OpinionD5 special

ਮਰਣੈ ਤੇ ਜਗਤੁ ਡਰੈ

ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਹਰ ਕੋਈ ਜੀਊਣਾ ਚਾਹੁੰਦਾ ਹੈ। ਭਗਤ ਕਬੀਰ ਜੀ ਅਨੁਸਾਰ ਮਰਦਾ ਤਾਂ ਸੰਸਾਰ ਦਾ ਹਰ ਬੰਦਾ ਹੈ ਪਰ ਕਿਸੇ ਨੇ ‘ਸੱਚੇ’ ਮਰਨ ਦੀ ਜਾਚ ਨਹੀਂ ਸਿੱਖੀ। (ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ ਅੰਗ 555)
ਇਸ ਜਗ ਵਿਚ ਭੈਅ ਦਾ ਹੀ ਵਪਾਰ ਚੱਲਦਾ ਹੈ। ਇਹ ਭੈਅ ਰੋਜ਼ੀ ਰੋਟੀ ਖੁੱਸਣ ਦਾ, ਸਿਹਤ ਦੀ ਖ਼ਰਾਬੀ ਦਾ, ਪ੍ਰੋਮੋਸ਼ਨ ਨਾ ਹੋਣ ਦਾ, ਵੱਡਾ ਘਰ ਨਾ ਮਿਲਣ ਦਾ, ਰੁਤਬਾ ਉੱਚਾ ਕਰਨ ਦਾ, ਪੁੱਤਰ ਪੋਤਰੇ ਨਾ ਹੋਣ ਦਾ, ਵਪਾਰ ਵਿਚ ਘਾਟੇ ਦਾ ਤੇ ਕਦੇ ਨਾ ਖ਼ਤਮ ਹੋਣ ਵਾਲੀ ਤਿ੍ਰਸ਼ਨਾ ਦਾ ਹੁੰਦਾ ਹੈ।

ਇਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਵਿਚ ਕੋਈ ਯਾਦ ਹੀ ਨਹੀਂ ਰੱਖਦਾ ਕਿ ਇਹ ਚੀਜ਼ਾਂ ਤਾਂ ਹੀ ਸੰਭਵ ਹਨ ਜੇ ਜ਼ਿੰਦਗੀ ਰਹੀ! ਜ਼ਿੰਦਗੀ ਜਦੋਂ ਇੱਕਦਮ ਹੱਥੋਂ ਖਿਸਕਣ ਲੱਗਦੀ ਹੈ, ਉਦੋਂ ਹੀ ਸਮਝ ਆਉਂਦੀ ਹੈ ਕਿ ਬੇਲੋੜੀ ਚਿੰਤਾ ਤੇ ਸੰਸਾਰੀ ਚੀਜ਼ਾਂ ਵਿੱਚੋਂ ਕੋਈ ਸ਼ੈਅ ਜ਼ਿੰਦਗੀ ਦਾ ਇਕ ਪਲ ਵੀ ਵਧਾ ਨਹੀਂ ਸਕਦੀ। ਉਸ ਆਖ਼ਰੀ ਮੌਕੇ ਸਮਝ ਆਉਂਦੀ ਹੈ ਕਿ ਬਾਕੀ ਸਭ ਚੀਜ਼ਾਂ ਤੋਂ ਮਹੱਤਵਪੂਰਨ ਸੀ, ਜ਼ਿੰਦਗੀ ਜਿਊਣੀ। ਅਫ਼ਸੋਸ ਕਿ ਉਸ ਪਲ ਦੀ ਆਈ ਸਮਝ ਦਾ ਉੱਕਾ ਹੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਬਚਿਆ ਹੁੰਦਾ ਤੇ ਬਾਕੀ ਜਣੇ ਤਿ੍ਰਸ਼ਨਾ ਦੇ ਚੱਕਰਵਿਊ ਵਿਚ ਫਸੇ ਸਮਝਣਾ ਨਹੀਂ ਚਾਹੁੰਦੇ ਹੁੰਦੇ!

