Opinion

ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ ਭੂਪਾਲ

ਉਜਾਗਰ ਸਿੰਘ

ਕਈ ਵਾਰ ਆਰਥਿਕ ਤੌਰ ‘ਤੇ ਬਹੁਤਾ ਮਜ਼ਬੂਤ ਹੋਣਾ ਬੱਚਿਆਂ ਦੇ ਕੈਰੀਅਰ ਦੇ ਰਾਹ ਵਿੱਚ ਰੋੜਾ ਬਣ ਜਾਂਦਾ ਹੈ। ਜਿਸ ਕਰਕੇ ਅਮੀਰ ਪਰਿਵਾਰਾਂ ਦੇ ਬੱਚੇ ਆਪਣੇ ਨਿਸ਼ਾਨੇ ਤੋਂ ਭਟਕ ਜਾਂਦੇ ਹਨ। ਆਰਥਿਕ ਤੌਰ ‘ਤੇ ਮਜ਼ਬੂਤ ਨਾ ਹੋਣਾ ਇਨਸਾਨ ਦੀ ਤਰੱਕੀ ਦੇ ਰਾਹ ਨਹੀਂ ਰੋਕ ਸਕਦਾ ਪ੍ਰੰਤੂ ਮੁਸ਼ਕਲਾਂ ਜ਼ਰੂਰ ਖੜ੍ਹੀਆਂ ਕਰ ਸਕਦਾ ਹੈ। ਜੇਕਰ ਇਨਸਾਨ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਦਿ੍ਰੜ੍ਹਤਾ ਅਤੇ ਲਗਨ ਨਾਲ ਜੁੱਟੇ ਰਹਿਣ ਦਾ ਸੰਕਲਪ ਹੋਵੇ ਤਾਂ ਬੁਲੰਦੀਆਂ ‘ਤੇ ਪਹੁੰਚਣ ਦੇ ਰਾਹ ਵਿੱਚ ਕੋਈ ਅੜਿਕਾ ਨਹੀਂ ਪੈਦਾ ਕਰ ਸਕਦਾ। ਅਜਿਹੇ ਹੀ ਇਕ ਵਿਅਕਤੀ ਸਨ ਪਿਆਰਾ ਸਿੰਘ ਭੂਪਾਲ, ਜਿਹੜੇ ਇਕ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਪੈਦਾ ਹੋਏ। ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹੇ ਪ੍ਰੰਤੂ ਉਨ੍ਹਾਂ ਦੀ ਮਿਹਨਤ ਅਨੇਕਾਂ ਦੁਸ਼ਾਵਰੀਆਂ ਨੂੰ ਪਾਰ ਕਰਦੀ ਹੋਈ ਇਕ ਦਿਨ ਰੰਗ ਲਿਆਈ।

ਉਨ੍ਹਾਂ ਦਿਨਾ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਤ ਨਹੀਂ ਕੀਤਾ ਜਾਂਦਾ ਸੀ, ਸਗੋਂ ਬੱਚਿਆਂ ਨੂੰ ਪਿਤਾ ਨਾਲ ਪਰਿਵਾਰ ਦੇ ਗੁਜ਼ਾਰੇ ਲਈ ਕੰਮ ਕਾਰ ਵਿੱਚ ਲਗਾ ਦਿੱਤਾ ਜਾਂਦਾ ਸੀ ਕਿਉਂਕਿ ਪਰਿਵਾਰਾਂ ਦੇ ਗੁਜ਼ਾਰੇ ਦੇ ਸਾਧਨ ਸੀਮਤ ਹੁੰਦੇ ਸਨ। ਪਿਆਰਾ ਸਿੰਘ ਭੂਪਾਲ ਦੇ ਪਿਤਾ ਦਾ ਪਰਿਵਾਰ ਵੀ ਆਰਥਿਕ ਤੌਰ ‘ਤੇ ਬਹੁਤਾ ਸਮਰੱਥ ਨਹੀਂ ਸੀ। ਪ੍ਰੰਤੂ ਮਾਪਿਆਂ ਦੇ ਬਹੁਤੇ ਪੜ੍ਹੇ ਲਿਖੇ ਨਾ ਹੋਣ ਦੇ ਬਾਵਜੂਦ ਵੀ ਬੱਚਿਆਂ ਨੂੰ ਉਚੇਰੀ ਸਿਖਿਆ ਦਿਵਾਉਣ ਦੀ ਪ੍ਰਬਲ ਇੱਛਾ ਸੀ। ਜਿਸ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਤਿੰਨੋਂ ਲੜਕਿਆਂ ਪ੍ਰੀਤਮ ਸਿੰਘ ਭੂਪਾਲ, ਪਿਆਰਾ ਸਿੰਘ ਭੂਪਾਲ ਅਤੇ ਡਾ ਜਤਿੰਦਰ ਸਿੰਘ ਭੂਪਾਲ ਨੂੰ ਉਚ ਵਿਦਿਆ ਦਿਵਾਈ। ਪ੍ਰੀਤਮ ਸਿੰਘ ਡੀ.ਪੀ.ਆਈ. ਪੰਜਾਬ, ਪਿਆਰਾ ਸਿੰਘ ਭੂਪਾਲ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਾ. ਜਤਿੰਦਰ ਸਿੰਘ ਭੂਪਾਲ ਪ੍ਰੋਫ਼ੈਸਰ ਰਾਜਿੰਦਰ ਮੈਡੀਕਲ ਕਾਲਜ ਪਟਿਆਲਾ ਸੇਵਾ ਮੁਕਤ ਹੋਏ ਹਨ। ਪ੍ਰੀਤਮ ਸਿੰਘ ਭੂਪਾਲ ਅਤੇ ਪਿਆਰਾ ਸਿੰਘ ਭੂਪਾਲ ਨੂੰ ਪਟਿਆਲਾ ਸਟੇਟ ਦੇ ਪਾਇਲ ਕਸਬੇ ਦੇ ਸਟੇਟ ਹਾਈ ਸਕੂਲ ਵਿੱਚ ਦਾਖਲ ਕਰਵਾ ਦਿੱਤਾ।

ਜਿਥੇ ਉਨ੍ਹਾਂ ਦੀ ਫੀਸ ਮੁਆਫ ਹੋ ਗਈ, ਵਜ਼ੀਫ਼ਾ ਮਿਲਣ ਲੱਗ ਪਿਆ ਅਤੇ ਬੋਰਡਿੰਗ ਦਾ ਖਰਚਾ ਵੀ ਪਟਿਆਲਾ ਰਿਆਸਤ ਵੱਲੋਂ ਕੀਤਾ ਜਾਂਦਾ ਸੀ। ਛੋਟੇ ਬੱਚੇ ਜਿਹੜੇ ਕਦੀਂ ਆਪਣੇ ਮਾਪਿਆਂ ਤੋਂ ਦੂਰ ਨਹੀਂ ਰਹੇ ਸਨ, ਭਾਵੇਂ ਇਕ ਵਾਰ ਇਕੱਲੇ ਰਹਿਣ ਕਰਕੇ ਡੋਲ ਗਏ ਸਨ ਪ੍ਰੰਤੂ ਉਨ੍ਹਾਂ ਦੇ ਮਨ ਵਿੱਚ  ਪੜ੍ਹਾਈ ਕਰਕੇ ਉਚੇ ਅਹੁਦਿਆਂ ‘ਤੇ ਪਹੁੰਚਣ ਦੀ ਤੀਖ਼ਣ ਇਛਾ, ਉਨ੍ਹਾਂ ਨੂੰ ਮਨ ਲਾ ਕੇ ਪੜ੍ਹਨ ਲਈ ਪ੍ਰੇਰਦੀ ਰਹੀ। ਹੋ ਸਕਦਾ ਪਿੰਡ ਦੇ ਨਜ਼ਦੀਕ ਡਿਸਟਰਿਕ ਬੋਰਡ ਦੇ ਐਂਗਲੋ-ਵਰਨੈਕੂਲਰ ਸਕੂਲ ਕਟਾਣੀ ਕਲਾਂ ਅਤੇ ਖਾਲਸਾ ਹਾਈ ਸਕੂਲ ਜਸਪਾਲੋਂ ਵਿੱਚੋਂ ਕਿਸੇ ਇਕ ਸਕੂਲ ਵਿੱਚ ਹੀ ਪੜ੍ਹਦੇ ਰਹਿੰਦੇ ਪ੍ਰੰਤੂ ਇਕ ਅਜਿਹਾ ਸਬੱਬ ਬਣਿਆਂ, ਜਿਹੜਾ ਉਨ੍ਹਾਂ ਦੇ ਕੈਰੀਅਰ ਨੂੰ ਰਸਤਾ ਵਿਖਾ ਗਿਆ। ਨਾਲਾਗੜ੍ਹ ਤੋਂ ਸਾਈਕਲਾਂ ਤੇ ਦੋਰਾਹਾ ਨੇੜੇ ਨਵਾਂ ਪਿੰਡ ਨੂੰ ਜਾਣ ਵਾਲੇ ਦੋ ਰਾਹੀਆਂ ਨੂੰ ਪਿੰਡ ਲੱਲ ਕਲਾਂ ਦੇ ਕੋਲ ਰਾਤ ਪੈ ਗਈ। ਉਨ੍ਹਾਂ ਦਿਨਾ ਵਿੱਚ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਹੁੰਦੇ ਸਨ। ਰਾਤ ਨੂੰ ਸਫਰ ਕਰਨਾ ਵੀ ਖ਼ਤਰਨਾਕ ਹੁੰਦਾ ਸੀ ਕਿਉਂਕਿ ਲੁਟੇਰੇ ਲੁੱਟ ਲੈਂਦੇ ਸਨ।

ਪਿਆਰਾ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਨੇ ਅਨੋਭੜ ਰਾਹੀਆਂ ਨੂੰ ਉਨ੍ਹਾਂ ਦੀ ਮਜ਼ਬੂਰੀ ਵੇਖਕੇ ਰਾਤ ਆਪਣੇ ਘਰ ਰਾਤ ਕੱਟਣ ਦੀ ਇਜ਼ਾਜ਼ਤ ਦੇ ਕੇ ਫਿਰਾਕਦਿਲੀ ਦਾ ਸਬੂਤ ਦਿੱਤਾ। ਰਾਤ ਨੂੰ ਰਾਹੀ ਜਦੋਂ ਖਾਣਾ ਖਾਣ ਤੋਂ ਬਾਅਦ ਗਲਬਾਤ ਕਰ ਰਹੇ ਸਨ ਤਾਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਤੁਰ ਪਈ। ਗੁਰਦਿਆਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੇ ਹਨ ਤਾਂ ਰਾਹੀ ਜੋ ਕਿ ਭਲਾਈ ਵਿਭਾਗ ਦੇ ਅਧਿਕਾਰੀ ਸਨ ਨੇ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਪਾਇਲ ਵਿਖੇ ਸਟੇਟ ਹਾਈ ਸਕੂਲ ਵਿੱਚ ਦਾਖਲ ਕਰਵਾ ਦਿਓ, ਜਿਥੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੀ ਫੀਸ ਮੁਆਫ਼ ਹੋਵੇਗੀ, ਖ਼ਰਚੇ ਲਈ ਵਜ਼ੀਫ਼ਾ ਵੀ ਮਿਲੇਗਾ ਅਤੇ ਬੋਰਡਿੰਗ ਮੁਫ਼ਤ ਹੋਵੇਗੀ। ਪਰਿਵਾਰ ਦਾ ਕੋਈ ਖ਼ਰਚਾ ਨਹੀਂ ਹੋਵੇਗਾ। ਪਿਆਰਾ ਸਿੰਘ ਭੂਪਾਲ ਦੀ ਮਾਤਾ ਗੁਰਨਾਮ ਕੌਰ ਇਕੱਲੇ ਬੱਚਿਆਂ ਨੂੰ ਘਰ ਤੋਂ ਬਾਹਰ ਛੱਡਣ ਲਈ ਜਕੋਤਕੀ ਵਿੱਚ ਸਨ ਪ੍ਰੰਤੂ ਗੁਰਦਿਆਲ ਸਿੰਘ ਦੇ ਕਹਿਣ ‘ਤੇ ਸਟੇਟ ਸਕੂਲ ਵਿੱਚ ਪੜ੍ਹਨ ਲਈ ਭੇਜਣ ‘ਤੇ ਸਹਿਮਤ ਹੋ ਗਏ।

