OpinionD5 special

ਮਨੁੱਖੀ ਜੀਵਨ ਚ ਰਿਸ਼ਤਿਆਂ ਦਾ ਮਹੱਤਵ!

ਸੁਬੇਗ ਸਿੰਘ,ਸੰਗਰੂਰ

ਬੱਚਾ ਜਦੋਂ ਵੀ ਜਨਮ ਲੈਂਦਾ ਹੈ,ਤਾਂ ਉਹਦੇ ਨਾਲ ਉਸੇ ਵਕਤ ਹੀ ਬਹੁਤ ਸਾਰੇ ਰਿਸ਼ਤੇ ਮੱਲੋਮੱਲੀ ਜੁੜ ਜਾਂਦੇ ਹਨ।ਇੰਨ੍ਹਾਂ ਰਿਸ਼ਤਿਆਂ ਚੋਂ,ਕੁੱਝ ਰਿਸ਼ਤੇ ਪਰਿਵਾਰਕ, ਭਾਵ ਖੂਨ ਦੇ ਰਿਸ਼ਤੇ ਅਤੇ ਕੁੱਝ ਸਮਾਜਿਕ ਤੌਰਤੇ ਜੁੜ ਜਾਂਦੇ ਹਨ।ਕਈ ਵਾਰ ਤਾਂ ਮਨੁੱਖ ਇੰਨ੍ਹਾਂ ਰਿਸ਼ਤਿਆਂ ਦੇ ਤਾਣੇ ਬਾਣੇ ਚ ਹੀ ਐਨਾ ਉਲਝ ਜਾਂਦਾ ਹੈ,ਕਿ ਉਹ ਆਪਣੀ ਜਿੰਦਗੀ ਦਾ ਅਸਲੀ ਮਨੋਰਥ ਹੀ ਭੁੱਲ ਜਾਂਦਾ ਹੈ ਅਤੇ ਸਾਰੀ ਉਮਰ ਆਪਣੀ ਜਿੰਦਗੀ ਨੂੰ ਬੇਅਰਥ ਹੀ ਗੁਆ ਦਿੰਦਾ ਹੈ। ਭਾਵੇਂ ਮਨੁੱਖ ਦੇ ਪਰਿਵਾਰਕ ਰਿਸ਼ਤੇ, ਉਹਦੇ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇੰਨ੍ਹਾਂ ਰਿਸ਼ਤਿਆਂ ਨੂੰ ਨਿਭਾਉਣਾ ਵੀ ਉਹਦੇ ਲਈ ਜਰੂਰੀ ਹੋ ਜਾਂਦਾ ਹੈ।

ਕਿਉਂਕਿ ਇੰਨ੍ਹਾਂ ਰਿਸ਼ਤਿਆਂ ਨਾਲੋਂ ਨਾਤਾ ਤੋੜਕੇ,ਮਨੁੱਖ ਆਪਣੇ ਗਲ ਫਾਹੀ ਹੀ ਤਾਂ ਪਾ ਲੈਂਦਾ ਹੈ।ਇਸ ਤੋਂ ਇਲਾਵਾ,ਮਨੁੱਖ ਕੁੱਝ ਸਮਾਜਿਕ ਰਿਸ਼ਤਿਆਂ ਨਾਲ ਵੀ ਬੰਨ੍ਹਿਆ ਹੋਇਆ ਹੁੰਦਾ ਹੈ।ਇਹ ਸਮਾਜਿਕ ਰਿਸ਼ਤੇ ਵੀ ਮਨੁੱਖ ਲਈ ਬੜੇ ਜਰੂਰੀ ਹੁੰਦੇ ਹਨ।ਇਸ ਲਈ ਇੰਨ੍ਹਾਂ ਰਿਸ਼ਤਿਆਂ ਨੂੰ ਵੀ ਜਿੰਦਗੀ ਭਰ ਨਿਭਾਉਣਾ ਮਨੁੱਖ ਦੀ ਇੱਕ ਤਰ੍ਹਾਂ ਨਾਲ ਮਜਬੂਰੀ ਹੀ ਬਣ ਜਾਂਦੀ ਹੈ।ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਇਸ ਲਈ, ਕਿਸੇ ਵੀ ਮਨੁੱਖ ਲਈ ,ਪਰਿਵਾਰਕ ਰਿਸ਼ਤਿਆਂ ਦੇ ਵਾਂਗ,ਇਹ ਸਮਾਜਿਕ ਰਿਸ਼ਤੇ ਵੀ ਬੜੇ ਜਰੂਰੀ ਹੁੰਦੇ ਹਨ।