ਵੱਡੇ-ਵੱਡੇ ਰਾਜਿਆਂ ਤੇ ਸ਼ਕਤੀਸ਼ਾਲੀ ਲੋਕਾਂ ਦੀ ਮੌਤ ਨੇ ਵੀ ਕਦੇ ਕਿਸੇ ਦੀ ਤਿ੍ਰਸ਼ਣਾ ਘਟਾਈ ਨਹੀਂ। ਇਸ ਗੱਲ ਨੂੰ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਜੀਵਨ ਵਿਚ ਸਭ ਤੋਂ ਜ਼ਰੂਰੀ ਚੀਜ਼ ਸਾਹ ਹਨ! ਜੇ ਜ਼ਿੰਦਾ ਹਾਂ ਤਾਂ ਸਭ ਚੀਜ਼ਾਂ ਮਾਣੀਆਂ ਜਾ ਸਕਦੀਆਂ ਹਨ। ਜੇ ਜ਼ਿੰਦਾ ਹੀ ਨਹੀਂ ਤਾਂ ਬਾਕੀ ਚੀਜ਼ਾਂ ਤਾਂ ਹੋਰ ਜਣੇ ਹੀ ਵਰਤਣਗੇ। ਰਬ ਦੀ ਹੋਂਦ ਵੀ ਲੋੜ ਵੇਲੇ ਹੀ ਮਹਿਸੂਸ ਹੁੰਦੀ ਹੈ। ਜਦੋਂ ਨੁਕਸਾਨ ਹੁੰਦਾ ਸਾਹਮਣੇ ਦਿਸੇ ਜਾਂ ਮੌਤ ਸਾਹਮਣੇ ਦਿਸੇ, ਉਸ ਵੇਲੇ ਜ਼ਬਾਨ ਉੱਤੇ ਦੋ ਹੀ ਨਾਂ ਆਉਂਦੇ ਹਨ-ਹਾਏ ਮਾਂ ਜਾਂ ਹਾਏ ਰੱਬਾ!

ਉਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਧਾਰਮਿਕ ਗੇੜੇ, ਆਪਣੇ ਮਨ ਨੂੰ ਸ਼ਾਂਤ ਕਰਨ ਲਈ! ਕੱਟੜ ਤੋਂ ਕੱਟੜ ਨਾਸਤਿਕ ਵੀ ਮੌਤ ਸਾਹਮਣੇ ਵੇਖ ਇਕ ਵਾਰ ਤਾਂ ਰਬ ਨੂੰ ਧਿਆ ਲੈਂਦਾ ਹੈ ਤੇ ਉਸ ਨੂੰ ਲਾਅਣਤਾਂ ਵੀ ਪਾ ਦਿੰਦਾ ਹੈ ਕਿ ਮੈਂ ਹੀ ਕਿਉਂ? ਗੁਰਬਾਣੀ ਵਿਚ ਵਾਰ-ਵਾਰ ਇਸ ਬਾਰੇ ਚੇਤੰਨ ਕੀਤਾ ਗਿਆ ਹੈ ਇਹ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਮੌਤ ਕਿਵੇਂ ਹੋਣੀ ਹੈ। ਇਹ ਪੱਕਾ ਹੈ ਕਿ ਮਰਨਾ ਸਭ ਨੇ ਹੈ, ਫਿਰ ਵੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਜੇ ਮੌਤ ਸੁਖਾਲੀ ਕਰਨੀ ਹੋਵੇ ਤਾਂ ਚਿੰਤਾ ਲਾਹੁਣੀ ਹੀ ਪੈਂਦੀ ਹੈ। ਦੂਜਾ ਪਾਸਾ ਹੈ, ਜੇ ਅਣਖ ਮਾਰ ਲਈ ਹੋਵੇ ਜਾਂ ਚੁੱਪ ਚੁਪੀਤੇ ਜ਼ੁਲਮ ਸਿਹਾ ਜਾ ਰਿਹਾ ਹੋਵੇ, ਜਾਂ ਜ਼ੁਲਮ ਹੁੰਦਾ ਵੇਖ ਜ਼ਮੀਰ ਮਾਰ ਕੇ ਪਾਸਾ ਮੋੜ ਰਿਹਾ ਹੋਵੇ ਤਾਂ ਅਜਿਹਾ ਇਨਸਾਨ ਮੁਰਦਾ ਹੀ ਗਿਣਿਆ ਜਾਂਦਾ ਹੈ।

