ਡਾ. ਹਰਸ਼ਿੰਦਰ ਕੌਰ, ਐੱਮ.ਡੀ.
ਬਾਥੂ ਦੀ ਮਹੱਤਾ ਸਮਝਣ ਲਈ ਅੱਗੇ ਦੱਸੇ ਤੱਥ ਜ਼ਰੂਰ ਪੜ੍ਹ ਲੈਣੇ ਚਾਹੀਦੇ ਹਨ। ਸੌ ਗ੍ਰਾਮ ਪਾਲਕ ਵਿਚ 2.8 ਗ੍ਰਾਮ ਪ੍ਰੋਟੀਨ ਹੁੰਦੀ ਹੈ ਅਤੇ ਕੇਲ ਪੱਤੇ ਵਿਚ 2.6 ਗ੍ਰਾਮ, ਜਦ ਕਿ 100 ਗ੍ਰਾਮ ਬਾਥੂ ਵਿਚ 4.2 ਗ੍ਰਾਮ ਪ੍ਰੋਟੀਨ ਹੁੰਦੀ ਹੈ। ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ, ਸੀ ਅਤੇ ਬੀ 6 ਨਾਲ ਭਰਪੂਰ ਬਾਥੂ ਜਿਗਰ, ਪਿੱਤੇ, ਗੁਰਦੇ ਅਤੇ ਤਿਲੀ ਲਈ ਵੀ ਬਹੁਤ ਲਾਹੇਵੰਦ ਸਾਬਤ ਹੋ ਚੁੱਕਿਆ ਹੈ।
ਪਾਲਕ ਨਾਲੋਂ ਵੱਧ ਪੋਟਾਸ਼ੀਅਮ, ਵਿਟਾਮਿਨ ਏ ਅਤੇ ਲੋਹ ਕਣ ਹੋਣ ਕਾਰਨ ਬਾਥੂ ਨੂੰ ਸਰਦੀਆਂ ਵਿਚ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸਮਰਥਾ ਵਧਾਉਣ ਵਾਲਾ ਮੰਨ ਲਿਆ ਗਿਆ ਹੈ।
ਕਬਜ਼, ਸ਼ੱਕਰ ਰੋਗ ਅਤੇ ਦਿਲ ਦੇ ਰੋਗਾਂ ਨਾਲ ਜੂਝਦੇ ਮਰੀਜ਼ ਬਾਥੂ ਤੋਂ ਕਾਫ਼ੀ ਫ਼ਾਇਦਾ ਲੈ ਸਕਦੇ ਹਨ। ਹੁਣ ਤੱਕ ਦੀਆਂ ਖੋਜਾਂ ਰਾਹੀਂ ਇਹ ਸਾਬਤ ਹੋਇਆ ਹੈ ਕਿ ਪੱਤਿਆਂ ਜਾਂ ਬੂਟਿਆਂ ਵਿੱਚੋਂ ਸਭ ਤੋਂ ਵੱਧ ਵਿਟਾਮਿਨ ਏ ਬਾਥੂ ਵਿਚ ਹੈ। ਸੌ ਗ੍ਰਾਮ ਬਾਥੂ ਵਿਚ 10,000 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਲੱਭੀ ਗਈ ਹੈ ਜੋ ਰੋਜ਼ਾਨਾ ਲੋੜੀਂਦੀ ਮਾਤਰਾ ਤੋਂ ਤਿੰਨ ਗੁਣਾ ਵੱਧ ਹੈ।ਮੇਥੀ, ਪਾਲਕ ਅਤੇ ਸਰ੍ਹੋਂ ਦਾ ਸਾਗ ਵਰਤਦਿਆਂ ਬਾਥੂ ਨੂੰ ਭੁਲਾ ਹੀ ਦਿੱਤਾ ਗਿਆ ਜੋ ਥੋੜੀ ਮਾਤਰਾ ਵਿਚ ਖਾਣ ਨਾਲ ਵੀ ਠੰਡ ਨਾਲ ਹੁੰਦੇ ਖੰਘ ਜ਼ੁਕਾਮ ਤੋਂ ਬਚਾਓ ਕਰ ਦਿੰਦਾ ਹੈ।
