PunjabTop News

ਬਾਦਸ਼ਾਹੀ ਬੰਗਲਿਆਂ ਤੋਂ ਲੈ ਕੇ ਪੰਜਾਬ ਦੇ ਹੱਕਾਂ ਦੇ ਬਦਲੇ ਕੀਤੇ ਸਮਝੌਤਿਆਂ ਦਾ ਚੰਨੀ ਜਵਾਬ ਦੇਣ: ਜਸਵੀਰ ਸਿੰਘ ਗੜ੍ਹੀ

ਮੋਰਿੰਡਾ/ਸ੍ਰੀ ਚਮਕੌਰ ਸਾਹਿਬ, 4 ਅਕਤੂਬਰ: (ਬਿੰਦੂ ਸਿੰਘ) ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਅੱਜ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਅੱਗੇ ਕੀਤੀ ਪ੍ਰੈਸ ਕਾਨਫਰੰਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਜਾਇਦਾਦਾਂ, ਪੰਜਾਬ ਨਾਲ ਜੁੜੇ ਮੁੱਦਿਆਂ ਅਤੇ ਕਾਂਗਰਸ ਦੇ ਕਾਲੇ ਇਤਿਹਾਸ ਨੂੰ ਲੈ ਕੇ ਤਿੱਖੇ ਸਵਾਲ ਕੀਤੇ ਅਤੇ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਜੁਆਬ ਦੇਣ ਦੀ ਚਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਕਹਾਣੀਆਂ ਅਤੇ ਭਾਵਨਾਤਮਕ ਬਿਆਨਾਂ ਦੀ ਬਜਾਏ ਤੱਥਾਂ, ਅੰਕੜਿਆਂ ਅਤੇ ਸਪੱਸ਼ਟ ਜਵਾਬ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਸਿਰਫ਼ ਇੱਕ ਵਿਧਾਨ ਸਭਾ ਹਲਕਾ ਨਹੀਂ, ਸਗੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਅਣਗਿਣਤ ਸਿੰਘਾਂ ਦੀ ਸ਼ਹਾਦਤ ਨਾਲ ਜੁੜੀ ਪਵਿੱਤਰ ਧਰਤੀ ਹੈ। ਇਸ ਧਰਤੀ ’ਤੇ ਖੜ੍ਹ ਕੇ ਸਿਆਸਤ ਕਰਨ ਵਾਲੇ ਹਰ ਵਿਅਕਤੀ ਤੋਂ ਲੋਕ ਉਮੀਦ ਕਰਦੇ ਹਨ ਕਿ ਉਹ ਆਪਣੇ ਜਨਤਕ ਜੀਵਨ, ਆਪਣੀ ਸੰਪਤੀ ਅਤੇ ਆਪਣੇ ਸਿਆਸੀ ਰਿਕਾਰਡ ਬਾਰੇ ਸਪੱਸ਼ਟ ਅਤੇ ਪਾਰਦਰਸ਼ੀ ਰਹੇ।

ਗੜ੍ਹੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਵਰਗੇ ਅਹੁਦਿਆਂ ’ਤੇ ਰਹਿ ਚੁੱਕਾ ਹੋਵੇ ਤਾਂ ਉਸ ਦੇ ਸਿਆਸੀ ਰਿਕਾਰਡ ਬਾਰੇ ਸਵਾਲ ਪੁੱਛੇ ਜਾਣੇ ਲੋਕਤੰਤਰ ਦਾ ਹਿੱਸਾ ਹਨ।

ਉਨ੍ਹਾਂ ਕਾਂਗਰਸ ਦੇ ਕਾਲੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਬਾਰੇ ਅੱਜ ਵੱਡੇ-ਵੱਡੇ ਦਾਅਵੇ ਕਰਨ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਲੰਮੇ ਰਾਜ ਦੌਰਾਨ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਆਪਣਾ ਰਿਕਾਰਡ ਵੀ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਚੰਡੀਗੜ੍ਹ, ਪੰਜਾਬ ਪੁਨਰਗਠਨ, ਦਰਿਆਈ ਪਾਣੀਆਂ ਅਤੇ ਪੰਜਾਬ ਦੇ ਰਾਜਨੀਤਕ-ਸੰਵਿਧਾਨਕ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਸਿਰਫ਼ ਚੋਣਾਂ ਦੇ ਸਮੇਂ ਯਾਦ ਨਹੀਂ ਕੀਤਾ ਜਾਣਾ ਚਾਹੀਦਾ।

