D5 specialOpinion

ਸੰਦੀਪ ਸ਼ਰਮਾ ਦਾ ਕਾਵਿ ਸੰਗ੍ਰਹਿ ‘ਉਹ ਸਾਂਭਣਾ ਜਾਣਦੀ ਮੈਨੂੰ’ ਸਹਿਜਤਾ ਦਾ ਪ੍ਰਤੀਕ

ਉਜਾਗਰ ਸਿੰਘ

ਸਾਹਿਤ ਦਾ ਕਵਿਤਾ ਰੂਪ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹੁੰਦਾ ਹੈ। ਕਵਿਤਾ ਮਾਨਣ ਅਤੇ ਮਹਿਸੂਸ ਕਰਨ ਦਾ ਸਾਧਨ ਹੁੰਦੀ ਹੈ। ਖੁਲ੍ਹੀ ਕਵਿਤਾ ਵਿਚਾਰਾਂ ਦੀ ਗੱਠੜੀ ਹੁੰਦੀ ਹੈ, ਜਿਸਦਾ ਕੋਈ ਭਾਰ ਨਹੀਂ ਹੁੰਦਾ, ਸਿਰਫ਼ ਅਹਿਸਾਸ ਕਰਨਾ ਹੁੰਦਾ ਹੈ। ਸੰਦੀਪ ਸ਼ਰਮਾ ਦੀਆਂ ਸਾਰੀਆਂ ਕਵਿਤਾਵਾਂ ਭਾਵਨਾਵਾਂ ਨੂੰ ਸਾਂਭੀ ਬੈਠੀਆਂ ਹਨ, ਜਿਹੜੀਆਂ ਪਾਠਕ ਨੂੰ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਹਰ ਕਦਮ ਸਹਿਜਤਾ ਨਾਲ ਚੁੱਕਣ ਦੀ ਪ੍ਰੇਰਨਾ ਦਿੰਦੀਆਂ ਹਨ। ਸੰਤੁਸ਼ਟੀ ਇਨਸਾਨ ਨੂੰ ਪੂਰਨ ਮਨੁੱਖ ਬਣਾਉਂਦੀ ਹੈ। ਸਾਰੀਆਂ ਕਵਿਤਾਵਾਂ ਇਸਤਰੀਆਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਮਿਹਨਤ ਤੇ ਜਦੋਜਹਿਦ ਵਾਲੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀਆਂ ਹੋਈਆਂ, ਉਨ੍ਹਾਂ ਨੂੰ ਸਮਝਣ ਦੀ ਹੂਕ ਦਿੰਦੀਆਂ ਹਨ ਅਤੇ ਜੀਵਨ ਜਾਚ ਸਿਖਾਉਂਦੀਆਂ ਹਨ। ਸੰਦੀਪ ਸ਼ਰਮਾ ਦੀ ਹਰ ਕਵਿਤਾ ਪਾਠਕ ਦੇ  ਵਿਚਾਰਾਂ ਦੇ ਪੁਲੰਦੇ ਵਿੱਚ ਵਾਧਾ ਕਰਦੀ ਹੈ। ਉਨ੍ਹਾਂ ਦੀ ਕਵਿਤਾ ਭਾਵੇਂ ਛੋਟੀ ਹੁੰਦੀ ਹੈ ਪ੍ਰੰਤੂ ਅਰਥ ਵੱਡੇ ਹੁੰਦੇ ਹਨ। ਹਰ ਕਵਿਤਾ ਵਿੱਚ ਇਕ ਨਵੀਂ ਪ੍ਰੇਰਨਾ ਹੁੰਦੀ ਹੈ, ਜਿਹੜੀ ਜੀਵਨ ਜਿਓਣ ਦਾ ਮਾਰਗ ਦਰਸ਼ਨ ਕਰਦੀ ਹੈ।

