EDITORIAL

ਪੰਜਾਬ ਪੁਲਿਸ ਦੇਸ਼ ‘ਚ 25ਵੇਂ ਨੰਬਰ ‘ਤੇ, ਸਿੰਗਾਪੁਰ ਦੀ ਪੁਲਿਸ ਵਿਸ਼ਵ ‘ਚ ਇਕ ਨੰਬਰ 

ਅਫ਼ਸਰਾਂ ਦੀਆਂ ਮੌਜਾਂ ਮੁਤਾਹਿਤਾਂ ਨੂੰ ਮਾਂਜੇ    

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਪੁਲਿਸ ਨੂੰ ਸਿੰਗਾਪੁਰ ਪੁਲਿਸ ਤੋਂ ਸਿਖਲਾਈ ਦੁਆਉਣੀ ਚਾਹੀਦੀ ਹੈ ਕਿਉਂਕਿ  ਦੁਨੀਆਂ ਵਿੱਚ ਸਿੰਗਾਪੁਰ ਦੀ ਪੁਲਿਸ ਨੂੰ ਸੱਭ ਤੋਂ ਵਧੀਆ ਮੰਨਿਆ ਗਿਆ ਹੈ ਜਿਥੇ ਵਿਸ਼ਵ ਭਰ ‘ਚ ਸੱਭ ਤੋਂ ਘੱਟ ਕਤਲ ਹੁੰਦੇ ਹਨ ਤੇ  ਕੇਂਦਰੀ ਅਮਰੀਕਾ ਦੇ ਦੇਸ਼ ਹੌਂਡੂਰਸ ਦੀ ਪੁਲਿਸ ਸੱਭ ਤੋਂ ਵੱਧ ਬਦਨਾਮ ਹੈ ਜਿਥੇ ਦੁਨੀਆਂ ਦੇ ਸੱਭ ਤੋਂ ਵੱਧ ਕਤਲ ਤੇ ਜੁਰਮ ਹੁੰਦੇ ਹਨ । ਅਮਰੀਕਾ ਸਥਿਤ ‘ਇੰਟਰਨੈਸ਼ਨਲ ਪੁਲਿਸ ਸਾਇੰਸ ਐਸੋਸੀਏਸ਼ਨ’ ਦੀ ਸਾਲ 2016 ਦੀ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਸਿੰਘਾਪੁ੍ਰਰ ਤੋਂ ਮਗਰੋਂ  ਫਿਨਲੈਂਡ,ਡੈੱਨਮਾਰਕ, ਆਸਟਰੀਆ,   ਜਰਮਨੀ . ਆਸਟਰੇਲੀਆ ,ਨੀਦਰਲੈਂਡ,ਨੌਰਵੇ, ਸਵੀਡਨ ਤੇ ਸਵਿਟਜ਼ਰਲੈਂਡ ਦੀਆਂ ਪੁਲਿਸ ਫੋਰਸਾਂ ਕਰਮਵਾਰ 2 ਤੋਂ 10 ਨੰਬਰ ‘ਤੇ  ਆਉਂਦੀਆਂ ਹਨ ਜਿਨ੍ਹਾਂ ਮੁਲਕਾਂ ‘ਚ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ।  ਨਾਇਜ਼ੀਰੀਆ,ਕਾਂਗੋ, ਕੀਨੀਆ,ਯੂਗਾਂਡਾ,ਪਾਕਿਸਤਾਨ, ਮੌਜ਼ਾਂਬਿਕ,ਬੰਗਲਾਦੇਸ਼,ਕੈਮਰੂਨ, ਵੈਨਜ਼ੁਏਲਾ ਤੇ ਮੈਕਸੀਕੋ  ਕਰਮਵਾਰ 1 ਤੋਂ 10ਵੇਂ ਨੰਬਰ ‘ਤੇ ਹਨ ਜਿਥੇ ਬਹੁਤ ਜੁਰਮ ਹੁੰਦੇ ਹਨ ਤੇ ਪੁਲਿਸ  ਬਹੁਤ ਬਦਨਾਮ ਹੈ ।

ਇਸ ਐਸੋਸੀਏਸ਼ਨ ਵੱਲੋਂ ਜਾਰੀ ਪੁਲਿਸ ਇੰਡੈਕਸ ਵਿੱਚ ਦੁਨੀਆਂ ਦੇ 127 ਦੇਸ਼ਾਂ ਦੀ ਪੁਲਿਸ  ਲਈ ਦਰਜਾਬੰਦੀ ਕੀਤੀ ਗਈ ਹੈ ਜਿਸ ਵਿੱਚ ਭਾਰਤ ਦਾ 104 ਵਾਂ  ਤੇ ਪਾਕਿਸਤਾਨ ਦਾ 120 ਵਾਂ ਨੰਬਰ ਹੈ ।  ਜਪਾਨ 15,ਕਨੇਡਾ 17,ਯੂਕੇ 20,ਅਮਰੀਕਾ 33 ਤੇ ਚੀਨ 65 ਵੇਂ ਨੰਬਰ ‘ਤੇ ਹਨ । ਇਸੇ ਸਬੰਧ ‘ਚ ਜਦੋਂ ਅਸੀਂ ਆਪਣੇ ਦੇਸ਼ ਵਿੱਚਲੀ ਪੁਲਿਸ ਦੀ ਰੈਂਕਿੰਗ ਦੀ ਗੱਲ ਕਰਦੇ ਹਾਂ ਤਾਂ ‘ਇੰਡੀਅਨ ਪੁਲਿਸ ਫਾਊਂਡੇਸ਼ਨ’ ਵੱਲੋਂ ਜਾਰੀ  ‘ਸਮਾਰਟ ਪੁਲਿਸਿੰਗ ਇੰਡੈਕਸ-2021 ‘  ਦੇਸ਼ ਦੇ 29 ਰਾਜ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚੋਂ ਇਸ ਇੰਡੈਕਸ  ਅਨੁਸਾਰ ਆਂਧਰਾ ਪ੍ਰਦੇਸ਼,ਤੇਲੰਗਾਨਾ,ਆਸਾਮ,ਕੇਰਲਾ ਤੇ ਸਿਕਮ ਦੀਆਂ ਪੁਲਿਸ ਫੋਰਸਾਂ,  ਦੇਸ਼ ‘ਚੋਂ  ਕਰਮਵਾਰ 1 ਤੋਂ  ਪੰਜ ਨੰਬਰਾਂ ‘ਤੇ ਆਉਂਦੀਆਂ ਹਨ ਜਿਨ੍ਹਾਂ ‘ਤੇ ਲੋਕ ਵੱਧ ਵਿਸ਼ਵਾਸ ਕਰਦੇ ਹਨ ; ਉਧਰ ਪੰਜਾਬ,ਝਾਰਖੰਡ,ਛੱਤੀਸਗੜ੍ਹ,ਯੂਪੀ ਤੇ ਬਿਹਾਰ ਕਰਮਵਾਰ 25,26.27.28.ਤੇ 29 ਵੇਂ  ਨੰਬਰ ਤੇ  ਹਨ ਭਾਵ ਇਨ੍ਹਾਂ ਰਾਜਾਂ ਦੇ ਲੋਕ ਪੁਲਿਸ ‘ਤੇ ਘੱਟ ਵਿਸ਼ਵਾਸ ਕਰਦੇ ਹਨ  । ਪੰਜਾਬ ਪੁਲਿਸ ਦੀ ਸੰਵੇਦਨਸ਼ੀਲਤਾ ,ਸਖਤੀ ਤੇ ਚੰਗੇ ਵਰਤਾਓ ਲਈ ਵੀ ਰੈਂਕਿੰਗ ਉਪਰੋਕਤ ਅਨੁਸਾਰ ਹੈ । ਇਸ ਵਿੱਚ  ਦਿੱਲੀ 9 ਵੇਂ ਨੰਬਰ ‘ਤੇ ਹੈ । ਇਸ ਰੈਂਕਿੰਗ ‘ਚ ਚੰਡੀਗੜ੍ਹ ਦਾ ਜ਼ਿਕਰ ਨਹੀਂ ਹੈ ।
