
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਿਤ ਐਲਾਨੇ ਜਾਣ ਮਗਰੋਂ ਹੜ੍ਹ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਬਾਰਿਸ਼ ਕਾਰਨ ਨੰਗਲ ਸਥਿਤ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1680 ਫੁੱਟ ਤੋਂ ਸਿਰਫ਼ ਦੋ ਫੁੱਟ ਘੱਟ 1678 ਤੱਕ ਪੁੱਜ ਗਿਆ ਹੈ। ਇਸੇ ਕਾਰਨ ਬੀਬੀਐੱਮਬੀ ਨੇ ਡੈਮ ਦੇ ਚਾਰੇ ਫਲੱਡ ਗੇਟ ਇਕ ਫੁੱਟ ਹੋਰ ਖੋਲ੍ਹ ਦਿੱਤੇ ਹਨ। ਇਸ ਨਾਲ ਸਤਲੁਜ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਸੂਬੇ ਦੇ ਸਤਲੁਜ ਨਾਲ ਲੱਗੇ ਜ਼ਿਲ੍ਹਿਆਂ ’ਚ ਲਗਾਤਾਰ ਹੜ੍ਹ ਦਾ ਖ਼ਤਰਾ ਵਧਦਾ ਜਾ ਰਿਹਾ ਹੈ।
ਇਸੇ ਦੌਰਾਨ ਹਰਿਆਣਾ ਤੋਂ ਨਿਕਲਦੇ ਘੱਗਰ ਦਰਿਆ ਨੇ ਵੀ ਹਰਿਆਣਾ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ’ਚ ਹੜ੍ਹ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਰੀਬ 63 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਦੀ ਅਪੀਲ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ ’ਚ ਲਗਾਤਾਰ ਕੀਤੀ ਜਾ ਰਹੀ ਹੈ। ਸੂਬੇ ’ਚ ਹੜ੍ਹ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੈਬਨਿਟ ਦੀ ਬੈਠਕ ਸੱਦ ਲਈ ਹੈ। ਉੱਥੇ ਹੀ ਵੀਰਵਾਰ ਨੂੰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪੁੱਜ ਰਹੇ ਹਨ। ਇਹੀ ਨਹੀਂ ਦੋ ਕੇਂਦਰੀ ਟੀਮਾਂ ਵੀ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਆ ਰਹੀਆਂ ਹਨ। ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਜਲੰਧਰ-ਫਿਰੋਜ਼ਪੁਰ ਰੇਲ ਮਾਰਗ ਬੰਦ ਕਰ ਦਿੱਤਾ ਗਿਆ ਹੈ। ਇਹੀ ਨਹੀਂ, ਹੜ੍ਹ ਨੂੰ ਦੇਖਦਿਆਂ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਕੂਲ-ਕਾਲਜ ਹੁਣ ਸੱਤ ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।ਤਰਨਤਾਰਨ ਸਥਿਤ ਹਰੀਕੇ ਪੱਤਣ ਹੈੱਡਵਰਕਸ ਜਿੱਥੇ ਸਤਲੁਜ ਤੇ ਬਿਆਸ ਦਾ ਦਰਿਆ ਦਾ ਪਾਣੀ ਮਿਲਦਾ ਹੈ, ’ਚ ਲਗਾਤਾਰ ਪਾਣੀ ਵਧਣ ਨਾਲ ਇਸ ਨੂੰ ਅੱਗੇ ਛੱਡਿਆ ਜਾ ਰਿਹਾ ਹੈ। ਮੰਗਲਵਾਰ ਰਾਤ 9 ਵਜੇ ਹਰੀਕੇ ਪੱਤਣ ਹੈੱਡ ਵਰਕਸ ’ਤੇ 3,16,584 ਕਿਊਸਕ ਪਾਣੀ ਪੁੱਜਾ। 