PunjabTop News

ਬਠਿੰਡਾ ‘ਚ ਨਸ਼ਾ ਤਸਕਰ ਦੀ ਕੁੱਟ-ਕੁੱਟ ਕੇ ਹੱਤਿਆ: ਨਸ਼ਾ ਵਿਰੋਧੀ ਕਮੇਟੀ ਵੱਲੋਂ ਅਗਵਾ ਕਰਕੇ ਕਤਲ, 2 ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਬਠਿੰਡਾ ਸਥਿਤ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੇ ਪਿੰਡ ਮਹਿਰਾਜ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਸਿਟੀ ਥਾਣਾ ਰਾਮਪੁਰਾ ਵਿੱਚ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਨਾਮਜ਼ਦ ਮੁਲਜ਼ਮਾਂ ਵਿੱਚੋਂ ਕਮੇਟੀ ਪ੍ਰਧਾਨ ਨਰਦੇਵ ਸਿੰਘ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਇਹ ਕਰਦਿਆਂ ਦੱਸਿਆ ਕਿ ਮਿਤੀ 10 ਅਕਤੂਬਰ ਨੂੰ ਪਿੰਡ ਮਹਿਰਾਜ਼ ਦੇ ਕੋਠਿਆਂ ਦਾ ਦਲਜਿੰਦਰ ਸਿੰਘ ਉਰਫ ਨੂਰ ਅਚਾਨਕ ਗਾਇਬ ਹੋ ਗਿਆ ਸੀ। ਉਹ ਘਰ ਤੋਂ ਮੋਟਰਸਾਈਕਲ ਲੈਕੇ ਰਾਮਪੁਰਾ ਗਿਆ ਪਰ ਵਾਪਿਸ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇਸ ਨੌਜਵਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਥਾਣਾ ਸਿਟੀ ਰਾਮਪੁਰਾ ਨੂੰ ਉਸਦੇ ਪਤੀ ਨੂੰ ਅਣਪਛਾਤਿਆਂ ਵੱਲੋਂ ਅਗਵਾ ਕਰ ਲੈਣ ਬਾਰੇ ਸੂਚਨਾ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ  ਮਾਮਲੇ ਨੂੰ ਹੱਲ ਕਰਨ ਲਈ ਐਸਪੀ ਡੀ ਅਜੇ ਗਾਂਧੀ , ਡੀਐਸਪੀ ਫੂਲ ਮੋਹਿਤ ਅਗਰਵਾਲ ਅਤੇ ਡੀਐਸਪੀ ਮੌੜ ਰਾਹੁਲ ਭਾਰਦਵਾਜ਼  ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਟੀਮ ’ਚ ਥਾਣਾ ਸਿਟੀ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸੀਆਈਏ ਸਟਾਫ 2 ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਅਤੇ ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਸ਼ਾਮਲ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ10 ਅਕਤੂਬਰ ਨੂੰ ਦਲਜਿੰਦਰ ਸਿੰਘ ਉਰਫ ਨੂਰ ਨੂੰ ਨਰਦੇਵ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ,ਗੁਰਪ੍ਰੀਤ ਸਿੰਘ ਉਰਫ ਧੱਤੂ ਪੁੱਤਰ ਮੋਹਨ ਸਿੰਘ,  ਹੈਪੀ ਸਿੰਘ ਪੁੱਤਰ ਨੈਬ ਸਿੰਘ, ਕੁਲਵੀਰ ਸਿੰਘ ਜੱਗਰ ਕਾ,  ਅਰਸ਼ਦੀਪ ਸਿੰਘ ਉਰਫ ਅਰਸੂ ਪੁੱਤਰ ਕੁਲਵੰਤ ਸਿੰਘ, ਕਰਨਵੀਰ ਸਿੰਘ ਉਰਫ ਧੂਰੀ ਪੁੱਤਰ ਮਿੱਠੂ ਸਿੰਘ ਜੈਲਦਾਰ ਕਾ,
