D5 specialOpinion

ਪ੍ਰੋ ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜ਼ਰਬੇ ਦਾ ਚਿੰਤਨ

ਉਜਾਗਰ ਸਿੰਘ

ਪ੍ਰੋ ਜਸਵੰਤ ਸਿੰਘ ਗੰਡਮ ਬਹੁਪਰਤੀ ਵਿਦਵਾਨ ਲੇਖਕ ਹੈ। ਉਨ੍ਹਾਂ ਨੇ ਸਾਹਿਤ ਦੀ ਹਰ ਵੰਨਗੀ ਤੇ ਨਿੱਠ ਕੇ ਲਿਖਿਆ ਹੈ। ਉਨ੍ਹਾਂ ਦੀ ‘ਸੁੱਤੇ ਸ਼ਹਿਰ ਦਾ ਸਫ਼ਰ’ ਚਰਚਾ ਅਧੀਨ ਪੁਸਤਕ ਇਕ ਨਿਵੇਕਲੀ ਅਤੇ ਨਿਵੇਕਲੇ ਸਮੇਂ ਬਾਰੇ ਲਿਖੀ ਆਪਣੀ ਕਿਸਮ ਦੀ ਵਿਲੱਖਣ ਪੁਸਤਕ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਕ ਸਾਲ ਦੇ ਸੰਤਾਪ ਨੂੰ ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੇ ਆਧਾਰ ‘ਤੇ ਕਲਮਬੰਦ ਕੀਤਾ ਹੈ ਤਾਂ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। 2020-2021 ਦਾ ਸਮਾਂ ਸੰਸਾਰ ਵਿੱਚ ਅਣਕਿਆਸੀ ਕੁਦਰਤ ਦੀ ਕਰੋਪੀ ਦਾ ਸਮਾਂ ਸੀ, ਜਿਸ ਬਾਰੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਸੀ। ਇਹ ਕਰੋਨਾ ਕਾਲ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਵੀ ਕੋਈ  ਡਵਲਯੂ ਐਚ ਓ ਦਾ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕਦਾ ਸੀ।

ਇਸ ਸਮੇਂ ਦੌਰਾਨ ਇਕ ਵਿਦਵਾਨ ਨੇ ਵਿਹਲ ਦੇ ਸਮੇਂ ਜੋ ਆਪਣੇ ਅੱਖੀਂ ਵੇਖਿਆ, ਮਹਿਸੂਸ ਕੀਤਾ, ਸੁਣਿਆਂ ਉਸਨੂੰ ਕਲਮਬੱਧ ਕਰਕੇ ਪੁਸਤਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਲਿਆਂਦਾ। ਵਿਦਵਾਨ ਲੇਖਕ ਦੀ ਕਮਾਲ ਇਸ ਵਿੱਚ ਹੈ ਕਿ ਸਾਰੀ ਪੁਸਤਕ ਛੋਟੇ-ਛੋਟੇ ਵਾਕਾਂ ਨਾਲ ਲਿਖੀ ਗਈ ਹੈ, ਜਿਸ ਵਿੱਚੋਂ ਲੇਖਕ ਦੀ ਸ਼ਬਦਾਵਲੀ ਦੀ ਸਰਲਤਾ ਅਤੇ ਰਵਾਨਗੀ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦੀ ਹੋਈ ਪਾਠਕ ਨੂੰ ਅੱਗੇ ਕੀ ਹੋਇਆ ਦੀ ਉਤਸੁਕਤਾ ਪੈਦਾ ਕਰਦੀ ਰਹਿੰਦੀ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਸੰਸਾਰ ਦਾ ਸਾਹਿਤ ਪੜ੍ਹਿਆ ਹੋਇਆ ਹੈ, ਉਸਦੇ ਗਿਆਨ ਦਾ ਭੰਡਾਰ ਵਿਸ਼ਾਲ ਹੈ, ਜਿਸ ਕਰਕੇ ਉਨ੍ਹਾਂ ਦੀ ਲੇਖਣੀ ਦਿਲਚਸਪ ਬਣਦੀ ਹੈ।

