Opinion

ਪੌਪ ਮਿਊਜ਼ਿਕ ਦੇ ਜ਼ਮਾਨੇ ਵਿੱਚ ਅਲਗੋਜ਼ਾ/ਬੰਸਰੀ ਵਾਦਕ ਗੁਰਮੇਲ ਸਿੰਘ ਮੁੰਡੀ

ਉਜਾਗਰ ਸਿੰਘ

ਆਧੁਨਿਕ ਪੌਪ ਸੰਗੀਤ ਦੇ ਜ਼ਮਾਨੇ ਵਿੱਚ ਗੁਰਮੇਲ ਸਿੰਘ ਮੁੰਡੀ ਅਲਗੋਜ਼ਿਆਂ/ਬੰਸਰੀ ਦੀਆਂ ਮਧੁਰ ਧੁਨਾਂ ਦੀ ਕਲਾ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਰਿਹਾ ਹੈ। ਉਹ ਆਪਣੀ ਕਲਾ ਦੀ ਸਹਿਜਤਾ ਨਾਲ ਸ੍ਰੋਤਿਆਂ ਨੂੰ ਰੂਹ ਦੀ ਖ਼ੁਰਾਕ ਦੇ ਰਿਹਾ ਹੈ। ਇਹ ਕਲਾ ਅਲਗੋਜ਼ਾ/ਬੰਸਰੀ ਵਾਦਕ ਦੀ ਰਸਨਾਂ ਨੂੰ ਮਿਠਾਸ ਪ੍ਰਦਾਨ ਕਰਦੀ ਹੋਈ, ਉਸ ਦੇ ਫੇਫੜਿਆਂ ਨੂੰ ਸਿਹਤਮੰਦ ਵੀ ਰੱਖਦੀ ਹੈ। ਇਹ ਕਲਾ ਪ੍ਰੇਮੀ ਮਸਫੁੱਟ ਗਭਰੂ ਗੁਰਮੇਲ ਸਿੰਘ ਮੁੰਡੀ 1964 ਵਿੱਚ ਰੋਪੜ ਜਿਲ੍ਹੇ ਦੇ ਨਿਆਮੀਆਂ ਪਿੰਡ ਤੋਂ 8 ਮੀਲ ਕੱਚੇ ਰਸਤੇ ਰਾਹੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਪੈਦਲ ਸਫਰ ਤਹਿ ਕਰਕੇ ਖਰੜ ਵਿਖੇ ਦੁਸਹਿਰੇ ਦਾ ਮੇਲਾ ਵੇਖਣ ਜਾਂਦਾ ਰਿਹਾ। ਉਸ ਮੇਲੇ ਵਿੱਚ ਅਲਗੋਜ਼ਾ/ਬੰਸਰੀ ਵਾਦਕਾਂ ਦੀਆਂ ਸੰਗੀਤਮਈ ਧੁਨਾਂ ਉਸ ਦੇ ਮਨ ਵਿੱਚ ਹਲਚਲ ਪੈਦਾ ਕਰ ਦਿੰਦੀਆਂ ਸਨ। ਉਸ ਨੂੰ ਮੇਲਾ ਵੇਖਣ ਲਈ ਪਿਤਾ ਸਿਰਫ਼ ਇਕ ਰੁਪਿਆ ਦਿੰਦੇ ਸਨ। ਆਮ ਤੌਰ ‘ਤੇ ਬੱਚੇ ਮੇਲਿਆਂ ਵਿੱਚ ਝੂਲੇ ਲੈਂਦੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਦਾ ਆਨੰਦ ਮਾਣਦੇ ਹੁੰਦੇ ਹਨ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਘੱਟ ਹੀ ਮਿਲਦੀਆਂ ਸਨ ਪ੍ਰੰਤੂ ਗੁਰਮੇਲ ਸਿੰਘ ਮੁੰਡੀ ਆਪਣੇ ਪਿੰਡ ਦੇ ਅੰਨ੍ਹੇ ਵਿਅਕਤੀ ਮਿੰਦਰ ਦੇ ਅਲਗੋਜ਼ਿਆਂ/ਬੰਸਰੀ ਵਜਾਉਣ ਦੀਆਂ ਧੁਨਾਂ ਦਾ ਕਾਇਲ ਹੋ ਚੁੱਕਿਆ ਸੀ।

