ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ
ਉਜਾਗਰ ਸਿੰਘ
ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ ਛੱਡ ਦੇਵੇ ਤਾਂ ਉਹ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਫਸਕੇ ਹੀ ਰਹਿ ਜਾਂਦਾ ਹੈ। ਜਦੋਜਹਿਦ ਦਾ ਨਾਮ ਹੀ ਜ਼ਿੰਦਗੀ ਹੈ। ਜਦੋਜਹਿਦ ਹੀ ਇਨਸਾਨ ਨੂੰ ਹਰ ਮੁਸ਼ਕਲ ਦੀ ਘੜੀ ਨੂੰ ਪਾਰ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਮਿਹਨਤ ਕਰਦਿਆਂ ਦਿ੍ਰੜ੍ਹਤਾ ਨਾਲ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਏਥੇ ਮੈਂ ਤੁਹਾਨੂੰ ਮੁਸ਼ਕਲਾਂ ਵਿੱਚ ਘਿਰੇ ਇੱਥ ਬੱਚੇ ਦੀ ਹਿੰਮਤ ਅਤੇ ਦਿ੍ਰੜ੍ਹਤਾ ਨਾਲ ਪ੍ਰਾਪਤ ਕੀਤੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਿਹਾ ਹਾਂ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਮਹਿਜ਼ 15 ਸਾਲ ਹੀ ਹੋਏ ਸਨ। ਪਛੜੇ ਇਲਾਕਿਆਂ ਵਿੱਚ ਪਿੰਡਾਂ ਦੇ ਸਕੂਲਾਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਵਿੱਚ ਬਹੁਤੀ ਜਾਗ੍ਰਤੀ ਨਹੀਂ ਆਈ ਸੀ। ਬੱਚਿਆਂ ਵਿੱਚ ਅਧਿਆਪਕਾਂ ਤੋਂ ਡਰਦਿਆਂ ਹੀਣਤਾ ਭਾਵਨਾ ਪੈਦਾ ਹੋ ਜਾਂਦੀ ਸੀ। ਉਦੋਂ ਅਧਿਆਪਕ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਦੇ ਵੀ ਸਨ।
ਆਜ਼ਾਦੀ ਤੋਂ ਬਾਅਦ ਵਾਲੇ ਪੰਜਾਬ ਵਿੱਚ ਛਛਰੌਲੀ ਅੱਜ ਕਲ੍ਹ ਹਰਿਆਣਾ ਦੇ ਸਕੂਲ ਵਿੱਚ ਦਿਹਾਤੀ ਬੱਚੇ ਪੜ੍ਹ ਰਹੇ ਸਨ। ਉਨ੍ਹਾਂ ਵਿੱਚ ਇਕ ਬੱਚੇ ਆਰ.ਸੀ.ਬਾਲੀ. (ਰਤਨ ਚੰਦ ਬਾਲੀ) ਨੂੰ ਅਧਿਆਪਕਾਂ ਵੱਲੋਂ ਦਸਵੀਂ ਵਿੱਚ ਪੜ੍ਹਦਿਆਂ ਸਲੇਬਸ ਦੀਆਂ ਪੁਸਤਕਾਂ ਨਾ ਹੋਣ ਕਰਕੇ ਕਲਾਸ ਵਿੱਚ ਖੜ੍ਹਾ ਕਰਕੇ ਸਜਾ ਦਿੱਤੀ ਜਾਂਦੀ ਸੀ। ਰਤਨ ਚੰਦ ਬਾਲੀ ਨੂੰ ਮਾਪੇ ਗ਼ਰੀਬੀ ਕਰਕੇ ਪੁਸਤਕਾਂ ਖ੍ਰੀਦ ਕੇ ਨਹੀਂ ਦੇ ਸਕਦੇ ਸਨ। ਰਤਨ ਚੰਦ ਬਾਲੀ ਨੂੰ ਸਜ਼ਾ ਮਿਲਣ ‘ਤੇ ਹੀਣਤਾ ਮਹਿਸੂਸ ਹੁੰਦੀ ਸੀ ਪ੍ਰੰਤੂ ਉਹ ਆਪਣੀ ਪੜ੍ਹਾਈ ਜ਼ਾਰੀ ਰੱਖਣੀ ਚਾਹੁੰਦਾ ਸੀ। ਮਾਪਿਆਂ ਨੇ ਆਰਥਿਕ ਮਜ਼ਬੂਰੀਆਂ ਕਰਕੇ ਉਸ ਨੂੰ ਆਪਣੀ ਲੜਕੀ (ਰਤਨ ਚੰਦ ਬਾਲੀ ਦੀ ਭੈਣ) ਕੋਲ ਪੜ੍ਹਨ ਲਈ ਭੇਜ ਦਿੱਤਾ ਸੀ। ਉਹ ਆਪਣੀ ਭੈਣ ਅਤੇ ਭਣੋਈਏ ਤੋਂ ਪੁਸਤਕਾਂ ਲਈ ਪੈਸੇ ਮੰਗਣ ਤੋਂ ਸ਼ਰਮਾਉਂਦਾ ਸੀ। ਹਰ ਰੋਜ਼ ਦੀ ਸਜ਼ਾ ਤੋਂ ਤੰਗ ਆ ਕੇ ਇੱਕ ਦਿਨ ਬਾਲ ਵਿਦਿਆਰਥੀ ਰਤਨ ਚੰਦ ਬਾਲੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾ ਦੱਸਿਆਂ ਹੀ ਪੋਸਟ ਕਾਰਡ (ਚਿੱਠੀ) ਲਿਖ ਦਿੱਤਾ ‘‘ ਮੇਰੇ ਕੋਲ ਪੜ੍ਹਾਈ ਜ਼ਾਰੀ ਰੱਖਣ ਲਈ ਸਿਲੇਬਸ ਦੀਆਂ ਪੁਸਤਕਾਂ ਨਹੀਂ ਹਨ। ਇਸ ਲਈ ਮੈਨੂੰ ਪੁਸਤਕਾਂ ਦਿਵਾਈਆਂ ਜਾਣ। ਜੇਕਰ ਮੈਨੂੰ ਪੁਸਤਕਾਂ ਨਾ ਮਿਲੀਆਂ ਤਾਂ ਮੈਂ ਆਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸਕਾਂਗਾ।’’
ਪੋਸਟ ਕਾਰਡ ਤੇ ਆਪਣਾ ਅਤੇ ਸਕੂਲ ਦਾ ਨਾਮ ਲਿਖ ਦਿੱਤਾ। 1962 ਵਿੱਚ ਜਦੋਂ ਅਜੇ ਵਿਦਿਆਰਥੀਆਂ ਵਿੱਚ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਸੀ, ਵਿਦਿਆਰਥੀ ਤਾਂ ਆਪਣੇ ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ। ਰਤਨ ਚੰਦ ਬਾਲੀ ਦੇ ਪਰਵਿਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਇਸ ਲਈ ਨੌਵੀਂ ਤੋਂ ਬਾਅਦ ਉਸ ਨੂੰ ਉਸ ਦੀ ਭੈਣ ਦੇ ਕੋਲ ਦਸਵੀਂ ਵਿੱਚ ਪੜ੍ਹਨ ਲਈ ਪਾਉਂਟਾ ਸਾਹਿਬ ਦੇ ਨੇੜੇ ਛਛਰੌਲੀ ਭੇਜ ਦਿੱਤਾ। ਉਸ ਸਮੇਂ ਅਜੇ ਹਰਿਆਣਾ ਬਣਿਆਂ ਨਹੀਂ ਸੀ। ਇਥੇ ਉਸ ਨੂੰ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਕੋਲ ਪੁਸਤਕਾਂ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪੰਦਰਾਂ ਦਿਨਾਂ ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 30 ਰੁਪਏ ਦਾ ਮਨੀਆਰਡਰ ਸਕੂਲ ਦੇ ਮੁੱਖ ਅਧਿਆਪਕ ਦੇ ਨਾਮ ਭੇਜ ਦਿੱਤਾ ਤੇ ਲਿਖਿਆ ਹੋਇਆ ਸੀ ਕਿ ਵਿਦਿਆਰਥੀ ਨੂੰ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਜਾਣ ਪ੍ਰੰਤੂ ਵਿਦਿਆਰਥੀ ਦਾ ਨਾਮ ਨਹੀਂ ਲਿਖਿਆ ਸੀ। ਮੁੱਖ ਅਧਿਆਪਕ ਦੇ ਸਮਝ ਵਿੱਚ ਨਾ ਆਵੇ ਕਿ ਇਹ 30 ਰੁਪਏ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿਸ ਵਿਦਿਆਰਥੀ ਲਈ ਆਏ ਹਨ। ਸਾਰੇ ਅਧਿਆਪਕਾਂ ਨੂੰ ਆਪੋ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪਤਾ ਕਰਨ ਲਈ ਕਿਹਾ ਗਿਆ। ਫਿਰ ਕਿਤੇ ਜਾ ਕੇ ਰਤਨ ਚੰਦ ਬਾਲੀ ਦਾ ਪਤਾ ਚੱਲਿਆ। ਮੁੱਖ ਅਧਿਆਪਕ ਅਤੇ ਸਕੂਲ ਦੇ ਸਾਰੇ ਅਧਿਆਪਕ ਹੈਰਾਨ ਵੀ ਸਨ ਕਿ ਵਿਦਿਆਰਥੀ ਨੇ ਕਿਤਨਾ ਹੌਸਲਾ ਵਿਖਾਇਆ ਹੈ ਪ੍ਰੰਤੂ ਡਰ ਵੀ ਰਹੇ ਸਨ ਕਿ ਇਹ ਇਕ ਕਿਸਮ ਨਾਲ ਸਕੂਲ ਦੀ ਸ਼ਿਕਾਇਤ ਹੋ ਗਈ ਹੈ। ਫਿਰ ਰਤਨ ਚੰਦ ਬਾਲੀ ਨੂੰ ਸਕੂਲ ਦੀਆਂ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਗਈਆਂ।
ਦਸਵੀਂ ਪਾਸ ਕਰਨ ਤੋਂ ਬਾਅਦ ਰਤਨ ਚੰਦ ਬਾਲੀ 2 ਅਗਸਤ 1968 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਵਿਭਾਗ ਦੀ ਫੋਟੋ ਸ਼ੈਕਸ਼ਨ ਵਿੱਚ ਪਿ੍ਰੰਟਰ ਦੀ ਨੌਕਰੀ ਮਿਲ ਗਈ। ਰਤਨ ਚੰਦ ਬਾਲੀ ਨੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਸੀ, ਜਿਸ ਕਰਕੇ ਉਸ ਨੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਉਸ ਦੀ ਮਿਹਨਤ ਤੇ ਆਪਣੇ ਕੰਮ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਵਿਭਾਗ ਨੇ ਉਸ ਨੂੰ 24 ਨਵੰਬਰ 1972 ਨੂੰ ਜੂਨੀਅਰ ਫੋਟੋਗ੍ਰਾਫਰ ਦੀ ਤਰੱਕੀ ਕਰ ਦਿੱਤੀ। ਉਸ ਤੋਂ ਬਾਅਦ ਉਸ ਦੀ 26 ਫਰਵਰੀ 1979 ਨੂੰ ਸੀਨੀਅਰ ਫੋਟੋਗ੍ਰਾਫਰ, 1 ਜੂਨ 1989 ਨੂੰ ਕੈਮਰਾਮੈਨ ਅਤੇ 13 ਜੁਲਾਈ 2005 ਨੂੰ ਸਿਨਮਾ ਤੇ ਫੋਟੋ ਆਫੀਸਰ ਤਰੱਕੀ ਹੋ ਗਈ। ਉਸ ਨੂੰ ਆਪਣੀ ਨੌਕਰੀ ਦੌਰਾਨ 16 ਪ੍ਰਸੰਸਾ ਪੱਤਰ ਮਿਲੇ। ਹੈਰਾਨੀ ਦੀ ਗੱਲ ਹੈ ਕਿ ਰਤਨ ਚੰਦ ਬਾਲੀ ਦੀ ਦਿਆਨਤਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਵਿਭਾਗ ਦੇ ਵੱਡੇ ਅਧਿਕਾਰੀ ਉਸ ਦੇ ਪੈਰਾਂ ਨੂੰ ਛੂੰਹਦੇ ਰਹੇ। ਲੋਕ ਸੰਪਰਕ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ‘ਤੇ ਕੰਮ ਕਰਨਾ ਵੰਗਾਰ ਦੀ ਤਰ੍ਹਾਂ ਹੁੰਦਾ ਹੈ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਤਾਂ ਅਤਿਅੰਤ ਔਖੀਆਂ ਸਮੁੰਦਰ ਵਿੱਚੋਂ ਮੋਤੀ ਲੱਭਣ ਦੇ ਬਰਾਬਰ ਹੁੰਦੀਆਂ ਹਨ, ਜਿਨ੍ਹਾਂ ‘ਤੇ ਸਫਲ ਹੋਣ ਲਈ ਫੁਰਤੀਲਾਪਣ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ ਕੰਮ ਸਮੁੰਦਰ ਦੀਆਂ ਲਹਿਰਾਂ ਅਤੇ ਬਿਜਲੀ ਦੀ ਲਿਸ਼ਕ ਨੂੰ ਕੈਦ ਕਰਨ ਵਾਲਾ ਹੁੰਦਾ ਹੈ।
