NewsBreaking NewsIndiaPoliticsPunjab

ਫਿਰ ਗੱਲ ਕਰਿਓ ਕਿ ਪਾਕਿਸਤਾਨ ਡਰ ਗਿਆ, ਪਹਿਲਾਂ ਆਹ ਪੜ੍ਹੋ 65, 71 ਤੇ 1999 ‘ਚ ਪਾਕਿਸਤਾਨ ਵੱਲੋਂ ਫੜੇ ਭਾਰਤੀ ਪਾਇਲਟਾਂ ਦਾ ਹਾਲ!

ਚੰਡੀਗੜ੍ਹ : ਜੈਸ਼-ਏ-ਮੁਹੰਮਦ ਨੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲਾ ਕੀਤਾ, ਜਵਾਬ ਵਿੱਚ ਭਾਰਤ ਨੇ 12 ਦਿਨ ਬਾਅਦ ਹਵਾਈ ਹਮਲਾ ਕਰਕੇ ਪਾਕਿਸਤਾਨ ਅੰਦਰ ਜੈਸ਼ ਦੇ ਕੈਂਪ ਤਬਾਹ ਕਰਨ ਦੇ ਨਾਲ ਨਾਲ 300 ਤੋਂ ਵੱਧ ਅੱਤਵਾਦੀ ਮਾਰ ਦੇਣ ਦਾ ਦਾਅਵਾ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਵਾਲੇ ਪਾਸੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਸ ਹਮਲੇ ਨੂੰ ਨਾਕਾਮ ਕਰਨ ‘ਚ ਸਾਡਾ ਇੱਕ ਪਾਇਲਟ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ। ਇਹ ਤਾਂ ਸੀ ਉਹ ਘਟਨਾਵਾਂ ਜਿਨ੍ਹਾਂ ਦੇ ਫੈਸਲੇ 2 ਦੇਸਾਂ ਦੀਆਂ ਸਰਕਾਰਾਂ ਨੇ ਕੀਤੇ, ਤੇ ਨਤੀਜ਼ੇ ਜੋ ਵੀ ਹੋਏ ਉਹ ਸਾਰਿਆਂ ਦੇ ਸਾਹਮਣੇ ਹਨ, ਪਰ ਇਸ ਦੌਰਾਨ ਭਾਰਤੀ, ਤੇ ਖਾਸ ਕਰ ਰਾਸਟਰੀ ਮੀਡੀਆ ਨੇ ਜਿਹੜਾ ਰੋਲ ਅਦਾ ਕੀਤਾ ਉਸ ਨੂੰ ਦੇਖ ਕੇ ਇਹ ਕਹਿਣੋਂ ਰਿਹਾ ਨਹੀਂ ਜਾ ਰਿਹਾ ਕਿ ਉਸ ਮੀਡੀਆ ਨੇ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਦੀ ਅੱਗ ਵਿੱਚ ਸੁੱਟਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਹੈ।

Read Also ਕੌਣ ਹੈ ਪਾਕਿਸਤਾਨ ਤੋਂ ਵਾਹਘਾ ਬਾਰਡਰ ਤੱਕ ਅਭਿਨੰਦਨ ਨਾਲ ਆਈ ਇਹ ਮਹਿਲਾ ? ਜਿਸ ਦੀ ਹੋ ਰਹੀ ਹੈ ਚਰਚਾ