ਜਿਉਂ 2 ਇੰਨ੍ਹਾਂ ਰਿਸ਼ਤਿਆਂ ਦੀ ਪੰਡ ਭਾਰੀ ਹੋਈ ਜਾਂਦੀ ਹੈ,ਤਿਉਂ 2 ਮਨੁੱਖ ਤੇ ਸਮਾਜਿਕ, ਆਰਥਿਕ ,ਮਾਨਸਿਕ ਅਤੇ ਸਰੀਰਕ ਤੌਰਤੇ ਬੋਝ ਜਿਆਦਾ ਪੈਣ ਲੱਗ ਪੈਂਦਾ ਹੈ।ਅਜੋਕੇ ਦੌਰ ਦੇ ਇਹ ਰਿਸ਼ਤੇ, ਅਪਣੱਤ ਅਤੇ ਆਪਣੀ ਅਸਲੀਅਤ ਨੂੰ ਛੱਡਕੇ ਦਿਖਾਵੇ ਦੇ ਵੱਧ ਹੋ ਗਏ ਹਨ।ਇਸ ਲਈ ਹਰ ਮਨੁੱਖ,ਇੰਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਘਟਾਉਣ ਜਾਂ ਫਿਰ ਛੱਡਣ ਦੇ ਚੱਕਰ ਚ ਲੱਗਿਆ ਹੋਇਆ ਹੈ,ਤਾਂ ਕਿ ਮਨ ਨੂੰ ਕੁੱਝ ਸਕੂਨ ਮਿਲ ਸਕੇ।ਕਿਉਂਕਿ ਮਨੁੱਖ ਵੀ,ਇੰਨ੍ਹਾਂ ਰਿਸ਼ਤਿਆਂ ਚੋਂ ਖੁਸ਼ੀ ਤੇ ਸਕੂਨ ਲੱਭਦਾ ਹੈ।

ਪਰ ਜਦੋਂ ਇਹ ਰਿਸ਼ਤੇ,ਖੁਸ਼ੀ ਦੀ ਵਜਾਏ ਦੁੱਖ ਦੇਣ ਲੱਗ ਪੈਣ,ਤਾਂ ਮਨੁੱਖ ਦਾ ਮਨ ਇੰਨ੍ਹਾਂ ਰਿਸ਼ਤਿਆਂ ਤੋਂ ਉਕਤਾਅ ਜਾਂਦਾ ਹੈ ਅਤੇ ਮਨੁੱਖ ਇੰਨ੍ਹਾਂ ਰਿਸ਼ਤਿਆਂ ਤੋਂ ਕਿਨਾਰਾ ਕਰ ਲੈਣ ਚ ਹੀ ਆਪਣੀ ਭਲਾਈ ਸਮਝਦਾ ਹੈ। ਮਨੁੱਖ ਦੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਵਾਂਗ,ਕਈ ਰਿਸ਼ਤੇ ਆਮ ਚੱਲਦੇ ਫਿਰਦੇ ਹੀ ਜਿੰਦਗੀ ਦੇ ਦੌਰਾਨ ਬਣ ਜਾਂਦੇ ਹਨ।ਭਾਵੇਂ ਇਹ ਰਿਸ਼ਤੇ ਨਾ ਹੀ ਖੂਨ ਦੇ ਰਿਸ਼ਤੇ ਹੁੰਦੇ ਹਨ ਅਤੇ ਨਾ ਹੀ ਕਿਸੇ ਸਮਾਜਿਕ ਰੀਤੀ ਰਿਵਾਜਾਂ ਚੋਂ ਉਪਜੇ ਹੁੰਦੇ ਹਨ।ਇਹ ਰਿਸ਼ਤੇ ਤਾਂ ਬੱਸ,ਰਾਹ ਜਾਂਦੇ ਰਾਹੀਆਂ ਜਾਂ ਫਿਰ ਕਿਸੇ ਨਾਲ ਕਿਸੇ ਵੀ ਵਕਤ ਬਣ ਜਾਂਦੇ ਹਨ।ਭਾਵੇਂ ਇੰਨ੍ਹਾਂ ਰਿਸ਼ਤਿਆਂ ਦਾ ਕੋਈ ਨਾਮ ਵੀ ਨਹੀਂ ਹੁੰਦਾ ਅਤੇ ਕਈ ਵਾਰ ਮਨੁੱਖ ਦਾ ਪਰਿਵਾਰ ਜਾਂ ਸਮਾਜ ਵੀ ਇੰਨ੍ਹਾਂ ਰਿਸ਼ਤਿਆਂ ਨੂੰ ਕੋਈ ਮਾਨਤਾ ਨਹੀਂ ਦਿੰਦਾ।