ਪਿੰਡ ਦੇ ਸਕੂਲ ਵਿੱਚੋਂ ਚੌਥੀ ਪਾਸ ਕਰਨ ਤੋਂ ਬਾਅਦ ਪੰਜਵੀਂ ਵਿੱਚ ਪਾਇਲ ਜਾ ਕੇ ਬੱਚਿਆਂ ਨੂੰ ਸਟੇਟ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਆਏ। ਇਸ ਮੌਕੇ ਨੇ ਪ੍ਰੀਤਮ ਸਿੰਘ ਭੂਪਾਲ ਅਤੇ ਪਿਆਰਾ ਸਿੰਘ ਭੂਪਾਲ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਪਿਆਰਾ ਸਿੰਘ ਭੂਪਾਲ ਬਚਪਨ ਵਿੱਚ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਵੱਡੇ ਭਰਾ ਦੀ ਰਹਿਨੁਮਾਈ ਵਿੱਚ ਉਹ ਦਿਲ ਲਾ ਕੇ ਪੜ੍ਹਿਆ ਅਤੇ ਚੰਗੇ ਨੰਬਰ ਲੈ ਕੇ 1954 ਵਿੱਚ ਦਸਵੀਂ ਪਾਸ ਕਰ ਲਈ। ਫਿਰ ਉਨ੍ਹਾਂ ਨੂੰ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖ਼ਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਐਫ.ਏ.ਪਾਸ ਕੀਤੀ। ਫਿਰ ਉਨ੍ਹਾਂ ਨੂੰ ਡੀ.ਏ.ਵੀ.ਕਾਲਜ ਲਾਹੌਰ (ਅੰਬਾਲਾ) ਵਿਖੇ ਦਾਖ਼ਲ ਕਰਵਾ ਦਿੱਤਾ, ਜਿਥੋਂ ਉਨ੍ਹਾਂ ਗ੍ਰੈਜੂਏਸ਼ਨ 1958-59 ਵਿੱਚ ਪਹਿਲੇ ਦਰਜੇ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ। ਪਿਆਰਾ ਸਿੰਘ ਭੂਪਾਲ ਆਈ ਏ ਐਸ ਅਧਿਕਾਰੀ ਬਣਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਆਈ.ਏ.ਐਸ.ਦੀ ਕੋਚਿੰਗ ਲੈਣ ਵਾਸਤੇ ਉਤਰ ਪ੍ਰਦੇਸ਼ ਦੇ ‘ਸਰਵਿਸ ਟਰੇਨਿੰਗ ਸੈਂਟਰ ਅਲਾਹਾਬਾਦ’ ਵਿੱਚ ਦਾਖ਼ਲਾ ਲੈ ਲਿਆ। ਇਸ ਟ੍ਰੇਨਿੰਗ ਦੌਰਾਨ ਹੀ ਉਨ੍ਹਾਂ ਦੀ ਨਿਯੁਕਤੀ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਹੋ ਗਈ। ਪਿਆਰਾ ਸਿੰਘ ਨੌਕਰੀ ਦੀ ਥਾਂ ਆਈ.ਏ.ਐਸ.ਦੀ ਕੋਚਿੰਗ ਜ਼ਾਰੀ ਰੱਖਣਾ ਚਾਹੁੰਦੇ ਸਨ ਪ੍ਰੰਤੂ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਉਨ੍ਹਾਂ ਨੂੰ ਉਹ ਕੋਚਿੰਗ ਅੱਧ ਵਿਚਕਾਰ ਹੀ ਛੱਡਣੀ ਪਈ।