ਇਸ ਲਈ ਉਹ ਸਾਰੇ ਮੇਲੇ ਵਿੱਚ ਬੌਰਿਆਂ ਦੀ ਤਰ੍ਹਾਂ ਬੰਸਰੀ/ਅਲਗੋਜ਼ੇ ਵੇਚਣ ਵਾਲਿਆਂ ਦੇ ਸੰਗੀਤ ਦਾ ਆਨੰਦ ਮਾਣਦਾ ਰਹਿੰਦਾ ਸੀ। ਇਕ ਦਿਨ ਉਸ ਨੇ ਇਕ ਰੁਪਏ ਦੇ ਅਲਗੋਜ਼ੇ ਖ਼੍ਰੀਦ ਲਏੇ। ਪਿੰਡ ਦੇ ਹੋਰ ਮੁੰਡੇ ਉਸ ਦੇ ਬੰਸਰੀ/ਅਲਗੋਜ਼ੇ ਖ੍ਰੀਦਣ ਤੇ ਹੈਰਾਨ ਸਨ ਕਿਉਂਕਿ ਉਹ ਤਾਂ ਜਲੇਬੀਆਂ ਦਾ ਆਨੰਦ ਮਾਣ ਰਹੇ ਸਨ। ਗੁਰਮੇਲ ਸਿੰਘ ਮੁੰਡੀ ਬਿਨਾ ਕੁਝ ਖਾਧੇ ਪੀਤੇ ਖ਼ੁਸ਼ੀ ਵਿੱਚ ਖੀਵਾ ਹੋਇਆ ਰਾਤ ਨੂੰ ਘਰ ਵਾਪਸ ਪਹੁੰਚ ਗਿਆ। ਉਸ ਦੇ ਮਨ ਵਿੱਚ ਅਤਿਅੰਤ ਖ਼ੁਸ਼ੀ ਟਪਕ ਰਹੀ ਸੀ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਕ ਦੀ ਪੂਰਤੀ ਲਈ ਇਨਸਾਨ ਹੋਰ ਸਾਰੀਆਂ ਇਛਾਵਾਂ ਦੀ ਕੁਰਬਾਨੀ ਦੇ ਦਿੰਦਾ ਹੈ। ਪਰਿਵਾਰ ਬੱਚੇ ਦੇ ਸ਼ੌਕ ਤੇ ਹੈਰਾਨ ਹੋਇਆ। ਸੰਗੀਤ ਹਮੇਸ਼ਾ ਉਸ ਦੇ ਮਨ ਵਿੱਚ ਹਲਚਲ ਪੈਦਾ ਕਰ ਦਿੰਦਾ ਸੀ। ਇਸੇ ਤਰ੍ਹਾਂ ਇਕ ਵਾਰ ਪਿੰਡ ਦੇ ਗੁਰਦੁਆਰੇ ਵਿੱਚ ਹੋ ਰਹੇ ਕੀਰਤਨ ਦੇ ਮਧੁਰ ਸੰਗੀਤ ਦੀਆਂ ਸੁਰਾਂ ਨੇ ਅਲ੍ਹੜ੍ਹ ਉਮਰ ਦੇ ਗੁਰਮੇਲ ਸਿੰਘ ਮੁੰਡੀ ਦੇ ਮਨ ਤੇ ਅਜਿਹਾ ਜਾਦੂਮਈ ਅਸਰ ਕੀਤਾ ਕਿ ਉਹ ਸੰਗੀਤ ਦਾ ਪ੍ਰੇਮੀ ਬਣ ਗਿਆ। ਉਸ ਦਾ ਮਨ ਹਮੇਸ਼ਾ ਸੰਗੀਤ ਸੁਣਨ ਦਾ ਦੀਵਾਨਾ ਹੋ ਗਿਆ। ਪਰਿਵਾਰ ਉਸ ਨੂੰ ਪੜ੍ਹਾਈ ਵਿੱਚ ਧਿਆਨ ਰੱਖਣ ਦੀ ਚੇਤਾਵਨੀ ਦਿੰਦਾ ਰਹਿੰਦਾ ਪ੍ਰੰਤੂ ਉਸ ਦੇ ਅਚੇਤ ਮਨ ਵਿੱਚ ਸੰਗੀਤ ਦੀਆਂ ਤਰੰਗਾਂ ਉਠਦੀਆਂ ਰਹਿੰਦੀਆਂ ਸਨ। ਇਕ ਦਿਨ ਜਦੋਂ ਉਸ ਨੇ ਆਪਣੇ ਪਿੰਡ ਦੇ ਅੱਖਾਂ ਦੀ ਰੌਸ਼ਨੀ ਤੋਂ ਮੋਹਤਾਜ ਮਿੰਦਰ ਦੀ ਬੰਸਰੀ/ਅਲਗੋਜ਼ਾ ਦੀਆਂ ਧੁਨਾਂ ਸੁਣੀਆਂ ਤਾਂ ਇਨ੍ਹਾਂ ਨੇ ਸੋਨੇ ‘ਤੇ ਸੁਹਾਗੇ ਦਾ ਕੰਮ ਕੀਤਾ।

ਉਸ ਦਿਨ ਤੋਂ ਬਾਅਦ ਗੁਰਮੇਲ ਸਿੰਘ ਮੁੰਡੀ ਨੇ ਫ਼ੈਸਲਾ ਕਰ ਲਿਆ ਕਿ ਉਹ ਬੰਸਰੀ/ਅਲਗੋਜ਼ਾ ਵਜਾਉਣਾ ਜ਼ਰੂਰ ਸਿਖੇਗਾ। ਮਾਪੇ ਉਸ ਦਾ ਧਿਆਨ ਪੜ੍ਹਾਈ ‘ਤੇ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ ਪ੍ਰੰਤੂ ਉਹ ਇਕ ਦਿਨ ਮਿੰਦਰ ਕੋਲ ਜਾ ਕੇ ਬੰਸਰੀ/ਅਲਗੋਜ਼ਾ ਸਿਖਾਉਣ ਲਈ ਉਸ ਦੇ ਖਹਿੜੇ ਪੈ ਗਿਆ। ਮਿੰਦਰ ਨੇ ਉਸ ਨੂੰ ਇਹ ਕਹਿ ਕੇ ਨਿਰਉਤਸ਼ਾਹਤ ਕੀਤਾ ਕਿ ਬੰਸਰੀ/ਅਲਗੋਜ਼ਾ ਸਿੱਖਣਾ ਤਹਾਡੇ ਵਰਗੇ ਬੱਚਿਆ ਅਤੇ ਐਰੇ ਗੈਰੇ ਦਾ ਕੰਮ ਨਹੀਂ। ਮਿੰਦਰ ਕਹਿਣ ਲੱਗਾ ਤੇਰਾ ਕੰਮ ਪੜ੍ਹਾਈ ਕਰਨਾ ਹੈ, ਇਸ ਲਈ  ਤੂੰ ਪਹਿਲਾਂ ਪੜ੍ਹਾਈ ਮੁਕੰਮਲ ਕਰ ਲੈ ਫਿਰ ਬੰਸਰੀ/ਅਲਗੋਜ਼ਾ ਸਿੱਖ ਲਈਂ। ਸੰਗੀਤ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਉਹ ਇਨਸਾਨ ਨੂੰ ਰੂਹ ਦੀ ਖ਼ੁਰਾਕ ਦਿੰਦਾ ਹੈ। ਪੰਜਾਬ ਵਿੱਚ ਸਮਾਜਿਕ, ਧਾਰਮਿਕ, ਖੇਡ, ਸਾਹਿਤਕ, ਅਖਾੜੇ, ਰਾਗੀਆਂ ਢਾਡੀਆਂ ਦੇ ਪ੍ਰੋਗਰਾਮ ਅਤੇ ਲੋਕ ਕਲਾਵਾਂ ਦੇ ਮੇਲੇ ਆਮ ਲਗਦੇ ਰਹਿੰਦੇ ਹਨ।