ਇਕ ਹੋਰ ਵਿਲੱਖਣਤਾ ਹੈ ਕਿ ਲੇਖਕ ਨੇ ਅਖਾਣਾ, ਲੁਕੋਕਤੀਆਂ ਅਤੇ ਮਿਸਾਲਾਂ ਅਜਿਹੀਆਂ ਵਰਤੀਆਂ ਹਨ, ਜਿਨ੍ਹਾਂ ਨਾਲ ਘਟਨਾ ਦਾ ਦਿ੍ਰਸ਼ਟਾਤਿਕ ਰੂਪ ਸਾਹਮਣੇ ਆ ਜਾਂਦਾ ਹੈ। ਜਸਵੰਤ ਸਿੰਘ ਗੰਡਮ ਨੇ ਕੁਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਵਿਚਾਰਾਂ ਦਾ ਹੜ੍ਹ ਲਿਆਂਦਾ ਪਿਆ ਹੈ। ਇਤਨੇ ਵਿਦਵਾਨ ਬਾਰੇ ਲਿਖਣਾ ਅਸੰਭਵ ਜਾਪਦਾ ਹੈ ਪ੍ਰੰਤੂ ਫਿਰ ਵੀ ਆਪਣੀ ਜਾਣਕਾਰੀ ਅਨੁਸਾਰ ਕੋਸ਼ਿਸ਼ ਕਰ ਰਿਹਾ ਹਾਂ। ਹਰ ਲੇਖ ਆਪਣੇ ਆਪ ਵਿੱਚ ਗਿਆਨ ਦਾ ਸਮੁੰਦਰ ਲਗ ਰਿਹਾ ਹੈ। ਉਨ੍ਹਾਂ ਇਸ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ 11 ਲੇਖ, ਦੂਜੇ ਭਾਗ ਵਿੱਚ 8 ਵਿਅੰਾਤਮਿਕ ਲੇਖ ਅਤੇ ਤੀਜੇ ਭਾਗ ਵਿੱਚ 9 ਅਨੁਵਾਦਿਤ ਕਹਾਣੀਆਂ ਹਨ।

ਪਹਿਲੇ ਭਾਗ ਦੇ ਲੇਖ ਕਰੋਨਾ ਦੇ ਸਮੇਂ ਅੱਖੀਂ ਡਿਠਾ ਅਤੇ ਮਹਿਸੂਸ ਕੀਤਾ ਕਲਮਬੰਦ ਕੀਤਾ ਹੈ। ਇਹ ਸਾਰੇ ਲੇਖ ਮਨੁੱਖਤਾ ਨੂੰ ਚੰਗਾ ਇਨਸਾਨ ਬਣਨ ਲਈ ਗੁਮੰਤਰ ਸਾਬਤ ਹੋ ਸਕਦੇ ਹਨ। ਸਕੂਲੀ ਵਿਦਿਆਰਥੀਆਂ ਲਈ ਇਹ ਪੁਸਤਕ ਮਾਰਗ ਦਰਸ਼ਕ ਬਣ ਸਕਦੀ ਹੈ। ਪਹਿਲਾ ਹੀ ਲੇਖ ‘ਸੁੱਤੇ ਸ਼ਹਿਰ ਦਾ ਸਫ਼ਰ’ ਉਸ ਸਮੇਂ ਦੀਆਂ ਅਟੱਲ ਸਚਾਈਆਂ ਦਾ ਪ੍ਰਤੀਕ ਬਣਕੇ ਸਮੇਂ ਦੇ ਸੰਤਾਪ ਨੂੰ ਬਿਆਨ ਕਰਦਾ ਹੈ। ਇਨਸਾਨ ਹਰ ਵਸਤੂ ਤੋਂ ਡਰਨ ਲੱਗ ਜਾਂਦਾ ਹੈ। ‘ ’ਕੱਲਾ ਤਾਂ ਰੁੱਖ ਨਾ ਹੋਵੇ’ ਲੇਖ ਭਾਵੇਂ ਕਰੋਨਾ ਦੀ ਮਹਾਂਮਾਰੀ ਨਾਲ ਸੰਬੰਧਤ ਹੀ ਹੈ ਪ੍ਰੰਤੂ ਇਸ ਲੇਖ ਵਿੱਚ ਜਿਹੜੇ ਅੰਕੜੇ ਦਿੱਤੇ ਹਨ, ਉਹ ਪਾਠਕ ਦੇ ਗਿਆਨ ਵਿੱਚ ਵਾਧਾ ਕਰਨ ਦਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਸੰਸਾਰ ਦੇ ਵਿਦਵਾਨਾ ਦੇ ਵਿਚਾਰਾਂ ਰਾਹੀਂ ਲੇਖ ਦੀ ਸਾਰਥਿਕਤਾ ਵਿੱਚ ਵਾਧਾ ਹੁੰਦਾ ਹੈ। ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ’ ਲੇਖ ਵਿੱਚ  ਲੇਖਕ ਨੇ ਮਨੁ ਦੀਆਂ ਸਥਿਤੀਆਂ ਦਾ ਬਾਖ਼ੂਬੀ ਵਰਣਨ ਕੀਤਾ ਹੈ। ਮਨੁ ਹੀ ਇਨਸਾਨ ਦੇ ਜੀਵਨ ਨੂੰ ਸਿੱਧੇ ਜਾਂ ਪੁੱਠੇ ਰਸਤੇ ਪਾਉਂਦਾ ਹੈ। ਗੁਰਬਾਣੀ ਅਨੁਸਾਰ ਜਿਸ ਵਿਅਕਤੀ ਨੇ ਮਨੁ ਤੇ ਕਬੂ ਕਰ ਲਿਆ ਉਸਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ‘ਹਮਸਾਏ ਮਾਂ-ਪਿਉ ਜਾਏ’ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਆਂਢ ਗੁਆਂਢ ਵਿੱਚ ਰਹਿਣ ਵਾਲੇ ਲੋਕ ਮਾਂ ਬਾਪ ਦੇ ਬਰਾਬਰ ਹੁੰਦੇ ਹਨ। ਅਰਥਾਤ ਹਰ ਦੁੱਖ ਸੁੱਖ ਦੇ ਸਾਥੀ ਹੁੰਦੇ ਹਨ। ‘ਕਰ ਕੁਛ ਦਰਦ ਬਿਗਾਨੇ ਦਰਦੋਂ’ ਲੇਖ ਲੇਖਕ ਦੇ ਜ਼ਿੰਦਗੀ ਦੇ ਤਜਰਬੇ ‘ਤੇ ਅਧਾਰਤ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕਿਸੇ ਇਨਸਾਨ ਦੀ ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਸਮਝਣਾ ਹੀ ਸੱਚੇ-ਸੁੱਚੇ ਵਿਅਕਤੀ ਦੀ ਨਿਸ਼ਾਨੀ ਹੈ।

ਕਿਸੇ ਦੁਖੀ ਵੇਖ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵੀ ਸਰਬਤ ਦਾ ਭਲਾ ਮੰਗਦੀ ਹੈ। ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ’ ਅਤੇ ‘ਵਖਤੁ ਵੀਚਾਰੇ ਸੁ ਬੰਦਾ’ ਦੋਵੇਂ ਲੇਖ ਇਨਸਾਨ ਨੂੰ ਸੰਪੂਰਨ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ। ‘ਸਚ ਸੁਣਾਇਸੀ ਸਚ ਕੀ ਬੇਲਾ’ ਹੱਕ ਸੱਚ ਤੇ ਪਹਿਰਾ ਦਿੰਦਿਆਂ ਇਨਸਾਨੀਅਤ ਦੀ ਭਲਾਈ ਲਈ ਵਿਚਰਨ ਦਾ ਸੰਦੇਸ਼ ਦਿੰਦਾ ਹੈ। ‘ਸਾਡੇ ਪਿੰਡ ਦੇ ਤਿੰਨ ਸਿਆਣੇ’ ਲੇਖ ਪ੍ਰਗਤੀਵਾਦੀ ਸੋਚ ਦਾ ਲਖਾਇਕ ਹੈ। ਇਸ ਲੇਖ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਮਾਜਿਕ ਅਨਿਆਏ, ਪਰੰਪਰਾਵਾਂ ਅਤੇ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣ ਤੋਂ ਆਨਾਕਾਨੀ ਨਹੀਂ ਕਰਨੀ ਚਾਹੀਦੀ, ਸਗੋਂ ਇਨ੍ਹਾਂ ਨੂੰ ਦੂਰ ਕਰਨ ਲਈ ਮੋਹਰੀ ਬਣਕੇ ਨਾਮਣਾ ਖੱਟਣਾ ਚਾਹੀਦਾ ਹੈ।