ਸੈੱਲਾਂ ਦੀ ਟੁੱਟ ਫੁੱਟ ਨੂੰ ਘਟਾਉਣ ਅਤੇ ਨਵੇਂ ਸੈੱਲ ਬਣਾਉਣ ਵਿਚ ਬਾਥੂ ਵਿਚ ਭਰੇ ਅਮਾਈਨੋ ਏਸਿਡ ਕਾਫ਼ੀ ਮਦਦ ਕਰਦੇ ਹਨ। ਫਾਈਬਰ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਅੰਤੜੀਆਂ ਦੇ ਰੋਗਾਂ ਵਿਚ ਫ਼ਾਇਦਾ ਹੁੰਦਾ ਹੈ ਅਤੇ ਕਬਜ਼ ਵੀ ਠੀਕ ਹੋ ਜਾਂਦੀ ਹੈ। ਬਾਥੂ ਵਿਚਲੇ ਵਾਧੂ ਓਗਜ਼ੈਲਿਕ ਏਸਿਡ ਸਦਕਾ ਗੁਰਦੇ ਵਿਚ ਪਥਰੀ ਬਣਨ ਦਾ ਖ਼ਤਰਾ ਵੱਧ ਸਕਦਾ ਹੈ। ਇਸੇ ਲਈ ਬਹੁਤ ਥੋੜੀ ਮਾਤਰਾ ਹੀ ਖਾਣੀ ਚਾਹੀਦਾ ਹੈ। ਸੌ ਗ੍ਰਾਮ ਬਾਥੂ ਵਿਚ ਸਿਰਫ਼ 43 ਕੈਲਰੀਆਂ ਹੁੰਦੀਆਂ ਹਨ ਜਿਸ ਸਦਕਾ ਭਾਰ ਵਧਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਬਾਥੂ ਦਾ ਸਾਗ, ਰਾਇਤਾ, ਪਰੌਂਠਾ, ਰੋਟੀ ਆਦਿ ਦਾਦੀਆਂ-ਨਾਨੀਆਂ ਬਹੁਤ ਪਿਆਰ ਨਾਲ ਦੇਸੀ ਘਿਓ ਨਾਲ ਲਾ ਕੇ ਆਪਣੇ ਪੋਤਰੇ-ਦੋਹਤਰੀਆਂ ਨੂੰ ਖੁਆਉਂਦੇ ਹੁੰਦੇ ਸਨ, ਜੋ ਹੁਣ ਗ਼ਾਇਬ ਹੁੰਦਾ ਜਾ ਰਿਹਾ ਹੈ।
ਸ਼ੱਕਰ ਰੋਗੀਆਂ ਲਈ ਤਾਂ ਬਾਥੂ ਸਿਹਤਮੰਦ ਰਹਿਣ ਲਈ ਜਾਦੂਈ ਮੰਤਰ ਵਾਂਗ ਹੈ। ਅੱਖਾਂ ਅਤੇ ਵਾਲਾਂ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕਿਆ ਹੈ। ਦੁਨੀਆ ਭਰ ਵਿਚ ਭਾਵੇਂ ਬਾਥੂ ਦੀਆਂ 250 ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ ਪਰ ਭਾਰਤ ਵਿਚ ਸਿਰਫ਼ 21 ਕਿਸਮਾਂ ਹੀ ਮਿਲਦੀਆਂ ਹਨ। ਜੰਗਲੀ ਬੂਟੀ ਵਾਂਗ ਕਣਕਾਂ ਦੇ ਖੇਤ ’ਚ ਉਗਦੀ ਬੂਟੀ ਬਹੁਤੀ ਵਾਰ ਤਾਂ ਸਪਰੇਆਂ ਦੇ ਹੱਥੋਂ ਖ਼ਤਮ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਸੰਨ 1993 ਵਿਚ ਡਾ. ਪ੍ਰਕਾਸ਼ ਸਣੇ ਕੁੱਝ ਖੋਜੀਆਂ ਨੇ ਬਾਥੂ ਵਿਚਲੇ ਫਲੇਵੋਨਾਇਡ ਤੇ ਪੌਲੀਫਿਨੋਲ ਦੇ ਅਸਰਾਂ ਨੂੰ ਕੈਂਸਰ ਦੇ ਰੋਗੀਆਂ ਉੱਤੇ ਘੋਖਿਆ। ਫਿਰ ਸੰਨ 1994 ਵਿਚ ਡਾ. ਰੈਡੀ ਅਤੇ ਡਾ. ਅਗਰਵਾਲ ਨੇ ਕੈਂਸਰ ਦੇ ਸੈੱਲਾਂ ਦੇ ਵਧਣ ਦੀ ਤੇਜ਼ੀ ਵਿਚ ਕਮੀ ਲੱਭੀ ਅਤੇ ਨਸਾਂ ਅੰਦਰ ਜੰਮ ਰਹੇ ਥਿੰਦੇ ਵਿਚ ਵੀ ਘਾਟਾ ਵੇਖਿਆ। ਡਾ. ਖੂਬਚੰਦਾਨੀ ਨੇ ਸੰਨ 2000 ਵਿਚ ਅਤੇ 2006 ਵਿਚ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਬਾਥੂ ਵਿਚਲੇ ਅੰਸ਼ ਕੱਢ ਕੇ ਖੁਆਏ ਤਾਂ ਉਨ੍ਹਾਂ ਦੇ ਸਰੀਰ ਅੰਦਰ ਕੈਂਸਰ ਦੇ ਸੈੱਲਾਂ ਦਾ ਫੈਲਣਾ ਕਾਫ਼ੀ ਹਦ ਤੱਕ ਲਗਭਗ ਰੁੱਕ ਹੀ ਗਿਆ।
ਇਹ ਅਸਰ ਬਾਥੂ ਵਿਚਲੇ ਕੈਫਿਕ ਏਸਿਡ, ਗੈਲਿਕ ਏਸਿਡ, ਵੈਨਿਲਿਕ ਏਸਿਡ, ਪਰੋਟੋਕੈਟੇ ਕਿਊਰਿਕ ਏਸਿਡ ਆਦਿ, ਸਦਕਾ ਦਿਸੇ।
ਪੁਰਾਣੇ ਸਮਿਆਂ ਵਿਚ ਢਿੱਡ ਅੰਦਰਲੇ ਕੀੜੇ ਕੱਢਣ, ਪਿਸ਼ਾਬ ਦਾ ਰੋਕਾ ਖੋਲ੍ਹਣ, ਕਬਜ਼ ਠੀਕ ਕਰਨ, ਹਾਜ਼ਮਾ ਠੀਕ ਕਰਨ ਅਤੇ ਸਰੀਰਕ ਕਮਜ਼ੋਰੀ ਵਾਸਤੇ ਬਾਥੂ ਵਰਤਿਆ ਜਾਂਦਾ ਸੀ। ਪੇਟ ਗੈਸ ਲਈ ਤਾਂ ਇਸ ਨੂੰ ਬਿਹਤਰੀਨ ਮੰਨ ਲਿਆ ਗਿਆ ਸੀ। ਪੁਰਾਣੇ ਵੇਲੇ ਦੇ ਹਕੀਮ ਬਾਥੂ ਦੇ ਸੁੱਕੇ ਪੱਤਿਆਂ ਦੇ ਪਾਊਡਰ ਅਤੇ ਇਸ ਦੇ ਪੱਤਿਆਂ ਨੂੰ ਉਬਾਲ ਕੇ ਕੱਢੇ ਪਾਣੀ ਨੂੰ ਸੜੀ ਹੋਈ ਚਮੜੀ ਉੱਤੇ ਲਾਉਂਦੇ ਸਨ ਜਿਸ ਨਾਲ ਪੀੜ ਅਤੇ ਜਲਨ ਘੱਟ ਹੋ ਜਾਂਦੀ ਸੀ। ਹੁਣ ਵੀ ਇਹ ਐਮਰਜੈਂਸੀ ਵਿਚ ਘਰਾਂ ਵਿਚ ਵਰਤਿਆ ਜਾ ਰਿਹਾ ਹੈ ਜਿਸ ਨਾਲ ਪੀੜ ਨੂੰ ਛੇਤੀ ਆਰਾਮ ਮਿਲ ਜਾਂਦਾ ਹੈ। ਮਰੀਜ਼ਾਂ ਉੱਤੇ ਇਕ ਨੁਸਖ਼ਾ ਅਜ਼ਮਾ ਕੇ ਵੇਖਿਆ ਜਾ ਚੁੱਕਿਆ ਹੈ ਜਿੱਥੇ ਬਾਥੂ ਦੇ ਪਾਊਡਰ ਵਿਚ ਸ਼ਰਾਬ ਨੂੰ ਮਿਲਾ ਕੇ ਸੁੱਜੇ ਹੋਏ ਜੋੜਾਂ ਉੱਤੇ ਲਾਉਣ ਨਾਲ ਆਰਥਰਾਈਟਿਸ ਦੀ ਪੀੜ ਨੂੰ ਕੁੱਝ ਚਿਰ ਲਈ ਆਰਾਮ ਮਿਲਿਆ ਲੱਭਿਆ।
ਮਾੜੇ ਅਸਰ
ਭਾਵੇਂ ਬਾਥੂ ਵਿਚ ਸਾਰੇ ਲੋੜੀਂਦੇ 10 ਅਮਾਈਨੋ ਏਸਿਡ ਭਰੇ ਪਏ ਹਨ ਜੋ ਇਸ ਨੂੰ ਬਿਹਤਰੀਨ ਖ਼ੁਰਾਕ ਸਾਬਤ ਕਰਦੇ ਹਨ ਅਤੇ 203 ਗ੍ਰਾਮ ਪ੍ਰੋਟੀਨ ਪ੍ਰਤੀ ਕਿੱਲੋ ਵੀ ਇਸ ਵਿਚ ਹੈ ਜੋ ਉਮਰ ਲੰਮੀ ਕਰਨ ਵਿਚ ਮਦਦ ਕਰਦੇ ਹਨ ਅਤੇ ਬੁਢੇਪਾ ਛੇਤੀ ਆਉਣ ਤੋਂ ਰੋਕਦੇ ਹਨ; ਵਾਇਰਲ ਸਮੇਤ ਉੱਲੀ ਵਰਗੇ ਕੀਟਾਣੂਆਂ ਤੋਂ ਵੀ ਬਚਾਉਂਦੇ ਹਨ, ਪਰ ਇਸ ਵਿਚਲੇ ਕੁੱਝ ਸੈਪੋਨਿਨ ਅਤੇ ਓਗਜ਼ੈਲਿਕ ਏਸਿਡ ਖ਼ਤਰਨਾਕ ਹਨ। ਚੰਗੀ ਗੱਲ ਇਹ ਹੈ ਕਿ ਇਹ ਸੈਪੋਨਿਨ ਸਾਡਾ ਸਰੀਰ ਪੂਰੀ ਤਰ੍ਹਾਂ ਜਜ਼ਬ ਹੀ ਨਹੀਂ ਕਰਦਾ ਜਿਸ ਸਦਕਾ ਇਸ ਦੇ ਮਾੜੇ ਅਸਰਾਂ ਤੋਂ ਬਚਾਓ ਹੋ ਜਾਂਦਾ ਹੈ। ਜੇ ਬਾਥੂ ਨੂੰ ਰਿੰਨ੍ਹ ਲਿਆ ਜਾਏ ਤਾਂ ਇਹ ਸੈਪੋਨਿਨ ਟੁੱਟ ਫੁੱਟ ਜਾਂਦੇ ਹਨ ਅਤੇ ਖ਼ਤਰਨਾਕ ਨਹੀਂ ਰਹਿੰਦੇ।
