Press ReleaseBreaking NewsD5 specialNewsPunjab
ਪੰਜਾਬ ਪੁਲਿਸ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ: ਡੀ.ਜੀ.ਪੀ. ਦਿਨਕਰ ਗੁਪਤਾ

ਸੜਕ ਸੁਰੱਖਿਆ ਮਹੀਨਾ: ਪੰਜਾਬ ਵਿੱਚ ਸਾਲ 2020 ਦੌਰਾਨ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਆਈ 15 ਫੀਸਦੀ ਗਿਰਾਵਟ
ਚੰਡੀਗੜ:ਪੰਜਾਬ ਵਿੱਚ ਸਾਲ 2019 ਦੇ ਮੁਕਾਬਲੇ ਸਾਲ 2020 ਦੌਰਾਨ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿੱਚ 15 ਫੀਸਦੀ ਅਤੇ ਸੜਕ ਹਾਦਸਿਆਂ ਵਿੱਚ 18 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਸੜਕ ਸੁਰੱਖਿਆ ਦੇ ਨਜ਼ਰੀਏ ਤੋਂ ਇੱਕ ਵੱਡੀ ਪ੍ਰਾਪਤੀ ਹੈ।ਵੇਰਵਿਆਂ ਮੁਤਾਬਕ ਸਾਲ 2020 ਦੌਰਾਨ ਕੁੱਲ 5194 ਸੜਕ ਹਾਦਸੇ ਦਰਜ ਕੀਤੇ ਗਏ ਜਦੋਂਕਿ ਸੜਕ ਹਾਦਸਿਆਂ ਵਿਚ 3866 ਲੋਕਾਂ ਦੀ ਜਾਨ ਗਈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਚੱਲ ਰਹੇ ਸੜਕ ਸੁਰੱਖਿਆ ਮਹੀਨੇ (18 ਜਨਵਰੀ ਤੋਂ 17 ਫਰਵਰੀ, 2021) ਦੌਰਾਨ ਪੰਜਾਬ ਪੁਲਿਸ ਵੱਲੋਂ 521 ਸੜਕ ਸੁਰੱਖਿਆ ਕੈਂਪ ਅਤੇ 542 ਸੜਕ ਸੁਰੱਖਿਆ ਸੈਮੀਨਾਰ ਕਰਵਾਏ ਗਏ ਹਨ ਅਤੇ ਇਸ ਤੋਂ ਇਲਾਵਾ ਸੂਬੇ ਭਰ ਵਿਚ 152 ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ ਹਨ ਜਿਸ ਤਹਿਤ ਸਕੂਲ ਅਤੇ ਕਾਲਜਾਂ ਦੇ ਲਗਭਗ 1.33 ਲੱਖ ਵਿਦਿਆਰਥੀਆਂ ਅਤੇ 1.28 ਲੱਖ ਨਾਗਰਿਕਾਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸੜਕ ਸੁਰੱਖਿਆ ਨੂੰ ਵੱਡੀ ਚਿੰਤਾ ਮੰਨਦਿਆਂ ਪੰਜਾਬ ਪੁਲਿਸ ਸੂਬੇ ਦੀਆਂ ਸੜਕਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਬਣਾਉਣ ਵਾਸਤੇ ਕੋਈ ਕਸਰ ਨਹੀਂ ਛੱਡ ਰਹੀ ਹੈ।ਡੀਜੀਪੀ ਗੁਪਤਾ ਨੇ ਅੱਗੇ ਦੱਸਿਆ ਕਿ ਸੜਕ ਸੁਰੱਖਿਆ ਨੂੰ ਸੰਸਥਾਗਤ ਬਣਾਉਣ ਲਈ ਪਟਿਆਲਾ ਜ਼ਿਲੇ ਵਿੱਚ ਇੱਕ ਪਾਇਲਟ ਪ੍ਰਾਜੈਕਟ “ਐਕਸੀਡੈਂਟ ਰੈਜ਼ੋਲਿਊਸ਼ਨ ਟੀਮ-ਏਆਰਟੀ” ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਟੇਸ਼ਨ ਹਾਊਸ ਅਫਸਰ (ਐਸਐਚਓ) ਦੀ ਅਗਵਾਈ ਵਿੱਚ ਟੀਮਾਂ ਆਪੋ ਆਪਣੇ ਅਧਿਕਾਰ ਖੇਤਰਾਂ ਵਿੱਚਲੇ ਬਲੈਕ ਸਪਾਟਸ ਦਾ ਦੌਰਾ ਅਤੇ ਨਿਰੀਖਣ ਕਰਦੀਆਂ ਹਨ। ਪਟਿਆਲਾ ਪੁਲਿਸ ਵੱਲੋਂ ਅਜਿਹੀਆਂ 25 ਏ.ਆਰ.ਟੀ. ਤਿਆਰ ਕੀਤੀਆਂ ਗਈਆਂ ਹਨ ਅਤੇ ਵਿਸ਼ੇਸ਼ ਤੌਰ ’ਤੇ ਪਟਿਆਲਾ-ਸਰਹਿੰਦ ਰੋਡ ’ਤੇ ਵੱਧ ਤੋਂ ਵੱਧ 20 ਸੁਧਾਰਵਾਦੀ ਕਦਮ ਚੁਕੇ ਗਏ ਹਨ ਜਿਸ ਨਾਲ ਹਾਦਸਿਆਂ ਦੀ ਦਰ ਵਿੱਚ ਵੱਡੀ ਗਿਰਾਵਟ ਆਈ ਹੈ।
