NewsPress ReleasePunjabTop News

ਬਦਲੀਆਂ, ਤਰੱਕੀਆਂ ਜਲਦ ਕਰਨ ਤੇ ਵਿੱਤੀ ਮੰਗਾਂ ਸਮੇਤ ਸਾਰੀਆਂ ਮੰਗਾਂ ਹੱਲ ਕਰਨ ਦਾ ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ

ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਡੀ.ਟੀ.ਐੱਫ. ਪੰਜਾਬ ਦਾ ਵਫਦ ਮਿਲਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ

ਚੰਡੀਗੜ੍ਹ : ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰਤੀਨਿੱਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫਦ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਿਆ। ਸਵਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਸਥਾਰਤ ਚਰਚਾ ਹੋਈ। ਜਥੇਬੰਦੀ ਵੱਲੋਂ ਅਧਿਆਪਕਾਂ ਉੱਪਰ ਦਰਜ ਝੂਠੇ ਕੇਸਾਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ ਦੀ ਮੰਗ ਰੱਖੀ ਗਈ ਜਿਸ ‘ਤੇ ਸਿੱਖਿਆ ਮੰਤਰੀ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।

ਬਦਲੀਆਂ ਸੰਬੰਧੀ ਵਿਸਥਾਰਤ ਚਰਚਾ ਕੀਤੀ ਗਈ ਜਿਸਤੇ ਉਨਾਂ ਕਿਹਾ ਕਿ ਨਵੀਂ ਬਦਲੀ ਪਾਲਿਸੀ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕੈਬਨਿਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਨਵੀਂ ਬਦਲੀ ਨੀਤੀ ਵਿੱਚ ਸਟੇਸ਼ਨ ਤੋਂ ਦੂਰੀ, ਅੰਗਹੀਣਤਾ, ਨਵੇਂ ਵਿਆਹੇ ਜੋਡ਼ਿਅਾਂ, ਫੌਜੀ, ਫੌਜੀ-ਆਸ਼ਰਿਤ, ਬਿਮਾਰ ਪਤੀ, ਪਤਨੀ ਜਾਂ ਬੱਚੇ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ, ਨਵ ਵਿਆਹੁਤਾ ਲਈ 5 ਨੰਬਰ ਦਿੱਤੇ ਜਾਣਗੇ। ਘਰ ਤੋਂ ਦੂਰੀ ਨੂੰ ਵੱਖ ਵੱਖ ਜੋਨਾਂ ਵਿੱਚ ਵੰਡ ਕੇ ਨੰਬਰ ਦਿੱਤੇ ਜਾਣਗੇ।

ਆਪਸੀ ਬਦਲੀ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬਦਲੀ ਅਪਲਾਈ ਕਰਨ ਲਈ ਇਕ ਹਫ਼ਤੇ ਦਾ ਸਮਾਂ ਵੀ ਦਿੱਤਾ ਜਾਵੇਗਾ। 2018 ਤੋਂ ਬਾਅਦ ਪਦਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ ‘ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ ਜਿਸ ‘ਤੇ ਹਾਂ-ਪੱਖੀ ਹੁੰਗਾਰਾ ਮਿਲਿਆ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਰੱਖੀ ਗਈ ਜਿਸਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਨਵੀਂ ਪਾਲਿਸੀ ਜਲਦ ਲਿਆਂਦੀ ਜਾ ਰਹੀ ਹੈ ਅਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ।

ਜਥੇਬੰਦੀ ਵੱਲੋਂ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਮਰਜ਼ ਕਰਨ ਦੀ ਮੰਗ ਵੀ ਰੱਖੀ ਗਈ। ਜਥੇਬੰਦੀ ਵੱਲੋਂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ, ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਭੱਤੇ ਬਹਾਲ ਕਰਨ, ਏ.ਸੀ.ਪੀ. ਸਕੀਮ 3-7-11-15 ਲਾਗੂ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦੇ ਹੋਏ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ ਜਿਸ ਉੱਪਰ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਮਸਲਾ ਜਲਦ ਹੀ ਵਿੱਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ। ਸਾਰੇ ਕਾਡਰਾਂ ਦੀਆਂ ਹਰ ਪ੍ਰਕਾਰ ਦੀਆਂ ਵਿਭਾਗੀ ਤਰੱਕੀਆਂ ਸਮਾਂਬੱਧ ਕਰਨ ਉੱਪਰ ਮੰਤਰੀ ਸਾਹਿਬ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ।

