
ਯੁੱਧ ਸ਼ੁਰੂ ਹੋਣ ਤੋਂ ਬਾਅਦ ਮਿਡਲ-ਈਸਟ ਤੋਂ ਆਸਟ੍ਰੇਲੀਆ ਲਈ ਪਹਿਲੀ ਕਮਰਸ਼ੀਅਲ ਫਲਾਈਟ ਕੱਲ੍ਹ ਦੇਰ ਰਾਤ ਸਿਡਨੀ ਵਿੱਚ ਸੁਰੱਖਿਅਤ ਲੈਂਡ ਕੀਤੀ ਹੈ।
ਯੁੱਧ ਸ਼ੁਰੂ ਹੋਣ ਤੋਂ ਬਾਅਦ ਮਿਡਲ-ਈਸਟ ਤੋਂ ਆਸਟ੍ਰੇਲੀਆ ਲਈ ਪਹਿਲੀ ਕਮਰਸ਼ੀਅਲ ਫਲਾਈਟ ਕੱਲ੍ਹ ਦੇਰ ਰਾਤ ਸਿਡਨੀ ਵਿੱਚ ਸੁਰੱਖਿਅਤ ਲੈਂਡ ਕੀਤੀ ਹੈ। ਇਸ ਨਾਲ ਯਾਤਰੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਥੇ ਰਾਹਤ ਮਿਲੀ ਹੈ, ਉਥੇ ਹੀ ਲੱਖਾਂ ਦੀ ਗਿਣਤੀ ਵਿੱਚ ਅਨਿਸ਼ਚਿਤਤਾ, ਨਿਰਾਸ਼ਾ ਅਤੇ ਡਰ ਦਾ ਸਾਹਮਣਾ ਕਰ ਰਹੇ ਮਿਡਲ-ਈਸਟ ਵਿੱਚ ਫਸੇ ਹੋਏ, ਆਸਟ੍ਰੇਲੀਆ ਦੇ ਹੋਰ ਯਾਤਰੀਆਂ ਨੂੰ ਵੀ ਘਰ ਜਲਦੀ ਵਾਪਸ ਆਉਣ ਦੀ ਨਵੀ ਉਮੀਦ ਬੱਝੀ ਹੈ।
ਮਿਡਲ ਈਸਟ ਦੇ ਵਿੱਚ ਯੁੱਧ ਦੇ ਕਾਰਣ ਏਅਰਸਪੇਸ ਬੰਦ ਹੋ ਗਿਆ ਹੈ ਅਤੇ ਯਾਤਰਾ ਰੁਕੀ ਹੋਈ ਹੈ। ਉਸ ਤੋਂ ਬਾਅਦ ਇਹ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਆਸਟ੍ਰੇਲੀਆ ਆਉਣ ਵਾਲੀ ਪਹਿਲੀ ਫਲਾਈਟ ਹੈ।
ਐਮਰਜੈਂਸੀ ਏਅਰ ਕੋਰਿਡੋਰ ਰਾਹੀਂ ਡੁਬਈ ਤੋਂ ਰਵਾਨਾ ੲੈਮੀਰੇਟਸ ਦੀ ਇੱਕ ਫਲਾਈਟ ਈਕੇ-14 ਕੱਲ੍ਹ ਰਾਤ 10:30 ਵਜੇ ਸਿਡਨੀ ਏਅਰਪੋਰਟ ‘ਤੇ ਲੈਂਡ ਕੀਤੀ। ਇਸ ਪਹਿਲੀ ਫਲਾਈਟ ਰਾਹੀਂ 200 ਯਾਤਰੀ ਵਾਪਸ ਆਏ ਜਿਹਨਾਂ ਵਿੱਚ ਇੱਕ ਸਕੂਲ ਦੇ 19 ਸਟੂਡੈਂਟਸ ਅਤੇ 4 ਟੀਚਰ ਵੀ ਸਨ, ਜੋ ਇੱਕ ਰੋਬੋਟਿਕਸ ਮੁਕਾਬਲੇ ਵਿੱਚ ਭਾਗ ਲੈਣ ਲਈ ਤੁਰਕੀ ਜਾ ਰਹੇ ਸਨ, ਪਰ ਯੁੱਧ ਸ਼ੁਰੂ ਹੋ ਜਾਣ ਕਾਰਣ ਡੁਬਈ ਵਿੱਚ ਹੀ ਫਸ ਗਏ ਸਨ। ਸਿਡਨੀ ਏਅਰਪੋਰਟ ‘ਤੇ ਬਹੁਤ ਹੀ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਫਲਾਈਟ ਲੈਂਡ ਕਰਨ ਤੋਂ ਬਾਅਦ ਇਸ ਵਿੱਚ ਸਵਾਰ 200 ਆਸਟ੍ਰੇਲੀਅਨ ਯਾਤਰੀਆਂ ਅਤੇ ਉਹਨਾਂ ਨੂੰ ਲੈਣ ਆਏ ਹੋਏ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਵਿੱਚ ਸਹਿਮ ਅਤੇ ਰਾਹਤ ਦੇ ਹੰਝੂ ਸਨ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ੲੈਟੀਹਾਡ ਏਅਰਵੇਜ਼ ਦੀ ਇੱਕ ਹੋਰ ਕਮਰਸ਼ੀਅਲ ਫਲਾਈਟ 454 ਅਬੂ ਧਾਬੀ ਤੋਂ ਰਵਾਨਾ ਹੋ ਕੇ ਸ਼ੁੱਕਰਵਾਰ ਸ਼ਾਮ ਸਿਡਨੀ ਪਹੁੰਚੇਗੀ। ਇਸੇ ਤਰ੍ਹਾਂ ੲੈਟੀਹਾਡ ਏਅਰਵੇਜ਼ ਦੀ ਫਲਾਈਟ 461 ਮੈਲਬੌਰਨ ਤੋਂ ਰਵਾਨਾ ਹੋ ਕੇ ਅਬੂ ਧਾਬੀ ਪਹੁੰਚੇਗੀ। ਇਹ ਫਲਾਈਟਾਂ ਤਾਂ ਹੀ ਚੱਲਣਗੀਆਂ ਜੇ ਹਾਲਾਤ ਸੁਰੱਖਿਅਤ ਹੋਣਗੇ।
ਇਜ਼ਰਾਇਲ, ਸੀਰੀਆ, ਕਤਰ, ਈਰਾਨ, ਇਰਾਕ, ਕੁਵੈਤ ਅਤੇ ਬਹਿਰੀਨ ਨੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਇਸ ਕਰਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉੱਪਰੋਂ ਵੀ ਕੋਈ ਫਲਾਈਟ ਨਹੀਂ ਉੱਡ ਰਹੀ ਜਦਕਿ ਜੋਰਡਨ ਨੇ ਆਪਣਾ ਏਅਰਸਪੇਸ ਥੋੜ੍ਹਾ ਬੰਦ ਕੀਤਾ ਹੈ। ਮਿਡਲ-ਈਸਟ ਦੇ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਸ ਇਲਾਕੇ ਵਿੱਚ 20,000 ਤੋਂ ਵੱਧ ਫਲਾਈਟਾਂ ਰੱਦ ਹੋ ਚੁੱਕੀਆਂ ਹਨ, ਜਿਸ ਨਾਲ ਸਿਰਫ਼ ਲੋਕਲ ਯਾਤਰੀ ਹੀ ਨਹੀਂ, ਸਗੋਂ ਟ੍ਰਾਂਜ਼ਿਟ ਯਾਤਰੀ ਵੀ ਪ੍ਰਭਾਵਿਤ ਹੋਏ ਹਨ। ਪਿਛਲੇ ਐਤਵਾਰ ਨੂੰ ਕਤਰ ਏਅਰਵੇਜ਼ ਦੀਆਂ ਦੋਹਾ ਜਾਣ ਵਾਲੀਆਂ 4 ਫਲਾਈਟਾਂ ਨੂੰ ਵਾਪਸ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ ਕਿਉਂਕਿ ਕਤਰ ਸਰਕਾਰ ਨੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ। ਡੁਬਈ ਇੰਟਰਨੈਸ਼ਨਲ ਏਅਰਪੋਰਟ ਵੀ ਈਰਾਨੀ ਮਿਸਾਈਲ ਹਮਲੇ ਤੋਂ ਬਾਅਦ ਕਈ ਦਿਨਾਂ ਲਈ ਬੰਦ ਹੈ। ਇਸ ਸੰਕਟਮਈ ਸਥਿਤੀ ਦੇ ਵਿੱਚ ਆਸਟ੍ਰੇਲੀਆ ਸਰਕਾਰ ਨੇ ਛੇ ‘ਕ੍ਰਾਇਸਿਸ ਟੀਮਾਂ’ ਉਥੇ ਭੇਜੀਆਂ ਹਨ ਜੋ ਅਚਾਨਕ ਫਸੇ ਹੋਏ ਆਸਟ੍ਰੇਲੀਅਨ ਲੋਕਾਂ ਦੀ ਮੱਦਦ ਕਰ ਰਹੀਆਂ ਹਨ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਮਿਡਲ ਈਸਟ ਵਿੱਚ ਆਸਟ੍ਰੇਲੀਅਨ ਲੋਕਾਂ ਦੀ ਮੱਦਦ ਦੇ ਲਈ ਕੱਲ੍ਹ 6 ਕ੍ਰਾਇਸਿਸ ਟੀਮਾਂ ਭੇਜੀਆਂ ਗਈਆਂ ਸਨ। ਇਹ 6 ਟੀਮਾਂ ਪਹਿਲਾਂ ਤੋਂ ਹੀ ਮੌਜੂਦ ਟੀਮ ਦੀ ਮਦਦ ਕਰ ਰਹੀਆਂ ਹਨ। ਸੁਰੱਖਿਆ ਕਾਰਣਾਂ ਕਰਕੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਟੀਮਾਂ ਉੱਥੇ ਕਿਸ ਤਰ੍ਹਾਂ ਪਹੁੰਚ ਰਹੀਆਂ ਹਨ।
ਕਿਸੇ ਵੀ ਯੁੱਧ ਦੇ ਦੌਰਾਨ ਜਿਥੇ ਸਭ ਤੋਂ ਵੱਧ ਖਤਰਾ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁੰਦਾ ਹੈ, ਉਥੇ ਹੀ ਅਜਿਹੇ ਸੰਕਟ ਦੇ ਦੌਰਾਨ ਏਅਰਲਾਈਨਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਦੇ ਲਈ ਫਲਾਈਟਾਂ ਲੈ ਕੇ ਜਾਣ ਦੀ ਲਈ ਵੱਡਾ ਖਤਰਾ ਅਤੇ ਸਿਰਦਰਦੀ ਬਣੀ ਹੁੰਦੀ ਹੈ। ਬੇਸ਼ੱਕ, ਏਅਰਲਾਈਨਾਂ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਹੋਰ ਵੀ ਕਈ ਡਿਪਾਰਟਮੈਂਟਸ ਨਾਲ ਸੰਪਰਕ ਦੇ ਵਿੱਚ ਹੁੰਦੀਆਂ ਹਨ, ਜੋ ਹਰੀ ਝੰਡੀ ਮਿਲਣ ਅਤੇ ਸਭ ਕੁੱਝ ਠੀਕ-ਠੀਕ ਰਹਿਣ ਦੇ ਸੰਕੇਤ ਮਿਲਣ ਤੋਂ ਬਾਅਦ ਹੀ ਫਲਾਈਟ ਲੈ ਕੇ ਜਾਂਦੀਆਂ ਹਨ, ਪਰ ਫਿਰ ਵੀ ਕਈ ਵਾਰ ਕਮਰਸ਼ੀਅਲ ਫਲਾਈਟਾਂ ਨੂੰ ਵੀ ਨਿਸ਼ਾਨਾ ਬਣਾ ਦਿੱਤਾ ਜਾਂਦਾ ਹੈ। ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਹਨਾਂ ਵਿੱਚ ਕਮਰਸ਼ੀਅਲ ਫਲਾਈਟਾਂ ਨੂੰ ਡੇਗ ਦਿੱਤਾ ਗਿਆ ਸੀ। ਛੇ ਸਾਲ ਪਹਿਲਾਂ 8 ਜਨਵਰੀ 2020 ਨੂੰ ਇਸਲਾਮਿਕ ਰੇਵੋਲਿਊਸ਼ਨੀ ਗਾਰਡਸ ਕੋਰਪਸ (ਆਈਆਰਜੀਸੀ) ਵਲੋਂ ਯੂਕਰੇਨ ਇੰਟਰਨੈਸ਼ਨਲ ਏਲਾਈਨਜ਼ ਦੀ ਫਲਾਈਟ ਪੀਐਸ-752 ਨੂੰ ਤਹਿਰਾਨ ਹਵਾਈ ਅੱਡੇ ਤੋਂ ਉੱਡਣ ਦੇ ਕੁੱਝ ਮਿੰਟਾ ਬਾਅਦ ਹੀ ਉਡਾ ਦਿੱਤਾ ਗਿਆ ਸੀ। ਉਸ ਫਲਾਈਟ ਵਿੱਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ। ਬੇਸ਼ੱਕ, ਈਰਾਨ ਦਾ ਕਹਿਣਾ ਸੀ ਕਿ ਰਾਡਾਰ ਨੇ ਗਲਤੀ ਨਾਲ ਉਸ ਜਹਾਜ਼ ਨੂੰ ਦੁਸ਼ਮਣ ਸਮਝ ਲਿਆ ਸੀ, ਪਰ ਯੂਕਰੇਨ ਨੇ ਇਸ ਸਪੱਸ਼ਟੀਕਰਨ ਨੂੰ ਮਨਜ਼ੂਰ ਨਹੀਂ ਕੀਤਾ ਸੀ। ਜੁਲਾਈ 2014 ਵਿੱਚ, ਮਲੇਸ਼ੀਆ ਏਅਰਲਾਈਨਜ਼ ਦੀ ਐਮਸਟਰਡਮ ਤੋਂ ਕੁਆਲਾਲੰਪੁਰ ਜਾ ਰਹੀ ਫਲਾਈਟ-17 ਨੂੰ ਪੂਰਬੀ ਯੂਕਰੇਨ ਦੇ ਉੱਪਰ ਡੇਗ ਦਿੱਤਾ ਗਿਆ ਸੀ। ਇਸ ਘਟਨਾ ਦੀ ਡੱਚ ਜਾਂਚ ਵਿੱਚ ਕਿਹਾ ਗਿਆ ਸੀ ਕਿ ਰੂਸ ਵਿੱਚ ਬਣੀ ਬੁਕ ਮਿਸ਼ਾਈਲ ਨਾਲ ਬੋਇੰਗ 777 ਜਹਾਜ਼ ਨੂੰ ਡੇਗਿਆ ਗਿਆ ਸੀ।
ਆਰਐਮਆਈਟੀ ਯੂਨੀਵਰਸਿਟੀ ਦੇ ਹਵਾਬਾਜ਼ੀ ਮਾਹਿਰ ਜਸਟਿਨ ਬਰੌਨਜੌਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਕੋਈ ਵੀ ਏਅਰਲਾਈਨ ਤਦੋਂ ਹੀ ਉੱਡੇਗੀ ਜਦੋਂ ਉਸਨੂੰ ਪੂਰਾ ਯਕੀਨ ਹੋਵੇ ਕਿ ਇਹ ਸੁਰੱਖਿਅਤ ਹੈ। ਵੱਡੀਆਂ ਏਅਰਲਾਈਨ ਕੰਪਨੀਆਂ ਜਿਵੇਂ ਕਾਂਟਾਸ ਅਤੇ ੲੈਮੀਰੇਟਸ ਦੇ ਆਪਰੇਸ਼ਨ ਕੰਟਰੋਲ ਸੈਂਟਰ ਵਿੱਚ ਖਾਸ ਵਿਭਾਗ ਹੁੰਦੇ ਹਨ ਜੋ ਨੇਸ਼ਨਲ ਸੁਰੱਖਿਆ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ। ਮਿਸਾਲ ਵਜੋਂ ਕਾਂਟਾਸ ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਨਾਲ ਸੰਪਰਕ ਵਿੱਚ ਰਹਿੰਦੀ ਹੈ ਅਤੇ ਮਿਲ ਕੇ ਫਲਾਈਟ ਦੇ ਖ਼ਤਰੇ ਦਾ ਅੰਦਾਜ਼ਾ ਲਗਾਉਂਦੀ ਹੈ।
ਆਸਟ੍ਰੇਲੀਅਨ ਸਰਕਾਰ ਵਲੋਂ ਆਸਟ੍ਰੇਲੀਅਨ ਲੋਕਾਂ ਨੂੰ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਉਹ ਮਿਡਲ ਈਸਟ ਜਾਣ ਜਾਂ ਉੱਥੋਂ ਹੋ ਕੇ ਜਾਣ ਦੀ ਸੋਚ ਰਹੇ ਹਨ, ਤਾਂ ਆਪਣੀ ਸੁਰੱਖਿਆ ਨੂੰ ਪਹਿਲ ਦਿਓ, ਕਿਉਂਕਿ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਸਕਦੇ ਹਨ। ਯਾਤਰੀਆਂ ਨੂੰ ਖ਼ਬਰਾਂ ‘ਤੇ ਨਜ਼ਰ ਰੱਖਣ, ਸਥਾਨਕ ਅਧਿਕਾਰੀਆਂ ਦੀ ਸਲਾਹ ਮੰਨਣ, ਇਹ ਯਕੀਨੀ ਬਨਾਉਣ ਕਿ ਤੁਹਾਡਾ ਟ੍ਰੈਵਲ ਇੰਸ਼ੋਰੈਂਸ ਕੈਂਸਲੇਸ਼ਨ ਨੂੰ ਕਵਰ ਕਰਦਾ ਹੋਵੇ ਆਦਿ ਗੱਲਾਂ ਦਾ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ। ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ਼ ਫੌਰਨ ਅਫ਼ੇਅਰਜ਼ ਦਾ ਕਹਿਣਾ ਹੈ ਕਿ, “ਜੇ ਤੁਹਾਡੀ ਮੰਜ਼ਿਲ ਮਿਡਲ ਈਸਟ ਨਹੀਂ ਵੀ ਹੈ, ਫਿਰ ਵੀ ਤੁਹਾਡੀ ਯਾਤਰਾ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ। ਆਸਟ੍ਰੇਲੀਅਨ ਲੋਕਾਂ ਨੂੰ ਕਿਹਾ ਗਿਆ ਹੈ ਕਿ ਜਦ ਤੱਕ ਉਨ੍ਹਾਂ ਨੂੰ ਆਪਣੇ ਟਰੈਵਲ ਏਜੰਟ ਜਾਂ ਏਅਰਲਾਈਨ ਤੋਂ ਸਲਾਹ ਨਾ ਮਿਲੇ, ਉਹ ਆਪਣੀ ਫਲਾਈਟ ਕੈਂਸਲ ਨਾ ਕਰਨ। ਜੇ ਤੁਹਾਨੂੰ ਅਗਲੇ 48 ਘੰਟਿਆਂ ਵਿੱਚ ਯਾਤਰਾ ਨਹੀਂ ਕਰਨੀ ਤਾਂ ਆਪਣੀ ਏਅਰਲਾਈਨ ਵੱਲੋਂ ਸੰਪਰਕ ਕੀਤੇ ਜਾਣ ਦੀ ਉਡੀਕ ਕਰੋ। ਜੇ ਤੁਸੀਂ ਅਗਲੇ 48 ਘੰਟਿਆਂ ਵਿੱਚ ਯਾਤਰਾ ਕਰ ਰਹੇ ਹੋ ਅਤੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਗਿਆ, ਤਾਂ ਆਪਣੀ ਫਲਾਈਟ ਕਨਫ਼ਰਮ ਕਰਨ ਲਈ ਆਪਣੀ ਏਅਰਲਾਈਨ ਜਾਂ ਟਰੈਵਲ ਏਜੰਟ ਨੂੰ ਫੋਨ ਕਰੋ।”
ਇਜ਼ਰਾਈਲ, ਈਰਾਨ, ਕਤਰ ਅਤੇ ਯੂਏਈ ਵਿੱਚ ਰਹਿਣ ਵਾਲੇ ਆਸਟ੍ਰੇਲੀਅਨ https://www.dfat.gov.au/crisis-hub/middle-east-conflict ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਆਸਟ੍ਰੇਲੀਅਨ ਸਰਕਾਰ 24 ਘੰਟੇ ਕੌਂਸਲਰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੀ ਹੈ।
ਵਿਦੇਸ਼ਾਂ ਤੋਂ: +61 2 6261 3305
ਆਸਟ੍ਰੇਲੀਆ ਦੇ ਅੰਦਰੋਂ: 1300 555 135
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