1. ਵਾਧੂ ਬਾਥੂ ਖਾਣ ਨਾਲ ਟੱਟੀਆਂ ਲੱਗ ਸਕਦੀਆਂ ਹਨ।
2. ਚਮੜੀ ਉੱਤੇ ਐਲਰਜੀ ਹੋ ਸਕਦੀ ਹੈ।
3. ਗਰਭਵਤੀ ਔਰਤਾਂ ਦਾ ਗਰਭ ਡਿੱਗ ਸਕਦਾ ਹੈ।
4. ਮਰਦਾਨਾ ਕਮਜ਼ੋਰੀ ਵੀ ਵਾਧੂ ਬਾਥੂ ਖਾਣ ਨਾਲ ਵੇਖੀ ਗਈ ਹੈ ਅਤੇ ਸ਼ਕਰਾਣੂਆਂ ਦਾ ਹਿਲਣਾ ਜੁਲਣਾ ਵੀ ਹੌਲੀ ਹੋ ਜਾਂਦਾ ਹੈ।
ਏਨੇ ਕੁ ਮਾੜੇ ਅਸਰਾਂ ਤੋਂ ਜੇ ਬਚਾਓ ਹੋ ਜਾਵੇ ਅਤੇ ਸਹੀ ਮਾਤਰਾ ਵਿਚ ਬਾਥੂ ਸਰਦੀਆਂ ਵਿਚ ਖਾਧਾ ਜਾਵੇ ਤਾਂ ਪੱਠਿਆਂ ਵਿਚਲੀ ਪਈ ਖਿੱਚ ਅਤੇ ਪੀੜ ਨੂੰ ਤਾਂ ਬਿਨਾਂ ਦਵਾਈਆਂ ਦੇ, ਸਿਰਫ਼ ਬਾਥੂ ਖਾਣ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਇੰਜ ਹੀ ਸਰੀਰ ਅੰਦਰਲੇ ਇਮਿਊਨ ਸਿਸਟਮ ਨੂੰ ਤਗੜਾ ਕਰਨ, ਢਿੱਡ ਅੰਦਰਲਾ ਅਲਸਰ ਠੀਕ ਕਰਨ ਅਤੇ ਦਿਲ ਤਗੜਾ ਰੱਖਣ ਲਈ ਵੀ ਬਾਥੂ ਦਾ ਅਸਰ ਲਾਜਵਾਬ ਹੈ!
ਨਿਚੋੜ ਤਾਂ ਇਹੀ ਹੈ ਕਿ ਬਾਥੂ ਸਰਦੀਆਂ ਵਿਚ ਸਹੀ ਮਾਤਰਾ ਵਿਚ ਖਾ ਕੇ ਸਰੀਰ ਰੋਗ ਮੁਕਤ ਰੱਖਿਆ ਜਾ ਸਕਦਾ ਹੈ। ਭਾਵੇਂ ਬਰਫ਼ ਪਈ ਹੋਵੇ ਤੇ ਭਾਵੇਂ ਅਤਿ ਦੀ ਗਰਮੀ ਜਾਂ ਸੋਕਾ ਪਿਆ ਹੋਵੇ, ਕੁਦਰਤ ਨੇ ਬਾਥੂ ਨੂੰ ਹਰ ਥਾਂ ਉੱਗਣ ਦੀ ਸਮਰਥਾ ਬਖ਼ਸ਼ ਦਿੱਤੀ ਹੋਈ ਹੈ। ਇਸੇ ਲਈ ਇਹ ਬੂਟੀ ਹਰਫ਼ਨ ਮੌਲਾ ਬਣ ਚੁੱਕੀ ਹੈ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.