Press ReleasePunjabTop News

ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਜੀਐਨਡੀਯੂ ਐਨ.ਏ.ਸੀ.ਸੀ.ਵਿੱਚ 3.85 ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣੀ

ਮੁੱਖ ਮੰਤਰੀ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਯੂਨੀਵਰਸਿਟੀ ਸਟਾਫ਼ ਅਤੇ ਫੈਕਲਟੀ ਨੂੰ ਵਧਾਈ ਦਿੱਤੀ

ਚੰਡੀਗੜ੍ਹ : ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਦੇ ਨਤੀਜੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਐਨ.ਏ.ਏ.ਸੀ. ਵਿੱਚ 3.85 ਅੰਕ ਪ੍ਰਾਪਤ ਕਰਕੇ ਏ++ ਗ੍ਰੇਡ ਪ੍ਰਾਪਤ ਕੀਤਾ ਹੈ, ਜਿਸ ਨਾਲ ਜੀਐਨਡੀਯੂ ਇਹ ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ।

ਟੀਚਿੰਗ, ਰਿਸਰਚ ਫੈਲੋਜ਼, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸਭਨਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਚੇਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰ ਸਕਣ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਰ੍ਹਾਂ ਹੀ ਸੂਬੇ ਦਾ ਨਾਂ ਰੌਸ਼ਨ ਕਰਨਗੀਆਂ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ 4 ਵਿੱਚੋਂ 3.85 ਅੰਕ ਸਕੋਰ ਕਰਕੇ ਏ++ ਉੱਚਤਮ ਗ੍ਰੇਡ ਹਾਸਲ ਕਰਦਿਆਂ ਸਮੁੱਚੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਗ੍ਰੇਡ ਪ੍ਰਾਪਤ ਕਰਨ ਵਾਲੀ ਦੇਸ਼ ਦੀਆਂ ਸਾਰੀਆਂ ਸਰਕਾਰੀ, ਨਿੱਜੀ ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ ਅਤੇ ਦੇਸ਼ ਭਰ ਦੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਦੂਜੇ ਨੰਬਰ ‘ਤੇ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (ਟੀ.ਆਈ.ਐਸ.ਐਸ.) 3.89 ਦਾ ਉੱਚ ਗ੍ਰੇਡ ਹਾਸਲ ਕਰਨ ਵਾਲੀ ਦੀ ਦੂਜੀ ਇਕਲੌਤੀ ਵਿਦਿਅਕ ਸੰਸਥਾ ਹੈ।

