D5 specialOpinion

ਬਿਖੜੇ ਪੈਂਡਿਆਂ ਦਾ ਰਾਹੀ ਅਤੇ ਨੌਕਰੀ ਵਿਚ ਫ਼ਰਜ਼ਨੋਸ਼ੀ ਦਾ ਮੁਜਸਮਾ ਜਰਨੈਲ ਸਿੰਘ

(ਉਜਾਗਰ ਸਿੰਘ) : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਬੱਚੇ ਸ਼ਹਿਰਾਂ ਵਿਚ ਰਹਿਣ ਵਾਲੇ ਬੱਚਿਆਂ ਦੇ ਮੁਕਾਬਲੇ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਪਿੰਡਾਂ ਵਾਲਿਆਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ,  ਜਿਹੜੀਆਂ ਸ਼ਹਿਰੀ ਬੱਚਿਆਂ ਨੂੰ ਮਿਲ ਜਾਂਦੀਆਂ ਹਨ। ਕਿਸੇ ਹੱਦ ਤੱਕ ਇਹ ਸਹੀ ਵੀ ਹੈ ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਦਿਹਾਤੀ ਇਲਾਕਿਆਂ ਵਿਚ ਪੜ੍ਹਾਈ ਕਰਨ ਲਈ ਸਕੂਲ ਬਹੁਤ ਘੱਟ ਸਨ। ਟਾਵੇਂ ਟਾਵੇਂ ਪਿੰਡਾਂ ਵਿਚ ਸਕੂਲ ਹੁੰਦੇ ਸਨ। ਪਿੰਡਾਂ ਵਾਲਿਆਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੁੰਦੀ ਸੀ। ਦੂਜੇ ਪਿੰਡਾਂ ਵਿਚ ਪੜ੍ਹਨ ਲਈ ਕਈ ਮੀਲ ਪੈਦਲ ਬੱਚਿਆਂ ਨੂੰ ਜਾਣਾ ਪੈਂਦਾ ਸੀ। ਗਰਮੀ ਸਰਦੀ ਵਿਚ ਨੰਗੇ ਪੈਰੀਂ ਬੱਚੇ ਸਕੂਲ ਜਾਂਦੇ ਸਨ। ਨਾਮਾਤਰ ਦੋ ਪੈਸੇ ਮਹੀਨਾ ਫੀਸ ਦੇਣ ਨੂੰ ਵੀ ਮਾਪਿਆਂ ਲਈ ਮੁਸ਼ਕਲ ਹੁੰਦੀ ਸੀ। ਪਿੰਡਾਂ ਵਾਲਿਆਂ ਨੂੰ ਪੜ੍ਹਨ ਦਾ ਵਾਤਾਵਰਨ ਹੀ ਨਹੀਂ ਮਿਲਦਾ ਸੀ।

ਫਿਰ ਵੀ ਹੋਣਹਾਰ, ਦ੍ਰਿੜ ਇਰਾਦੇ ਵਾਲੇ, ਮਿਹਨਤੀ ਅਤੇ ਸਿਰੜ੍ਹੀ ਵਿਦਿਆਰਥੀ ਅਣਸੁਖਾਵੇਂ ਹਾਲਾਤਾਂ ਦੇ ਬਾਵਜੂਦ ਪੜ੍ਹਾਈ ਕਰਕੇ ਉਚੇ ਅਹੁਦਿਆਂ ਤੱਕ ਪਹੁੰਚ ਜਾਂਦੇ ਹਨ। ਅਨੂਸੂਚਿਤ ਅਤੇ ਪਛੜੀਆਂ ਸ਼ਰੇਣੀਆਂ ਲਈ ਤਾਂ ਹੋਰ ਵੀ ਔਖਾ ਹੁੰਦਾ ਸੀ ਕਿਉਂਕਿ ਉਨ੍ਹਾਂ ਦੀ ਆਮਦਨ ਦੇ ਸਾਧਨ ਬਹੁਤ ਘੱਟ ਹੁੰਦੇ ਸਨ। ਅਜਿਹੇ ਵਿਅਕਤੀਆਂ ਵਿਚ ਲੋਕ ਸੰਪਰਕ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਵਧੀਕ ਡਾਇਰੈਕਟਰ ਜਰਨੈਲ ਸਿੰਘ ਵੀ ਸ਼ਾਮਲ ਹਨ, ਜਿਹੜੇ ਸਰਕਾਰੀ ਨੌਕਰੀ ਵਿਚ ਹੇਠਲੇ ਪੱਧਰ ਤੋਂ ਤਰੱਕੀ ਕਰਕੇ ਵਿਭਾਗ ਦੇ ਵਧੀਕ ਮੁੱਖੀ ਦੇ ਅਹੁਦੇ ਪਹੁੰਚੇ। ਇਹ ਉਨ੍ਹਾਂ ਦੀ ਮਿਹਨਤ ਲਈ ਬੜੇ ਮਾਣ ਵਾਲੀ ਗੱਲ ਹੈ। ਉਹ ਵੀ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਜਿਹੜੇ ਦਿਹਾਤੀ ਇਲਾਕਿਆਂ ਵਿਚੋਂ ਆ ਕੇ ਆਪਣੀ ਮਿਹਨਤ, ਦ੍ਰਿੜਤਾ ਅਤੇ ਲਗਨ ਨਾਲ ਆਪਣੇ ਫਰਜ ਨਿਭਾਕੇ ਅਜਿਹੇ ਅਹੁਦਿਆਂ ਤੇ ਪਹੁੰਚਦੇ ਹਨ। ਜਰਨੈਲ ਸਿੰਘ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਮਾਤਾ ਚੰਦ ਕੌਰ ਅਤੇ ਪਿਤਾ ਈਸ਼ਰ ਸਿੰਘ ਦੇ ਘਰ 9 ਮਾਰਚ 1953 ਨੂੰ ਰੋਪੜ ਜਿਲ੍ਹੇ ਦੇ ਪਿੰਡ ਗੋਸਲਾਂ ਵਿਚ ਹੋਇਆ। ਇਸ ਇਲਾਕੇ ਦੇ ਪਿੰਡਾਂ ਵਿਚ ਬਾਰਸ਼ਾਂ ਦੌਰਾਨ ਪਾਣੀ ਦੀ ਮਾਰ ਪੈਂਦੀ ਹੈ।

ਉਨ੍ਹਾਂ ਪ੍ਰਾਇਮਰੀ ਪੱਧਰ ਤੱਕ ਦੀ ਪੜ੍ਹਾਈ ਆਪਣੇ ਪਿੰਡ ਵਿਚੋਂ ਹੀ ਪ੍ਰਾਪਤ ਕੀਤੀ। ਉਚ ਵਿਦਿਆ ਲਈ ਉਨ੍ਹਾਂ ਗਵਾਂਢੀ ਪਿੰਡ ਸਿੰਘ ਭਗਵੰਤਪੁਰ ਦੇ ਹਾਈ ਸਕੂਲ ਵਿਚ ਦਾਖ਼ਲਾ ਲੈ ਲਿਆ। ਪਰਿਵਾਰ ਦੀ ਆਰਥਿਕ ਹਾਲਤ ਸਥਿਰ ਨਾ ਹੋਣ ਕਰਕੇ ਉਨ੍ਹਾਂ ਨੂੰ ਪੜ੍ਹਾਈ ਅੱਧ ਵਿਚਕਾਰ ਹੀ ਛੱਡਣੀ ਪਈ। ਜਰਨੈਲ ਸਿੰਘ ਹੁਸ਼ਿਆਰ ਵਿਦਿਅਰਥੀਆਂ ਵਿਚੋਂ ਇਕ ਸਨ। ਜਦੋਂ ਜਰਨੈਲ ਸਿੰਘ ਨੇ ਸਕੂਲ ਜਾਣਾ ਛੱਡ ਦਿੱਤਾ ਤਾਂ ਇਸ ਲਈ ਸਕੂਲ ਦੇ ਹੈਡਮਾਸਟਰ ਮਹਿੰਦਰ ਸਿੰਘ ਤਰਖੇੜੀ ਨੇ ਉਨ੍ਹਾਂ ਨੂੰ ਮੁੜ ਸਕੂਲ ਵਿਚ ਲਿਆਕੇ ਪੜ੍ਹਾਈ ਦਾ ਸਾਰਾ ਖਰਚਾ ਕਰਨ ਦੀ ਜ਼ਿੰਮੇਵਾਰੀ ਆਪ ਲੈ ਲਈ। ਉਨ੍ਹਾਂ ਨੇ ਉਸਦੀ ਪ੍ਰਤਿਭਾ ਦੀ ਪਛਾਣ ਕਰ ਲਈ ਸੀ। ਫਿਰ ਜਰਨੈਲ ਸਿੰਘ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਹੈਡਮਾਸਟਰ ਆਪ ਕਰਦੇ ਰਹੇ। ਜਰਨੈਲ ਸਿੰਘ ਨੇ ਪਹਿਲੇ ਦਰਜੇ ਵਿਚ ਦਸਵੀਂ ਪਾਸ ਕੀਤੀ। ਫਿਰ ਹੈਡਮਾਸਟਰ ਮਹਿੰਦਰ ਸਿੰਘ ਤਰਖੇੜੀ ਨੇ ਉਨ੍ਹਾਂ ਨੂੰ ਸਰਕਾਰੀ ਕਾਲਜ ਰੋਪੜ ਵਿਚ ਪ੍ਰੀ ਮੈਡੀਕਲ ਵਿਚ ਦਾਖਲ ਕਰਵਾ ਦਿੱਤਾ।

ਪ੍ਰੀ ਮੈਡੀਕਲ ਵਿਚੋਂ ਵੀ ਜਰਨੈਲ ਸਿੰਘ ਨੇ ਚੰਗੇ ਨੰਬਰ ਲੈ ਕੇ ਪਾਸ ਕੀਤੀ। ਉਨ੍ਹਾਂ ਦੀ ਐਮ ਬੀ ਬੀ ਐਸ ਵਿਚ ਦਾਖ਼ਲੇ ਲਈ ਮੈਰਿਟ ਬਣ ਗਈ ਪ੍ਰੰਤੂ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਨਾ ਹੋਣ ਕਰਕੇ ਉਨ੍ਹਾਂ ਨੇ ਮੈਡੀਕਲ ਕਾਲਜ ਪਟਿਆਲਾ ਵਿਖੇ ਫਾਰਮੇਸੀ ਵਿਚ ਦਾਖਲਾ ਲੈ ਲਿਆ। ਫਾਰਮੇਸੀ ਕਰਨ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਸਿਹਤ ਵਿਭਾਗ ਵਿਚ ਫਾਰਮਾਸਿਸਟ ਦੀ ਨੌਕਰੀ ਕਰ ਲਈ। ਡੇਢ ਸਾਲ ਤੋਂ ਬਾਅਦ ਉੁਨ੍ਹਾਂ 1982 ਵਿਚ ਲੋਕ ਸੰਪਰਕ ਵਿਭਾਗ ਚੰਡੀਗੜ੍ਹ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਲਈ। ਇਸ ਸਮੇਂ ਦੌਰਾਨ ਉਹ ਪੰਜਾਬ ਮੰਡੀ ਬੋਰਡ ਵਿਚ ਵੀ 3 ਸਾਲ ਡੈਪੂਟੇਸ਼ਨ ਤੇ ਲੋਕ ਸੰਪਰਕ ਅਧਿਕਾਰੀ ਰਹੇ। ਨੌਕਰੀ ਦੌਰਾਨ ਹੀ ਉਨ੍ਹਾਂ ਆਪਣੀ ਸਾਰੀ ਪੜ੍ਹਾਈ ਬੀ ਏ ਅਤੇ ਐਮ ਏ ਰਾਜਨੀਤੀ ਸ਼ਾਸਤਰ ਪ੍ਰਾਈਵੇਟਲੀ ਹੀ ਕੀਤੀ। ਪੱਤਰਕਾਰੀ ਵਿਚ ਡਿਪਲੋਮਾ ਮਾਸ ਕਮਨੀਕੇਸ਼ਨ ਇਨਸਟੀਚਿਊਟ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿਚ ਪਾਸ ਕੀਤਾ। 10 ਸਾਲ ਚੰਡੀਗੜ੍ਹ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰਨ ਤੋਂ ਬਾਅਦ 1991 ਵਿਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿਚ ਲੋਕ ਸੰਪਰਕ ਅਧਿਕਾਰੀ ਚੁਣੇ ਗਏ।  ਲੋਕ ਸੰਪਰਕ ਵਿਭਾਗ ਵਿਚ ਤਰੱਕੀ ਕਰਦੇ ਹੋਏ ਵਧੀਕ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ।

ਉਨ੍ਹਾਂ ਆਪਣੀ ਮਿਹਨਤ ਅਤੇ ਕਾਰਜ਼ਕੁਸ਼ਲਤਾ ਦਾ ਸਿੱਕਾ ਜਮਾਕੇ ਵਿਭਾਗ ਵਿਚ ਆਪਣਾ ਨਾਮ ਚਮਕਾ ਗਿਆ। ਭਾਰਤ ਵਿਚ ਵਰਕ ਕਲਚਰ ਨਾਂ ਦੀ ਕੋਈ ਚੀਜ਼ ਹੀ ਨਹੀਂ ਖ਼ਾਸ ਤੌਰ ਤੇ ਸਰਕਾਰੀ ਦਫਤਰਾਂ ਵਿਚ ਜਿਸ ਕਰਕੇ ਕੁਝ ਕਰਮਚਾਰੀ ਅਤੇ ਅਧਿਕਾਰੀ ਤਾਂ ਗੱਪ ਸ਼ਪ ਮਾਰਕੇ ਵਕਤ ਲੰਘਾਉਣ ਅਤੇ ਤਨਖ਼ਾਹ ਲੈਣ ਦੇ ਇਰਾਦੇ ਨਾਲ ਹੀ ਆਉਂਦੇ ਹਨ। ਅਜ ਕਲ੍ਹ ਤਾਂ ਸ਼ੋਸ਼ਲ ਮੀਡੀਆ ਦਾ ਕੰਮ ਵੀ ਦਫਤਰਾਂ ਵਿਚ ਲਾਗ ਦੀ ਬਿਮਾਰੀ ਦੀ ਤਰ੍ਹਾਂ ਫੈਲਿਆ ਹੋਇਆ ਹੈ। ਇਸ ਕਰਕੇ ਹੀ ਭਰਿਸ਼ਟਾਚਾਰ ਭਾਰੂ ਹੈ। ਕੰਮ ਵਿਚ ਦੇਰੀ ਭਰਿਸ਼ਟਾਚਾਰ ਦਾ ਮੁੱਢ ਬਣਦੀ ਹੈ। ਜਰਨੈਲ ਸਿੰਘ ਵਰਗੇ ਕਰਮਚਾਰੀ ਅਤੇ ਅਧਿਕਾਰੀ ਹੱਕਾਂ ਨਾਲੋਂ ਫ਼ਰਜਾਂ ਦੀ ਜ਼ਿਆਦਾ ਚਿੰਤਾ ਕਰਦੇ ਹਨ। ਉਹ ਆਪਣੇ ਦਫਤਰੀ ਕੰਮ ਤੱਕ ਮਤਲਬ ਰੱਖਦੇ ਹਨ। ਉਨ੍ਹਾਂ ਨੂੰ ਹੱਕਾਂ ਦੀ ਥਾਂ ਆਪਣੇ ਫ਼ਰਜਾਂ ਦੀ ਚਿੰਤਾ ਜ਼ਿਆਦਾ ਸਤਾਉਂਦੀ ਰਹਿੰਦੀ ਹੈ। ਜਰਨੈਲ ਸਿੰਘ ਦੀ ਫਰਜਨੋਸ਼ੀ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਦੇ ਕੰਮਾਂ ਦੀ ਹਮੇਸ਼ਾ ਪ੍ਰਸੰਸਾ ਹੁੰਦੀ ਰਹੀ ਹੈ, ਭਾਵੇਂ ਉਨ੍ਹਾਂ ਨੂੰ ਕੋਈ ਵੀ ਕੰਮ ਅਜਿਹੇ ਸਮੇਂ ਦਿੱਤਾ ਗਿਆ ਹੋਵੇ ਜਿਸਨੂੰ ਨਿਸਚਤ ਸਮੇਂ ਵਿਚ ਮੁਕੰਮਲ ਕਰਨਾ ਅਸੰਭਵ ਹੁੰਦਾ ਹੋਵੇ।