ਪਰ ਫੇਰ ਵੀ,ਇਹ ਰਿਸ਼ਤੇ ਮਨੁੱਖ ਦੀ ਜਿੰਦਗੀ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ।ਕਿਉਂਕਿ ਇਹ ਰਿਸ਼ਤੇ ਮਨੁੱਖ ਦੇ ਆਪਣੀ ਖੁਸ਼ੀ ਨਾਲ ਆਪੂੰ ਸਹੇੜੇ ਹੁੰਦੇ ਹਨ।ਇਸ ਲਈ, ਇੰਨ੍ਹਾਂ ਰਿਸ਼ਤਿਆਂ ਦੇ ਨਾਲ ਮਨੁੱਖ ਆਪਣੇ ਆਪਨੂੰ ਅੰਦਰੋਂ ਜੋੜ ਲੈਂਦਾ ਹੈ।ਮਨੁੱਖ ਦੇ ਅਜਿਹੇ ਰਿਸ਼ਤੇ ਉਹਦੀ ਰੂਹ ਦੀ ਖੁਰਾਕ ਬਣ ਜਾਂਦੇ ਹਨ। ਪਰ ਉਸ ਵਕਤ ਮਨੁੱਖਦੀ ਸਥਿੱਤੀ ਡਾਵਾਂਡੋਲ ਹੋ ਜਾਂਦੀ ਹੈ,ਜਦੋਂ ਕੋਈ ਮਨੁੱਖ ਅਜਿਹੇ ਰਿਸ਼ਤਿਆਂ ਨਾਲ ਵਿਸ਼ਵਾਸਘਾਤ ਕਰਦਾ ਹੈ,ਜਾਂ ਫਿਰ ਇੰਨ੍ਹਾਂ ਰਿਸ਼ਤਿਆਂ ਦਾ ਨਜਾਇਜ਼ ਫਾਇਦਾ ਉਠਾਉਂਦਾ ਹੈ।ਅਜਿਹੇ ਰਿਸ਼ਤੇ ,ਅਗਰ ਮਨੁੱਖ ਨੂੰ ਕਿਸੇ ਕਿਸਮ ਦਾ ਸਕੂਨ ਦਿੰਦੇ ਹਨ,ਤਾਂ ਇੰਨ੍ਹਾਂ ਰਿਸ਼ਤਿਆਂ ਦੇ ਟੁੱਟਣ ਜਾਂ ਤਿੜਕਣ ਦੇ ਨਾਲ ਮਨੁੱਖ ਦੀ ਰੂਹ ਕੰਬ ਵੀ ਜਾਂਦੀ ਹੈ।ਕਿਉਂਕਿ ,ਅਜਿਹੇ ਰਿਸ਼ਤਿਆਂ ਨੂੰ ਗੰਢਣ ਵਾਲਾ ਹਰ ਮਨੁੱਖ ਅਜਿਹੇ ਰਿਸ਼ਤਿਆਂ ਤੋਂ ਲੋੜ ਤੋਂ ਜਿਆਦਾ ਆਸ ਲਗਾ ਬੈਠਦਾ ਹੈ।