‘ਫੱਬਵੀਂ ਦਿੱਖ ਦੀ ਉਡੀਕ ਵਿੱਚ-ਕਲਾਨੌਰ ਦਾ ਦਾ ਇਤਿਹਾਸਕ ਤਖਤ-ਏ-ਅਕਬਰੀ’ ਪੁਰਾਤਤਵ ਵਸਤਾਂ ਦੀ ਸੰਭਾਲ ਕਰਨ ਦੀ ਤਾਕੀਦ ਕਰਦਾ ਹੈ। ‘ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ’ ਲੇਖ ਆਪਣੇ ਹੱਥੀਂ ਕਿਰਤ ਕਰਨ ਲਈ ਪ੍ਰੇਰਨਾ ਦਿੰਦਾ ਹੈ। ਦੂਜਾ ਭਾਗ ਵਿਅੰਗਾਤਮਿਕ ਲੇਖਾਂ ਦਾ ਹੈ।ਇਨ੍ਹਾਂ ਸਾਰੇ ਲੇਖਾਂ ਦੇ ਸਿਰਲੇਖ ਦਿਲਚਸਪ ਹਨ, ਜਿਨ੍ਹਾਂ ਨੂੰ ਪੜ੍ਹਕੇ ਸਾਰਾ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਹੈ। ਵਿਅੰਗ ਵਾਲੇ ਲੇਖ ਲਿਖਣ ਦਾ ਢੰਗ ਵੀ ਲੇਖਕ ਦਾ ਨਿਰਾਲਾ ਹੈ। ਚੰਗੀ ਮਾੜੀ ਗੱਲ ਨੂੰ ਸੁਚੱਜੇ ਢੰਗ ਨਾਲ ਕਹਿ ਕਿ ਉਸਦੀ ਚੰਗਿਆਈ ਅਤੇ ਬੁਰਿਆਈ ਦੋਹਾਂ ਬਾਰੇ ਅਨੋਖੇ ਢੰਗ ਨਾਲ ਕਹਿ ਜਾਂਦਾ ਹੈ। ਇਹੋ ਲੇਖਕ ਦੀ ਵਿਲੱਖਣਤਾ ਹੈ। ਜਿਸ ਵਿੱਚ ਪਹਿਲਾ ਲੇਖ ‘ਟੱਲੀਆਂ ਵਜਾਉਂਦਾ ਜਾਊਂ, ਬਹਿ ਜਾ ਸਾਈਕਲ ਤੇ’ ਬੜਾ ਦਿਲਚਸਪ ਹੈ।

