਹਾਂ ਨੂੰ ਤੁਰੰਤ ਦਫ਼ਤਰ ਦੇ ਮੁਖੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਕੋਵਿਡ -19 ਤੋਂ ਪੀੜਤ ਕੋਈ ਕਰਮਚਾਰੀ ਦਫਤਰ ਵਿਚ ਹਾਜ਼ਰ ਹੋਇਆ ਹੈ ਤਾਂ ਦਫਤਰ ਦਾ ਮੁਖੀ ਨੂੰ ਉਸ ਕਰਮਚਾਰੀ ਦੀ ਦਫ਼ਤਰ ਹਾਜ਼ਰੀ ਦੌਰਾਨ ਸੰਪਰਕ ਵਿਚ ਆਏ ਹੋਰਨਾਂ ਕਰਮਚਾਰੀਆਂ ਸਬੰਧੀ ਵੇਰਵਿਆਂ ਸਮੇਤ ਤੁਰੰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਨੂੰ ਸੂਚਿਤ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button