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
(ਅੰਗ 555)

ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਮੌਤ ਦੇ ਭੈਅ ਉੱਤੇ ਫਤਹਿ ਪਾ ਲਈ ਜਾਵੇ ਤਾਂ ਕੀ ਵਾਪਰਦਾ ਹੈ ਤੇ ਜੇ ਲਗਾਤਾਰ ਮੌਤ ਤੋਂ ਭੈਅ ਹੀ ਆਉਂਦਾ ਰਹੇ ਤਾਂ ਕੀ ਵਾਪਰਦਾ ਹੈ?

ਕੁੱਝ ਜਣੇ ਮੌਤ ਦੇ ਨਾਂ ਤੋਂ ਹੀ ਸਾਰਾ ਦਿਨ ਤ੍ਰਹਿੰਦੇ ਰਹਿੰਦੇ ਹਨ। ਕੁੱਝ ਨੂੰ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸੁੱਤਿਆਂ ਸੁੱਤਿਆਂ ਹੀ ਨਾ ਮਰ ਜਾਣ।
ਜੇ ਮੌਤ ਦਾ ਡਰ ਹੱਦੋਂ ਵੱਧ ਜਾਏ ਤਾਂ ਬੀਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਬੀਮਾਰੀ ਵਿਚ ਬਿਸਤਰੇ ਵੱਲ ਜਾਂਦਿਆਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕਿਤੇ ਸੁੱਤਿਆਂ ਮੌਤ ਨਾ ਆ ਜਾਏ। ਇੰਜ ਕਈ ਵਾਰ ਸਾਰੀ-ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਹੈ। ਸਵੇਰ ਵੇਲੇ ਘਬਰਾਹਟ ਹੋਣ ਅਤੇ ਨੀਂਦਰ ਆਉਣ ਲੱਗ ਪੈਂਦੀ ਹੈ। ‘ਸੋਮਨੀਫੋਬੀਆ’ ਬੀਮਾਰੀ ਵਿਚ ਤਾਂ ਕਈ ਵਾਰ ਨੀਂਦਰ ਦਾ ਨਾਂ ਲੈਣ ਉੱਤੇ ਹੀ ਦਿਲ ਦੀ ਧੜਕਨ ਵੱਧ ਜਾਂਦੀ ਹੈ। ਜਿਉਂ ਹੀ ਸ਼ਾਮ ਪੈਣ ਲੱਗੇ, ਅਜਿਹੇ ਮਰੀਜ਼ਾਂ ਨੂੰ ਘਬਰਾਹਟ ਦੇ ਅਟੈਕ ਹੋਣ ਲੱਗ ਪੈਂਦੇ ਹਨ।

ਕੁੱਝ ਦੀ ਯਾਦਾਸ਼ਤ ਘੱਟ ਜਾਂਦੀ ਹੈ ਤੇ ਕੁੱਝ ਮਰੀਜ਼ ਚਿੜਚਿੜੇ ਜਾਂ ਲੜਾਕੇ ਬਣ ਜਾਂਦੇ ਹਨ। ਕਈਆਂ ਨੂੰ ਉਲਟੀਆਂ, ਜੀਅ ਕੱਚਾ, ਢਿੱਡ ਪੀੜ, ਅਫਰੇਵਾਂ, ਛਾਤੀ ਵਿਚ ਜਕੜਨ, ਪੀੜ, ਧੜਕਨ ਵਧਣੀ, ਪਸੀਨਾ ਵੱਧ ਆਉਣਾ, ਕਾਂਬਾ ਮਹਿਸੂਸ ਹੋਣਾ, ਲੰਮੇ ਸਾਹ ਖਿੱਚਣੇ, ਰੋਣਾ ਆਉਣਾ, ਤ੍ਰਹਿਣ ਲੱਗ ਪੈਣਾ, ਇਕੱਲੇ ਮਹਿਸੂਸ ਹੁੰਦੇ ਸਾਰ ਘਬਰਾਹਟ ਹੋਣ ਲੱਗ ਪੈਣੀ ਆਦਿ ਵਰਗੇ ਲੱਛਣ ਦਿੱਸਣ ਲੱਗ ਪੈਂਦੇ ਹਨ।