ਗੜ੍ਹੀ ਨੇ ਕਿਹਾ ਕਿ 1966 ਦੇ ਪੰਜਾਬ ਪੁਨਰਗਠਨ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਅਤੇ ਪੰਜਾਬ ਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਪੰਜਾਬ ਦੇ ਹੱਕਾਂ ਦੇ ਬਦਲੇ ਕੀਤੇ ਸਮਝੌਤਿਆਂ ਤੋਂ ਇਲਾਵਾ ਚੰਡੀਗੜ੍ਹ ਨਾਲ ਸਬੰਧਤ ਪੰਜਾਬ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ’ਤੇ ਵੀ ਕਾਂਗਰਸ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਰਿਕਾਰਡ ਅਤੇ ਮੌਜੂਦਾ ਸਟੈਂਡ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ।

ਗੜ੍ਹੀ ਨੇ 1984 ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਕਾ ਨੀਲਾ ਤਾਰਾ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਵਿਰੁੱਧ ਹੋਈ ਹਿੰਸਾ ਅਤੇ ਉਸ ਤੋਂ ਬਾਅਦ ਦੇ ਦੌਰ ਬਾਰੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਅੱਜ ਵੀ ਗੰਭੀਰ ਸਵਾਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਬਾਰੇ ਰਾਜਨੀਤਕ ਦਲਾਂ ਨੂੰ ਆਪਣੀ ਜਵਾਬਦੇਹੀ ਅਤੇ ਇਤਿਹਾਸਕ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

ਉਨ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਬਾਰੇ ਵੀ ਗੰਭੀਰ ਸਵਾਲ ਇਤਿਹਾਸ ਦਾ ਹਿੱਸਾ ਹਨ। ਸ. ਗੜ੍ਹੀ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਸਿਆਸੀ ਨਾਅਰੇ ਵਜੋਂ ਵਰਤਣ ਦੀ ਬਜਾਏ ਤੱਥਾਂ, ਅਧਿਕਾਰਤ ਰਿਕਾਰਡ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ’ਤੇ ਸਮਝਿਆ ਜਾਣਾ ਚਾਹੀਦਾ ਹੈ।

ਗੜ੍ਹੀ ਨੇ ਕਿਹਾ ਕਿ ਸ੍ਰੀ ਚੰਨੀ ਮੈਰਿਜ ਪੈਲਸਾ ਵਿੱਚ ਚਲਦੀਆਂ ਸ਼ਰਾਬਾਂ, ਚਿੱਟੇ, ਡੋਡੇ-ਭੁੱਕੀ ਅਤੇ ਅਫ਼ੀਮ ਬਾਰੇ ਵੀ ਜੁਆਬ ਦੇਣ ਕਿ ਸ੍ਰੀ ਚਮਕੌਰ ਸਾਹਿਬ ਦੇ ਹਲਕੇ ਦੀ ਪਵਿੱਤਰ ਧਰਤੀ ਉੱਤੇ ਕਿਸ ਤਰਾਂ ਦੀ ਰਾਜਨੀਤੀ ਕਰ ਰਹੇ ਹਨ। ਇਹ ਮਾਮਲਾ ਵੀ ਜਗ ਜ਼ਾਹਿਰ ਹੈ ਕਿ ਚੰਨੀ ਵੋਟਾਂ ਅਤੇ ਆਪਣੀ ਸਿਆਸੀ ਜ਼ਮੀਨ ਖੁੱਸਦੀ ਵੇਖ ਕਿਸ ਹੱਦ ਤੱਕ ਜਾ ਰਹੇ ਹਨ।

ਆਪਣੇ ਆਪ ਨੂੰ ਆਮ ਲੋਕਾਂ ਨਾਲ ਜੋੜਨ ਲਈ ਬੱਕਰੀਆਂ ਚਾਰਨ, ਮੰਜੇ ’ਤੇ ਬੈਠਣ ਅਤੇ ਸਾਦਗੀ ਵਾਲੀ ਜੀਵਨ-ਸ਼ੈਲੀ ਦੀਆਂ ਕਹਾਣੀਆਂ ਨੂੰ ਸਿਆਸੀ ਤੌਰ ’ਤੇ ਪੇਸ਼ ਕੀਤਾ ਜਾਂਦਾ ਰਿਹਾ ਹੈ, ਪਰ ਜਦੋਂ ਕੋਈ ਵਿਅਕਤੀ ਲੰਮੇ ਸਮੇਂ ਤੱਕ ਮੁੱਖ ਮੰਤਰੀ ਵਰਗੇ ਵੱਡੇ ਅਹੁਦੇ ’ਤੇ ਰਹਿ ਚੁੱਕਾ ਹੋਵੇ ਤਾਂ ਉਸ ਦੀ ਜਾਇਦਾਦ ਅਤੇ ਆਮਦਨ ਦੇ ਸਰੋਤਾਂ ਬਾਰੇ ਸਵਾਲ ਪੁੱਛੇ ਜਾਣਾ ਲੋਕਾਂ ਦਾ ਹੱਕ ਹੈ।