ਜਿਵੇਂ ਇਨਸਾਨ ਨੂੰ ਕੁਦਰਤ ਦੀ ਰਜਾ ਵਿੱਚ ਰਹਿਣਾ ਚਾਹੀਦਾ, ਸਹਿਜਤਾ ਅਤੇ ਸੰਤੁਸ਼ਟੀ ਦੀ ਸਫਲਤਾ ਬਖ਼ਸ਼ਦੀ ਹੈ ਆਦਿ ਗੁਰ ਦੱਸੇ ਹੋਏ ਹਨ। ਪਰਮਾਤਮਾ ਦੀ  ਇਸਤਰੀ ਸਭ ਤੋਂ ਖ਼ੂਬਸੂਰਤ ਰਚਨਾ ਹੈ। ਇਸਦਾ ਸਦਉਪਯੋਗ ਕਰਨਾ ਜ਼ਰੂਰੀ ਹੈ ਪ੍ਰੰਤੂ ਸਾਡਾ ਸਮਾਜ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਜੋ ਮੰਦਭਾਗੀ ਭਾਵਨਾ ਹੈ। ਸਮਾ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ ਪ੍ਰੰਤੂ ਇਨਸਾਨ ਨੂੰ ਆਪਣੀ ਸੋਚ ਨੂੰ ਸਥਿਰ ਰੱਖਣਾ ਚਾਹੀਦਾ ਹੈ। ਭਟਕਣਾ ਮਾਨਸਿਕ ਸੰਤੁਲਨ ਵਿਗਾੜਦੀ ਹੈ। ਰੁੱਤ ਕੋਈ ਉਦਾਸ ਨਹੀਂ ਹੁੰਦੀ ਇਨਸਾਨ ਦੀ ਸੋਚ ਹੀ ਉਦਾਸ ਹੁੰਦੀ ਹੈ। ਉਸਾਰੂ ਸੋਚ ਹੀ ਅਗਾਂਹ ਵੱਧਣ ਦੀ ਪ੍ਰੇਰਨਾ ਦਿੰਦੀ ਹੈ। ਹਰ ਕਵਿਤਾ ਵਿੱਚ ਖ਼ੂਬਸੂਰਤ ਅਹਿਸਾਸ ਹੁੰਦੇ ਹਨ, ਇਸ ਲਈ ਪਾਠਕ ਨੂੰ ਉਨ੍ਹਾਂ ਨੂੰ ਸਮਝਕੇ ਉਨ੍ਹਾਂ ਤੇ ਅਮਲ ਕਰਨਾ ਚਾਹੀਦਾ ਹੈ। ਉਹ ਹੀ ਦੋਸਤ ਹੋ ਸਕਦਾ ਜੋ ਆਪਣੇ ਦੋਸਤਾਂ ਨੂੰ ਸਹੀ ਸੇਧ ਦੇਵੇ। ਤੈਨੂੰ ਤੇ ਮੈਨੂੰ ਦੋਵੇਂ ਅਪਣਤ ਦੇ ਸ਼ਬਦ ਹਨ, ਪ੍ਰੰਤੂ ਮਹਿਸੂਸ ਕਰਨ ਵਿੱਚ ਫਰਕ ਹੁੰਦਾ ਹੈ। ਅਜੋਕੇ ਤਕਨਾਲੋਜੀ ਦੇ ਯੁਗ ਵਿੱਚ ਫ਼ੋਨ ਇਨਸਾਨ ਦੀ ਮਾਨਸਿਕਤਾ ਨੂੰ ਡਾਵਾਂਡੋਲ ਕਰਦਾ ਹੈ।