ਪ੍ਰੰਤੂ ਉਨ੍ਹਾਂ ਨੇ ਹਰ ਹਾਲਤ ਵਿਚ ਉਸ ਕੰਮ ਨੂੰ ਮੁਕੰਮਲ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਵਿਭਾਗ ਦੇ ਸੰਕਟ ਮੋਚਨ ਵੀ ਕਿਹਾ ਜਾ ਸਕਦਾ ਹੈ। ਨਮਰਤਾ ਇਤਨੀ ਕਿ ਕਦੀ ਕਿਸੇ ਕੰਮ ਨੂੰ ਜਵਾਬ ਹੀ ਨਹੀਂ ਦਿੱਤਾ। ਹਰ ਅਧਿਕਾਰੀ ਤੇ ਕਰਮਚਾਰੀ ਨਾਲ ਬੜੀ ਹਲੀਮੀ ਨਾਲ ਵਿਵਹਾਰ ਕਰਦੇ ਰਹੇ ਹਨ। ਉਨ੍ਹਾਂ ਲਈ ਸੇਵਾਦਾਰ ਤੋਂ ਲੈ ਕੇ ਵੱਡੇ ਅਧਿਕਾਰੀ ਸਾਰੇ ਹੀ ਬਰਾਬਰ ਹਨ। ਉਨ੍ਹਾਂ ਨੇ 34 ਸਾਲ ਸਰਕਾਰੀ ਨੌਕਰੀ ਕੀਤੀ ਹੈ। ਸਾਰੀ ਨੌਕਰੀ ਦੌਰਾਨ ਉਨ੍ਹਾਂ ਨੇ ਆਪਣੇ ਕੰਮ ਨੂੰ ਸਹੀ ਸਮੇਂ ਤੇ ਮੁਕੰਮਲ ਕੀਤਾ ਭਾਵੇਂ ਰਾਤ ਨੂੰ ਵੀ ਦਫਤਰ ਵਿਚ ਬੈਠਣਾ ਪੈਂਦਾ। ਕਈ ਵਾਰ ਜਿਹੜੇ ਕਰਮਚਾਰੀ ਉਨ੍ਹਾਂ ਨਾਲ ਕੰਮ ਕਰਦੇ ਸਨ, ਉਹ ਦੇਰ ਤੱਕ ਦਫਤਰ ਬੈਠਣ ਕਰਕੇ ਦੁੱਖੀ ਹੋ ਜਾਂਦੇ ਸਨ। ਸਰਕਾਰੀ ਨੌਕਰੀ ਦੌਰਾਨ ਉਨ੍ਹਾਂ ਦੀ ਕਦੀ ਵੀ ਕਿਸੇ ਕੰਮ ਕਰਕੇ ਨੁਕਤਾਚੀਨੀ ਨਹੀਂ ਹੋਈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਉਹ ਛੁਟੀਆਂ ਵੀ ਪੂਰੀਆਂ ਨਹੀਂ ਲਈਆਂ ਜਿਹੜੀਆਂ ਉਨ੍ਹਾਂ ਨੂੰ ਮਿਲ ਸਕਦੀਆਂ ਸਨ।  ਉਨ੍ਹਾਂ ਲਈ ਸਾਰਾ ਸਾਲ ਹੀ ਕੰਮ ਰਹਿੰਦਾ ਸੀ। ਵੈਸੇ ਵੀ ਲੋਕ ਸੰਪਰਕ ਵਿਭਾਗ ਵਿਚ ਛੁਟੀ ਦਾ ਤਾਂ ਮਤਲਬ ਹੀ ਨਹੀਂ।

ਉਨ੍ਹਾਂ ਦਾ ਆਪਣਾ ਪਰਿਵਾਰ ਵੀ ਅਣਡਿਠ ਹੁੰਦਾ ਰਿਹਾ ਕਿਉਂਕਿ ਰਾਤ ਬਰਾਤੇ ਡਿਊਟੀ ਕਰਨ ਕਰਕੇ ਘਰ ਦਾ ਕੋਈ ਕੰਮ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਬਹੁਤਾ ਸਮਾਂ ਰਾਜਪਾਲ ਅਤੇ ਮੁੱਖ ਮੰਤਰੀ ਸਾਹਿਬਾਨ ਨਾਲ ਡਿਊਟੀ ਦਿੱਤੀ ਹੈ। ਉਹ ਮੀਡੀਆ ਮੁੱਖੀ ਵੀ ਰਹੇ ਹਨ। ਅਜਿਹੇ ਮਹੱਤਵਪੂਰਨ ਥਾਵਾਂ ਤੇ ਕੰਮ ਕਰਨ ਵਾਲਿਆਂ ਨੂੰ ਤਾਂ ਵੇਲੇ ਕੁਵੇਲੇ ਕੰਮ ਕਰਨਾ ਪੈਂਦਾ ਹੀ ਹੈ। ਜਰਨੈਲ ਸਿੰਘ ਤਾਂ ਕੰਮ ਦਾ ਕਰਿੰਦਾ ਹੈ। ਮੁੱਖ ਮੰਤਰੀ ਸਾਹਿਬਾਨ ਨਾਲ ਡਿਊਟੀ ਕਰਦਿਆਂ ਅੱਧੀ ਰਾਤ ਨੂੰ ਸਮਾਗਮਾ ਤੋਂ ਵਾਪਸ ਆਉਣਾ ਅਤੇ ਸਵੇਰੇ ਹੀ ਫਿਰ ਅਗਲੇ ਪ੍ਰੋਗਰਾਮ ਤੇ ਪਹੁੰਚਣਾ ਹੁੰਦਾ ਸੀ। ਕਈ ਵਾਰ ਉਨ੍ਹਾਂ ਨਾਲ ਲੱਗਿਆ ਸਟਾਫ ਤਾਂ ਬਦਲ ਬਦਲ ਕੇ ਜਾਂਦਾ ਸੀ ਪ੍ਰੰਤੂ ਜਰਨੈਲ ਸਿੰਘ ਹਰ ਰੋਜ਼ ਸਮਾਗਮਾ ਦੀ ਕਵਰੇਜ ਲਈ ਤੁਰਿਆ ਰਹਿੰਦਾ ਸੀ। ਲੋਕ ਸੰਪਰਕ ਵਿਭਾਗ ਦਾ ਕੰਮ ਤਾਂ ਬਾਕੀ ਵਿਭਾਗਾਂ ਨਾਲੋਂ ਵੱਖਰਾ ਹੁੰਦਾ ਹੈ।

ਹੋਰਾਂ ਵਿਭਾਗਾਂ ਦਾ ਕੰਮ ਤਾਂ ਸਮਾਗਮ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ ਪ੍ਰੰਤੂ ਲੋਕ ਸੰਪਰਕ ਦਾ ਕੰਮ ਸਮਾਗਮ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿਉਂਕਿ ਪ੍ਰੈਸ ਨੋਟ ਤਿਆਰ ਕਰਨਾ ਅਤੇ ਫਿਰ ਅਖ਼ਬਾਰਾਂ ਨੂੰ ਭੇਜਣਾ ਅਤੇ ਇਹ ਵੀ ਯਕੀਨੀ ਬਣਾਉਣਾ ਕਿ ਉਹ ਖ਼ਬਰ ਪ੍ਰਕਾਸ਼ਤ ਹੋ ਜਾਵੇ। ਜਰਨੈਲ ਸਿੰਘ ਇਤਨਾ ਸੰਜੀਦਾ ਅਧਿਕਾਰੀ ਹੈ ਕਿ ਉਹ ਹਰ ਕੰਮ ਨੂੰ ਆਪ  ਮੁਕੰਮਲ ਕਰਨ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਨੇ ਵਿਭਾਗ ਦੀ ਲਗਪਗ ਹਰ ਸ਼ਾਖਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਈ ਹੈ। ਵਿਭਾਗ ਦਾ ਸਭ ਤੋਂ ਮਹੱਤਵਪੂਰਨ ਕੰਮ ਪ੍ਰੈਸ ਸ਼ਾਖਾ ਦਾ ਹੁੰਦਾ ਹੈ। ਜਰਨੈਲ ਸਿੰਘ ਪ੍ਰੈਸ, ਪ੍ਰੋਡਕਸ਼ਨ, ਮੈਗਜ਼ੀਨ, ਐਡਮਨਿਸਟਰੇਸ਼ਨ, ਵਿਜੀਲੈਂਸ, ਆਰ ਟੀ ਟਾਈ ਅਤੇ ਪੰਜਾਬ ਮੰਡੀ ਬੋਰਡ ਵਿਚ ਡੈਪੂਟੇਸ਼ਨ ਉਪਰ ਬਤੌਰ ਸੰਪਰਕ ਅਧਿਕਾਰੀ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਕੰਮ ਦੀ ਹਰ ਮੁੱਖ ਮੰਤਰੀ  ਨੇ ਪ੍ਰਸੰਸਾ ਕੀਤੀ ਹੈ।

ਲੋਕ ਸੰਪਰਕ ਵਿਭਾਗ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਮਹਾਤਮਾ ਗਾਂਧੀ ਸਟੇਟ ਇਨਸਟੀਚਿਊਟ ਆਫ ਪਬਲਿਕ ਐਡਮਨਿਟਰੇਸ਼ਨ ਦੇ ਮੀਡੀਆ ਕਨਸਲਟੈਂਟ ਰਹੇ ਹਨ। ਇਸ ਸਮੇਂ ਵੀ ਉਹ ਇਸ ਇਨਸਟੀਚਿਊਟ ਦੇ ਆਰ ਟੀ ਆਈ ਅਤੇ ਕਮਨੀਕੇਸ਼ਨਜ਼ ਸਟੱਡੀਜ਼ ਦੇ ਕੋਆਰਡੀਨੇਟਰ ਅਤੇ ਪਟਿਆਲਾ ਅਤੇ ਬਠਿੰਡਾ ਦੇ ਰੀਜਨਲ ਪ੍ਰੋਜੈਕਟ ਡਾਇਰੈਕਟਰ ਦੇ ਫਰਜ ਨਿਭਾ ਰਹੇ ਹਨ। ਕਹਿਣ ਤੋਂ ਭਾਵ ਕੰਮ ਕਰਨ ਵਾਲੇ ਅਧਿਕਾਰੀ ਦੀ ਲੋੜ ਹਮੇਸ਼ਾ ਰਹਿੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਤਨੀ ਰੁਝੇਵਿਆਂ ਵਾਲੀ ਨੌਕਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਅਣਵੇਖੀ ਨਹੀਂ ਕੀਤੀ। ਜਰਨੈਲ ਸਿੰਘ ਨੇ ਆਪਣੀ ਪਤਨੀ ਨੂੰ ਨੌਕਰੀ ਇਸ ਕਰਕੇ ਨਹੀਂ ਕਰਵਾਈ ਤਾਂ ਜੋ ਬਜ਼ੁਰਗ ਮਾਤਾ ਪਿਤਾ ਦੀ ਵੇਖ ਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ ਅਤੇ ਸਪੁਤਰੀਆਂ ਦੀ ਪੜ੍ਹਾਈ ਵਿਚ ਸਹਾਈ ਹੋ ਸਕੇ। ਉਨ੍ਹਾਂ ਦੀਆਂ ਚਾਰੇ ਸਪੁੱਤਰੀਆਂ ਪੜ੍ਹੀਆਂ ਲਿਖੀਆਂ ਹਨ। ਤਿੰਨ ਵਿਆਹੀਆਂ ਹੋਈਆਂ ਹਨ ਅਤੇ ਆਪੋ ਆਪਣੇ ਘਰਾਂ ਵਿਚ ਖ਼ੁਸ਼ਗਵਾਰ ਹਾਲਤ ਵਿਚ ਜੀਵਨ ਬਸਰ ਕਰ ਰਹੀਆਂ ਹਨ। ਚੌਥੀ ਸਪੁਤਰੀ ਗੋਲਡ ਮੈਡਲਿਸਟ ਹੈ ਅਤੇ ਪੀ ਐਚ ਡੀ ਕਰ ਰਹੀ ਹੈ। ਕਹਿਣ ਤੋਂ ਭਾਵ ਮਿਹਨਤੀ ਵਿਅਕਤੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸੁਚੱਜੇ ਢੰਗ ਨਾਲ ਕਰ ਸਕਦਾ ਹੈ। ਜਰਨੈਲ ਸਿੰਘ ਦੀ ਮਿਹਨਤ ਹੀ ਸਫਲਤਾ ਦਾ ਰਾਜ਼ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button