PunjabTop News

ਪੰਜਾਬ ਕਾਂਗਰਸ ਵੱਲੋਂ ‘ਏਕਤਾ ਬੱਸ ਯਾਤਰਾ’ ਦੀ ਤਿਆਰੀ

ਕਾਂਗਰਸ ਵੱਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਏਕਤਾ ਬੱਸ ਯਾਤਰਾ’ ਸ਼ੁਰੂ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਹਾਈਕਮਾਂਡ ਨੇ ਪਹਿਲਾਂ ਅਜਿਹਾ ਤਜਰਬਾ ਕਰਨਾਟਕ ’ਚ ਕੀਤਾ ਸੀ ਅਤੇ ਹੁਣ ਪੰਜਾਬ ’ਚ ਵੀ ਇਸ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਵਿਸ਼ੇਸ਼ ਬੱਸ ਤਿਆਰ ਕੀਤੀ ਜਾ ਰਹੀ ਹੈ, ਜੋ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾਵੇਗੀ। ਬੱਸ ’ਚ ਸਭ ਸੀਨੀਅਰ ਆਗੂ ਸਵਾਰ ਹੋਣਗੇ ਤਾਂ ਜੋ ਕਾਂਗਰਸ ਵਰਕਰਾਂ ਨੂੰ ਏਕਤਾ ਦੀ ਝਲਕ ਦਿਖਾਈ ਜਾ ਸਕੇ। ਚੋਣ ਤਿਆਰੀ ਵਜੋਂ ਸਮੁੱਚੇ ਪੰਜਾਬ ਨੂੰ ਜ਼ੋਨਾਂ ’ਚ ਵੰਡ ਕੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਪੰਜਾਬ ਕਾਂਗਰਸ ਦੀ ਖਿੱਚੋਤਾਣ ਦਰਮਿਆਨ ਹਾਈਕਮਾਂਡ ਨੇ ਆਗਾਮੀ ਚੋਣਾਂ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਪੰਜਾਬ ਲੀਡਰਸ਼ਿਪ ਨੂੰ ਫ਼ੌਰੀ ਮੈਦਾਨ ’ਚ ਕੁੱਦਣ ਦਾ ਸੁਨੇਹਾ ਦਿੱਤਾ ਹੈ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਫੇਰਬਦਲ ਦਾ ਪੇਚ ਫਸਿਆ ਹੋਇਆ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਨਜ਼ਰ ਹਾਈਕਮਾਂਡ ’ਤੇ ਹੈ।
ਪੰਜਾਬ ਚੋਣਾਂ ਲਈ ਹਾਈਕਮਾਂਡ ਨੇ ਚਾਰ ਕਮੇਟੀਆਂ ਦਾ ਗਠਨ ਕਰ ਕੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਮੰਗਲਵਾਰ ਨੂੰ ਇਨ੍ਹਾਂ ਕਮੇਟੀਆਂ ਦੀ ਮੀਟਿੰਗ ਦਿੱਲੀ ਵਿਖੇ ਬੁਲਾਈ ਹੈ। ਬਘੇਲ ਅਗਾਮੀ ਚੋਣਾਂ ਦੀ ਰਣਨੀਤੀ ਘੜਨ ਲਈ ਪੰਜਾਬ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨਗੇ। ਬਘੇਲ ਕਾਂਗਰਸੀ ਆਗੂਆਂ ਨੂੰ ਲੋਕਾਂ ’ਚ ਇਕੱਠੇ ਹੋ ਕੇ ਜਾਣ ਦੀ ਨਸੀਹਤ ਦੇਣਗੇ। ਹਾਈਕਮਾਂਡ ਨੇ ਪਿਛਲੇ ਦਿਨਾਂ ’ਚ ਮੀਟਿੰਗਾਂ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਦੇ ਆਗੂਆਂ ਨੂੰ ਢਾਰਸ ਦਿੱਤੀ ਸੀ। ਚੰਨੀ ਧੜੇ ਦੀ ਨਰਾਜ਼ਗੀ ਹੌਲੀ-ਹੌਲੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਖ਼ੁਦ ਚੰਨੀ ਆਖ ਚੁੱਕੇ ਹਨ ਕਿ ਉਹ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਨਗੇ। ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ ਹੈ, ਜਿਸ ਕਰ ਕੇ ਹੁਣ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਅਮਰ ਸਿੰਘ ਅਤੇ ਡਾ. ਧਰਮਵੀਰ ਗਾਂਧੀ ਆਉਂਦੇ ਦਿਨਾਂ ’ਚ ਦਿੱਲੀ ਵਿਖੇ ਮੌਜੂਦ ਰਹਿਣਗੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button