ਪਰ ਜਦੋਂ ਕੋਈ ਸੁਆਰਥੀ ਮਨੁੱਖ, ਅਜਿਹੇ ਪਵਿੱਤਰ ਰਿਸ਼ਤਿਆਂ ਨੂੰ ਮੌਕਾਪ੍ਰਸਤੀ ਅਤੇ ਮਤਲਬਪ੍ਰਸਤੀ ਦੇ ਰੂਪ ਚ ਵਰਤਣ ਲੱਗ ਪਵੇ,ਤਾਂ ਸੱਚੇ ਤੇ ਸੁੱਚੇ ਮਨੁੱਖ ਦਾ ਦੁਨੀਆਂ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਮਨੁੱਖ ਦੀ ਜਿੰਦਗੀ ਚ, ਇਹ ਰਿਸ਼ਤੇ ਹੀ ਤਾਂ ਹੁੰਦੇ ਹਨ,ਜਿਹੜੇ ਮਨੁੱਖ ਨੂੰ ਔਖੇ ਵਕਤ ਚ ਵੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ।ਮਨੁੱਖ ਦੀ ਖੁਸ਼ੀ ਦੇ ਵਕਤ,ਵਕਤ ਨੂੰ ਰੰਗਾਂ ਨਾਲ ਭਰ ਦਿੰਦੇ ਹਨ ਅਤੇ ਔਖੇ ਵਕਤ ਚ,ਇਹ ਰਿਸ਼ਤੇ ਮਨੁੱਖ ਦੇ ਦੁੱਖ ਨੂੰ ਵੰਡਾ ਲੈਂਦੇ ਹਨ ਅਤੇ ਆਪਣੀ ਜਿੰਦਗੀ ਨੂੰ ਬੋਝ ਸਮਝਣ ਵਾਲੇ ਮਨੁੱਖ ਨੂੰ ਡੋਲਣ ਵੀ ਨਹੀਂ ਦਿੰਦੇ। ਸੱਚਮੁੱਚ,ਇਹ ਰਿਸ਼ਤੇ ਵੀ ਮਨੁੱਖ ਦੀ ਜਿੰਦਗੀ ਦੀ ਖੁਰਾਕ ਹੀ ਤਾਂ ਹੁੰਦੇ ਹਨ।ਇਸੇ ਲਈ ਤਾਂ ਇਹ ਰਿਸ਼ਤੇ ਬੜੇ ਜਰੂਰੀ ਵੀ ਹੁੰਦੇ ਹਨ।ਦੁਨੀਆਂ ਦੇ ਹਰ ਮਨੁੱਖ ਨੂੰ,ਇੰਨ੍ਹਾਂ ਰਿਸ਼ਤਿਆਂ ਦੀ ਕਦਰ ਵੀ ਕਰਨੀ ਚਾਹੀਦੀ ਹੈ ਅਤੇ ਇੰਨ੍ਹਾਂ ਨੂੰ ਦਿਲੋਂ ਨਿਭਾਉਣਾ ਵੀ ਚਾਹੀਦਾ ਹੈ,ਤਾਂ ਕਿ ਜਿੰਦਗੀ ਖੁਸ਼ੀਆਂ ਨਾਲ ਭਰੀ ਰਹੇ।ਸ਼ਾਲਾ!ਇੰਨ੍ਹਾਂ ਪਵਿੱਤਰ ਰਿਸ਼ਤਿਆਂ ਨੂੰ ਸਦਾ ਸਲਾਮਤ ਰੱਖੇ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button