ਕੁੱਝ ਮਰੀਜ਼ ਰਾਤ ਭਰ ਲਾਈਟਾਂ ਜਗਾ ਕੇ ਜਾਂ ਟੀ.ਵੀ., ਸੰਗੀਤ ਆਦਿ ਲਾ ਕੇ ਬੈਠੇ ਰਹਿੰਦੇ ਹਨ ਤਾਂ ਜੋ ਨੀਂਦਰ ਨਾ ਆਵੇ। ਕੁੱਝ ਸ਼ਰਾਬ ਪੀ ਕੇ ਜਾਂ ਨਸ਼ਾ ਕਰ ਕੇ ਡਰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰਾਂ ਦੇ ਕੁੱਝ ਮਰੀਜ਼ਾਂ ਵਿਚ ਨੀਂਦਰ ਵਿਚ ਮਰ ਜਾਣ ਦਾ ਡਰ ਇਸ ਲਈ ਪੈਦਾ ਹੋ ਜਾਂਦਾ ਹੈ ਕਿਉਂਕਿ ਉਨਾਂ ਨੂੰ ਕਈ ਵਾਰ ਰਾਤ ਵੇਲੇ ਅਚਾਨਕ ਜਾਗ ਖੁੱਲ ਜਾਣ ਉੱਤੇ ਜਾਪਦਾ ਹੈ ਕਿ ਉਨਾਂ ਨੂੰ ਲਕਵਾ ਮਾਰ ਗਿਆ ਹੈ। ਕਈਆਂ ਨੂੰ ਡਰਾਵਨੇ ਸੁਫ਼ਨੇ ਸੌਣ ਨਹੀਂ ਦਿੰਦੇ ਤੇ ਉਹ ਆਪਣੀ ਹੀ ਮੌਤ ਦਾ ਸੁਫ਼ਨਾ ਵੇਖ ਕੇ ਤ੍ਰਭਕ ਕੇ ਜਾਗ ਜਾਂਦੇ ਹਨ ਅਤੇ ਦੁਬਾਰਾ ਸੌਂ ਹੀ ਨਹੀਂ ਸਕਦੇ।

ਕੁੱਝ ਨੇ ਚੋਰ ਜਾਂ ਡਾਕੂਆਂ ਦਾ ਰਾਤ ਵੇਲੇ ਸਾਹਮਣਾ ਕੀਤਾ ਹੁੰਦਾ ਹੈ ਜੋ ਮਨ ਵਿਚ ਸਦੀਵੀ ਡਰ ਜਮਾਂ ਕਰ ਦਿੰਦਾ ਹੈ। ਕਈਆਂ ਨੇ ਆਪਣੇ ਸਾਹਮਣੇ ਕੋਈ ਕਤਲ ਜਾਂ ਐਕਸੀਡੈਂਟ ਵਿਚ ਭਿਆਨਕ ਮੌਤ ਹੁੰਦੀ ਵੇਖੀ ਸਦਕਾ ਘਬਰਾਹਟ ਪਾਲ ਲਈ ਹੁੰਦੀ ਹੈ। ਕੋਈ ਅੱਗ ਜਾਂ ਪਾਣੀ ਦੇ ਹਾਦਸੇ ’ਚੋਂ ਬਚਿਆ ਹੁੰਦਾ ਹੈ।
ਕੁੱਝ ਬੱਚਿਆਂ ਨੂੰ ਮਾਪੇ ਹੀ ਹਨੇਰੇ, ਭੂਤ-ਪ੍ਰੇਤ ਜਾਂ ਵਹਿਮਾਂ-ਭਰਮਾਂ ਨਾਲ ਡਰਾ ਧਮਕਾ ਕੇ ਰੱਖਦੇ ਹਨ। ਇਹ ਡਰ ਵੱਡੇ ਹੋਣ ਤੱਕ ਪੱਕਾ ਹੋ ਜਾਂਦਾ ਹੈ। ਇਹ ਸਾਰੇ ਕਿਸਮਾਂ ਦੇ ਡਰ ਹੌਲੀ-ਹੌਲੀ ਨੀਂਦਰ ਵਿਚ ਮਰ ਜਾਣ ਦੇ ਡਰ ਨੂੰ ਪੱਕਾ ਕਰ ਦਿੰਦੇ ਹਨ। ਜੇ ਲਗਾਤਾਰ ਉਨੀਂਦਰਾ ਤੁਰਦਾ ਰਹੇ ਤਾਂ ਦਿਲ ਦੇ ਰੋਗਾਂ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਹੋਰ ਸਰੀਰਕ ਰੋਗਾਂ ਦੇ ਨਾਲ-ਨਾਲ ਮਾਨਸਿਕ ਰੋਗ ਵੀ ਸ਼ੁਰੂ ਹੋ ਜਾਂਦੇ ਹਨ।