ਉਨ੍ਹਾਂ ਵਿੱਚੋਂ ਫੋਟੋਗ੍ਰਾਫਰ ਦਾ ਕੰਮ ਹਵਾ ਦੇ ਝੋਕੇ ਨੂੰ ਪਕੜਨ ਦੀ ਤਰ੍ਹਾਂ ਹੁੰਦਾ ਹੈ। ਮੁੱਖ ਮਹਿਮਾਨ ਨੀਂਹ ਪੱਥਰ ਜਾਂ ਉਦਘਾਟਨ ਫਟਾਫਟ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਕੈਮਰੇ ਵਿੱਚ ਫੁਰਤੀ ਨਾਲ ਕੈਦ ਕਰਨਾ ਫੋਟੋਗ੍ਰਾਫਰ ਦਾ ਕੰਮ ਹੁੰਦਾ ਹੈ, ਅਜਿਹਾ ਹੀ ਇਕ ਫੋਟੋਗ੍ਰਾਫਰ ਆਰ.ਸੀ.ਬਾਲੀ ਹੈ, ਜਿਹੜਾ ਬਹੁਤ ਹੀ ਫੁਰਤੀ ਨਾਲ ਆਪਣੀ ਨੌਕਰੀ ਦੇ 37 ਸਾਲ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾ ਕੇ ਫੋਟੋਗ੍ਰਾਫੀ ਕਰਦਾ ਰਿਹਾ। ਪੰਜਾਬ ਦੇ 80ਵਿਆਂ ਦੇ ਮਾੜੇ ਦਿਨਾ ਵਿੱਚ ਜਦੋਂ ਸ਼ਾਮ ਨੂੰ ਘਰ ਵਾਪਸ ਪਹੁੰਚਣਾ ਗਨੀਮਤ ਸਮਝਿਆ ਜਾਂਦਾ ਸੀ। ਉਸ ਸਮੇਂ ਬੱਸਾਂ ‘ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਉਨ੍ਹਾਂ ਦਿਨਾਂ ਵਿੱਚ ਤਕਨਾਲੋਜੀ ਦਾ ਯੁਗ ਨਹੀਂ ਸੀ। ਪਹਿਲਾਂ ਤਸਵੀਰ ਖਿਚਣੀ ਤੇ ਰੀਲ ਨੂੰ ਧੋਣਾ ਤੇ ਫਿਰ ਤਸਵੀਰ ਬਣਾਉਣੀ ਬਹੁਤ ਹੀ ਮੁਸ਼ਕਲ ਹੁੰਦਾ ਸੀ ਕਿਉਂਕਿ ਇਹ ਤਸਵੀਰਾਂ ਅਖ਼ਬਾਰਾਂ ਵਿੱਚ ਗੱਡੀਆਂ ਰਾਹੀਂ ਭੇਜਣੀਆਂ ਹੁੰਦੀਆਂ ਸਨ। ਜਿਥੇ ਵੀ ਸਮਾਗਮ ਹੁੰਦਾ ਸੀ, ਉਸ ਦੇ ਨਜ਼ਦੀਕ ਦੇ ਸ਼ਹਿਰ ਜਾਂ ਕਸਬੇ ਵਿੱਚ ਕਿਸੇ ਫੋਟੋਗ੍ਰਾਫਰ ਦਾ ਸਟੂਡੀਓ ਵਰਤਕੇ ਕੰਮ ਕੀਤਾ ਜਾਂਦਾ ਸੀ। ਰਤਨ ਚੰਦ ਬਾਲੀ ਇੱਕ ਵਾਰ 12 ਅਗਸਤ 1982 ਨੂੰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਮਾਗਮ ਨੂੰ ਕਵਰ ਕਰਨ ਲਈ ਰਾਹੋਂ ਗਿਆ ਸੀ।
ਉਥੇ ਸਮਾਗਮ ਵਾਲੀ ਥਾਂ ‘ਤੇ ਗਰਨੇਡ ਫੱਟ ਗਏ। ਰਤਨ ਚੰਦ ਬਾਲੀ ਸਣੇ 25-30 ਲੋਕ ਜ਼ਖ਼ਮੀ ਹੋ ਗਏ। ਰਤਨ ਚੰਦ ਬਾਲੀ ਨੂੰ ਦੋ ਮਹੀਨੇ ਤੰਦਰੁਸਤ ਹੋਣ ਲਈ ਲੱਗ ਗਏ। ਉਹ ਫਿਰ ਵੀ ਡਰਿਆ ਨਹੀਂ ਸਗੋਂ ਮੁੱਖ ਮੰਤਰੀ ਦੇ ਸਮਾਗਮ ਕਵਰ ਕਰਦਾ ਰਿਹਾ। ਏਸੇ ਤਰ੍ਹਾਂ 31 ਅਗਸਤ 1995 ਨੂੰ ਜਦੋਂ ਸਕੱਤਰੇਤ ਵਿਖੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਬੰਬਾਂ ਨਾਲ ਹਮਲਾ ਹੋਇਆ ਤਾਂ ਰਤਨ ਚੰਦ ਬਾਲੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ ਹੋਇਆ, ਇਸ ਘਟਨਾ ਤੋਂ ਪ੍ਰਭਾਵਤ ਗੱਡੀਆਂ ਅਤੇ ਲੋਕਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਜੇ ਉਹ ਫੋਟੋਆਂ ਨਾ ਖਿਚਦਾ ਤਾਂ ਹੋ ਸਕਦਾ ਵਿਭਾਗ ਉਸ ਦੀ ਜਵਾਬ ਤਲਬੀ ਕਰਦਾ ਪ੍ਰੰਤੂ ਵਿਭਾਗ ਨੇ ਉਸ ਵੱਲੋਂ ਖਿਚੀਆਂ ਤਸਵੀਰਾਂ ਦੀ ਵਰਤੋਂ ਨਹੀਂ ਕੀਤੀ। ਉਸ ਦੇ ਜੀਵਤ ਹੋਣ ਬਾਰੇ ਪਰਿਵਾਰ ਨੂੰ ਰਾਤ ਦੇ 11 ਵਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਘਰ ਨਹੀਂ ਪਹੁੰਚਿਆ। ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ।
ਵਿਭਾਗ ਫੋਕੀ ਵਾਹਵਾ ਸ਼ਾਅਵਾ ਕਰਨ ਤੋਂ ਇਲਾਵਾ ਕੋਈ ਮਦਦ ਨਹੀਂ ਕਰਦਾ। । ਂਰਤਨ ਚੰਦ ਬਾਲੀ ਦਾ 31 ਅਗਸਤ 1947 ਨੂੰ ਡੇਰਾ ਬਰਮਿਆਂ ਜਿਲ੍ਹਾ ਰਾਵਲਪਿੰਡੀ ਵਿੱਚ ਰੋਟੀ ਅਤੇ ਰੋਜ਼ੀ ਦੀ ਜਦੋਜਹਿਦ ਕਰ ਰਹੇ ਸਾਧਾਰਨ ਪਰਿਵਾਰ ਵਿੱਚ ਪਿਤਾ ਰਾਏਜਾਦਾ ਕਿਸ਼ਨ ਚੰਦ ਤੇ ਮਾਤਾ ਚੰਦਰਾ ਬਾਲੀ ਦੀ ਕੁੱਖੋਂ ਜਨਮ ਹੋਇਆ। ਜਦੋਂ ਨੌਕਰੀ ‘ਤੇ ਲੱਗਿਆ ਸੀ ਤਾਂ ਉਹ ਦਸਵੀਂ ਪਾਸ ਸੀ। ਫਿਰ ਉਨ੍ਹਾਂ ਬੀ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਕੀਤੀ। ਉਸ ਦੇ ਪਿਤਾ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਅਲਾਟਮੈਂਟ ਅਧਿਕਾਰੀ ਨੇ ਵੱਡੀ ਹਵੇਲੀ ਅਲਾਟ ਕਰ ਦਿੱਤੀ। ਰਤਨ ਚੰਦ ਬਾਲੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਘਰ ਬਹੁਤ ਛੋਟਾ ਸੀ। ਇਸ ਲਈ ਛੋਟਾ ਘਰ ਦਿੱਤਾ ਜਾਵੇ। ਇਥੋਂ ਇਸ ਪਰਿਵਾਰ ਦੇ ਸਬਰ ਸੰਤੋਖ ਦੀ ਪ੍ਰਵਿਰਤੀ ਦਾ ਪਤਾ ਚਲਦਾ ਹੈ। ਰਤਨ ਚੰਦ ਬਾਲੀ ਦਾ ਵਿਆਹ 21 ਨਵੰਬਰ 1973 ਨੂੰ ਤੇਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਨੀਰਜ ਬਾਲੀ ਹੈ, ਜੋ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਲੜਕੀ ਨਮਰਤਾ ਪਾਹੂਜਾ ਅਮਰੀਕਾ ਵਿੱਚ ਸਰਕਾਰੀ ਅਧਿਆਪਕ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.