ਆਦਮੀ ਜਾਂ ਤਾਂ ਫੋਨ ਵਿੱਚ ਗੁਆਚਿਆ ਰਹਿੰਦਾ ਹੈ ਅਤੇ ਜਾਂ ਫ਼ੋਨ ਉਸ ਕੋਲੋਂ ਗੁਆਚ ਜਾਂਦਾ ਹੈ ਕਿਉਂਕਿ ਇਨਸਾਨ ਮੋਬਾਈਲ ਦੇ ਸ਼ੋਸ਼ਲ ਨੈਟ ਵਰਕ ਵਿੱਚ ਹੀ ਫਸਿਆ ਰਹਿੰਦਾ ਹੈ। ਇਨਸਾਨ ਨੂੰ ਆਪਣੇ ਤੋਂ ਘੱਟ ਸਾਧਨਾ ਵਾਲੇ ਵਿਅਕਤੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸਤਰੀ ਤੋਂ ਬਿਨਾ ਮਰਦ ਮੁਕੰਮਲ ਨਹੀਂ ਹੋ ਸਕਦਾ। ਮਰਦ ਔਰਤ ਦੋਵੇਂ ਇਕ ਦੂਜੇ ਦੇ ਪੂਰਕ ਹਨ ਪ੍ਰੰਤੂ ਪਿਤਰੀ ਸਮਾਜ ਹੋਣ ਕਰਕੇ ਮਰਦ ਮਹਿਸੂਸ ਭਾਵੇਂ ਸਭ ਕੁਝ ਕਰਦੇ ਹਨ ਪ੍ਰੰਤੂ ਔਰਤ ਨੂੰ ਅਜ਼ਾਦੀ ਦੇਣ ਵਿੱਚ ਹਿਚਕਚਾਹਟ ਮਹਿਸੂਸ ਕਰਦੇ ਹਨ। ਜੇਕਰ ਮਰਦ ਅਤੇ ਔਰਤ ਮੁਹੱਬਤ ਦਾ ਜਾਮ ਪੀ ਲੈਣ ਤਾਂ ਫਿਰ ਤਿੱਖੇ ਸੂਲਾਂ ਵਰਗੇ ਬੋਲ ਵੀ ਮਖਮਲੀ ਛੋਹ ਵਿੱਚ ਬਦਲ ਜਾਂਦੇ ਹਨ।

ਇਕਰਾਰਨਾਮਾ ਕਵਿਤਾ ਵਿੱਚ ਮੁਹੱਬਤ ਇਨਸਾਨ ਨੂੰ ਜ਼ਿੰਦਗੀ ਜੀਣ ਦੇ ਕਾਬਲ ਬਣਾ ਦਿੰਦੀ ਹੈ। ਇਸੇ ਤਰ੍ਹਾਂ ਪਿਆਰ ਪਾਸਾਰ ਕਵਿਤਾ ਵੀ ਦਰਸਾਉਂਦੀ ਹੈ ਕਿ ਪਿਆਰ ਛਹਿਬਰਾਂ ਲਾ ਦਿੰਦਾ ਹੈ। ਚਕਰਵਿਊ ਦਾ ਭੇਦ ਕਵਿਤਾ ਵੀ ਔਰਤਾਂ ਦੇ ਪੈਰਾਂ ਵਿੱਚ ਪਾਈਆਂ ਝਾਂਜਰਾ ਦਾ ਕੋਈ ਪਤਾ ਨਹੀਂ ਕਦੋਂ ਮੁਸ਼ਕਲਾਂ ਵਿੱਚ ਫਸਾ ਦੇਣ। ਕੈਮਰਾ ਕਵਿਤਾ, ਕੁਕਨੁਸ, ਘਰ ਮੁੜਨ ਦਾ ਚਾਅ, ਘਾਅ,  ਸਮਾ-ਸਾਰਨੀ , ਸੌਖੇ ਕੰਮ ਦੀ ਔਖ ਅਤੇ ਧੀਆਂ ਖ਼ੁਸ਼ਬੋਆਂ ਕਵਿਤਾਵਾਂ ਵਿੱਚ ਔਰਤ ਤੋਂ ਬਿਨਾ ਜੀਣਾ ਅਸੰਭਵ ਸਮਝਦਾ ਕਿਉਂਕਿ ਹਰ ਦੁੱਖ ਸੁੱਖ ਵਿੱਚ ਔਰਤ ਬਰਾਬਰ ਹਿੱਸੇਦਾਰ ਹੁੰਦੀ ਹੈ ਪ੍ਰੰਤੂ ਮਰਦ ਖੁਲ੍ਹਦਿਲੀ ਵਿਖਾਉਣ ਦੀ ਹਿੰਮਤ ਨਹੀਂ ਕਰਦਾ, ਧੀਆਂ ਖ਼ੁਸ਼ਬੋਆਂ ਕਵਿਤਾ  ਵਿੱਚ ਉਹ ਲਿਖਦਾ ਹੈ ਕਿ ਮਰਦ ਦੀਆਂ ਨਜ਼ਰਾ ਔਰਤ ਨੂੰ ਸੂਲਾਂ ਦੀ ਤਰ੍ਹਾ ਚੁੱਭਦੀਆਂ ਹਨ-