ਇਨ੍ਹਾਂ ਮੇਲਿਆਂ ਵਿੱਚ ਹਰ ਪ੍ਰਾਣੀ ਨੂੰ ਰੂਹ ਦੀ ਖ਼ੁਰਾਕ ਮਿਲਦੀ ਹੈ ਕਿਉਂਕਿ ਮੇਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਾਕਾਰ ਆਪਣੇ ਪ੍ਰੋਗਰਾਮ ਕਰਦੇ ਰਹਿੰਦੇ ਹਨ। ਅੱਜ ਕਲ੍ਹ ਕੋਈ ਵੀ ਕਲਾਕਾਰ ਲੋਕਾਂ ਦੇ ਮਨ ਪ੍ਰਚਾਵੇ ਲਈ ਮੁਫ਼ਤ ਵਿੱਚ ਕੋਈ ਪ੍ਰੋਗਰਾਮ ਨਹੀਂ ਕਰਦਾ, ਸਗੋਂ ਗਾਇਕ ਵੱਡੀਆਂ ਰਕਮਾਂ ਲੈ ਕੇ ਪ੍ਰੋਗਰਾਮ ਕਰਦੇ ਹਨ। ਅਜੇ ਵੀ ਇਕ ਅਜਿਹਾ ਸੰਗੀਤ ਵਾਦਕ ਗਰਮੇਲ ਸਿੰਘ ਮੁੰਡੀ ਹੈ, ਜਿਹੜਾ ਬੰਸਰੀ/ਅਲਗੋਜ਼ੇ ਵਜਾ ਕੇ ਮੁਫ਼ਤ ਵਿੱਚ ਲੋਕਾਂ ਦਾ ਮਨ ਪ੍ਰਚਾਵਾ ਕਰਦਾ ਹੈ। ਉਹ ਦੋਸਤਾਂ ਮਿੱਤਰਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਹੁੰਦਾ ਹੈ। ਪਿੰਡਾਂ ਦੀਆਂ ਢਾਣੀਆਂ ਅਤੇ ਸੱਥਾਂ ਵਿੱਚ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗੀਤਾਂ ਦੀਆਂ ਧੁਨਾ ਵਜਾ ਕੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। ਪੰਜਾਬ ਦਾ ਸਭਿਅਚਾਰ ਬੜਾ ਅਮੀਰ ਹੈ। ਮੇਲੇ ਗੀਤ ਸੰਗੀਤ ਰੂਹ ਦੀ ਖ਼ੁਰਾਕ ਹੁੰਦੇ ਹਨ, ਜਿਵੇਂ ਇਨਸਾਨੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਖਾਦ ਪਦਾਰਥਾਂ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਇਨਸਾਨ ਦੀ ਮਾਨਸਿਕਤਾ ਦੀ ਖ਼ੁਰਾਕ ਗੀਤ ਸੰਗੀਤ ਹੁੰਦਾ ਹੈ। ਖਾਦ ਖੁਰਾਕ ਨਾਲ ਇਨਸਾਨ ਰੱਜ ਜਾਂਦਾ ਹੈ ਪ੍ਰੰਤੂ ਰੂਹ ਦੀ ਖੁਰਾਕ ਨਾਲ ਤਿ੍ਰਪਤ ਹੁੰਦਾ ਹੈ। ਰੂਹ ਦੀ ਖ਼ੁਰਾਕ ਦਰਿਆਵਾਂ ਦੀਆਂ ਲਹਿਰਾਂ, ਬਲਦਾਂ ਦੀਆਂ ਟੱਲੀਆਂ, ਨਿ੍ਰਤਕਾਂ ਦੀਆਂ ਝਾਂਜਰਾਂ ਅਤੇ ਕੁਦਰਤ ਦੇ ਹਰ ਕਿ੍ਰਸ਼ਮੇ ਵਿੱਚੋਂ ਆਪ ਮੁਹਾਰੇ ਮਿਲਦੀ ਹੈ।

