PunjabTop News

ਭਾਜਪਾ ਦੇ ਦਫ਼ਤਰ ਦੇ ਬਾਹਰ ਹੋਏ ਗ੍ਰੇਨੇਡ ਹਮਲੇ ਵਿਚ ਸ਼ਾਮਲ 5 ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਚੰਡੀਗੜ੍ਹ ਦੇ ਸੈਕਟਰ-37 ’ਚ ਭਾਜਪਾ ਦੇ ਦਫ਼ਤਰ ਦੇ ਬਾਹਰ ਹੋਏ ਗ੍ਰੇਨੇਡ ਹਮਲੇ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਇਕ ਹੈਂਡ ਗ੍ਰੇਨੇਡ, ਇਕ .30 ਬੋਰ ਦੀ ਜਿਗਾਨਾ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਇਹ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਮਾਜਰੀ (ਐੱਸ. ਬੀ. ਐੱਸ. ਨਗਰ) ਦੇ ਬਲਵਿੰਦਰ ਲਾਲ ਉਰਫ਼ ਸ਼ੰਮੀ, ਪਿੰਡ ਭਰਾਪੁਰ (ਐੱਸ. ਬੀ. ਐੱਸ. ਨਗਰ) ਦੇ ਜਸਵੀਰ ਸਿੰਘ ਉਰਫ਼ ਜੱਸੀ, ਪਿੰਡ ਸੁਜਾਵਲਪੁਰ (ਐੱਸ. ਬੀ. ਐੱਸ. ਨਗਰ) ਦੇ ਚਰਨਜੀਤ ਸਿੰਘ ਉਰਫ਼ ਚੰਨੀ, ਪਿੰਡ ਠਾਣਾ (ਸ਼ਿਮਲਾ) ਦੇ ਰੂਬਲ ਚੌਹਾਨ ਅਤੇ ਧੂਰੀ (ਸੰਗਰੂਰ) ਦੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਵਜੋਂ ਹੋਈ ਹੈ।

ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਹਮਾਇਤ ਹਾਸਲ ਸੀ ਅਤੇ ਇਹ ਪੁਰਤਗਾਲ ਅਤੇ ਜਰਮਨੀ ਵਿਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਇਕ ਸੰਗਠਿਤ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕੱਟ-ਆਊਟ ਅਤੇ ਸਬ-ਮਾਡਿਊਲ ਸ਼ਾਮਲ ਸਨ। ਹਮਲੇ ਵਿਚ ਸ਼ਾਮਲ 2 ਮੁੱਖ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ ਹੈ।

ਏ. ਆਈ. ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.), ਐੱਸ. ਏ. ਐੱਸ. ਨਗਰ ਦੀਪਕ ਪਾਰਿਕ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਦੀ ਇਕ ਖੇਪ ਭੇਜੀ ਗਈ ਸੀ, ਜੋ ਕਈ ਗੁਰਗਿਆਂ ਕੋਲੋਂ ਹੁੰਦੀ ਹੋਈ ਅੰਤਿਮ ਮੁਲਜ਼ਮਾਂ ਤੱਕ ਪਹੁੰਚੀ ਸੀ। ਏ. ਆਈ. ਜੀ. ਨੇ ਕਿਹਾ ਕਿ ਪੁਰਤਗਾਲ ਸਥਿਤ ਹੈਂਡਲਰ ਦੇ ਨਿਰਦੇਸ਼ਾਂ ’ਤੇ ਮੁਲਜ਼ਮਾਂ ਨੇ ਹਮਲੇ ਨੂੰ ਅੰਜਾਮ ਦੇਣ ਲਈ ਤਾਲਮੇਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼ਾਮਲ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧੀ ਪੁਲਸ ਸਟੇਸ਼ਨ ਐੱਸ. ਐੱਸ. ਓ. ਸੀ., ਐੱਸ. ਬੀ. ਐੱਸ. ਨਗਰ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button