ਅਤੀਤ ‘ਚ ਨਕਸਲਬਾੜੀ ਲਹਿਰ,ਐਮਰਜੈਂਸੀ,1978 ਮਗਰੋਂ ਪੰਜਾਬ ਦੇ ਖਾੜਕੂਵਾਦ,ਪੰਜਾਬ ‘ਚ ਨਸ਼ਿਆਂ ਦੇ ਵਾਪਾਰ,ਕਿਸਾਨ ਅੰਦੋਲਨ, ਪੰਜਾਬ ਦੇ ਬੇਰੁਜ਼ਗਾਰਾਂ  ਤੇ ਹੋਰ ਵਰਗਾਂ ਵੱਲੋਂ ਪੰਜਾਬ ਸਰਕਾਰਾਂ ਵਿਰੁਧ ਧਰਨੇ-ਰੋਸ ਮੁਜਾਹਰੇ ਆਦਿ ਨੂੰ ਜਿਸ ਢੰਗ ਨਾਲ਼ ਪੁਲਿਸ ਨਜਿਠਦੀ ਰਹੀ ਹੈ ਉਸ ਤੇ ਹਮੇਸ਼ਾਂ ਨਿਰਾਸ਼ਾ ਹੀ ਸਵਾਲ ਉਠਦੇ ਰਹੇ ਹਨ । ਅੱਤਵਾਦ ਦੇ ਸਮੇਂ ਵਾਲ਼ੇ ਕਈ ਝੂਠੇ ਕੇਸਾਂ ‘ਚ ਹੁਣ ਤੱਕ  ਵੀ ਮੁਲਾਜ਼ਮਾਂ ਨੂੰ ਸਜ਼ਾਵਾਂ ਹੋ ਰਹੀਆਂ ਹਨ ।
ਭਾਵੇਂ ਹਰ ਇਕ ਘਟਨਾ ‘ਚ ਪੁਲਿਸ ਫੋਰਸ ਵੱਲੋਂ ਕੀਤੀ ਜ਼ਬਰਦਸਤੀ ਲਈ ਇਕੱਲੀ ਪੁਲਿਸ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਫਿਰ ਵੀ ਪੁਲਿਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਨਾਗਰਿਕਾਂ ਦਾ ਬਣਦਾ ਸਤਿਕਾਰ ਕਰੇ ਤੇ ਅਨੁਸਾਸ਼ਨ ‘ਚ ਰਹੇ । ਹਾਲ ਹੀ ਵਿੱਚ ਗੁਰਦਾਸਪੁਰ ਦੇ ਇਕ ਪਿੰਡ  ‘ਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਇਕ ਪੁਲਿਸ ਮੁਲਾਜ਼ਮ ਵੱਲੋਂ ਇਕ ਕਿਸਾਨ ਬੀਬੀ ਦੇ ਮੂੰਹ ‘ਤੇ ਚਪੇੜ ਮਾਰਨ ਦੀ ਸ਼ਰਮਨਾਕ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਿੰਦਾ ਕੀਤਾ ਹੈ । ਇਸ ਤੋਂ ਪਹਿਲਾਂ ਮਾਰਚ 2013 ‘ਚ ਤਰਨਤਾਰਨ ‘ਚ ਇਕ ਔਰਤ ਨੂੰ ਪੁਲਿਸ ਦੇ ਦੋ ਮੁਲਾਜ਼ਮਾਂ ਵੱਲੋਂ ਬੈਂਤਾਂ ਨਾਲ਼ ਕੁੱਟਣ ਦੀ ਘਟਨਾ ਨੇ ਵੀ ਪੰਜਾਬ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਸੀ । ਅੱਤਵਾਦ ਦੌਰਾਨ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ ।
ਕੋਰੋਨਾ ਦੇ ਬੰਦ ਸਮੇਂ ਫਗਵਾੜਾ ‘ਚ ਇਕ ਪੁਲਿਸ ਇੰਸਪੈਕਟਰ ਵੱਲੋਂ ਇਕ ਰੇੜ੍ਹੀ ਵਾਲ਼ੇ ਨਾਲ਼ ਕੀਤੀ ਜ਼ਿਆਦਤੀ, ਫਤਿਹਗੜ੍ਹ ਸਾਹਿਬ ‘ਚ ਇਕ ਮੁਲਾਜ਼ਿਮ ਵੱਲੋਂ ਰੇਹੜੀ ਤੋਂ ਆਂਡੇ ਚੋਰੀ ਕਰਨੇ ਤੇ ਇਸੇ ਤਰ੍ਹਾਂ ਬੰਦ ਦੀ ਉਲੰਘਣਾ ਕਰਨ ਵਾਲ਼ਿਆਂ ਦੀ ‘ਪੁਲਿਸ ਸੇਵਾ’  ਚਰਚਾ ‘ਚ ਰਹੀ ਹੈ ।
ਇਹ ਸਥਿਤੀ ਵੀ ਕਿਸੇ ਤੋਂ ਲੁੱਕੀ ਛਿੱਪੀ ਨਹੀਂ ਕਿ ਪੰਜਾਬ ਪੁਲਿਸ ਤੋਂ ਕਈ-ਕਈ ਘੰਟੇ ਕੰਮ ਲਿਆ ਜਾਂਦਾ ਹੈ ਤੇ ਵੀਆਈਪੀ ਡਿਊਟੀਆਂ ‘ਤੇ ਤਾਂ ਮੁਲਾਜ਼ਮਾਂ ਨੂੰ ਸੜਕਾਂ ਕਿਨਾਰੇ ਅਕਸਰ ਤਿਖੜ-ਦੁਪਿਹਰੇ ਖੜੇ ਆਮ ਵੇਖਿਆ ਜਾ ਸਕਦਾ ਹੈ । ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਵਾਲ਼ੇ ਦਿਨ ਇਕ ਪੁਲਿਸ ਵਾਲੇ ਦੀ ਸੜਕ ਕਿਨਾਰੇ ਹੱਥ ‘ਤੇ ਰੋਟੀ ਧਰ ਖਾਂਦੇ ਦੀ ਹੀ ਵੀਡੀਓ ਹਨੇਰੀ ਵਾਂਗ ਚੱਕਰ ਕੱਟ ਰਹੀ ਸੀ ; ਇਹੋ ਜਿਹੀਆਂ ਡਿਊਟੀਆਂ ਇਹ ਰੋਜ਼ ਕਰਦੇ ਹਨ । ਕਈ ਵੀਆਈਪੀਜ਼  ਨਾਲ਼ ਤਾਂ ਬੜੀਆਂ ਲੰਮੀਆਂ ਡਿਊਟੀਆਂ ਕਰਨੀਆਂ ਪੈਂਦੀਆਂ ਹਨ ਤੇ ਕਰਮਚਾਰੀ ਕਈ-ਕਈ ਦਿਨ ਆਪਣੇ ਘਰ ਵੀ ਨਹੀਂ ਜਾ ਸਕਦੇ ।  ਅਫ਼ਸਰ ਮੌਜਾਂ ਕਰਦੇ ਹਨ ਪਰ ਮੁਤਾਹਿਤ ਮਾਂਜੇ ਜਾਂਦੇ ਹਨ ।