ਪਹਿਲਾਂ ਸਾਈਕਲ ਦੀ ਲੋੜ ਆਵਾਜਾਈ ਲਈ ਹੁੰਦੀ ਸੀ, ਉਦੋਂ ਇਹ ਅਦਭੁਤ ਵਸਤੂ ਸੀ। ਮਨੋਰੰਜਨ ਲਈ ਵੀ ਵਰਤੀ ਜਾਂਦੀ ਸੀ। ਸਮੇਂ ਦੀ ਤਬਦੀਲੀ ਨਾਲ ਇਹ ਸਿਹਤਮੰਦ ਰਹਿਣ ਲਈ ਵਰਤੀ ਜਾਣ ਲੱਗ ਪਈ। ਸਾਈਕਲ ਦੀ ਕਾਢ ਦੀ ਪੂਰੀ ਕਹਾਣੀ ਦੱਸ ਦਿੱਤੀ ਹੈ। ‘ਚੌਦਵੀਂ ਕਾ ਚਾਂਦ’ ਵਿੱਚ ਵੀ ਇਸ ਦੀ ਵੱਖ-ਵੱਖ ਮੌਕਿਆਂ ‘ਤੇ ਇਸ਼ਕ ਮੁਸ਼ਕ, ਹੁਸਨ ਦੀ ਤਾਰੀਫ ਆਦਿ ਕਹਿ ਕੇ ਕੀਤੀ ਜਾਂਦੀ ਵਰਤੋਂ ਬਾਰੇ ਦੱਸਿਆ ਗਿਆ ਹੈ। ‘ਜੇ ਮੋਟੇ ਹਾਂ ਤਾਂ ਕੀ ਮਰ ਜਾਈਏ? ’ ਦੇ ਸੰਤਾਪ ਨੂੰ ਬੜੇ ਦਿਲਚਸਪ ਢੰਗ ਨਾਲ ਲਿਖਦਿਆਂ ਵਿਅੰਗਾਤਮਿਕ ਢੰਗ ਵਰਤ ਕੇ ਮੋਟੇ ਹੋਣ ਨੂੰ ਸ਼ੁਭ ਸ਼ਗਨ ਬਣਾ ਦਿੱਤਾ ਹੈ। ‘ਬਹੁਤਾ ਬੋਲਣ ਝਖਣ ਹੋਇ’ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ ਪ੍ਰੰਤੂ ਨਾਪ ਤੋਲ ਕੇ ਬੋਲਣ ਨਾਲ ਮੁੱਲ ਪੈਂਦਾ ਹੈ।

ਭਾਵ ਇਜ਼ਤ ਬਣਦੀ ਹੈ। ‘ਬੁੱਢਾ ਹੋਊ ਤੇਰਾ ਬਾਪ!’ ਇਸ ਲੇਖ ਵਿੱਚ ਵਿਦਵਾਨ ਲੇਖਕ ਦਸਦਾ ਹੈ ਕਿ ਬੁੱਢਾਪਾ ਭਾਵੇਂ ਜ਼ਿੰਦਗੀ ਦਾ ਹਿੱਸਾ ਹੈ ਪ੍ਰੰਤੂ ਇਸ ਨੂੰ ਮੰਨਣ ਲਈ ਕੋਈ ਤਿਆਰ ਨਹੀਂ। ਲੇਖਕ ਅਨੁਸਾਰ ਬੁਢਾਪਾ ਮਹਿਸੂਸ ਕਰਨ ਨਾਲ ਹੀ ਆਉਂਦਾ ਹੈ, ਇਸ ਲਈ ਇਸਤੋਂ ਡਰਨ ਦੀ ਲੋੜ ਨਹੀਂ। ‘ਨਾਮ ‘ਚ ਕੀ ਰੱਖਿਐ?’ ਵਿੱਚ ਲੇਖਕ ਦੱਸਦਾ ਹੈ ਕਿ ਨਾਮ ਇਨਸਾਨ ਦੀਪਛਾਣ ਹੁੰਦੀ ਹੈ ਪ੍ਰੰਤੂ ਨਾਮ ਦੇ ਨਾਲ ਇਨਸਾਨ ਦਾ ਕਿਰਦਾਰ ਵੀ ਨਾਮ ਦੀ ਪਛਾਣ ਬਰਕਰਾਰ ਰੱਖਣ ਵਾਲਾ ਹੋਵੇ। ਕਈ ਵਾਰੀ ਨਾਮ ਪੁਛਣ ਨਾਲ ਬਦਖੋਈ ਵੀ ਹੋ ਜਾਂਦੀ ਹੈ। ‘ਦਿਨ ਦੇਸੀ ‘ਡੌਗੀਆਂ’ ਦੇ ਆਏ ਲੇਖ ਬੜਾ ਦਿਲਚਸਪ ਹੈ ਜਿਸ ਵਿੱਚ ਕਮਾਲ ਦੇ ਵਿਅੰਗ ਦੀ ਕਿਸਮ ਚੋਭਾਂ ਮਾਰ ਰਹੀ ਹੈ।