ਕਾਮਰਸ ਅਤੇ ਸਾਇੰਸ ਵਿਸ਼ਿਆਂ ਸਮੇਤ ਸਕੂਲਾਂ ਵਿੱਚ ਬਣਦੀਆਂ ਹਰ ਕਿਸਮ ਦੀਆਂ ਪੋਸਟਾਂ ਮੰਨਜੂਰ ਕਰਕੇ ਭਰਨ ਦੀ ਮੰਗ ਰੱਖੀ ਗਈ। ਸਰੀਰਕ ਸਿੱਖਿਆ ਨੂੰ ਲਾਜਮੀ ਵਿਸ਼ਾ ਬਣਾਉਣ ਲਈ ਕੀਤੀ ਚਰਚਾ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਨਵੀਂ ਖੇਡ-ਨੀਤੀ ਲਿਆ ਕੇ ਇਸ ਮੰਗ ਦਾ ਠੋਸ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਕਿ ਸਕੂਲਾਂ ਵਿਚ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਮੰਨਦੇ ਹੋਏ ਹਰ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਅਸਾਮੀਆਂ ਦਿੱਤੀਆਂ ਜਾਣ। ਜਥੇਬੰਦੀ ਵੱਲੋਂ ਠੇਕਾ-ਆਧਾਰਿਤ ਮੁਲਾਜ਼ਮਾਂ ਨੂੰ ਠੇਕਾ-ਕਾਲ ਦੌਰਾਨ ਕੀਤੀ ਸੇਵਾ ਨੂੰ ਛੁੱਟੀਆਂ ਸੰਬੰਧੀ ਬਣਦੇ ਲਾਭਾਂ ਲਈ ਗਿਣਨ ਦੀ ਮੰਗ ਕੀਤੀ ਗਈ ਜਿਸ ਨੂੰ ਵੀ ਸਵੀਕਾਰ ਕੀਤਾ ਗਿਆ ਅਤੇ ਜਲਦ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ।

ਵੱਖ-ਵੱਖ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਉੱਪਰ ਕੋਈ ਠੋਸ ਨੀਤੀ ਬਣਾ ਕੇ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਬੋਰਡ ਪ੍ਰੀਖਿਆ-ਫੀਸਾਂ ਤੇ ਸਰਟੀਫਿਕੇਟ-ਫੀਸਾਂ ਤੋਂ ਛੋਟ ਦਿੱਤੀ ਜਾਵੇ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਕੇਂਦਰੀਕਰਨ, ਨਿੱਜੀਕਰਨ ਭਗਵਾਂਕਰਨ ਤੇ ਕਾਰਪੋਰੇਟੀਕਰਨ ਦੇ ਏਜੰਡੇ ਨੂੰ ਲਾਗੂ ਕਰਨ ਵਾਲੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਤੁਰੰਤ ਰੱਦ ਕੀਤੀ ਜਾਵੇ। ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਤੋਂ ਲਏ ਜਾਂਦੇ ਗ਼ੈਰ ਵਿੱਦਿਅਕ ਕੰਮ ਅਤੇ ਹੋਰ ਵਾਧੂ ਡਿਊਟੀਆਂ ਵੀ ਤੁਰੰਤ ਬੰਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ।

ਕਿਸੇ ਵੀ ਸਮੇਂ ਲਈ ਅਪਲਾਈ ਕੀਤੀ ਵਿਦੇਸ਼ ਛੁੱਟੀ ਜੋ ਵਾਜਿਬ ਗਰਾਂਊੰਡ ਅਧਾਰਿਤ ਹੋਵੇਗੀ, ਨੂੰ ਮੰਨਜੂਰ ਕਰਨ ਦੀ ਮੰਗ ਨੂੰ ਮੰਨਿਆ ਗਿਆ। ਇਸ ਵਫਦ ਵਿੱਚ ਸੁਖਵਿੰਦਰ ਸਿੰਘ ਸੁੱਖੀ, ਰੇਸ਼ਮ ਸਿੰਘ ਖੇਮੂਆਣਾ, ਲਖਵੀਰ ਸਿੰਘ ਹਰੀਕੇ, ਚਰਨਜੀਤ ਕਪੂਰਥਲਾ, ਰਾਜਦੀਪ ਸੰਧੂ, ਹਰਭਗਵਾਨ ਗੁਰਨੇ, ਗਗਨ ਪਾਹਵਾ, ਬਲਰਾਮ ਸ਼ਰਮਾ, ਹਰਪਿੰਦਰ ਸਿੰਘ ਢਿੱਲੋਂ, ਅਮਨਦੀਪ ਬਠਿੰਡਾ, ਗੁਰਪ੍ਰੀਤ ਸਿੰਘ ਮੱਲੋਕੇ, ਹਰਕੀਰਤ ਮਹਿਣਾ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button