ਉਨ੍ਹਾਂ ਕਿਹਾ ਕਿ ਚੋਣ ਹਲਫ਼ਨਾਮਿਆਂ ਵਿੱਚ ਦਰਜ ਵੇਰਵਿਆਂ ਨੂੰ ਲੋਕਾਂ ਤੋਂ ਲੁਕਾਇਆ ਨਹੀਂ ਜਾ ਸਕਦਾ ਜਿਸ ਲਈ ਬਾਦਸ਼ਾਹੀ ਬੰਗਲਿਆਂ ਤੋਂ ਲੈ ਕੇ ਪੰਜਾਬ ਦੇ ਹੱਕਾਂ ਦੇ ਬਦਲੇ ਕੀਤੇ ਸਮਝੌਤਿਆਂ ਦਾ ਚੰਨੀ ਨੂੰ ਜਵਾਬ ਦੇਣੇ ਪੈਣਗੇ।

 ਗੜ੍ਹੀ ਨੇ ਕਿਹਾ ਕਿ 2022 ਦੇ ਚੋਣ ਹਲਫ਼ਨਾਮੇ ਵਿੱਚ ਮੋਰਿੰਡਾ ਵਾਲੀ ਰਿਹਾਇਸ਼ੀ ਜਾਇਦਾਦ ਸਬੰਧੀ 62.50 ਮਰਲੇ ਜ਼ਮੀਨ, 14,062 ਵਰਗ ਫੁੱਟ ਕੁੱਲ ਖੇਤਰ ਅਤੇ 8,000 ਵਰਗ ਫੁੱਟ ਬਣਿਆ ਹੋਇਆ ਮਕਾਨ ਦਰਜ ਕੀਤਾ ਗਿਆ ਸੀ, ਜਦਕਿ 2024 ਦੇ ਲੋਕ ਸਭਾ ਚੋਣ ਹਲਫ਼ਨਾਮੇ ਵਿੱਚ ਮੋਰਿੰਡਾ ਵਾਲੀ ਰਿਹਾਇਸ਼ੀ ਜਾਇਦਾਦ ਲਈ 86 ਮਰਲੇ, ਭਾਵ 23,220 ਵਰਗ ਫੁੱਟ ਖੇਤਰ ਦਰਜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੇਰਵਿਆਂ ਬਾਰੇ ਜੋ ਵੀ ਸਵਾਲ ਖੜੇ ਹੁੰਦੇ ਹਨ, ਉਨ੍ਹਾਂ ਦਾ ਸਪੱਸ਼ਟੀਕਰਨ ਸ੍ਰੀ ਚੰਨੀ ਨੂੰ ਖੁਦ ਅੱਗੇ ਆ ਕੇ ਦੇਣਾ ਚਾਹੀਦਾ ਹੈ।

 ਗੜ੍ਹੀ ਨੇ ਕਿਹਾ ਕਿ 2024 ਦੇ ਹਲਫ਼ਨਾਮੇ ਵਿੱਚ ਸ੍ਰੀ ਚੰਨੀ ਵੱਲੋਂ ਕਰੋੜਾਂ ਰੁਪਏ ਦੀ ਕੁੱਲ ਸੰਪਤੀ ਦਰਜ ਕੀਤੀ ਗਈ। ਜਦੋਂ ਜਨਤਕ ਰਿਕਾਰਡ ਵਿੱਚ ਜਾਇਦਾਦਾਂ ਅਤੇ ਉਨ੍ਹਾਂ ਦੀਆਂ ਕੀਮਤਾਂ ਦਰਜ ਹਨ ਤਾਂ ਲੋਕਾਂ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਖਰੀਦ, ਉਸਾਰੀ, ਵਿਕਾਸ ਅਤੇ ਰੱਖ-ਰਖਾਅ ਲਈ ਪੈਸੇ ਦੇ ਸਰੋਤ ਕੀ ਰਹੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਵੱਲੋਂ ਮੋਰਿੰਡਾ ਵਿੱਚ ਇੱਕ ਵੱਡੇ ਬੰਗਲੇ ਤੋਂ ਇਲਾਵਾ ਚਮਕੌਰ ਸਾਹਿਬ ਅਤੇ ਹੋਰ ਥਾਵਾਂ ’ਤੇ ਜਾਇਦਾਦਾਂ ਸਬੰਧੀ ਜੋ ਚਰਚਾਵਾਂ ਇਲਾਕੇ ਵਿੱਚ ਚੱਲ ਰਹੀਆਂ ਹਨ, ਉਨ੍ਹਾਂ ਬਾਰੇ ਵੀ ਸਪੱਸ਼ਟਤਾ ਹੋਣੀ ਚਾਹੀਦੀ ਹੈ। ਗੜ੍ਹੀ ਨੇ ਕਿਹਾ ਕਿ ਜਿਹੜੀਆਂ ਜਾਇਦਾਦਾਂ ਦੇ ਉਨ੍ਹਾਂ ਕੋਲ ਦਸਤਾਵੇਜ਼ੀ ਵੇਰਵੇ ਮੌਜੂਦ ਹਨ, ਉਹ ਜਨਤਕ ਕੀਤੇ ਜਾਣ ਅਤੇ ਜਿਨ੍ਹਾਂ ਜਾਇਦਾਦਾਂ ਬਾਰੇ ਸਿਰਫ਼ ਸਥਾਨਕ ਪੱਧਰ ’ਤੇ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਵੀ ਜ਼ਿੰਮੇਵਾਰੀ ਨਾਲ ਪੁਸ਼ਟੀ ਜਾਂ ਖੰਡਨ ਕੀਤਾ ਜਾਵੇ।

