PunjabTop News

ਪੰਜਾਬ ‘ਚ ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਕੋਲੇ ਦੀ ਮਹਿੰਗਾਈ ਨਾਲ ਭੱਠਾ ਉਦਯੋਗ ‘ਚ ਸੰਕਟ ਗਹਿਰਾਇਆ

ਪੰਜਾਬ ਵਿੱਚ ਇੱਟਾਂ ਦੇ ਰੇਟ ਇੱਕ ਵਾਰ ਫਿਰ ਵਧਾ ਦਿੱਤੇ ਗਏ ਹਨ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਹੁਣ ਇੱਟਾਂ 8800 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਵੇਚੀਆਂ ਜਾਣਗੀਆਂ। ਇਸ ਫੈਸਲੇ ਦੇ ਪਿੱਛੇ ਕੋਲੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਭੱਠਾ ਉਦਯੋਗ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 50 ਫੀਸਦੀ ਭੱਠੇ ਪਹਿਲਾਂ ਹੀ ਬੰਦ ਪਏ ਹਨ ਅਤੇ ਜੋ ਚੱਲ ਰਹੇ ਹਨ, ਉਹ ਵੀ ਘਾਟੇ ਵਿੱਚ ਕੰਮ ਕਰ ਰਹੇ ਹਨ। ਕੋਲੇ ਦੀ ਕੀਮਤ ਹੁਣ 19 ਹਜ਼ਾਰ ਰੁਪਏ ਪ੍ਰਤੀ ਟਨ ਤੋਂ ਵੱਧ ਹੋ ਚੁੱਕੀ ਹੈ, ਜਿਸ ਨਾਲ ਉਤਪਾਦਨ ਲਾਗਤ ਬਹੁਤ ਵਧ ਗਈ ਹੈ।

ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਕਾਰਪੋਰੇਟ ਘਰਾਣੇ ਆਪਣੇ ਮਨਮਰਜ਼ੀ ਨਾਲ ਰੇਟ ਤੈਅ ਕਰ ਰਹੇ ਹਨ ਅਤੇ ਛੋਟੇ ਭੱਠਾ ਮਾਲਕਾਂ ‘ਤੇ ਇਹ ਕੀਮਤਾਂ ਥੋਪੀਆਂ ਜਾ ਰਹੀਆਂ ਹਨ। ਇਸ ਕਾਰਨ ਉਦਯੋਗ ਚਲਾਉਣਾ ਔਖਾ ਹੁੰਦਾ ਜਾ ਰਿਹਾ ਹੈ।

ਪੰਜਾਬ ਵਿੱਚ ਭੱਠਾ ਉਦਯੋਗ ਦੀ ਮਾੜੀ ਹਾਲਤ ਦੇ ਕਈ ਵੱਡੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਬਾਲਣ ਦੀ ਵਧਦੀ ਕੀਮਤ ਹੈ। ਪਹਿਲਾਂ ਕੋਲਾ 10,500 ਤੋਂ 11,500 ਰੁਪਏ ਪ੍ਰਤੀ ਟਨ ਮਿਲਦਾ ਸੀ, ਪਰ ਹੁਣ ਇਹ ਲਗਭਗ ਦੋਗੁਣਾ ਹੋ ਗਿਆ ਹੈ।  ਇਸ ਤੋਂ ਇਲਾਵਾ ਜੀਐਸਟੀ 5 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਨਾਲ ਵੀ ਮਾਲਕਾਂ ‘ਤੇ ਵਾਧੂ ਬੋਝ ਪਿਆ ਹੈ।

ਸਰਕਾਰ ਵੱਲੋਂ ਭੱਠਿਆਂ ਵਿੱਚ 20 ਤੋਂ 50 ਫੀਸਦੀ ਤੱਕ ਝੋਨੇ ਦੀ ਪਰਾਲੀ ਵਰਤਣ ਦੇ ਹੁਕਮ ਵੀ ਦਿੱਤੇ ਗਏ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਇਸ ਨਾਲ ਇੱਟਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਤਪਾਦਨ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ।

ਇਨ੍ਹਾਂ ਸਮੱਸਿਆਵਾਂ ਕਾਰਨ ਕਈ ਭੱਠਾ ਮਾਲਕਾਂ ਨੇ ਇਸ ਵਾਰ ਆਪਣੇ ਭੱਠੇ ਲੰਬੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਸਾਰੇ ਸੰਕਟ ਦਾ ਸਿੱਧਾ ਅਸਰ ਉਸਾਰੀ ਖੇਤਰ ਅਤੇ ਆਮ ਲੋਕਾਂ ‘ਤੇ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਇੱਟਾਂ ਦੇ ਰੇਟ ਵਿੱਚ 800 ਤੋਂ 1200 ਰੁਪਏ ਪ੍ਰਤੀ ਹਜ਼ਾਰ ਤੱਕ ਵਾਧਾ ਹੋਇਆ ਹੈ। ਇਸ ਨਾਲ ਘਰ ਬਣਾਉਣ ਵਾਲਿਆਂ ਅਤੇ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗ ਰਿਹਾ ਹੈ।

ਭੱਠਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ ‘ਤੇ ਕਾਬੂ ਪਾਇਆ ਜਾਵੇ ਅਤੇ ਨੀਤੀਆਂ ਵਿੱਚ ਰਾਹਤ ਦਿੱਤੀ ਜਾਵੇ, ਤਾਂ ਜੋ ਇਸ ਉਦਯੋਗ ਨੂੰ ਦੁਬਾਰਾ ਪਟੜੀ ‘ਤੇ ਲਿਆਂਦਾ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button