ਇਸ ਦੌਰਾਨ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਮੁਲਾਂਕਣ ਅਤੇ ਮਾਨਤਾ ਦੇ ਚੌਥੇ ਗੇੜ ਦੌਰਾਨ  ਏ++ ਗ੍ਰੇਡ  ਅਤੇ 3.85 ਸੀਜੀਪੀਏ ਨਾਲ ਮਾਨਤਾ ਦਿੱਤੀ ਗਈ ਹੈ , ਜੋ ਅਗਲੇ ਸੱਤ ਸਾਲਾਂ ਤੱਕ  ਰਹੇਗੀ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2014 ਦੇ ਆਪਣੇ ਪਿਛਲੇ ਐਕਰੀਡੀਸ਼ਨ ਸਾਇਕਲ  ਦੌਰਾਨ  ਹਾਸਲ ਕੀਤ 3.51 ਦੇ ਗ੍ਰੇਡ ਤੋਂ ਵਧ  ਕੇ ਹੁਣ 3.85 ਦਾ ਗ੍ਰੇਡ ਹਾਸਲ ਕੀਤਾ ਹੈ। ਮੀਤ ਹੇਅਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਨੈਕ ਦੁਆਰਾ ਮਾਨਤਾ ਪ੍ਰਾਪਤ ਦੇਸ਼ ਦੀਆਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਇਹ ਮੁਲਾਂਕਣ ਕੰਮਕਾਜ ਅਤੇ ਆਰਗੇਨਾਈਜੇਸ਼ਨਲ ਫੋਕਸ ਦੇ ਅਧਾਰ ‘ਤੇ ਵੱਖ-ਵੱਖ ਮੁੱਖ ਪਹਿਲੂਆਂ  ਤਹਿਤ ਸੱਤ ਮਾਪਦੰਡਾਂ ਦੇ  ਅਧਾਰ ‘ਤੇ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਨਾਂ ਮਾਪਦੰਡਾਂ ਵਿੱਚ ਪਾਠਕ੍ਰਮ ਦੇ ਪਹਿਲੂ, ਅਧਿਆਪਨ-ਸਿਖਲਾਈ ਅਤੇ ਮੁਲਾਂਕਣ, ਖੋਜ, ਨਵੀਨਤਾਵਾਂ ਅਤੇ ਵਿਸਥਾਰ, ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ, ਵਿਦਿਆਰਥੀ ਸਹਾਇਤਾ ਅਤੇ ਤਰੱਕੀ, ਗਵਰਨੈਂਸ, ਲੀਡਰਸ਼ਿਪ ਅਤੇ ਪ੍ਰਬੰਧਨ, ਸੰਸਥਾਗਤ ਕਦਰਾਂ-ਕੀਮਤਾਂ ਅਤੇ ਬਿਹਤਰ ਅਭਿਆਸ ਸ਼ਾਮਲ ਹਨ। ਸ੍ਰੀ ਮੀਤ ਹੇਅਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ 5 ਸਾਲਾਂ ਵਿੱਚ ਆਪਣੇ ਐਚ-ਇੰਡੈਕਸ ਵਿੱਚ 64 ਤੋਂ 129 ਤੱਕ ਦਾ ਵਾਧਾ ਦਰਜ ਕੀਤਾ ਹੈ ਅਤੇ ਹਾਈ ਇੰਪੈਕਟ ਫੈਕਟਰ ਜਰਨਲਾਂ ਵਿੱਚ ਕੁੱਲ 19776 ਖੋਜ ਲੇਖ ਪ੍ਰਕਾਸ਼ਿਤ ਕੀਤੇ ਹਨ।

ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਟਰਾਂਸਲੇਸ਼ਨ ਰਿਸਰਚ ਅਤੇ ਸੰਸਥਾਗਤ ਸਲਾਹ-ਮਸ਼ਵਰੇ ਦੇ ਪ੍ਰਸਾਰ ਲਈ ਵੀ ਜਾਣੀ ਜਾਂਦੀ ਹੈ ਅਤੇ ਇਸ ਨੇ ਆਪਣੇ ਬੁਨਿਆਦੀ ਢਾਂਚੇ ਅਤੇ ਖੋਜ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਈ ਕੇਂਦਰੀ ਅਤੇ ਰਾਜ ਗ੍ਰਾਂਟਾਂ ਨੂੰ ਵੀ ਆਕਰਸ਼ਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਅਧਿਆਪਨ ਲਈ ਬੁਨਿਆਦੀ ਢਾਂਚੇ, ਸਿੱਖਣ ਅਤੇ ਖੋਜ ਅਤੇ ਵਾਤਾਵਰਣ ਪੱਖੀ ਹਰੇ -ਭਰੇ ਕੈਂਪਸ ਲਈ ਮਾਨਤਾ ਦਿੱਤੀ ਗਈ ਹੈ । ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ ਨੂੰ ਇਸ ਸਾਲ ਲਗਾਤਾਰ 24ਵੀਂ ਵਾਰ ਪ੍ਰਸਿੱਧ ਮੌਲਾਨਾ ਅਬੁਲ ਕਲਾਮ ਆਜਮ ਟਰਾਫੀ ਜਿੱਤਣ ਦਾ ਸਿਹਰਾ ਪ੍ਰਾਪਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button