ਰਿੰਕੂ ਪੁੱਤਰ ਜੱਗਾ ਸਿੰਘ,  ਕਿਸ਼ੋਰੀ ਪੁੱਤਰ ਪ੍ਰੀਤਮ ਸਿੰਘ,  ਬਲਵੀਰ ਸਿੰਘ ਮਿਸਤਰੀ, ਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ,  ਬੱਗੜ ਭੱਜੀ ਕਾ, ਜੈਲਾ ਸਿੰਘ ਖੰਡੂਆ ਵਾਸੀਅਨ ਘੁੰਮਣ ਕਲਾਂ, ਗਿਆਨੀ ਸਤਨਾਮ ਸਿੰਘ ਪਿੰਡ ਬੁਰਜ ਵਾਸੀ ਬੱਲ੍ਹੋ, ਜਗਮੀਤ ਸਿੰਘ ਪੁੱਤਰ ਨਾਮਲੂਮ ਵਾਸੀ ਘਰਾਂਗਣਾ ਜਿਲ੍ਹਾ ਮਾਨਸਾ ਅਤੇ 10-12 ਅਣਪਛਾਤੇ ਵਿਅਕਤੀ ਗਿਆਨੀ ਸਤਨਾਮ ਸਿੰਘ ਦੀ ਸਕਾਰਪਿਓ ਗੱਡੀ, ਬਲਵੀਰ ਸਿੰਘ ਮਿਸਤਰੀ ਦੀ ਜੀਪ ਅਤੇ ਮੋਟਰਸਾਈਕਲਾਂ ਤੇ ਮਾਰ ਦੇਣ ਦੀ ਨੀਅਤ ਨਾਲ ਉਸਦੇ ਪਲਟੀਨਾ ਮੋਟਰਸਾਈਕਲ ਸਮੇਤ ਅਗਵਾ ਕਰਕੇ ਲੈ ਗਏ ।

ਕਮੇਟੀ ਮੈਂਬਰਾਂ ਨੂੰ ਸ਼ੱਕ ਸੀ ਕਿ ਦਲਜਿੰਦਰ ਸਿੰਘ ਨਸ਼ੇ ਵੇਚਣ ਦਾ  ਧੰਦਾ ਕਰਦਾ ਹੈ ਜਦੋਂਕਿ ਐਸਐਸਪੀ ਮੁਤਾਬਕ ਦਲਜਿੰਦਰ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਹੋਣ ਅਤੇ ਨਸ਼ਿਆਂ ਦਾ ਕਾਰੋਬਾਰ ਕਰਦੇ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਦਲਜਿੰਦਰ ਸਿੰਘ ਉਰਫ ਨੂਰ ਦੀ ਨਰਦੇਵ ਸਿੰਘ ਉਰਫ ਗੱਗੀ ਦੇ ਖੇਤ ਵਿੱਚ ਲਿਜਾਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਅਤੇ ਮੁਲਜਮਾਂ ਨੇ ਦਲਜਿੰਦਰ ਸਿੰਘ ਦੀ ਲਾਸ਼ ਅਤੇ ਉਸਦੇ ਮੋਟਰਸਾਈਕਲ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਲਸਾੜਾ ਡਰੇਨ ਵਿੱਚ ਸੁੱਟ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਕਤਲ ਦੀ ਧਾਰਾ 302 ਸਮੇਤ ਕੁੱਝ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਦੋਂਕਿ ਦੋ ਨੂੰ ਹਟਾਇਆ ਗਿਆ ਅਤੇ ਇਹ 14 ਜਣੇ ਨਾਮਜਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਰਾਮਨਗਰ ਕੈਂਚੀਆਂ ਮੌੜ ਤੋਂ ਨਰਦੇਵ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਧੱਤੂ ਪੁੱਤਰ ਮੋਹਨ ਸਿੰਘ ਵਾਸੀਅਨ ਪਿੰਡ ਘੁੰਮਣ ਕਲਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ  ਉਨ੍ਹਾਂ ਦੀ ਨਿਸ਼ਾਨਦੇਹੀ ਤੇ ਦਲਜਿੰਦਰ ਸਿੰਘ ਉਰਫ ਨੂਰ ਦੀ ਲਾਸ਼ ਲਾਸਾੜਾ ਡਰੇਨ ਚੋਂ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਲਜਿੰਦਰ ਸਿੰਘ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇਰਿਮਾਂਡ ਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਕਤਲ ਮਾਮਲੇ ਨਾਲ ਜੁੜੇ ਹੋਰ ਵੀ ਭੇਦ ਅਤੇ ਬਾਕੀ ਮੁਲਜਮਾਂ ਦਾ ਪਤਾ ਲਾਉਣ ਦੀ ਕੋਸ਼ਿਸ ਕੀਤੀ ਜਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button