2,99,712 ਕਿਊਸਕ ਪਾਣੀ ਪਾਕਿਸਤਾਨ ਨੂੰ ਛੱਡਿਆ ਗਿਆ। ਬੁੱਧਵਾਰ ਸਵੇਰੇ ਜਿਵੇਂ ਹੀ 3,35,000 ਕਿਊਸਕ ਪਾਣੀ ਆਇਆ, 3,18,000 ਕਿਊਸਿਕ ਪਾਣੀ ਅੱਗੇ ਛੱਡਿਆ ਗਿਆ। ਸ਼ਾਮ ਨੂੰ 3,46,000 ਕਿਊਸਿਕ ਪਾਣੀ ਦੀ ਆਮਦ ਨੇ ਰਿਕਾਰਡ ਤੋੜ ਦਿੱਤੇ। 2023 ’ਚ ਇੱਥੇ 2,84,000 ਕਿਊਸਿਕ ਪਾਣੀ ਆਉਂਦੇ ਹੀ ਧੁੱਸੀ ਬੰਨ੍ਹ ਟੁੱਟ ਗਿਆ ਸੀ। ਨਤੀਜੇ ਵਜੋਂ 33 ਪਿੰਡ ਹੜ੍ਹਾਂ ’ਚ ਡੁੱਬ ਗਏ ਸਨ। ਹਰੀਕੇ ਹੈੱਡ ਵਰਕਸ ਦੇ ਸਾਰੇ 31 ਗੇਟ ਛੇ ਫੁੱਟ ਦੀ ਉਚਾਈ ਤੱਕ ਖੋਲ੍ਹ ਦਿੱਤੇ ਗਏ ਹਨ। ਇਸ ਨਾਲ ਤਰਨਤਾਰਨ ਦੇ 10 ਕਿਲੋਮੀਟਰ ਦੇ ਖੇਤਰ ’ਚ ਧੁੱਸੀ ਬੰਨ੍ਹ ਕਮਜ਼ੋਰ ਹੋਣ ਕਾਰਨ 50 ਤੋਂ ਵੱਧ ਪਿੰਡਾਂ ’ਚ ਖ਼ਤਰਾ ਮੰਡਰਾਉਣ ਲੱਗਿਆ ਹੈ। ਪ੍ਰਸ਼ਾਸਨ ਤੇ ਸਤਾਨਕ ਲੋਕ ਦਿਨ ਰਾਤ ਧੁੱਸੀ ਬੰਨ੍ਹ ਮਜ਼ਬੂਤ ਕਰਨ ’ਚ ਲੱਗੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ’ਚ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਉਕਤ ਥਾਵਾਂ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਇਸੇ ਤਰ੍ਹਾਂ ਹਰੀਕੇ ਪੱਤਣ ਤੋਂ ਛੱਡੇ ਜਾ ਰੇਹ ਪਾਣੀ ਨਾਲ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀ ਜਾ ਰਹੀਆਂ ਹਨ। ਇੱਥੇ ਹਰ ਦਿਨ ਕਰੀਬ ਡੇਢ ਤੋਂ ਦੋ ਫੁੱਟ ਤੱਕ ਪਾਣੀ ਦਾ ਪੱਧਰ ਵਧ ਰਿਹਾ ਹੈ। ਪਾਣੀ ਆਉਣ ਨਾਲ ਹਬੀਬ ਕੇ ਬੰਨ੍ਹ ਨੂੰ ਮਜ਼ਬੂਤ ਕਰਨ ’ਤੇ ਲੱਗੀ ਸੰਗਤ ਲਈ ਪਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ। ਜੇ ਬੰਨ੍ਹ ਟੁੱਟ ਗਿਆਂ ਤਾਂ ਪਹਿਲਾਂ ਹੀ ਹੜ੍ਹ ਦੀ ਮਾਰ ਝੱਲ ਰਿਹਾ ਇਹ ਪੂਰਾ ਇਲਾਕਾ ਤਬਾਹੀ ਦੀ ਹੱਦ ਪ੍ਰਭਾਵਿਤ ਹੋਵੇਗਾ। ਹਰੀ ਕੇ ਹੈੱਡ ਤੋਂ ਲੈ ਕੇ ਮਖੂ, ਮੱਲਾਂਵਾਲਾ ਤੇ ਫਿਰੋਜ਼ਪੁਰ ਦੇ ਸਰਹੱਦੀ ਦਰਿਆਈ ਇਲਾਕੇ ਬਸਤੀ ਰਾਮ ਲਾਲ, ਮੁੱਠਿਆਂ ਵਾਲਾ, ਜਖਰਾਵਾਂ, ਨਿਹਾਲਾ ਕਿਲਚਾ, ਕਮਾਲੇ ਵਾਲਾ, ਗੱਟੀ ਰਾਜੋ ਕੀ, ਹਬੀਬ ਵਾਲਾ, ਕਾਲੂ ਵਾਲਾ, ਨਿਹਾਲਾ ਲਵੇਰਾ, ਭੱਖੜਾ, ਜੱਲੋ ਕੇ, ਚਾਂਦੀ ਵਾਲਾ, ਟੈਂਡੀ ਵਾਲਾ, ਗਜਨੀ ਵਾਲਾ, ਦੋਨਾ ਮੱਤੜ ਤੇ ਖੁੰਦਰ ਗੱਟੀ ਆਦਿ ਦੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਲਈ ਸੰਕਟ ਘੱਟ ਹੁੰਦਾ ਨਹੀਂ ਦਿਸ ਰਿਹਾ। ਦੋ ਦਿਨ ਤੱਕ ਕੁਝ ਰਾਹਤ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਜੰਮੂ ਤੇ ਹਿਮਾਚਲ ਦੇ ਪਹਾੜੀ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ-ਨਾਲ ਜ਼ਿਲ੍ਹੇ ’ਚ ਲਗਾਤਾਰ ਮੀਂਹ ਕਾਰਨ, ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਮੁੜ ਖ਼ਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ। ਡੈਮ ਦੇ ਸੱਤ ਗੇਟ ਖੋਲ੍ਹੇ ਜਾਣ ਮਗਰੋਂ ਰਾਵੀ ’ਚ ਪਾਣੀ ਦਾ ਪੱਧਰ ਫਿਰ ਵੱਧ ਗਿਆ। ਇਸ ਨਾਲ ਇਕ ਵਾਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੀ ਲਪੇਟ ’ਚ ਆ ਗਏ ਹਨ। ਦੁਪਹਿਰ ਤੱਕ ਮਕੌੜਾ ਪੱਤਣ ਨਾਲ ਲੱਗਦੇ ਦਰਜਨਾਂ ਪਿੰਡਾਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਮੁੜ ਦੇਸ਼ ਨਾਲੋਂ ਕੱਟੇ ਗਏ। ਖੇਤ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਨਾਲ ਭਰੇ ਹੋਏ ਹਨ। ਸੈਂਕੜੇ ਏਕੜ ਝੋਨੇ, ਗੰਨੇ ਤੇ ਸਬਜ਼ੀਆਂ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸੇ ਦੌਰਾਨ ਬਚਾਅ ਤੇ ਰਾਹਤ ਕਾਰਜ ਵੀ ਵਧਾ ਦਿੱਤੇ ਗਏ ਹਨ। ਇਹੋ ਜਿਹੇ ਹੀ ਹਾਲਾਤ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਹਨ। ਇੱਥੇ ਵੀ ਸਥਿਤੀ ’ਚ ਕੋਈ ਸੁਧਾਰ ਨਹੀਂ ਆਇਆ। ਸਗੋਂ ਸਤਲੁਜ ’ਚ ਪਾਣੀ ਵਧਣ ਕਾਰਨ ਹੋਰ ਇਲਾਕੇ ਪਾਣੀ ’ਚ ਡੁੱਬ ਗਏ ਹਨ।ਬੁੱਧਵਾਰ ਨੂੰ ਵੀ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਰਿਹਾ। ਪੰਜਾਬ ਦੇ ਚਾਰ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਈ ਜਦਕਿ ਹੋਰ ਜ਼ਿਲ੍ਹਿਆਂ ’ਚ ਵੀ ਬਾਰਿਸ਼ ਰਿਕਾਰਡ ਕੀਤੀ ਗਈ। ਚੰਡੀਗੜ੍ਹ ’ਚ 84.7 ਮਿਲੀਮੀਟਰ, ਗੁਰਦਾਸਪੁਰ ’ਚ 94.7, ਮੋਹਾਲੀ ’ਚ 73.5, ਪਠਾਨਕੋਟ ’ਚ 41.2, ਲੁਧਿਆਣਾ ’ਚ 34.4, ਅੰਮ੍ਰਿਤਸਰ ’ਚ 33.4, ਰੂਪਨਗਰ ’ਚ 12.8, ਬਠਿੰਡਾ ’ਚ 10.6 ਤੇ ਪਟਿਆਲਾ ’ਚ 9.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਤੋਂ ਮੌਸਮ ’ਚ ਬਦਲਾਅ ਆਏਗਾ। ਹਿਮਚਾਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਛੱਡ ਕੇ ਫਿਲਾਹਰ ਹੋਰ ਥਾਵਾਂ ’ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਜ਼ਿਆਦਾਤਰ ਥਾਵਾਂ ’ਤੇ ਬੱਦਲ ਉੱਡ ਜਾਣਗੇ ਤੇ ਧੁੱਪ ਨਿਕਲੇਗੀ। ਇਸ ਨਾਲ ਹੜ੍ਹ ਪ੍ਰਭਾਵਿਤ ਜ਼ਿਲਿ੍ਆਂ ਨੂੰ ਕੁਝ ਰਾਹਤ ਮਿਲੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




