ਪੰਜਾਬ : ਪਰਵਾਸ ਦੀਆਂ ਪੀੜਾਂ
ਅਮਰਜੀਤ ਸਿੰਘ ਵੜੈਚ
ਇਕ ਸਰਵੇਖਣ ਅਨੁਸਾਰ 234 ਪੰਜਾਬੀ ਹਰ ਰੋਜ਼ ‘ਰੰਗਲੇ ਪੰਜਾਬ’ ਦੀ ਧਰਤੀ ਤੋਂ ਵਿਦੇਸ਼ਾਂ ਲਈ ਉਡਾਰੀ ਮਾਰ ਜਾਂਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਵਾਪਸ ਪੰਜਾਬ ਆਉਣ ਲਈ ਵਿਦੇਸ਼ ਨਹੀਂ ਜਾਂਦਾ। ਲੋਕ ਸਭਾ ‘ਚ ਇਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ, ਵੀ. ਮੁਰਲੀਧਰਨ ਨੇ ਦੱਸਿਆ ਕਿ ਜਨਵਰੀ 2016 ਤੋਂ ਫਰਵਰੀ 2021 ਤੱਕ ਪੰਜਾਬ ਵਿੱਚੋਂ 2 ਲੱਖ 62 ਹਜ਼ਾਰ ਵਿਦਿਆਰਥੀਆਂ ਸਮੇਤ 4 ਲੱਖ 70 ਹਜ਼ਾਰ ਪੰਜਾਬੀ ਵਿਦੇਸ਼ਾਂ ਵਿੱਚ ਪਹੁੰਚ ਗਏ ਹਨ। ਇਸ ਹਿਸਾਬ ਨਾਲ ਪੰਜਾਬ ਵਿੱਚੋਂ ਹਰ ਸਾਲ ਤਕਰੀਬਨ ਇਕ ਲੱਖ 20 ਹਜ਼ਾਰ ਤੋਂ ਵੱਧ ਪੰਜਾਬੀ ਪੜ੍ਹਾਈ ਜਾਂ ਨੌਕਰੀ ਕਰਨ ਵਾਸਤੇ ਪਰਵਾਸ ਕਰ ਜਾਂਦੇ ਹਨ। ਭਾਰਤ ਵਿੱਚੋਂ ਸਭ ਤੋਂ ਵੱਧ ਲੋਕ 2 ਲੱਖ 82 ਹਜ਼ਾਰ ਆਂਧਰਾ ਪ੍ਰਦੇਸ਼ ਵਿੱਚੋਂ ਅਤੇ ਦੂਜੇ ਨੰਬਰ ਤੇ ਮਹਾਰਾਸ਼ਟਰਾਂ ਵਿੱਚੋਂ 2 ਲੱਖ 64 ਹਜ਼ਾਰ ਲੋਕ 2016 ਤੋਂ 2021 ਤੱਕ ਵਿਦੇਸ਼ਾਂ ਵਿੱਚ ਪਰਵਾਸ ਕਰ ਚੁੱਕੇ ਸਨ। ਪੰਜਾਬ ਤੀਜ਼ੇ ਨੰਬਰ ‘ਤੇ ਆਉਂਦਾ ਹੈ।
ਮਾਨ ਦੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ ਮਗਰੋਂ ਪੰਜਾਬ ਵਿੱਚ ਅਜਿਹਾ ਵਾਤਾਵਰਣ ਸਿਰਜਿਆ ਜਾਵੇਗਾ ਕਿ ਵਿਦੇਸ਼ਾਂ ਵਿੱਚ ਵੱਸਦੇ ਲੋਕ ਵਾਪਸ ਆਉਣ ਲੱਗ ਪੈਣਗੇ ਤੇ ਹੁਣ ਫਿਰ ਮੁੱਖ ਮੰਤਰੀ ਨੇ ਉਹ ਵਾਅਦਾ ਦੁਹਰਾਇਆ ਹੈ। ਇਕ ਬੜਾ ਦਿਲਚਸਪ ਅਤੇ ਨਿਰਾਸ਼ ਕਰਨ ਵਾਲਾ ਤੱਥ ਸਾਂਝਿਆਂ ਕਰਦਿਆਂ ਅਫ਼ਸੋਸ ਹੋ ਰਿਹਾ ਹੈ ਕਿ ਪੰਜਾਬ ਦੀ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਏਜੰਸੀ ਕੋਲ ਇਸ ਤਰ੍ਹਾਂ ਦਾ ਕੋਈ ਅੰਕੜਾ ਨਹੀਂ ਹੈ ਕਿ ਪੰਜਾਬ ਵਿੱਚੋਂ ਕਿੰਨੇ ਲੋਕ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਸੈਂਟਲ ਹੋ ਚੁੱਕੇ ਹਨ ਅਤੇ ਹੁਣ ਹਰ ਰੋਜ਼ ਜਾਂ ਸਾਲਾਨਾ ਪੱਧਰ ‘ਤੇ ਕਿੰਨੇ ਲੋਕ ਵਿਦੇਸ਼ਾਂ ਵੱਲ ਜਾ ਰਹੇ ਹਨ।