ਭਾਰਤੀ ਪਾਇਲਟ ਅਜੇ ਪਾਕਿਸਤਾਨ ਦੇ ਕਬਜ਼ੇ ਵਿੱਚ ਹੀ ਸੀ ਤੇ ਪਾਕਿਸਤਾਨ ਵੱਲੋਂ ਉਸ ਨੂੰ ਰਿਹਾਅ ਕਰਨ ਦੇ ਐਲਾਨ ਦੇ ਬਾਵਜੂਦ ਭਾਰਤੀ ਮੀਡੀਆ ਵੱਲੋਂ ਇਸ ਮਾਮਲੇ ‘ਤੇ ਸੰਜਮ ਵਰਤਣ ਦੀ ਥਾਂ ਅੱਗ ਉਗਲਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਡਰ ਗਿਆ ਹੈ, ਇਸ ਲਈ ਭਾਰਤੀ ਪਾਇਲਟ ਨੂੰ ਰਿਹਾਅ ਕਰ ਰਿਹਾ ਹੈ। ਸਵਾਲ ਇਹ ਹੈ ਕਿ, ਕੀ ਪਾਕਿਸਤਾਨ ਵਾਕਿਆ ਹੀ ਡਰ ਗਿਆ ਸੀ? ਜਾਂ ਫਿਰ ਅੱਜ ਅਸੀਂ ਇੱਕ ਨਵੇਂ ਪਾਕਿਸਤਾਨ ਨੂੰ ਵੇਖ ਰਹੇ ਹਾਂ? ਉਹ ਪਾਕਿਸਤਾਨ ਜਿਸ ਦਾ ਪ੍ਰਧਾਨ ਮੰਤਰੀ ਇੱਕ ਖੇਡ ਪਛੋਕੜ ਤੋ ਹੈ, ਉਹ ਪਾਕਿਸਤਾਨ ਜਿਸ ਦਾ ਪ੍ਰਧਾਨ ਮੰਤਰੀ ਵਾਰ ਵਾਰ ਇੱਕੋ ਹੀ ਗੱਲ ਕਰਦਾ ਆ ਰਿਹਾ ਹੈ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਤਰੱਕੀ ਚਾਹੁੰਦੇ ਹਾਂ। ਜੇਕਰ ਇਹ ਸੱਚ ਹੈ ਤਾਂ ਫਿਰ ਕੀ ਕਾਰਨ ਹੈ ਕਿ ਵਾਰ ਵਾਰ ਭਾਰਤ ਅੰਦਰ ਅੱਤਵਾਦੀ ਹਮਲੇ ਹੋ ਰਹੇ ਹਨ? ਕੀ ਇਹ ਹਮਲੇ ਪਾਕਿਸਤਾਨ ਕਰਵਾ ਰਿਹਾ ਹੈ ਜਾਂ ਫਿਰ ਉਹ ਲੋਕ, ਜੋ ਨਹੀਂ ਚਾਹੁੰਦੇ ਕਿ ਭਾਰਤ ਅਤੇ ਪਾਕਿਸਤਾਨ ਸ਼ਾਂਤੀ ਨਾਲ ਰਹਿਣ, ਦੋਵੇਂ ਮੁਲਕ ਤਰੱਕੀ ਕਰਨ? ਉਹ ਕੌਣ ਲੋਕ ਹਨ? ਉਹ ਜਿਹੜੇ ਸਾਡੇ ਲੋਕਾਂ ਨੂੰ ਮਾਰ ਰਹੇ ਹਨ? ਜਾਂ ਉਹ ਲੋਕ ਜਿਹੜੇ ਇੱਧਰ ਤੇ ਉੱਧਰ ਦੇ ਲੋਕਾਂ ਨੂੰ ਇੱਕ ਦੂਜ਼ੇ ਦੇ ਖਿਲਾਫ ਕਾਰਵਾਈ ਕਰਨ ਲਈ ਉਕਸਾ ਰਹੇ ਹਨ? ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਕੁਝ ਗੱਲਾਂ ਨੂੰ ਬੜੀ ਡੁੰਘਾਈ ਨਾਲ ਸਮਝਣਾ ਪਵੇਗਾ।

ਚਲੋ ਇਸ ਦੀ ਤਹਿ ਤੱਕ ਜਾਂਦੇ ਹਾਂ। ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਇਹ ਵਿਸ਼ਾ ਛੇੜਿਆ ਹੀ ਕਿਉਂ ਹੈ? ਜ਼ਰਾ ਯਾਦ ਕਰੋ ਜਦੋਂ ਅਭਿਨੰਦਨ ਪਾਕਿਸਤਾਨ ‘ਚ ਸੀ, ਤੇ ਜ਼ਿਆਦਾਤਰ ਭਾਰਤੀ ਰਾਸ਼ਟਰੀ ਮੀਡੀਆ ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਰਿਹਾਅ ਕਰਨ ਦੇ ਬਾਵਜੂਦ ਲਗਾਤਾਰ ਇਹ ਕਹਿ ਰਿਹਾ ਸੀ, ਕਿ ਪਾਕਿਸਤਾਨ ਨੇ ਅਭਿਨੰਦਨ ਨੂੰ ਛੱਡਣ ਦਾ ਐਲਾਨ ਡਰ ਕੇ ਕੀਤਾ ਹੈ, ਉਹ ਡਰ ਗਿਆ ਹੈ। ਇੱਥੇ ਅਸੀਂ ਯਾਦ ਕਰਦੇ ਹਾਂ 1965,1971 ਤੇ 1999 ਦੀ ਕਾਰਗਿੱਲ ਜੰਗ ਨੂੰ, ਜਦੋਂ ਭਾਰਤ ਨੇ ਪਾਕਿਸਤਾਨ ‘ਤੇ ਜਵਾਬੀ ਹਵਾਈ ਹਮਲੇ ਕੀਤੇ ਤੇ ਉਸ ਦੌਰਾਨ ਕਈ ਭਾਰਤੀ ਪਾਇਲਟ ਜਹਾਜ਼ ਕ੍ਰੈਸ਼ ਹੋਣ ਕਾਰਨ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਏ। ਇਨ੍ਹਾਂ ਦੀਆਂ ਸੱਚੀਆਂ ਕਹਾਣੀਆਂ ਪੜ੍ਹੋ ਤੇ ਫਿਰ ਫੈਸਲਾ ਕਰੋ ਕਿ, ਕੀ ਪਾਕਿਸਤਾਨ ਵਾਕਿਆ ਹੀ ਡਰ ਗਿਆ ਸੀ ਜਾਂ ਇਸ ਵਾਰ ਉੱਥੋਂ ਦੀ ਸਰਕਾਰ ਕੁਝ ਚੰਗਾ ਚਾਹੁੰਦੀ ਹੈ? ਸਭ ਤੋਂ ਪਹਿਲਾਂ ਅਸੀਂ ਯਾਦ ਕਰਦੇ ਹਾਂ 1965 ਦੀ ਜੰਗ ਵੇਲੇ ਪਾਕਿਸਤਾਨ ਦੇ ਕਬਜੇ ਆਏ ਭਾਰਤੀ ਏਅਰ ਮਾਰਸ਼ਲ ਕਰੀਅੱਪਾ ਨੂੰ, ਜਿਨ੍ਹਾਂ ਦਾ ਜਹਾਜ਼ ਕ੍ਰੈਸ ਹੋ ਕੇ ਪਾਕਿਸਤਾਨ ‘ਚ ਜਾ ਡਿੱਗਾ ਸੀ ਤੇ ਉੱਥੇ ਉਨ੍ਹਾਂ ਨੂੰ 4 ਮਹੀਨੇ ਦਿਨ ਰਾਤ ਪਾਕਿਸਤਾਨ ਅੰਦਰ ਫੌਜੀ ਤਸ਼ਦੱਦ ਸਹਿਣਾ ਪਿਆ।

ਕਰੀਅੱਪਾ ਕਹਿੰਦੇ ਹਨ ਕਿ ਅਭਿਨੰਦਨ ਦੇ ਮਾਮਲੇ ਵਿੱਚ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਰੋਲ ਬੇਹੱਦ ਖ਼ਰਾਬ ਰਿਹਾ, ਜਿਸ ਵੇਲੇ ਪਾਕਿਸਤਾਨੀ ਫੌਜ ਨੂੰ ਸਾਡਾ ਪਾਇਲਟ ਕੁਝ ਵੀ ਦੱਸਣ ਤੋਂ ਇਨਕਾਰੀ ਸੀ ਉਸ ਵੇਲੇ ਸਾਡਾ ਮੀਡੀਆ ਅਭਿਨੰਦਨ ਦੇ ਘਰ ਦੇ ਬਾਹਰ ਖੜ੍ਹਾ ਉਨ੍ਹਾਂ ਦੇ ਪਰਿਵਾਰ ਦਾ ਵੇਰਵਾ ਦੇ ਰਿਹਾ ਸੀ ਸਟੂਡੀਓ ‘ਚ ਬੈਠਾ ਇਹ ਦੱਸ ਰਿਹਾ ਸੀ ਕਿ ਕਿਹੜੇ ਜਹਾਜ਼ ਰਾਹੀਂ ਅਭਿਨੰਦਨ ਕਿਹੜੇ ਮਿਸ਼ਨ ‘ਤੇ ਨਿੱਕਲਿਆ ਸੀ? ਕਰੀਅੱਪਾ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਜਦੋਂ ਉਨ੍ਹਾਂ ਨੇ ਜੰਗ ਲੜੀ ਸੀ ਕਿਉਂਕਿ ਇਸ ਦਾ ਅਸਰ ਜਵਾਨ ਅਤੇ ਉਸ ਦੇ ਪਰਿਵਾਰ ‘ਤੇ ਖਤਰਨਾਕ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਸੰਨ 1971 ਵਿੱਚ ਉਦੋਂ ਵਾਪਰੀ ਸੀ ਜਦੋਂ ਭਾਰਤੀ ਪਾਇਲਟ ਕੈਪਟਨ ਵਜੇਂਦਰ ਸਿੰਘ ਗਰੁੰਗ ਪਾਕਿਸਤਾਨੀ ਸੈਨਾਂ ਦੇ ਕਬਜ਼ੇ ਵਿੱਚ ਆ ਗਿਆ, ਤੇ ਉਸ ਨੂੰ ਦੁਸ਼ਮਣ ਨੇ ਇੱਕ ਸਾਲ ਇੱਕ ਮਹੀਨਾ ਤੱਕ ਰਿਹਾਅ ਨਹੀਂ ਕੀਤਾ ਸੀ। ਜਿਸ ਦੌਰਾਨ ਭਾਰਤੀ ਫੌਜ ਦੇ ਰਾਜ਼ ਜਾਣਨ ਲਈ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਕੀ ਕੀ ਤਸੀਹੇ ਦਿੱਤੇ, ਇਹ ਕਿਸੇ ਨੂੰ ਬਿਆਨ ਕਰਨ ਤੋਂ ਵੀ ਬਾਹਰ ਦੀਆਂ ਗੱਲਾਂ ਹਨ। 5 ਦਸੰਬਰ 1971 ਨੂੰ ਭਾਰਤੀ ਏਅਰ ਕੌਮੋਡੋਰ ਜੇ.ਐਲ. ਭਾਰਗਵ ਦਾ ਜਹਾਜ ਕ੍ਰੈਸ਼ ਹੋ ਗਿਆ ਤੇ ਉਹ ਪੈਰਾਸ਼ੂਟ ਰਾਹੀਂ ਪਾਕਿਸਤਾਨ ਵਾਲੇ ਪਾਸੇ ਜਾ ਡਿੱਗੇ।

ਇੱਕ ਵਾਰ ਤਾਂ ਉਹ ਸਾਰਿਆਂ ਦੀ ਨਜ਼ਰ ਤੋਂ ਬਚ ਗਏ ਤੇ ਆਪਣਾ ਨਾਂ ਮਨਸੂਰ ਅਲੀ ਦੱਸ ਕੇ ਭਾਰਗਵ ਨੇ ਇੱਕ ਝੌਂਪੜੀ ‘ਚੋਂ ਪਾਣੀ ਵੀ ਪੀਤਾ ਤੇ ਉੱਥੇ ਕੁਝ ਦੇਰ ਅਰਾਮ ਕਰਨ ਤੋਂ ਬਾਅਦ ਕੁਝ ਰਾਹਗੀਰ ਉਨ੍ਹਾਂ ਨੂੰ ਪਾਕਿਸਤਾਨੀ ਸਮਝ ਨਾਲ ਲੈ ਤੁਰੇ। ਅੱਗੇ ਚੱਲ ਕੇ ਉੱਥੋਂ ਦੇ ਇੱਕ ਸਕੂਲ ਹੈੱਡਮਾਸਟਰ ਨੂੰ ਭਾਰਗਵ ‘ਤੇ ਸ਼ੱਕ ਹੋਇਆ ਤੇ ਪੁੱਛਤਾਛ ਦੌਰਾਨ ਭਾਰਗਵ ਨੇ ਆਪਣੀ ਰਿਹਾਇਸ਼ ਰਾਵਲਪਿੰਡੀ ਦੇ ਮਾਲ ਰੋਡ ਵਿਖੇ ਦੱਸੀ। ਬਾਅਦ ਵਿੱਚ ਉਨ੍ਹਾਂ ਲੋਕਾਂ ਨੇ ਭਾਰਗਵ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾਂ ਵੱਲੋਂ ਕਲਮਾਂ ਪੜ੍ਹ ਕੇ ਸੁਣਾਉਣ ਦਾ ਸਵਾਲ ਕਰਨ ‘ਤੇ ਉਹ ਫੜੇ ਗਏ, ਤੇ ਉਸ ਮਗਰੋਂ ਕਈ ਸਾਲਾਂ ਤੱਕ ਪਾਕਿਸਤਾਨ ਨੇ ਭਾਰਗਵ ਨੂੰ ਆਪਣੀ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਤੇ ਜਦੋਂ ਉਹ ਰਿਹਾਅ ਹੋ ਕੇ ਭਾਰਤ ਆਏ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੁਕਸਾਨੀ ਗਈ ਸੀ ਤੇ ਉਹ ਚੱਲਣ ਫਿਰਨ ਤੋਂ ਵੀ ਮੁਥਾਜ਼ ਹੋ ਗਏ ਸਨ। 1999 ਵਿੱਚ ਵਾਪਰਿਆ ਕਾਰਗਿੱਲ ਯੁੱਧ ਕਿਸ ਨੂੰ ਯਾਦ ਨਹੀਂ ਹੈ? ਇਸ ਦੌਰਾਨ ਵੀ ਸਾਡਾ ਇੱਕ ਪਾਇਲਟ ਫਲਾਈਟ ਲੈਫਟੀਨੈਂਟ ਨਚੀਕੇਤਾ ਜਹਾਜ ਕ੍ਰੈਸ਼ ਹੋ ਜਾਣ ਕਾਰਨ ਪਾਕਿਸਤਾਨੀ ਫੌਜੀਆਂ ਦੇ ਵਿਚਕਾਰ ਜਾ ਡਿੱਗਾ ਜਿਨ੍ਹਾਂ ਨੂੰ ਦੁਸ਼ਮਣ ਦੀ ਫੌਜ ਨੇ ਬੁਰੀ ਤਰ੍ਹਾਂ ਕੁੱਟਿਆ ਪਰ ਉੱਥੋਂ ਦੇ ਅਧਿਕਾਰੀਆਂ ਨੇ ਨਚੀਕੇਤਾ ਨੂੰ ਬਚਾ ਲਿਆ।

ਨਚੀਕੇਤਾ ਵੀ ਕਈ ਦਿਨ ਤੱਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹਿਣ ਤੋਂ ਬਾਅਦ ਰਿਹਾਅ ਕੀਤੇ ਗਏ ਸਨ। ਉਕਤ ਸਾਰੇ ਕਿੱਸੇ ਸਾਡੇ ਉਨ੍ਹਾਂ ਪਾਇਲਟਾਂ ਦੇ ਹਨ ਜਿਹੜੇ ਪਾਕਿਸਤਾਨ ਦੀ ਫੌਜ ਦੇ ਕਬਜ਼ੇ ‘ਚ ਰਹਿ ਕੇ ਭਾਰੀ ਤਸ਼ੱਦਦ ਸਹਿਣ ਦੇ ਨਾਲ ਨਾਲ ਦਿਨ, ਮਹੀਨੇ ਅਤੇ ਸਾਲਾਂ ਬੱਧੀ ਦੁਸ਼ਮਣਾਂ ਦੇ ਕਬਜ਼ੇ ‘ਚ ਰਹੇ, ਪਰ ਦੁਸ਼ਮਣ ਨੇ ਨਾ ਤਾਂ ਉਨ੍ਹਾਂ‘ਤੇ ਤਰਸ ਖਾਦਾ, ਤੇ ਨਾਂ ਹੀ ਇਨ੍ਹਾਂ ਨੂੰ ਰਿਹਾਅ ਕੀਤਾ। ਹੁਣ ਜ਼ਰਾ ਧਿਆਨ ਦਿਓ ਅਭਿਨੰਦਨ ਦੇ ਰਿਹਾਅ ਹੋਣ ਮੌਕੇ ਜ਼ਿਆਦਾਤਰ ਭਾਰਤੀ ਰਾਸ਼ਟਰੀ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਬਿਆਨਬਾਜ਼ੀ ‘ਤੇ। ਇੱਥੇ ਸਾਫ ਤੌਰ ‘ਤੇ ਚੈਨਲਾਂ ਦੇ ਐਂਕਰ ਅਤੇ ਮਹਿਮਾਨ ਇਹੋ ਜਿਹੀਆਂ ਤਕਰੀਰਾਂ ਦੇ ਰਹੇ ਸਨ, ਜਿਵੇਂ ਤਿੰਨੋ ਸੈਨਾਵਾਂ ਦੀ ਕਮਾਂਡ ਇਨ੍ਹਾਂ ਲੋਕਾਂ ਦੇ ਹੱਥ ਵਿੱਚ ਹੋਵੇ ਤੇ ਉਹ ਲੋਕ ਕਿਸੇ ਵੇਲੇ ਵੀ ਪਾਕਿਸਤਾਨ ਨੂੰ ਕੀੜੀ ਵਾਂਗ ਮਸਲ ਦੇਣਗੇ। ਕੀ ਇਹ ਮੰਨਣਯੋਗ ਹੈ ? ਕੀ ਅਜਿਹਾ ਹੋ ਸਕਦਾ ਹੈ ? ਜੇ ਅਜਿਹਾ ਹੋ ਸਕਦਾ ਹੁੰਦਾ ਤਾਂ ਫਿਰ ਅੱਜ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕਬਜ਼ੇ ਵਿੱਚੋਂ ਕਿਉਂ ਨਹੀਂ ਛਡਵਾਇਆ ਜਾ ਸਕਿਆ? ਸਾਨੂੰ ਅੰਤਰ ਰਾਸ਼ਟਰੀ ਅਦਾਲਤਾਂ ਵਿੱਚ ਅਪੀਲਾਂ ਕਿਉਂ ਕਰਨੀਆਂ ਪੈ ਰਹੀਆਂ ਹਨ? 1965 ਅਤੇ 1971 ਦੀ ਜੰਗ ਵਿੱਚ ਜਿਹੜੇ ਭਾਰਤੀ ਫੌਜੀ ਪਾਕਿਸਤਾਨ ਦੇ ਕਬਜ਼ੇ ਵਿੱਚ ਆਏ ਸਨ ਭਾਰਤ ਉਨ੍ਹਾਂ ਨੂੰ ਅੱਜ ਤੱਕ ਕਿਉਂ ਨਹੀਂ ਛੁਡਵਾ ਸਕਿਆ ? ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਅਪੀਲ ਕਰਦੇ ਦਿਖਾਈ ਦਿੱਤੇ ਕਿ 1965 ਅਤੇ 1971 ਵੇਲੇ ਪਾਕਿ ਵੱਲੋਂ ਗ੍ਰਿਫਤਾਰ ਕੀਤੇ ਭਾਰਤੀ ਫੌਜੀ ਰਿਹਾਅ ਕੀਤੇ ਜਾਣ।

ਕੀ ਇਸ ਤੋਂ ਇਹ ਸਮਝਿਆ ਨਹੀਂ ਜਾ ਸਕਦਾ ਕਿ ਇਸ ਵਾਰ ਪਾਕਿਸਤਾਨ ਦੀ ਕਮਾਂਡ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਹੈ ਉਨ੍ਹਾਂ ਦੀ ਨੀਅਤ ਨੂੰ ਇੱਕ ਵਾਰ ਆਪਣੀ ਸਾਫ ਨੀਅਤ ਨਾਲ ਪਰਖ ਲੈਣਾ ਚਾਹੀਦਾ ਹੈ? ਕੀ ਪਾਕਿਸਤਾਨ ਵੱਲੋਂ ਵਾਰ ਵਾਰ ਸ਼ਾਂਤੀ ਦੀ ਪਹਿਲ ਕੀਤੇ ਜਾਣ ਨੂੰ ਨਾਕਾਰ ਕੇ ਅਸੀਂ ਵੱਡੀ ਗਲਤੀ ਨਹੀਂ ਕਰ ਰਹੇ? ਕੀ ਸਾਡੀ ਤਲਖ਼ੀ ਅਤੇ ਪਾਕਿਸਤਾਨ ਦੇ ਪਛੋਕੜ ਦਾ ਫਾਇਦਾ ਚੁੱਕ ਕੇ ਅੱਤਵਾਦੀ ਦੋਹਾਂ ਮੁਲਕਾਂ ਨੂੰ ਤਬਾਹੀ ਵੱਲ ਨਹੀਂ ਧੱਕ ਰਹੇ? ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਦੂਜੇ ਦਿਨ ਪਾਕਿਸਤਾਨ ਅੰਦਰ ਵੀ ਅੱਤਵਾਦੀ ਹਮਲੇ ਹੋ ਰਹੇ ਹਨ। ਹਰ ਦੂਜੇ ਦਿਨ ਪਾਕਿਸਤਾਲ ਅੰਦਰ ਵੀ ਬੇਦੋਸ਼ੇ ਲੋਕ ਮਰੇ ਜਾ ਰਹੇ ਹਨ। ਇਸ ਸੰਭਾਵਨਾਂ ਤੋਂ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ ਕਿ ਜਿਹੜੇ ਲੋਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਚਾਹੁੰਦੇ ਹਨ, ਦੋਵੇਂ ਮੁਲਕ ਜੰਗ ਵੱਲ ਵਧਕੇ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਕਰ ਰਹੇ ਹਨ? ਇਸ ਦੇ ਬਾਵਜੂਦ ਮੀਡੀਆ ਜਿਸ ਨੂੰ ਕਿ ਬੇਹੱਦ ਸਮਝਦਾਰ ਵਰਗ ਮੰਨਿਆ ਜਾਂਦਾ ਹੈ, ਜਿਸ ਦੀ ਗੱਲ ਦਾ ਅਸਰ ਦੇਸ਼ ਵਿਦੇਸ਼ ਦੇ ਲੋਕਾ ਦੇ ਮਨਾਂ ‘ਤੇ ਸਿੱਧਾ ਪੈਂਦਾ ਹੈ ਉਹ ਆਪਣੀ ਜ਼ਿੰਮੇਵਾਰੀ ਭੁੱਲ ਕੇ ਸਿਰਫ ਜੰਗ, ਜੰਗ ਤੇ ਜੰਗ ਦੀ ਗੱਲ ਕਰ ਰਿਹਾ ਹੈ। ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਜਿਹੜੇ ਲੋਕ ਇਸ ਨਾਜ਼ੁਕ ਮੌਕੇ ‘ਤੇ ਵੀ ਟੀ.ਵੀ ਚੈਨਲਾਂ ਅਤੇ ਜਨਤਕ ਤੌਰ ‘ਤੇ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਉਹ ਦੋਵਾਂ ਦੇਸ਼ਾਂ ਵਿਚਲੀ ਸ਼ਾਂਤੀ ਨੂੰ ਕਾਇਮ ਰੱਖਣ ਵਿੱਚ ਬਹੁਤ ਵੱਡੀ ਰੁਕਾਵਟ ਹਨ? ਸਾਨੂੰ ਸਮਝਣ ਦੀ ਲੋੜ ਹੈ ਕਿ ਆਖ਼ਰ ਇਹ ਲੋਕ ਅਜਿਹਾ ਕਿਉਂ ਕਰ ਰਹੇ ਹਨ? ਲੋਕ ਸਭਾ ਚੋਣਾਂ ਨੇੜੇ ਹਨ ਤੇ ਅਜਿਹੇ ਮੌਕੇ ਹਲਾਤ ਤੁਹਾਡੇ ਸਾਹਮਣੇ ਹਨ। ਫੈਸਲਾ ਤੁਸੀਂ ਆਪ ਕਰਨਾ ਹੈ ਕਿ ਕੌਣ ਕਸੂਰਵਾਰ ਹੈ ਤੇ ਉਹ ਕੀ ਚਾਹੁੰਦਾ ਹੈ? ਜੇ ਤੁਸੀਂ ਸਮਝਦਾਰ ਹੋਏ ਤਾਂ ਵੋਟ ਬੜੀ ਸੋਚ ਸਮਝ ਕੇ ਪਾਓਗੇ ਨਹੀਂ ਤਾਂ ਭੇਡਾਂ ਵਾਲੀ ਚਾਲ ਤੁਹਾਨੂੰ ਉਸ ਪਾਸੇ ਵੱਲ ਤਾਂ ਲੈ ਹੀ ਜਾਵੇਗੀ ਜਿਸ ਪਾਸੇ ਇੱਕ ਭੇਡ ਤੁਰ ਪਈ ਹੈ। ਹੁਣ ਸੋਚੋ ਸਮਝੋ ਤੇ ਫੈਸਲਾ ਕਰੋ ਕਿ, ਕੀ ਤੁਸੀਂ ਇਨਸਾਨ ਹੋ ਜਾਂ ਭੇਡਾਂ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button