Breaking NewsD5 specialNewsPunjab

ਪੰਜਾਬ ਅਤੇ ਆਸਟਰੇਲੀਆ ਮਜ਼ਬੂਤ ਸਾਂਝ ਵਧਾਉਣ ਦੀ ਰਾਹ ‘ਤੇ

ਆਸਟਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਮੁਲਾਕਾਤ

ਚੰਡੀਗੜ੍ਹ : ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਅੱਜ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਵੀ ਮੁਲਾਕਾਤ ਕੀਤੀ। ਬੀਤੇ ਕੱਲ੍ਹ ਉਨ੍ਹਾਂ ਨੇ ਪੰਜਾਬ ਵਿਚ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਅਤੇ ਹਾਈ ਕਮਿਸ਼ਨਰ ਨੇ ਕੋਵਿਡ-19 ਤੋਂ ਬਾਅਦ ਆਰਥਿਕ ਵਿਕਾਸ ਨੂੰ ਮੁੜ ਲੀਹਾਂ `ਤੇ ਲਿਆਉਣ, ਖੇਤੀਬਾੜੀ, ਪਾਣੀ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਤੇ ਆਸਟਰੇਲੀਆ ਦਰਮਿਆਨ ਆਰਥਿਕ ਸਹਿਯੋਗ ਵਿਚ ਵਾਧਾ ਕਰਨ ਅਤੇ ਆਪਸੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ।
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ। ਸ੍ਰੀਮਤੀ ਮਹਾਜਨ ਨੇ ਆਸਟਰੇਲੀਆ-ਭਾਰਤ ਸਿੱਖਿਆ ਸਬੰਧੀ ਭਾਈਵਾਲੀ ਬਾਰੇ ਚਾਨਣਾ ਪਾਇਆ ਅਤੇ ਭਾਰਤ ਵਿਚ ਕੈਂਪਸ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੀਆਂ ਆਸਟਰੇਲੀਆ ਯੂਨੀਵਰਸਟੀਆਂ ਲਈ ਮੋਹਾਲੀ ਨੂੰ ਇਕ ਆਦਰਸ਼ ਸਥਾਨ ਦੱਸਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਖੇਤੀਬਾੜੀ ਵਿਚ ਖੋਜ ਅਤੇ ਵਿਕਾਸ ਦੇ ਸਹਿਯੋਗ ਵਿਚ ਵਾਧਾ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਸਰਕਾਰੀ ਵਫਦ ਨੇ ਖੇਤੀ ਜਿਣਸਾਂ ਜਿਵੇਂ ਕਿੰਨੂ, ਨਾਸ਼ਪਾਤੀ, ਟਮਾਟਰ, ਆਲੂ ਦੇ ਬੀਜ ਆਦਿ ਵਿਚ ਸਾਂਝ ਵਧਾਉਣ ਦੀ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਲਈ ਇਨ੍ਹਾਂ ਖੇਤਰਾਂ ਵਿਚ ਕਾਫੀ ਸੰਭਾਵਨਾਵਾਂ ਹਨ।  ਸੂਬਾ ਸਰਕਾਰ ਵਲੋਂ ਆਸਟਰੇਲੀਆਈ ਸਰਕਾਰ ਨੂੰ ਖੇਤੀ-ਨਿਰਯਾਤ ਸਰਟੀਫਿਕੇਟ ਵਿਚ ਛੋਟ ਦੇਣ ਦੀ ਵੀ ਅਪੀਲ ਕੀਤੀ ਗਈ ਜਿਵੇਂ ਕਿ ਅਮਰੀਕਾ ਅਤੇ ਕਨੇਡਾ ਵੱਲੋਂ ਦਿੱਤੀ ਜਾਂਦੀ ਹੈ। ਆਸਟਰੇਲੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਵੀ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਨਿਵੇਸ਼ਕਾਂ ਨੂੰ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।
ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਵਲੋਂ ਆਸਟਰੇਲੀਆਈ ਪੈਨਸ਼ਨ ਫੰਡਾਂ ਦੀ ਭਾਰਤੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਲੰਮੇ ਸਮੇਂ ਲਈ ਨਿਵੇਸ਼ ਕਰਨ ਸਬੰਧੀ ਦਿਲਚਸਪੀ ਜ਼ਾਹਰ ਕੀਤੀ ਗਈ। ਹਾਈ ਕਮਿਸ਼ਨਰ ਨੇ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਆਪਣੇ ਪੰਜਾਬੀ ਹਮਰੁਤਬਾ ਨਾਲ ਸਹਿਯੋਗ ਵਿਚ ਵਾਧਾ ਕਰਨ ਅਤੇ ਆਪਣੀ ਸਰਕਾਰ ਵਲੋਂ ਸੂਬੇ ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਸੇਵਾਵਾਂ, ਸਿੱਖਿਆ ਅਤੇ ਉਦਯੋਗਾਂ ਦੀਆਂ ਆਧੁਨਿਕ ਕਾਰਜ ਪ੍ਰਣਾਲੀਆਂ ਦੇ ਖੇਤਰ ਵਿਚ ਵਧੇਰੇ ਸਹਿਯੋਗ ਦੇਣ ਦੀ ਇੱਛਾ ਜ਼ਾਹਰ ਕੀਤੀ ਗਈ। ਸੂਬਾ ਸਰਕਾਰ ਦੇ ਵਫ਼ਦ ਵਿਚ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਨਿਵੇਸ਼ ਉਤਸ਼ਾਹ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ, ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ, ਅਤੇ ਪੀ.ਏ.ਆਈ.ਸੀ. ਦੇ ਐਮ.ਡੀ. ਮਨਜੀਤ ਬਰਾੜ ਸ਼ਾਮਲ ਸਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਹਾਈ ਕਮਿਸ਼ਨਰ ਦੇ ਨਾਲ ਲੌਰੇਨ ਡਾਂਸਰ, ਸੈਕਿੰਡ ਸੈਕਟਰੀ ਆਰਥਿਕ ਅਤੇ ਵਪਾਰ ਅਤੇ ਪਰੱਗਿਯਾ ਸੇਠ, ਸੀਨੀਅਰ ਪਾਲਿਸੀ ਅਫਸਰ, ਆਰਥਿਕ ਅਤੇ ਵਪਾਰ ਹਾਜ਼ਰ ਸਨ।
ਆਪਣੇ ਦੌਰੇ ਦੌਰਾਨ ਆਸਟਰੇਲੀਆ ਦੇ ਹਾਈ ਕਮਿਸ਼ਨਰ ਨੇ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ ਨਾਲ ਗੱਲਬਾਤ ਕੀਤੀ ਅਤੇ ਬਾਂਸਲ ਸਪਿਨਿੰਗ ਮਿੱਲ, ਸਾਹਨੇਵਾਲ ਦਾ ਦੌਰਾ ਕੀਤਾ ਜਿੱਥੇ ਕਿ ਆਸਟਰੇਲੀਆ ਦੀ ਮੈਰੀਨੋ ਉੱਨ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਸਟਰੇਲੀਆਈ ਸੈਂਟਰ ਫਾਰ ਇੰਟਰਨੈਸ਼ਨਲ ਐਗਰੀਕਲਚਰਲ ਰਿਸਰਚ ਵਲੋਂ ਸਾਂਝੇ ਤੌਰ `ਤੇ ਤਿਆਰ ਕੀਤਾ ਗਿਆ “ਹੈਪੀ ਸੀਡਰ” (ਇੱਕ ਮਸ਼ੀਨ ਜੋ ਪਰਾਲੀ ਸਾੜਨ ਨੂੰ ਰੋਕਣ ਵਿਚ ਸਹਾਇਤਾ ਕਰਦੀ ਹੈ) ਵੀ ਵੇਖਿਆ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਲਈ ਇਹ ਦੌਰਾ ਆਸਟਰੇਲੀਆ ਨਾਲ ਹੁਨਰ ਵਿਕਾਸ, ਸਿੱਖਿਆ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਬੁਨਿਆਦੀ ਢਾਂਚੇ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿਚ ਵਾਧਾ ਕਰਨ ਦਾ ਇੱਕ ਸੁਨਹਿਰੀ ਮੌਕਾ ਸੀ।
-Nav Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button