ਬੱਚਿਆਂ ਵਿਚ ਕਈ ਵਾਰ ਡਰ ਡੂੰਘਾ ਮਨ ਵਿਚ ਬਹਿ ਜਾਏ ਤਾਂ ਉਹ ਸਕੂਲੀ ਪੜਾਈ ਤੋਂ ਵੀ ਪਛੜਨ ਲੱਗ ਪੈਂਦੇ ਹਨ। ਜੇ ਇੰਜ ਹੋ ਜਾਵੇ ਤਾਂ ਬੱਚਿਆਂ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੁੰਦੀ ਹੈ। ਉਨਾਂ ਨੂੰ ਰੱਜ ਕੇ ਪਿਆਰ ਕਰਨਾ ਤੇ ਰਾਤ ਨੂੰ ਆਪਣੇ ਨਾਲ ਬਿਠਾ ਕੇ ਵਧੀਆ ਕਹਾਣੀਆਂ ਸੁਣਾ ਕੇ ਜਾਂ ਖ਼ੂਬਸੂਰਤ ਚਿੱਤਰ ਵਿਖਾ ਕੇ ਰਾਤ ਨੂੰ ਸੁਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੱਡਿਆਂ ਵਾਸਤੇ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਨਾਲ ਦਵਾਈ ਜ਼ਰੂਰ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕੁੱਝ ਨੂੰ ਬੀਟਾ ਬਲੌਕਰ ਦਵਾਈਆਂ ਜਾਂ ਹਲਕੀ ਨੀਂਦਰ ਦੀ ਦਵਾਈ ਨਾਲ ਆਰਾਮ ਆ ਜਾਂਦਾ ਹੈ। ਇਸ ਬੀਮਾਰੀ ਦਾ ਇਸ ਸਮੇਂ ਬਦੇਸਾਂ ਵਿਚ 80 ਤੋਂ 100 ਡਾਲਰ ਪ੍ਰਤੀ ਹਫ਼ਤੇ 40 ਮਿੰਟ ਲਈ ਹਫ਼ਤੇ ਵਿਚ ਇੱਕ ਵਾਰ ਫ਼ੋਨ ਉੱਤੇ ਵੀਡੀਓ ਸੈਸ਼ਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।