ਚਸ਼ਮਿਆਂ ਦੇ ਪਾਣੀਆਂ

ਜਿਹੀਆਂ ਨੂੰ

ਘੂਰਦੀਆਂ

ਮੈਲੀਆਂ

ਸੂਲਾਂ ਜਿਹੀਆਂ ਤਿੱਖੀਆਂ ਨਜ਼ਰਾਂ

ਵਿੰਨ੍ਹ ਦਿੰਦੀਆਂ ਮੇਰੀ ਰੂਹ

ਚਿੰਤਾ ‘ਚ ਰਹਾਂ

ਮੈਨੂੰ ਹੁਣ ਨੀਂਦ ਨਾ ਆਵੇ

ਕਿਉਂ ਲੁਕੋ ਲੁਕੋ ਰੱਖਾਂ

ਕਿਉਂ ਨਾ ਫੈਲਣ ਦੇਵਾਂ

ਇਹ ਖ਼ੁਸ਼ਬੋਆਂ

ਕਿਉਂ ਨਾ ਲੜਨ ਇਹ ਖੁਦ

ਆਪਣੇ ਹਿੱਸੇ ਦੀ ਲੜਾਈ।

ਕੁਝ ਹੋਰ ਕਵਿਤਾਵਾਂ ਦਾ ਸਾਰਅੰਸ ਇਸ ਪ੍ਰਕਾਰ ਹੈ- ਰੁੱਖਾਂ ਤੇ ਮਨੁੱਖਾਂ ਵਿੱਚ ਅੰਤਰ ਨਹੀਂ ਸਮਝਦਾ, ਸਫਰ ਨੂੰ ਮਹਿਸੂਸ ਕਰਦਿਆਂ ਸੰਗੀਤ ਵਰਗਾ ਲਗਦਾ ਹੈ, ਬੇਚੈਨੀ ਕਾਹਲ ਪੈਦਾ ਕਰਦੀ ਹੈ, ਜ਼ਿੰਦਗੀ ਜਿਓਣ ਵਿੱਚ ਹੀ ਆਨੰਦ ਹੈ, ਧਾਰਮਿਕ ਅਤੇ ਮਜ੍ਹਬੀ ਕਟੜਤਾ ਨੁਕਸਾਨ ਦਾਇਕ ਹੁੰਦੀ ਹੈ, ਸਫਲਤਾ ਦੇ ਪੱਜ ਹਰ ਸਾਲ ਇਨਸਾਨ ਨਵੇਂ ਸਪਨੇ ਸਿਰਜਦਾ ਹੈ ਆਦਿ। ਸੰਦੀਪ ਸ਼ਰਮਾ ਦੀਆਂ ਕਵਿਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਲੁਤਫ਼ ਮਾਨਣ ਲਈ ਪਾਠਕ ਨੂੰ ਅੰਤਰਧਿਆਨ ਹੋ ਕੇ ਪੜ੍ਹਨਾ ਹੋਵੇਗਾ। ਉਨ੍ਹਾਂ ਦੀ ਪੁਸਤਕ ਦੀਆਂ ਕਵਿਤਾਵਾਂ ਰਵਾਇਤੀ ਖੁਲ੍ਹੀਆਂ ਕਵਿਤਾਵਾਂ ਨਹੀਂ ਸਗੋਂ ਮਰਦ ਦੀ ਰੂਹ ਦੀ ਆਵਾਜ਼ ਹਨ, ਜਿਹੜੀਆਂ ਇਸਤਰੀ ਦੀ ਰੂਹ ਦੀ ਅਵਾਜ਼ ਨੂੰ ਸਮਝਣ ਦੀ ਤਾਕੀਦ ਕਰਦੀਆਂ ਹਨ। ਪਹਿਲਾਂ ਤੇ ਹੁਣ ਕਵਿਤਾ ਵਰਤਮਾਨ ਅਤੇ ਪੁਰਾਤਨ ਸਮਾਜ ਦੀ ਤੁਲਨਾ ਕਰਕੇ ਆਧੁਨਿਕਤਾ ਦਾ ਅਸਰ ਦਰਸਾਉਂਦਾ ਹੋਇਆ ਕਵੀ ਅੱਜ ਦੀ ਪੀੜ੍ਹੀ ਬਾਰੇ ਕਹਿ ਰਿਹਾ ਹੈ ਕਿ ਉਹ ਮਿਹਨਤ ਨਹੀਂ ਕਰ ਸਕਦੀ ਸਗੋਂ ਮਿੱਟੀ ਦੀ ਮਹਿਕ ਲੈਣ ਦੇ ਯੋਗ ਹੀ ਨਹੀਂ ਕਿਉਂਕਿ ਇਨਸਾਨ ਦੀ ਪਛਾਣ ਉਨ੍ਹਾਂ ਦੇ ਸਮਾਜੀ ਸਟੇਟਸ ਬਣ ਗਏ ਹਨ।