ਅੰਤਰਰਾਸ਼ਟਰੀ ਸੰਸਥਾ ‘ਇੰਟਰਨੈਸ਼ਨਲ ਪੁਲਿਸ ਸਾਇੰਸ ਐਸੋਸੀਏਸ਼ਨ’ ਨੇ ਇਹ ਤੱਥ ਕੱਢੇ ਹਨ ਕਿ ਜ਼ਿਆਦਾਤਰ ਪੁਲਿਸ ਵਿੱਚ ਪਰੋਫੈਸ਼ਨਲਿਜ਼ਮ ਦੀ ਘਾਟ,  ਲੋਕਾਂ ‘ਤੇ ਸਖਤੀ ਤੇ ਤਸੀਹੇ ਦੇਣੇ,ਲੋਕਾਂ ਪ੍ਰਤੀ ਅਸੰਵੇਦਨਹੀਣ ਹੋਣਾ, ਲੋਕਾਂ ਦੀ ਗੱਲ ਨਾ ਸੁਣਨਾ,ਗਾਲ਼੍ਹਾਂ ਕੱਢਣੀਆਂ,ਲੋਕਾਂ ਨਾਲ਼ ਧੱਕੇਸ਼ਾਹੀ ਕਰਨੀ ਤੇ ਪੁਲਿਸ ਦੀ ਜ਼ਿਆਦਾ ਵਰਤੋਂ ਰਾਜਨੀਤਿਕ  ਲੋਕਾਂ ਦੀ ਸੁਰੱਖਿਆ ਲਈ ਵਰਤੋਂ ਕਰਨ  ਕਰਕੇ ਸਮਾਜਿਕ ਸੁਰੱਖਿਆ  ਖਤਰੇ ‘ਚ ਪੈ ਜਾਂਦੀ ਹੈ ।
ਐਸੋਸੀਏਸ਼ਨ ਇਹ ਸੁਝਾ ਦਿੰਦੀ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਮਾਜਿਕ ਸੰਦਰਭ ‘ਚ ਸੁਧਾਰਨ ਲਈ ਜ਼ਰੂਰੀ ਹੈ ਕਿ । ਪੁਲਿਸਿੰਗ ਦੀ ਨੀਤੀ ਬਣੇ, ਸਮਾਜਿਕ ਸਾਝੇਦਾਰੀ  ਦੀ ਨੀਤੀ ਹੋਵੇ, ਨਫ਼ਰੀ ਵਧਾਈ ਜਾਵੇ,ਪੁਲਿਸ ਨੂੰ ਸਿਖਿਅਤ ਕੀਤਾ ਜਾਵੇ, ਚੰਗੀ ਸਿਖਲਾਈ ਕਰਵਾਈ ਜਾਵੇ, ਟੈਕਨੌਲੋਜੀ ਦੀ ਵਧੇਰੇ ਵਰਤੋਂ ਹੋਵੇ, ਲੋਕਾਂ ਦਾ ਵਿਸ਼ਵਾਸ ਜਿਤਣ ਲਈ ਸਮਾਜਿਕ ਕਮੇਟੀਆਂ ਹੋਣ,ਮੁਲਾਜ਼ਮਾਂ ਨੂੰ ਕਾਨੂੰਨ ਦੀ ਜਾਣਕਾਰੀ ਹੋਵੇ,ਪੁਲਿਸ ਨੂੰ ਚੁਸਤ ਕਰਨ ਲਈ ਮਨੋਵਿਗਿਆਨਿਕ ਸਿਖਲਾਈ ਦਿਤੀ ਜਾਵੇ, ਬੱਚਿਆਂ,ਔਰਤਾਂ,ਅਪਾਹਜਾਂ,ਬਜ਼ੁਰਗਾਂ  