ਇਕੱਲੇ ਪੰਜਾਬ ਵਿੱਚੋਂ ਹੀ ਆਈਲੈਟਸ,ਪੀਟੀਈ ਵਿਦੇਸ਼ੀ ਜਾਣ ਵਾਲੇ ਟੈਸਟਾਂ ਉਪਰ ਹੀ ਕਰੋੜਾਂ ਰੁਪਇਆ ਖਰਚ ਹੋ ਰਿਹਾ ਹੈ। ਅਮਰੀਕਾ,ਕੈਨੇਡਾ,ਆਸਟਰੇਲੀਆ ਜਾਂ ਯੂਕੇ ਜਾ ਕੇ ਪੜ੍ਹਨ ਵਾਲੇ ਪੰਜਾਬੀ ਪਹਿਲੇ ਸਾਲ ਹੀ 15 ਤੋਂ ਲੈਕੇ 25 ਲੱਖ ਰੁਪਏ ਤੱਕ ਖਰਚ ਕਰ ਰਹੇ ਹਨ। ਬਾਕੀ ਪੜ੍ਹਾਈ ਪੂਰੀ ਕਰਨ ਲਈ ਵੀ ਉਹ ਘਰੋਂ ਮੰਗਾਉਂਦੇ ਹੀ ਰਹਿੰਦੇ ਹਨ। ਇੰਜ ਵੱਡੀ ਰਕਮ ਵਿਦੇਸ਼ਾਂ ਨੂੰ ਜਾਣ ਵਾਲੇ ਪੰਜਾਬੀ ਖਰਚ ਰਹੇ ਹਨ।
ਇਥੋਂ ਜਵਾਨੀ ਜਾ ਰਹੀ ਹੈ ਜਿਸ ਨੇ ਇਥੇ ਆਪਣਾ ਯੋਗਦਾਨ ਪਾਉਣਾ ਸੀ। ਪੰਜਾਬ ‘ਚ ਇਕ ਖਾਸ ਉਮਰ ਜਾਂ ਕਹਿ ਲਓ ਕਿ 40 ਸਾਲ ਤੱਕ ਦੇ ਲੋਕਾਂ ਦਾ ਖਲਾ ਪੈਦਾ ਹੋ ਰਿਹਾ ਹੈ। ਸਰਦੇ-ਪੁਜਦੇ ਘਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਅਤੇ ਵੇਖੋ ਵੇਖੀ ਦੂਸਰੇ ਵੀ ਔਖੇ ਸੌਖੇ ਹੋ ਆਪਣੀ ਔਲਾਦ ਨੂੰ ਇਥੋਂ ਭੇਜਣ ਵਿੱਚ ਹੀ ਭਲੀ ਸਮਝ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਥੇ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ ਜਦੋਂ ਉਹ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਲਈ ਸੜਕਾਂ ‘ਤੇ ਧਰਨਿਆਂ ਵਿੱਚ ਪਾਣੀ ਦੀਆਂ ਬੁਛਾਰਾਂ ਅਤੇ ਡਾਂਗਾਂ ਪੈਂਦੀਆ ਵੇਖਦੇ ਹਨ। ਇਥੋਂ ਬਹੁਤ ਪਹਿਲਾਂ ਗਏ ਪੰਜਾਬੀਆਂ ਨੇ ਜੋ ਤਰੱਕੀ ਬਾਹਰਲੇ ਮੁਲਕਾਂ ਵਿੱਚ ਕੀਤੀ ਹੈ ਉਹ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ।
ਹੋਰ 10 ਸਾਲਾਂ ਬਾਅਦ ਇਥੇ ਸਿਰਫ 60-65 ਤੋਂ ਉਪਰ ਵਾਲੇ ਹੀ ਬਜ਼ੁਰਗ ਲੋਕ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਟਾਵਾਂ-ਟਾਵਾਂ ਹੀ ਬਚੇਗਾ। ਇਸ ਪਰਵਾਸ ਸਦਕਾ ਪੈਦਾ ਹੋ ਰਹੇ ਖਲਾ ਨੂੰ ਭਰਨ ਲਈ ਯੂਪੀ ਅਤੇ ਬਿਹਾਰ ਤੋਂ ਲੋਕ ਪਰਿਵਾਰਾਂ ਸਮੇਤ ਪੰਜਾਬ ‘ਚ ਆ ਰਹੇ ਹਨ ਜਿਸ ਨਾਲ ਭਵਿੱਖ ਵਿਚ ਸੱਭਿਆਚਾਰਕ-ਟਕਰਾ ਵੀ ਉਭਰਨਗੇ ਜੋ ਇਸ ਖਿਤੇ ਲਈ ਇਕ ਹੋਰ ਵੱਡੀ ਮੁਸੀਬਤ ਬਣ ਜਾਣਗੇ। ਪਹਿਲਾਂ ਹੀ ਸਮਾਂ ਬਹੁਤ ਖਰਾਬ ਹੋ ਚੁੱਕਿਆ ਹੈ। ਹੁਣ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਇਸ ਲਈ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਵਿੱਦਿਅਕ ਮਾਹਿਰਾਂ ਨੂੰ ਹੁਣੇ ਹੀ ਸਿਰ ਜੋੜਕੇ ਸੋਚਣ ਦੀ ਲੋੜ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.