ਗੜ੍ਹੀ ਨੇ ਕਿਹਾ ਕਿ ਜੇਕਰ ਕਿਸੇ ਆਗੂ ਦੀ ਜੀਵਨ-ਸ਼ੈਲੀ ਬਾਰੇ ਲੋਕਾਂ ਵਿੱਚ ਇੱਕ ਤਸਵੀਰ ਬਣਾਈ ਜਾਂਦੀ ਹੈ ਅਤੇ ਉਸੇ ਆਗੂ ਦੇ ਜਾਇਦਾਦੀ ਵੇਰਵਿਆਂ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਸਵਾਲਾਂ ਤੋਂ ਭੱਜਣ ਦੀ ਬਜਾਏ ਦਸਤਾਵੇਜ਼ਾਂ ਸਮੇਤ ਜਵਾਬ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨਾਲ ਰੋਜ਼ਾਨਾ ਗੱਲਬਾਤ ਕਰ ਰਹੇ ਹਨ ਅਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀਆਂ ਬੁਨਿਆਦੀ ਸਹੂਲਤਾਂ ਮਿਲੀਆਂ ਅਤੇ ਕਿਹੜੇ ਮੁੱਦੇ ਅਜੇ ਵੀ ਹੱਲ ਹੋਣ ਦੀ ਉਡੀਕ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਥਾਵਾਂ ’ਤੇ ਗਲੀਆਂ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਉਨ੍ਹਾਂ ਸਾਹਮਣੇ ਰੱਖੀਆਂ ਹਨ।

ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਆਪਣੇ ਆਪ ਨੂੰ ਪੰਜਾਬ ਦਾ ਹਿਤੈਸ਼ੀ ਅਤੇ ਲੋਕਾਂ ਦਾ ਆਗੂ ਦੱਸਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਸਿਆਸੀ ਰਿਕਾਰਡ, ਜਾਇਦਾਦਾਂ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਉੱਠ ਰਹੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਉਹ ਅੱਜ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਸਪੱਸ਼ਟ ਸੰਦੇਸ਼ ਦੇ ਰਹੇ ਹਨ ਕਿ ਸਿਆਸਤ ਵਿੱਚ ਕਿਸੇ ਵੀ ਆਗੂ ਦੀ ਪਹਿਚਾਣ ਸਿਰਫ਼ ਭਾਸ਼ਣਾਂ, ਤਸਵੀਰਾਂ ਜਾਂ ਬਣਾਈ ਗਈ ਛਵੀ ਨਾਲ ਨਹੀਂ, ਸਗੋਂ ਉਸ ਦੇ ਜਨਤਕ ਰਿਕਾਰਡ, ਫ਼ੈਸਲਿਆਂ, ਸੰਪਤੀ ਵੇਰਵਿਆਂ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਨਾਲ ਵੀ ਹੋਣੀ ਚਾਹੀਦੀ ਹੈ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਤੱਥ ਰੱਖਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਸੰਘਰਸ਼ ਦਾ 33ਵਾਂ ਦਿਨ ਹੈ ਅਤੇ ਉਹ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਲੋਕਾਂ ਦੇ ਸਵਾਲਾਂ ਨੂੰ ਆਵਾਜ਼ ਦੇਣ ਦਾ ਆਪਣਾ ਯਤਨ ਜਾਰੀ ਰੱਖਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button