ਡੀਜੀਪੀ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਕਾਰਨ ਹੰੁਦੀਆਂ ਮੌਤਾਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਵੱਲੋਂ ਇਕ ਸਟੈਂਡਰਡ ਆਪਰੇਟਿੰਗ ਪੋ੍ਰਸੀਜ਼ਰ (ਐਸਓਪੀ) ਤਿਆਰ ਕੀਤਾ ਗਿਆ ਹੈ ਅਤੇ ਪਸ਼ੂਆਂ ਕਰਕੇ ਦੁਰਘਟਨਾ ਵਾਲੇ ਬਲੈਕ ਸਪਾਟਸ ਦੀ ਪਛਾਣ ਕੀਤੀ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਮਾਲਵਾ ਪੱਟੀ ਵਿੱਚ ਅਜਿਹੇ 25 ਬਲੈਕ ਸਪਾਟਸ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਹਾਦਸਿਆਂ ਨੂੰ ਰੋਕਣ ਲਈ ਅਵਾਰਾ ਪਸ਼ੂਆਂ ਦੀ ਗਰਦਨ ਦੁਆਲੇ ਰਿਫਲੈਕਟਿਵ ਪੱਟੀਆਂ ਬੰਨੀਆਂ ਜਾਂਦੀਆਂ ਹਨ।ਡੀ.ਜੀ.ਪੀ. ਨੇ ਦੱਸਿਆ ਕਿ ਸਾਲ 2011 ਤੋਂ 2020 ਜੋ ਕਿ ਸੜਕ ਸੁਰੱਖਿਆ ਦਾ ਇੱਕ ਦਹਾਕਾ ਘੋਸ਼ਿਤ ਕੀਤਾ ਗਿਆ ਸੀ, ਦੌਰਾਨ ਪੰਜਾਬ ਵਿੱਚ ਸੜਕ ਹਾਦਸਿਆਂ ’ਚ ਹੁੰਦੀਆਂ ਮੌਤਾਂ ਵਿਚ 22% ਦੀ ਗਿਰਾਵਟ ਆਈ ਹੈ ਜੋ ਕਿ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸੇ ਸਮੇਂ ਦੌਰਾਨ ਕੌਮੀ ਪੱਧਰ ’ਤੇ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਵਿੱਚ ਕੁੱਲ 10% ਵਾਧਾ ਹੋਇਆ ਹੈ।
ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਦੱਸਿਆ ਕਿ ਰੋਡ ਐਕਸੀਡੈਂਟ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪੰਜਾਬ ਵਿਚ 391 ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਹੈ ਜਿਨਾਂ ਵਿਚੋਂ 100 ਬਲੈਕ ਸਪਾਟਸ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਅਫ਼ ਇੰਡੀਆ (ਐਨਐਚਏਆਈ) ਵੱਲੋਂ ਪਹਿਲਾਂ ਹੀ ਦਰੁਸਤ ਕਰ ਦਿੱਤਾ ਗਿਆ ਹੈ ਜਦੋਂ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੁਆਰਾ 31 ਬਲੈਕ ਸਪਾਟਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ।ਏਡੀਜੀਪੀ ਟ੍ਰੈਫਿਕ ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਟ੍ਰੈਫਿਕ ਵਿੰਗ ਨੇ ਮੁਹਾਲੀ ਵਿਖੇ ਆਪਣੀ ਕਿਸਮ ਦਾ ਪਹਿਲਾ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਸਥਾਪਤ ਕੀਤਾ ਹੈ ਜੋ ਰਾਜ ਵਿੱਚ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ’ਤੇ ਕਾਬੂ ਪਾਉਣ ਲਈ ਢੁੱਕਵੇਂ ਹੱਲ ਲੱਭਣ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਜਿਹੇ ਸਾਇੰਟਿਫ਼ਿਕ ਟੂਲਾਂ ਦੀ ਵਰਤੋਂ ਕਰਦਾ ਹੈ। ਉਨਾਂ ਕਿਹਾ ਕਿ ਸੜਕ ਹਾਦਸਿਆਂ ਦੀ ਵਿਗਿਆਨਕ ਜਾਂਚ ਨੂੰ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਵੱਲੋਂ ਇਸ ਕੇਂਦਰ ਵਿੱਚ ਇੱਕ “ਕਰੈਸ਼ ਇਨਵੈਸਟੀਗੇਸ਼ਨ ਵਹੀਕਲ” ਵੀ ਤਿਆਰ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.