ਮਿਹਨਤ ਕਰਦਾ ਮਿੱਟੀ ਨਾਲ ਮਿੱਟੀ ਹੋਇਆ ਵਿਅਕਤੀ ਛੋਟਾ ਨਹੀਂ ਸਮਝਿਆ ਜਾਂਦਾ। ਗਿਠਮੁਠੀਏ ਅਤੇ ਕਦੇ ਇਉਂ ਵੀ ਵੇਖਾਂ ਕਵਿਤਾਵਾਂ ਰਾਹੀਂ ਦੱਸਿਆ ਗਿਆ ਬੱਚਿਆਂ ਦਾ ਅਣਭੋਲਪੁਣਾ ਹੀ ਅਸਲੀ ਜ਼ਿੰਦਗੀ ਹੁੰਦੀ ਹੈ, ਜਦੋਂ ਹਰ ਗੱਲ ਦੇ ਅਰਥ ਪਤਾ ਨਹੀਂ ਹੁੰਦੇ। ਸਮਝ ਆ ਜਾਣ ਤੋਂ ਬਾਅਦ ਇਨਸਾਨ ਉਲਝਣਾ ਵਿੱਚ ਫਸ ਜਾਂਦਾ ਹੈ । ਬੱਚੇ ਦੀ ਨਜ਼ਰ ਵਿੱਚ ਕਵੀ ਦਰਸਾਉਂਦਾ ਹੈ ਉਹ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦੇ ਹਨ ਪ੍ਰੰਤੂ ਸਮਾਜ ਦਾ ਫ਼ਰਜ ਬਣਦਾ ਹੈ ਕਿ ਉਸ ਕੋਰੇ ਕਾਗਜ਼ ਤੇ ਸੁਨਹਿਰੀ ਸ਼ਬਦਾਵਲੀ ਨਾਲ ਸਾਫਗੋਈ ਲਿਖੀ ਜਾਵੇ। ਚੜ੍ਹਦੀ ਕਲਾ ਦਾ ਸਿਰਨਾਵਾਂ, ਘਰ ਤੂੰ ਜਾਗਦਾ ਰਹੀਂ, ਉਚਾਣ-ਕੋਣ-ਨਿਵਾਣ-ਕੋਣ, ਪੈੜਾਂ ਅਤੇ ਅੱਗ ਦੀ ਨਦੀ ਕਿਰਤੀ ਦੀ ਜ਼ਿੰਦਗੀ ਦੀ ਜਦੋਜਹਿਦ ਦੀਆਂ ਪ੍ਰਤੀਕ ਹਨ, ਜਿਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਸਰਮਾਏਦਾਰ ਕਿਰਤੀਆਂ ਦੀ ਮਿਹਨਤ ਨਾਲ ਖਿਲਵਾੜ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ।

ਅੱਗ ਦੀ ਨਦੀ ਵਿੱਚ ਇਨਸਾਨ ਨੂੰ ਉਦੋਂ ਤੱਕ ਜਦੋਜਹਿਦ ਕਰਨ ਲਈ ਪ੍ਰੇਰਿਆ ਗਿਆ ਹੈ ਜਦੋਂ ਤੱਕ ਬਰਾਬਰਤਾ ਅਤੇ ਇਨਸਾਫ਼ ਦਾ ਤਰਾਜੂ ਉਸਦੇ ਪੱਖ ਵਿੱਚ ਨਾ ਹੋਵੇ। ਕਰੋਨਾ ਕਾਲ ਬਾਰੇ ਡਿਸਟੈਂਸਿੰਗ ਸਿਰਲੇਖ ਵਾਲੀ ਕਵਿਤਾ ਵੀ ਭਾਵਨਾਤਮਿਕ ਹੈ ਕਿਉਂਕਿ ਇਕ ਪਾਸੇ ਤਾਂ ਇਕ ਦੂਜੇ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ, ਦੂਜੇ ਪਾਸੇ ਛੋਹਣ ਤੋਂ ਸਕੂਨ ਮਿਲਦਾ ਹੈ। ਮੁੜੇ ਹੋਏ ਪੰਨੇ ਪੁਸਤਕ ਦੇ ਪੰਨੇ ਨਹੀਂ ਸਗੋਂ ਇਨਸਾਨ ਦੇ ਜੀਵਨ ਬੜਾ ਗੁੰਝਲਦਾਰ ਹੈ, ਜਿਤਨੀ ਵਾਰ ਤੁਸੀਂ ਇਸਨੂੰ ਪੜ੍ਹਗੇ ਉਤਨੀ ਵਾਰ ਹੀ ਨਵੀਂਆਂ ਪਰਤਾਂ ਖੁਲਣਗੀਆਂ। ਬੀਤੇ ਦੀ ਪਰਿਕਰਮਾ ਵਿੱਚ ਕਵੀ ਨੇ ਦੱਸਿਆ ਹੈ ਕਿ ਨਫ਼ਰਤ ਕਰਨ ਵਾਲਿਆਂ ਨੂੰ ਵੀ ਮੁਹੱਬਤ ਦਾ ਬੀਜ ਬੀਜਣਾ ਚਾਹੀਦਾ ਤਾਂ ਜੋ ਇਨਸਾਨ ਚੰਗਾ ਸਮਾਜ ਸਿਰਜ ਸਕੇ। ਕਚੇ ਵਿਹੜੇ ‘ਚ ਕਿਣ-ਮਿਣ ਮੁਹੱਬਤ ਦਾ ਹੀ ਪ੍ਰਤੀਕ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੰਦੀਪ ਸ਼ਰਮਾ ਦਾ ਭਵਿਖ ਸੁਨਹਿਰਾ ਹੈ ਕਿਉਂਕਿ ਉਹ ਸਮੇਂ ਦੀ ਨਬਜ਼ ਦੀ ਪਛਾਣ ਕਰਨ ਜਾਣਦਾ ਹੋਇਆ ਕਵਿਤਾ ਲਿਖਦਾ ਹੈ। ਉਹ ਸਾਂਭਣਾ ਜਾਣਦੀ ਮੈਨੂੰ ਕਾਵਿ ਸੰਗ੍ਰਹਿ 103 ਪੰਨਿਆਂ, 175 ਰੁਪਏ ਕੀਮਤ, ਅਤੇ 73 ਛੋਟੀਆਂ ਕਵਿਤਾਵਾਂ ਵਾਲਾ ਆੱਟਮ ਆਰਟ ਪ੍ਰਕਾਸ਼ਕ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh480yahoo.com

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button