ਕਿਹੜੇ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਜਾਵੇ ਪਿਆਰਾ ਸਿੰਘ ਭੂਪਾਲ ਲਈ ਫ਼ੈਸਲਾ ਕਰਨਾ ਵੀ ਮੁਸ਼ਕਲ ਹੋ ਗਿਆ। ਅਖ਼ੀਰ ਉਨ੍ਹਾ 1961 ਵਿੱਚ ਪੰਜਾਬ ਦੇ ਸੂਚਨਾ ਅਤੇ ਪ੍ਰਸਾਰ ਵਿਭਾਗ ਵਿੱਚ ਭਾਖੜਾ ਡੈਮ ਨੰਗਲ ਵਿਖੇ ਰਿਸ਼ੈਪਸ਼ਨਿਸਟ ਕਮ.ਪੀ.ਆਰ.ਓ ਦੀ ਨੌਕਰੀ ਜਾਇਨ ਕਰ ਲਈ। ਭਾਖੜਾ ਨੰਗਲ ਵਿਖੇ ਨੌਕਰੀ ਕਰਦਿਆਂ ਉਨ੍ਹਾਂ ਦੀ ਜਾਣ ਪਹਿਚਾਣ ਬਹੁਤ ਸਾਰੇ ਪਤਵੰਤੇ ਵਿਅਕਤੀਆਂ ਨਾਲ ਹੋ ਗਈ ਕਿਉਂਕਿ ਆਜ਼ਾਦ ਭਾਰਤ ਦਾ ਭਾਖੜਾ ਡੈਮ ਮੁੱਖ ਪ੍ਰਾਜੈਕਟ ਸੀ। ਵਿਦੇਸ਼ੀ ਲੋਕ ਉਸ ਨੂੰ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਸਨ। ਪਿਆਰਾ ਸਿੰਘ ਭੂਪਾਲ ਇਕ ਬਿਹਤਰੀਨ ਇਨਸਾਨ ਸਨ। ਨਮਰਤਾ ਉਨ੍ਹਾਂ ਦਾ ਗਹਿਣਾ ਸੀ। ਆਪਣੀ ਕਾਬਲੀਅਤ ਦਾ ਸਿੱਕਾ ਉਨ੍ਹਾਂ ਛੇਤੀ ਹੀ ਵਿਭਾਗ ਵਿੱਚ ਜਮ੍ਹਾ ਲਿਆ। ਤਰੱਕੀ ਕਰਦੇ ਹੋਏ ਉਹ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ। ਉਹ ਕੰਮ ਦੇ ਕਰਿੰਦੇ ਸਨ। ਵਿਭਾਗ ਬਾਰੇ ਉਨ੍ਹਾਂ ਦਾ ਵਿਸ਼ਾਲ ਤਰਜਬਾ ਸੀ। ਬਹੁਤਾ ਸਮਾਂ ਉਨ੍ਹਾਂ ਨੇ ਦਿੱਲੀ ਵਿਖੇ ਨੌਕਰੀ ਕੀਤੀ।

ਦਿੱਲੀ ਵਿਖੇ ਆਪਣੇ ਫਰਜ ਨਿਭਾਉਂਦਿਆਂ ਉਨ੍ਹਾਂ ਦਾ ਵਾਹ ਵੱਡੇ ਸਿਆਸਤਦਾਨਾ ਅਤੇ ਅਧਿਕਾਰੀਆਂ ਨਾਲ ਪਿਆ ਪ੍ਰੰਤੂ ਉਹ ਆਪਣੇ ਕੰਮ ਤੱਕ ਮਤਲਬ ਰੱਖਦੇ ਸਨ। ਫਿਰ ਉਨ੍ਹਾਂ ਦੀ ਤਬਦੀਲੀ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬਤੌਰ ਐਡੀਸ਼ਨਲ ਡਾਇਰੈਕਟਰ ਹੋ ਗਈ। ਵਿਭਾਗ ਦੇ ਕੰਮ ਬਹੁਤ ਹੀ ਤੱਤ ਭੜੱਤੀ ਦੇ ਹੁੰਦੇ ਸਨ। ਆਮ ਤੌਰ ਤੇ ਪੰਜ ਵਜੇ ਤੋਂ ਬਾਅਦ ਕੰਮ ਦਾ ਜ਼ੋਰ ਪੈਂਦਾ ਹੈ। ਸਾਰਾ ਦਫ਼ਤਰ ਸਿਵਾਏ ਡਿਊਟੀ ਅਧਿਕਾਰੀ ਤੋਂ ਪੰਜ ਵਜੇ ਖਾਲੀ ਹੋ ਜਾਂਦਾ ਸੀ। ਕੰਮ ਦੇ ਕਰਿੰਦੇ ਹੋਣ ਕਰਕੇ ਵਿਭਾਗ ਦੀਆਂ ਬਹੁਤੀਆਂ ਸ਼ਾਖ਼ਾਵਾਂ ਦਾ ਕੰਮ ਪਿਆਰਾ ਸਿੰਘ ਭੂਪਾਲ ਨੂੰ ਦਿੱਤਾ ਜਾਂਦਾ ਸੀ। ਉਹ ਰਾਤ ਦੇ 10.00-11.00 ਵਜੇ ਤੱਕ ਕੰਮ ਕਰਦੇ ਰਹਿੰਦੇ ਸਨ। ਜਿਹੜਾ ਕੰਮ ਕੋਈ ਅਧਿਕਾਰੀ ਨਾ ਕਰ ਸਕਦਾ, ਉਹ ਪਿਆਰਾ ਸਿੰਘ ਭੂਪਾਲ ਦੇ ਗਲ ਮੜ੍ਹ ਦਿੱਤਾ ਜਾਂਦਾ।

ਕਮਾਲ ਦੀ ਦਿ੍ਰੜ੍ਹਤਾ, ਮਿਹਨਤ ਅਤੇ ਲਗਨ ਉਨ੍ਹਾਂ ਦੇ ਵਿਲੱਖਣ ਗੁਣ ਸਨ। ਉਹ ਹਰ ਸਮੱਸਿਆ ਦਾ ਹਲ ਲੱਭ ਲੈਂਦੇ ਸਨ। ਵਿਭਾਗ ਦੇ ਅੜੇ ਥੁੜ੍ਹੇ ਕੰਮ ਪਿਆਰਾ ਸਿੰਘ ਭੁਪਾਲ ਦੇ ਜ਼ਿੰਮੇ ਹੁੰਦੇ ਸਨ। ਉਹ ਇਕ ਕਿਸਮ ਨਾਲ ਵਿਭਾਗ ਦੇ ਸੰਕਟ ਮੋਚਨ ਸਨ। ਜਿਤਨੇ ਵੀ ਅਧਿਕਾਰੀਆਂ ਨਾਲ ਉਨ੍ਹਾਂ ਕੰਮ ਕੀਤਾ ਸਾਰੇ ਅਧਿਕਾਰੀਆਂ ਦੇ ਉਹ ਚਹੇਤੇ ਰਹੇ ਹਨ। ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਨ੍ਹਾਂ ਦਾ ਵਿਵਹਾਰ ਦੋਸਤਾਨਾ ਹੁੰਦਾ ਸੀ। ਉਨ੍ਹਾਂ ਕਦੀਂ ਵੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੇ ਵਿਰੁੱਧ ਕੋਈ ਲਿਖਤੀ ਕਾਰਵਾਈ ਨਹੀਂ ਕੀਤੀ। ਹਰ ਇਕ ਨੂੰ ਜ਼ੁਬਾਨੀ ਸਮਝਾ ਦਿੰਦੇ ਸਨ। ਨਮਰਤਾ ਉਨ੍ਹਾਂ ਦਾ ਗਹਿਣਾ ਸੀ। ਕਿਸੇ ਵੀ ਸਿਆਸਤਦਾਨ ਦੇ ਨਜ਼ਦੀਕੀ ਹੋਣ ਦੇ ਬਾਵਜੂਦ ਕਦੇ ਵੀ ਕਿਸੇ ਕੰਮ ਲਈ ਨਹੀਂ ਕਹਿੰਦੇ ਸਨ। ਸਹੀ ਅਰਥਾਂ ਵਿੱਚ ਉਹ ਕਰਮਯੋਗੀ ਸਨ।

ਉਨ੍ਹਾਂ ਦਾ ਵਿਆਹ 1962 ਵਿੱਚ ਗੁਰਬਚਨ ਕੌਰ ਨਾਲ ਹੋਇਆ। ਉਨ੍ਹਾਂ ਨੇ ਇਕ ਬੱਚਾ ਰਾਵਿੰਦਰ ਸਿੰਘ ਅਡਾਪਟ ਕਰ ਲਿਆ ਸੀ ਪ੍ਰੰਤੂ ਮੁਸ਼ਕਲਾਂ ਨੇ ਪਿਆਰਾ ਸਿੰਘ ਭੂਪਾਲ ਦਾ ਖਹਿੜਾ ਨਹੀਂ ਛੱਡਿਆ ਉਨ੍ਹਾਂ ਦੇ ਲੜਕੇ ਦੇ ਗੁਰਦੇ ਖ਼ਰਾਬ ਹੋ ਗਏ ਸਨ। ਪਿਆਰਾ ਸਿੰਘ ਭੂਪਾਲ ਨੂੰ ਸੇਵਾ ਮੁਕਤੀ ਤੋਂ ਬਾਅਦ ਆਨੰਦਪੁਰ ਸਾਹਿਬ ਫਾਊਂਡੇਸ਼ਨ ਵਿੱਚ ਸੰਪਰਕ ਅਧਿਕਾਰੀ ਲਗਾਇਆ ਗਿਆ ਸੀ। ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਕਰਦੇ ਹੀ ਦਿਲ ਦਾ ਦੌਰਾ ਪਿਆ ਸੀ ਜਿਸ ਕਰਕੇ 19 ਜਨਵਰੀ 2006 ਨੂੰ ਸਵਰਗਵਾਸ ਹੋ ਗਏ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh480yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button