ਤੇ ਵਿਦੇਸ਼ੀਆਂ ਨਾਲ਼ ਸਲੂਕ ਕਰਨ ਦੀ ਸਿਖਲਾਈ ‘ਤੇ ਮਨੁੱਖੀ ਅਧਿਕਾਰਾਂ ਦੀ ਟਰੇਨਿੰਗ ਆਦਿ  ਜ਼ਰੂਰੀ ਹੈ । ਪੁਲਿਸ ਮੁਲਾਜ਼ਮਾਂ ਦੀਆਂ ਲੋੜਾਂ ਤੇ ਮਜਬੂਰੀਆਂ ਦਾ ਧਿਆਨ ਰੱਖਿਆ ਜਾਵੇ ਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਬਹੁਤੀ ਦੇਰ ਦੂਰ ਨਾ ਰੱਖਿਆ ਜਾਵੇ ਆਦਿ ।
ਲੋਕਾਂ ਨੂੰ ਜਦੋਂ ਕੋਈ ਖਤਰਾ ਲਗਦਾ ਹੈ ਤਾਂ ਉਹ ਝੱਟ ਪੁਲਿਸ ਨੂੰ ਬੁਲਾਉਣ ਦੀ ਗੱਲ ਕਰਦੇ ਹਨ ਪਰ ਪੰਜਾਬ ਪੁਲਿਸ ਜਦੋਂ ਕਿਸੇ  ਸਾਧਾਰਣ ਨਾਗਰਿਕ ਨੂੰ ਕਿਸੇ ਕਾਰਨ ਠਾਣੇ ‘ਚ ਬੁਲਾਉਂਦੀ ਹੈ ਤਾਂ ਉਹ ਵਿਅਕਤੀ ਪਹਿਲਾਂ ਕੋਈ ਸਿਫ਼ਾਰਿਸ਼ ਲੱਭਦਾ ਹੈ ਤਾਂ ਕਿ ਪੁਲਿਸ ਉਸ ਨਾਲ਼ ਸਲੀਕੇ ਨਾਲ਼ ਪੇਸ਼ ਆਵੇ ਕਿਉਂਕਿ ਪੰਜਾਬ ਪੁਲਿਸ ਬਾਰੇ ਇਹ ਰਾਏ ਬਣ ਚੁੱਕੀ ਹੈ ਕਿ ਉਹ ਹਰ ਇਕ ਵਿਅਕਤੀ ਨੂੰ ਸ਼ੱਕ ਨਾਲ਼ ਹੀ ਵੇਖਦੇ ਹਨ । ਸਾਡਾ ਇਕ ਪੁਲਿਸ ਅਫ਼ਸਰ ਹਾਸੇ ਨਾਲ਼ ਕਹਿੰਦਾ ” ਸਾਡੀ ਟਰੇਨਿੰਗ ਤਾਂ ਸਾਨੂੰ ਘਰ ਦਿਆਂ ‘ਤੇ ਵੀ ਸ਼ੱਕ ਕਰਨਾ ਸਿਖਾ ਦਿੰਦੀ ਹੈ ” ।
ਨਵੀ ਪੁਲਿਸ ਭਰਤੀ ‘ਚ ਕਾਫ਼ੀ ਮੁਲਾਜ਼ਿਮ ਇਸ ਪ੍ਰਸੰਸਾ ਦੇ ਲਾਇਕ ਹਨ ਜੋ ਲੋਕਾਂ ਨਾਲ਼ ਬਹੁਤ ਹੀ ਵਧੀਆ ਸਲੀਕੇ ਨਾਲ਼ ਪੇਸ਼ ਆਉਂਦੇ ਹਨ । ਇਸ ਤਰ੍ਹਾਂ ਪੁਲਿਸ ਤੇ ਨਾਗਰਿਕਾਂ ਵਿੱਚ ਵਿਸ਼ਵਾਸ ਦੇ ਪੁਲ਼ ਮਜਬੂਤ ਹੁੰਦੇ ਹਨ । ਪਿਛਲੇ ਦਿਨੀ ਅਰਬਨ ਅਸਟੇਟ ਪਟਿਆਲ਼ਾ ਦੇ ਠਾਣੇ ‘ਚ ਬੈਠੇ ਸਾਂ ਕਿ ਇਕ 15 ਕੁ ਸਾਲਾਂ ਦਾ ਲੜਕਾ ਘਬਰਾਇਆ ਹੋਇਆ ਠਾਣੇ ‘ਚ ਆਕੇ ਸਾਨੂੰ ਬੈਠਿਆਂ ਨੂੰ ਵੇਖਕੇ ਕਹਿੰਦਾ ਕਿ ਕੁਝ ਮੁੰਡੇ ਫ਼ੇਜ਼ ਦੋ ਦੀ ਮਾਰਕਿਟ ‘ਚ ਦੰਗਾ ਕਰ ਰਹੇ ਹਨ …ਮੈਂ ਥਾਣਾ ਮੁੱਖੀ ਦੇ ਦਫ਼ਤਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਕਮਰੇ ‘ਚ ਬੈਠੇ ਅਫ਼ਸਰ ਨੂੰ ਜਾਕੇ ਦੱਸੋ । ਸਾਡੀ ਹੈਰਾਨੀ ਉਸ ਵਕਤ ਹੋਈ ਜਦੋਂ ਥਾਣੇ ਦੇ ਐੱਸਐੱਚਓ ਅੰਮ੍ਰਿਤਬੀਰ ਸਿੰਘ ਚਹਿਲ ਉਸੇ ਵਕਤ ਪੁਲਿਸ ਮੁਲਾਜ਼ਿਮਾਂ ਨੂੰ ਨਾਲ਼ ਲੈਕੇ ਆਪਣੀ ਜੀਪ ‘ਚ  ਉਸ ਲੜਕੇ ਦੇ ਨਾਲ਼ ਹੀ ਮੌਕਾ-ਏ-ਵਾਰਦਾਤ ਵੱਲ ਰਵਾਨਾ ਹੋ ਗਿਆ ।  ਇਸ ਤਰ੍ਹਾਂ ਦੀ  ਚੁੱਸਤੀ-ਫੁਰਤੀ ਨਾਗਰਿਕਾਂ ਤੇ ਪੁਲਿਸ ਦਰਮਿਆਨ ਰਿਸ਼ਤੇ ਮਜਬੂਤ ਕਰ ਸਕਦੀ ਹੈ ।
ਜਿਸ ਹਿਸਾਬ ਨਾਲ਼ ਰੋਜ਼ ਹੀ ਲੁੱਟਾਂ-ਖੋਹਾਂ,ਲੜਾਈਆਂ,ਚੋਰੀਆਂ,ਕਤਲ ਆਦਿ ਹੋ ਰਹੇ ਹਨ ਉਸ ਤੋਂ ਲੱਗਦਾ ਹੈ ਕਿ  ਅਜਿਹੇ ਕੰਮ ਕਰਨ ਵਾਲ਼ੇ ਲੋਕਾਂ ਨੂੰ ਪੁਲਿਸ ਦਾ ਡਰ ਹੀ ਨਹੀਂ ਰਿਹਾ ਪਰ ਇਕ ਸਰੀਫ਼ ਨਾਗਰਿਕ ਤਾਂ ਟ੍ਰੈਫ਼ਿਕ ਪੁਲਿਸ ਨੂੰ ਵੇਖ ਕੇ ਹੀ ਡਰ ਜਾਂਦਾ ਹੈ । ਪੁਲਿਸ ਦਾ ਡਰ ਸਮਾਜ ਵਿਰੋਧੀ ਤੱਤਾਂ ਨੂੰ ਹੋਣਾ ਚਾਹੀਦਾ ਹੈ ਆਮ ਨਾਗਰਿਕਾਂ ਨੂੰ  ਪੁਲਿਸ ਦੀ ਮੌਜੂਦਗੀ ‘ਚ ਸੁਰੱਖਿਆ ਮਹਿਸੂਸ ਹੋਣੀ ਚਾਹੀਦੀ ਹੈ  ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button