ਭਾਵ ਸਰਕਾਰੀ ਸ਼ਹਿ ਵਾਲੇ ਜਾਨਵਰ ਵੀ ਬੰਦਿਆਂ ਦੀ ਕਦਰ ਕਰਨੋ ਹਟ ਗਏ ਹਨ। ‘ਹਸਦਿਆਂ ਦੇ ਘਰ ਵਸਦੇ’ ਦੇ ਲੇਖ ਦਾ ਭਾਵ ਇਨਸਾਨ ਨੂੰ ਹਰ ਦੁੱਖ ਸੁੱਖ ਨੂੰ ਹਸਦਿਆਂ ਕਬੂਲ ਕਰਨਾਚਾਹੀਦਾ ਹੈ। ਹਰ ਕੰਮ ਖ਼ੁਸ਼ੀ ਨਾਲ ਕਰਨ ਵਿੱਚ ਹੀ ਭਲਾ ਹੈ। ਲੇਖਕ ਉਦਾਹਰਨਾ ਦੇਣ ਦੀਕਸਰ ਨਹੀਂ ਛੱਡਦਾ। ਆਪਣੀ ਗੱਲ ਨੂੰ ਸਾਰਥਿਕ ਬਣਾਉਣ ਲਈ ਵਿਚਾਰਵਾਨਾ ਦੇ ਵਿਚਾਰਾਂ ਦੀਆਂ ਉਦਾਹਰਨਾ ਦੇ ਕੇ ਆਪਣਾ ਪੱਖ ਪੇਸ਼ ਕਰਦਾ ਹੈ। ਪੁਸਤਕ ਦੇ ਤੀਜੇ ਭਾਗ ਵਿੱਚ ਅਨੁਵਾਦਤ ਕਹਾਣੀਆਂ ਅਤੇ ਲੇਖ ਹਨ। ਲੇਖਕ ਨੇ ਅਨੁਵਾਦ ਸਰਲ ਅਤੇ ਠੇਠ ਪੰਜਾਬੀ ਵਿੱਚ ਇਸ ਪ੍ਰਕਾਰ ਕੀਤਾ ਹੈ ਕਿ ਪਾਠਕ ਨੂੰ ਮੌਲਿਕ ਕਹਾਣੀਆਂ ਲਗਦੀਆਂ ਹਨ।

ਸੰਸਾਰ ਦੇ ਨਾਮਵਰ ਕਹਾਣੀਕਾਰਾਂ ਦੀਆਂ ਬਿਹਤਰੀਨ ਕਹਾਣੀਆਂ ਦੀ ਚੋਣ ਕੀਤੀ ਗਈ ਹੈ, ਜਿਹੜੀਆਂ ਸਾਹਿਤਕ ਅਤੇ ਸਮਾਜਿਕ ਪੱਖਾਂ ਤੇ ਚਾਨਣਾ ਪਾਉਂਦੀਆਂ ਹਨ। ਕਹਾਣੀਕਾਰਾਂ ਵਿੱਚ ਐਂਤਨ ਚੈਖੋਵ, ਓ ਹੈਨਰੀ, ਵਿਲੀਅਮ ਸਮਰਸੈਟ ਮਾਮ ਅਤੇ ਕਿ੍ਰਸ਼ਨ ਚੰਦਰ ਸ਼ਾਮਲ ਹਨ। 144 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਪੰਜਾਬੀ ਵਿਰਸਾ ਟਰੱਸਟ (ਰਜਿ) ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button