Press ReleasePunjabTop News

ਪੰਜਾਬ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਕੇ.ਟੀ.ਐਫ. ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਦੋ ਆਪਰੇਟਿਵ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ:  ਡੀਜੀਪੀ ਪੰਜਾਬ 

ਦੋਵੇਂ ਆਪਰੇਟਿਵਾਂ ਨੂੰ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਵਲੋਂ ਹਥਿਆਰਾਂ ਦੀ ਖੇਪ ਹਾਸਲ ਕਰਨ ਦਾ ਕੰਮ ਸੌਂਪਿਆ ਗਿਆ ਸੀ; ਉਕਤ ਖੇਪ ਨੂੰ ਫਿਰੋਜਪੁਰ ਪੁਲਿਸ ਨੇ ਚਾਰ ਦਿਨ ਪਹਿਲਾਂ ਕੀਤਾ ਸੀ ਬਰਾਮਦ 
ਚੰਡੀਗੜ੍ਹ/ਰੂਪਨਗਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਫੈਸਲਾਕੁੰਨ ਜੰਗ ਤਹਿਤ ਰੂਪਨਗਰ ਪੁਲਿਸ ਨੇ ਇੰਟਰ ਸਰਵਿਸਿਜ ਇੰਟੈਲੀਜੈਂਸ (ਆਈ.ਐੱਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.)  ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਚਮਕੌਰ ਸਾਹਿਬ ਖੇਤਰ ਤੋਂ ਗ੍ਰਿਫ਼ਤਾਰ ਕਰਕੇ  ਗਿਰੋਹ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਦਹਿਸ਼ਤੀ ਮਾਡਿਊਲ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ ਡਾਲਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ।
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਕੋਲੋਂ ਦੋ ਨਾਜਾਇਜ਼ ਹਥਿਆਰ  ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਸਮਤੇ 21 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ , ਫਿਰੋਜਪੁਰ ਪੁਲਿਸ ਵਲੋਂ ਫਿਰੋਜਪੁਰ ਦੇ ਪਿੰਡ ਆਰਿਫਕੇ ਦੇ ਝੋਨੇ ਦੇ ਖੇਤਾਂ ਤੋਂ ਇੱਕ ਅਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਤੋਂ 4 ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ, ਅਤੇ ਇਸ ਨੂੰ ਪਿੰਡ ਆਰਿਫਕੇ ਤੋਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫਿਰੋਜਪੁਰ ਤੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਮੁਲਜਮਾਂ ਨੂੰ ਫੜਨ ਲਈ ਸੂਬੇ ਭਰ ਵਿੱਚ ਖੁਫੀਆ ਏਜੰਸੀ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਗਈ ਸੀ ਅਤੇ ਪੁਖਤਾ ਸੂਚਨਾ ਦੇ ਆਧਾਰ ’ਤੇ ਰੂਪਨਗਰ ਪੁਲੀਸ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਚਮਕੌਰ ਸਾਹਿਬ ਖੇਤਰ ਤੋਂ ਦੋਵਾਂ ਮੁਲਜਮਾਂ ਨੂੰ ਕਾਬੂ ਕੀਤਾ ।  ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਇਹ ਖੇਪ ਬਰਾਮਦ ਕਰਨ ਲਈ ਪਿੰਡ ਆਰਿਫਕੇ ਗਏ ਸਨ ਪਰ ਅਸਫਲ ਰਹੇ  ਅਤੇ ਬਾਅਦ ਵਿੱਚ ਖੇਤ ਦੇ ਮਾਲਕ ਦੀ ਇਤਲਾਹ ਦੇ ਆਧਾਰ ‘ਤੇ ਫਿਰੋਜਪੁਰ ਪੁਲਿਸ ਵੱਲੋਂ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ।
ਡੀਜੀਪੀ ਨੇ ਕਿਹਾ ,“ਦੋਵਾਂ ਮੁਲਜਮਾਂ ਨੇ ਇਹ ਕਬੂਲਿਆ ਹੈ ਕਿ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਵੱਲੋਂ ਦੱਸੇ ਖਾਸ  ਟਿਕਾਣਿਆਂ ‘ਤੇ ਅੱਗੇ ਪਹੁੰਚਾਉਣ ਲਈ ਕੁਝ ਡਰੋਨ-ਅਧਾਰਤ ਹਥਿਆਰਾਂ ਦੀ ਖੇਪਾਂ , ਜਿਨਾਂ ਦੀ ਵਰਤੋਂ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੇਟ ਕਤਲਾਂ ਲਈ ਕੀਤੀ ਜਾਣੀ ਸੀ।’’ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਰੂਪਨਗਰ ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ।
ਇਸੇ ਦੌਰਾਨ ਥਾਣਾ ਚਮਕੌਰ ਸਾਹਿਬ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਿਤੀ 2.10.22 ਨੂੰ ਐਫਆਈਆਰ ਨੰਬਰ 74 ਦਰਜ ਕੀਤੀ ਗਈ ਹੈ।
ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ ਲਈ ਕਾਰਵਾਈ ਜਾਰੀ
ਕੈਨੇਡਾ ਸਥਿਤ ਅਰਸ਼ ਡਾਲਾ, ਮੋਗਾ ਦੇ ਪਿੰਡ ਡਾਲਾ ਦਾ ਮੂਲ ਨਿਵਾਸੀ, ਪੰਜਾਬ ਅਤੇ ਵਿਦੇਸਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਇੱਕ ਖੂੰਖਾਰ ਗੈਂਗਸਟਰ /ਅੱਤਵਾਦੀ ਹੈ ਅਤੇ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਹੈ। ਉਸ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਰਾਜ ਵਿੱਚ ਵਾਪਰੀਆਂ ਵੱਖ-ਵੱਖ ਟਾਰਗੈਟ ਕਿਲਿੰਗਜ਼ (ਮਿੱਥਕੇ ਕੀਤੇ ਕਤਲ) ਵਿੱਚ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ, ਪਾਕਿਸਤਾਨ ਤੋਂ ਆਯਾਤ ਕੀਤੇ ਆਰਡੀਐਕਸ, ਆਈਈਡੀਜ, ਏਕੇ-47 ਅਤੇ ਹੋਰ ਹਥਿਆਰਾਂ ਅਤੇ ਗੋਲੀ ਸਿੱਕੇ ਨੂੰ ਰਾਜ ਵਿੱਚ ਅੱਤਵਾਦੀ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਰਸ਼ ਡਾਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜਿਕਰਯੋਗ ਹੈ ਕਿ ਅਰਸ਼ ਡਾਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਮਈ 2022 ਨੂੰ ਜਾਰੀ ਕੀਤਾ ਜਾ ਚੁੱਕਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button