ਇਲਾਜ ਦੌਰਾਨ ਜੋ ਸਮਝਾਇਆ ਜਾਂਦਾ ਹੈ, ਉਹ ਕੁੱਝ ਇਸ ਤਰਾਂ ਹੈ :-
1. ਮੌਤ ਦਾ ਫ਼ਿਕਰ ਛੱਡੋ। ਇਹ ਸਭ ਰਬ ਦੇ ਹੱਥ ਹੈ। ਰਬ ਤੁਹਾਡਾ ਦੁਸ਼ਮਨ ਨਹੀਂ ਹੈ। ਰੋਜ਼ ਹੱਸੋ ਖੇਡੋ ਤੇ ਕਸਰਤ ਕਰ ਕੇ ਸੰਤੁਲਿਤ ਭੋਜਨ ਲਵੋ।
ਹੁਣ ਵੇਖਿਓ ਅੰਗ 1057 ਵਿਚ ਗੁਰੂ ਅਮਰ ਦਾਸ ਜੀ ਨੇ ਕੀ ਸਮਝਾਇਆ ਹੈ :-
ਆਵਣੁ ਜਾਣਾ ਰਖੈ ਨ ਕੋਈ॥
ਜੰਮਣੁ ਮਰਣੁ ਤਿਸੈ ਤੇ ਹੋਈ॥
ਜਨਮ ਮਰਨ ਦਾ ਚੱਕਰ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਉੱਚੀ ਆਤਮਕ ਅਵਸਥਾ ਅਤੇ ਵਿਕਾਰਾਂ ਤੋਂ ਖ਼ਲਾਸੀ ਦੀ ਲੋੜ ਹੁੰਦੀ ਹੈ।

2. ਮਨੁੱਖ ਕਿੱਥੋਂ ਆਉਂਦਾ ਹੈ ਤੇ ਮਰ ਕੇ ਕਿੱਥੇ ਜਾਂਦਾ ਹੈ, ਦੀ ਚਿੰਤਾ ਰਬ ਉੱਤੇ ਛੱਡ ਕੇ ਸਿਰਫ਼ ਆਪਣੀ ਜ਼ਿੰਦਗੀ ਉੱਤੇ ਕੇਂਦਰਿਤ ਹੋ ਕੇ ਦੋਸਤੀਆਂ ਗੰਢੋ ਤੇ ਦੂਜਿਆਂ ਦੀ ਮਦਦ ਕਰੋ। ਇੰਜ ਖ਼ੁਸ਼ੀ ਮਹਿਸੂਸ ਹੋਵੇਗੀ।
ਰਤਾ ਅੰਗ 940 ਉੱਤੇ ਝਾਤ ਮਾਰੀਏ :-
ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥
ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ ਤੇ ਕਿਵੇਂ ਜੀਵਨ ਬਤੀਤ ਕਰਦਾ ਹੈ, ਇਹ ਪ੍ਰਭੂ ਹੀ ਜਾਣਦਾ ਹੈ।

3. ਸਵਾਰਥ ਛੱਡ ਕੇ ਦਇਆ ਕਰਨ ਨਾਲ ਮਨ ਵਿਚ ਚੰਗੇ ਖ਼ਿਆਲ ਆਉਂਦੇ ਹਨ ਤੇ ਮੌਤ ਦਾ ਭੈਅ ਛੰਡਿਆ ਜਾਂਦਾ ਹੈ।
ਕੁੱਝ ਇਹੋ ਜਿਹਾ ਹੀ ਗੁਰਬਾਣੀ ਵਿਚ ਲਿਖਿਆ ਮਿਲਦਾ ਹੈ।
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥
(ਅੰਗ 940)
ਹਉਮੈ ਦਾ ਤਿਆਗ ਕਰ ਕੇ, ਸੁਆਰਥ ਮਿਟਾ ਲਿਆ ਜਾਵੇ ਤਾਂ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ। ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਮਨ ਵਿਚ ਪੱਕਾ ਕਰ ਲੈਣਾ ਚਾਹੀਦਾ ਹੈ।

4. ਮੌਤ ਦਾ ਭੈਅ ਛੰਡਣ ਲਈ ਮੌਤ ਨੂੰ ਭੁਲਾਉਣਾ ਸਿੱਖਣ ਦੀ ਲੋੜ ਹੈ। ਆਪਣੇ ਆਪ ਨੂੰ ਆਹਰੇ ਲਾ ਕੇ ਮੌਤ ਦਾ ਖ਼ਿਆਲ ਭੁੱਲ ਜਾਂਦਾ ਹੈ। ਇੰਜ ਮੌਤ ਵੀ ਆਨੰਦਮਈ ਹੋ ਨਿਬੜਦੀ ਹੈ! ਕਦੋਂ ਆਈ ਪਤਾ ਹੀ ਨਹੀਂ ਲੱਗਦਾ!
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
(ਅੰਗ 1365)

ਭਗਤ ਕਬੀਰ ਜੀ ਅਨੁਸਾਰ ਪੂਰਾ ਜਗਤ ਦੁਨੀਆ ਦੇ ਮੋਹ ਨੂੰ ਤੋੜ ਕੇ ਜਾਣ ਤੋਂ ਡਰਦਾ ਹੈ। ਹੋਰਨਾਂ ਮਨੁੱਖਾਂ ਤੇ ਧਨ ਪਦਾਰਥਾਂ ਕੋਲੋਂ ਪਰਾਂ ਜਾਣ ਤੋਂ ਤ੍ਰਹਿੰਦਾ ਹੈ। ਇਸ ਤਰਾਂ ਦੇ ਮੋਹ ਵੱਲੋਂ ਮੂੰਹ ਮੋੜਨਾ ਜਾਂ ਮਰਨਾ ਹੀ ਮੁਕੰਮਲ ਤੌਰ ਉੱਤੇ ਆਨੰਦ ਸਰੂਪ ਹੈ।
ਦੁਨੀਆ ਭਰ ਦੇ ਮਨੋਵਿਗਿਆਨੀ ਮੌਤ ਦੇ ਡਰ ਨੂੰ ਘਟਾਉਣ ਲਈ ਜੋ ਰਾਮ ਬਾਣ ਵਰਤਦੇ ਹਨ, ਉਹ ਹੈ :-
ਚੁੱਪ ਚੁਪੀਤੇ ਆਈ ਮੌਤ ਜੇ ਲੈ ਵੀ ਗਈ ਤਾਂ ਕੋਈ ਨਾ, ਅਣਦੇਖੀ ਦੁਨੀਆ ਵਿਚ ਰਬ ਨਾਲ ਮਿਲਣ ਦਾ ਸਬੱਬ ਹੀ ਬਣਦਾ ਹੈ ਜਿੱਥੇ ਸਾਡੇ ਵੱਡੇ ਵਡੇਰੇ ਤੇ ਦੋਸਤ ਜਾ ਚੁੱਕੇ ਹਨ। ਪਰ, ਜੇ ਕਿਤੇ ਮੌਤ ਨਾਲ ਸਾਹਮਣਾ ਕਰਨਾ ਪੈ ਜਾਏ ਤਾਂ ਗੋਡੇ ਟੇਕ ਕੇ, ਗਿੜਗਿੜਾ ਕੇ ਜਾਂ ਪਿੱਠ ਵਿਖਾ ਕੇ ਭੱਜ ਜਾਣ ਨਾਲੋਂ ਬਹਾਦਰੀ ਨਾਲ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਤੁਰ ਜਾਣ ਬਾਅਦ ਵੀ ਲੋਕ ਸਾਨੂੰ ਭੁਲਾ ਨਾ ਸਕਣ ਅਤੇ ਸਾਡੀ ਮੌਤ ਵੀ ਮਿਸਾਲੀ ਬਣ ਜਾਏ!
ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ॥

(ਅੰਗ 555)
ਸਾਰ :- ਮੌਤ ਦਾ ਭੈਅ ਦਰਅਸਲ ਹੁੰਦਾ ਹੀ ਉਨਾਂ ਨੂੰ ਹੈ ਜਿਨਾਂ ਨੂੰ ਆਪਣੇ ਬੇਲੋੜੇ ਇਕੱਠੇ ਕੀਤੇ ਸਮਾਨ ਦੇ ਖੁੱਸ ਜਾਣ ਦਾ ਡਰ ਹੋਵੇ। ਫਿਕਰ ਫਾਕੇ ਤੋਂ ਬਗ਼ੈਰ ਸੜਕਾਂ ਕਿਨਾਰੇ ਪਏ ਗ਼ਰੀਬ ਨੂੰ ਇਹ ਚਿੰਤਾ ਨਹੀਂ ਚਿੰਬੜਦੀ। ਇਸੇ ਲਈ ਸਿਆਣੇ ਕਹਿੰਦੇ ਹਨ, ਜਿੰਨਾ ਸਮਾਂ ਹੈ ਮਹਿਲ ਮਾੜੀਆਂ ਮਾਣ ਲਵੋ ਪਰ ਇਨਾਂ ਨਾਲ ਮੋਹ ਨਾ ਪਾਲੋ।

ਜੇ ਮੌਤ ਦੇ ਭੈਅ ਤੋਂ ਛੇਤੀ ਛੁਟਕਾਰਾ ਹੋ ਜਾਏ ਅਤੇ ਆਪਣੇ ਮਨ ਨੂੰ ਕਾਬੂ ਕਰਨ ਦੇ ਉੱਪਰ ਦੱਸੇ ਉਪਾਓ ਵਰਤ ਕੇ ਸਹਿਜ ਹੋ ਸਕਦੇ ਹੋਵੋ ਤਾਂ ਭਰਪੂਰ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਨਹੀਂ, ਤਾਂ ਧਾਰਮਿਕ ਅਡੰਬਰਾਂ ਦੇ ਚੱਕਰਵਿਊ ਵਿਚ ਫਸ ਜਾਣ ਨਾਲੋਂ ਗੁਰਬਾਣੀ ਵਿੱਚੋਂ ਆਪੇ ਹੀ ਸੇਧ ਲਈ ਜਾ ਸਕਦੀ ਹੈ।
ਜੇ ਫਿਰ ਵੀ ਭੈਅ ਰਹਿ ਜਾਵੇ ਤਾਂ ਚੰਗੇ ਮਨੋਵਿਗਿਆਨੀ ਤੋਂ ਇਲਾਜ ਕਰਵਾਇਆ ਜਾ ਸਕਦਾ ਹੈ।

ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਮੌਤ ਅਟੱਲ ਸੱਚ ਹੈ, ਪਰ ਉਸ ਸਮੇਂ ਤੱਕ ਜਾਣ ਦਾ ਸਫ਼ਰ ਜੇ ਰੱਜ ਕੇ ਜੀਅ ਲਿਆ ਜਾਵੇ ਤੇ ਵਧੀਆ ਯਾਦਾਂ ਨਾਲ ਭਰਪੂਰ ਕਰ ਲਿਆ ਜਾਵੇ ਤਾਂ ਇਹ ਵਧੀਆ ਜ਼ਿੰਦਗੀ ਮੰਨੀ ਜਾਂਦੀ ਹੈ। ਤਿਲ ਤਿਲ ਕਰ ਕੇ ਮਰਨ ਦੀ ਲੋੜ ਨਹੀਂ ਹੁੰਦੀ। ਹੱਸੋ, ਖੇਡੋ, ਗੁਣਗੁਣਾਓ, ਦੋਸਤੀਆਂ ਗੰਢੋ, ਪਿਆਰ ਵੰਡੋ ਤਾਂ ਵੇਖੋ ਜ਼ਿੰਦਗੀ ਕਿੰਨੀ ਖ਼ੂਬਸੂਰਤ ਜਾਪਣ ਲੱਗ ਪੈਂਦੀ ਹੈ! ਇੱਕ ਆਖ਼ਰੀ ਗੱਲ ਜ਼ਰੂਰ ਸਾਂਝੀ ਕਰਨੀ ਹੈ। ਮੌਤ ਨੂੰ ਉੱਕਾ ਹੀ ਭੁਲਾ ਦੇਣਾ ਵੀ ਕਈ ਵਾਰ ਠੀਕ ਨਹੀਂ ਰਹਿੰਦਾ। ਇੰਜ ਬੰਦਾ ਆਪਣੇ ਆਪ ਨੂੰ ਅਮਰ ਮੰਨਦਾ ਦੂਜਿਆਂ ਉੱਤੇ ਜ਼ੁਲਮ ਢਾਹੁਣ ਲੱਗ ਪੈਂਦਾ ਹੈ।

ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥
(ਅੰਗ 660)
ਬਸ ਏਨੀ ਕੁ ਅਕਲ ਆ ਜਾਏ ਤਾਂ ਝਟ ਸਹਿਜ ਹੋਇਆ ਜਾ ਸਕਦਾ ਹੈ!

 

Untitled 11 3ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button