ਗੁਰਦੁਆਰਿਆਂ ਦੇ ਕੀਰਤਨ/ਢਾਡੀਆਂ ਦੀ ਢੱਡ ਸਾਰੰਗੀ/ਰਾਗੀਆਂ ਦੇ ਹਰਮੋਨੀਅਮ ਅਤੇ ਮੰਦਰਾਂ ਦੀਆਂ ਟੱਲੀਆਂ ਦੇ ਸੰਗੀਤ ਤੋਂ ਵੀ ਰੂਹ ਦੀ ਖ਼ੁਰਾਕ ਮਿਲਦੀ ਹੈ। ਜੇਕਰ ਪੰਜਾਬ ਦੀ ਸਭਿਆਚਾਰਕ ਵਿਰਾਸਤ ਦਾ ਆਨੰਦ ਮਾਨਣਾ ਹੋਵੇ ਤਾਂ ਪਿੰਡਾਂ ਦੀਆਂ ਸੱਥਾਂ ਅਤੇ ਵਿਰਾਸਤੀ ਮੇਲਿਆਂ ਵਿੱਚ ਮਾਣਿਆਂ ਜਾ ਸਕਦਾ ਹੈ। ਅੱਜ ਦਿਨ ਭਾਵੇਂ ਗੀਤ ਸੰਗੀਤ ਤੇ ਗਾਇਕੀ ਵਿਓਪਾਰਕ ਹੋ ਗਈ ਹੈ ਪ੍ਰੰਤੂ ਪੁਰਾਤਨ ਸਮੇਂ ਵਿੱਚ ਪਿੰਡਾਂ ਦੀਆਂ ਸੱਥਾਂ ਅਤੇ ਵਿਰਾਸਤੀ ਮੇਲਿਆਂ ਵਿੱਚ ਗੀਤ ਸੰਗੀਤ ਦੀਆਂ ਛਹਿਬਰਾਂ ਮੁਫ਼ਤੋ ਮੁਫ਼ਤੀ ਮਾਨਣ ਨੂੰ ਮਿਲਦੀਆਂ ਸਨ। ਸੰਗੀਤ ਪ੍ਰੇਮੀ ਗੁਰਮੇਲ ਸਿੰਘ ਮੁੰਡੀ ਹੈ, ਜਿਸ ਨੂੰ ਸੰਗੀਤ ਨਾਲ ਅਥਾਹ ਪ੍ਰੇਮ ਬਚਪਨ ਵਿੱਚ ਹੀ ਅਜਿਹੇ ਮੇਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚੋਂ ਜਾਗਿਆ ਸੀ। ਆਧੁਨਿਕ ਯੁਗ ਵਿੱਚ ਇਹ ਕਲਾ ਖ਼ਤਮ ਹੋਣ ਦੇ ਕਿਨਾਰੇ ਹੈ। ਅੱਜ ਦਾ ਸੰਗੀਤ ਸੰਗੀਤਕ ਰਸ ਦੇਣ ਦੀ ਥਾਂ ਧੂਮ ਧੜੱਕਾ ਜ਼ਿਆਦਾ ਕਰਦਾ ਹੈ, ਜਿਸ ਨੂੰ ਪੌਪ ਸੰਗੀਤ ਕਿਹਾ ਜਾਂਦਾ ਹੈ।

ਗੁਰਮੇਲ ਸਿੰਘ ਮੁੰਡੀ ਨੇ ਮਹਿਸੂਸ ਕੀਤਾ ਕਿ ਜੇਕਰ ਇਕ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਵਿਅਕਤੀ ਬੰਸਰੀ/ਅਲਗੋਜ਼ੇ ਸਿੱਖ ਸਕਦਾ ਹੈ ਤਾਂ ਸੁਜਾਖਾ ਵਿਅਕਤੀ ਕਿਉਂ ਨਹੀਂ ਸਿੱਖ ਸਕਦਾ? ਫਿਰ ਗੁਰਮੇਲ ਸਿੰਘ ਨੇ ਬੰਸਰੀ/ਅਲਗੋਜ਼ੇ ਸਿੱਖਣ ਦਾ ਤਹੱਈਆ ਕਰ ਲਿਆ। ਪਿਤਾ ਨੇ ਮੱਕੀ ਦੀ ਰਾਖੀ ਖੇਤਾਂ ਵਿੱਚ ਤੋਤੇ ਉਡਾਉਣ ਲਈ ਭੇਜਣਾ ਤਾਂ ਗੁਰਮੇਲ ਸਿੰਘ ਮੁੰਡੀ ਨੇ ਅਲਗੋਜ਼ੇ/ਬੰਸਰੀ ਨਾਲ ਲੈ ਜਾਣੀ ਖੇਤਾਂ ਵਿੱਚ ਬੈਠ ਕੇ ਵਜਾਉਣ ਦੀ ਰੀਹਰਸਲ ਕਰਦੇ ਰਹਿਣਾ। ਤੋਤਿਆਂ ਨੇ ਉਡਣ ਦੀ ਥਾਂ ਸੰਗੀਤ ਦਾ ਆਨੰਦ ਮਾਣਦੇ ਰਹਿਣਾ। ਗੁਰਮੇਲ ਸਿੰਘ ਮੁੰਡੀ ਨੇ ਸੰਗੀਤ ਦੀਆਂ ਧੁਨਾਂ ਵਿੱਚ ਗੁਆਚ ਜਾਣਾ, ਜਿਸ ਕਰਕੇ ਘਰ ਪਹੁੰਚਣ ਵਿੱਚ ਰਾਤ ਪੈ ਜਾਣੀ।  ਜਦੋਂ ਵੀ ਕਦੇ ਉਹ ਘਰੋਂ ਬਾਹਰ ਹੁੰਦਾ ਸੀ ਤਾਂ ਉਸ ਨੂੰ ਖੇਤਾਂ ਵਿੱਚ ਰੀਹਰਸਲ ਕਰਦਾ ਵੇਖਿਆ ਜਾ ਸਕਦਾ ਸੀ। ਪਰਿਵਾਰ ਤੋਂ ਲੁਕ ਛਿਪ ਕੇ ਉਹ ਬੰਸਰੀ/ਅਲਗੋਜ਼ਾ ਵਜਾਉਣ ਦਾ ਅਭਿਆਸ ਕਰਦਾ ਰਹਿੰਦਾ ਸੀ। ਲੋਕ ਸੰਪਰਕ ਵਿਭਾਗ ਦੀ ਗੀਤ ਤੇ ਨਾਟਕ ਵਿੰਗ ਵਿਚ ਵੀ ਕਈ ਵਾਰ ਰੀਹਰਸਲ ਕਰ ਲੈਣਾ।

ਇਸੇ ਤਰ੍ਹਾਂ ਪਹਿਲੀ ਵਾਰ ਸਟੇਜ ‘ਤੇ 1972-73 ਵਿੱਚ ਅਲਗੋਜ਼ੇ/ਬੰਸਰੀ ਵਜਾਉਣ ਦਾ ਮੌਕਾ ਮਿਲਿਆ। ਚਰਨ ਸਿੰਘ ਸਿੰਧਰਾ ਗੀਤ ਤੇ ਨਾਟਕ ਅਧਿਕਾਰੀ ਲੋਕ ਸੰਪਰਕ ਵਿਭਾਗ ਨੇ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਆਯੋਜਤ ਕੀਤੇ ਸਮਾਗਮ ਵਿੱਚ ਬੰਸਰੀ/ਅਲਗੋਜ਼ੇ ਵਜਾਉਣ ਦੀ ਗੁਰਮੇਲ ਸਿੰਘ ਮੁੰਡੀ ਨੂੰ ਤਾਕੀਦ ਕੀਤੀ।  ‘ਅਸੀਂ ਵੱਡਾ ਕੱਪ ਜਿੱਤ ਕੇ ਲਿਆਏ’ ਗੀਤ ਗੁਰਮੇਲ ਸਿੰਘ ਮੁੰਡੀ ਨੇ ਬੰਸਰੀ ਨਾਲ ਗਾਇਆ ਤਾਂ ਸਰੋਤੇ ਅਸ਼ ਅਸ਼ ਕਰ ਉਠੇ। ਉਸ ਤੋਂ ਬਾਅਦ ਗੁਰਮੇਲ ਸਿੰਘ ਮੁੰਡੀ ਨੂੰ ਉਤਸ਼ਾਹ ਮਿਲਿਆ ਤੇ ਉਹ ਯਾਰਾਂ ਦੋਸਤਾਂ ਦੀਆਂ ਮਹਿਫ਼ਲਾਂ ਵਿੱਚ ਬੰਸਰੀ/ਅਲਗੋਜ਼ੇ ਵਜਾ ਕੇ ਮਨ ਪ੍ਰਚਾਵਾ ਕਰਦੇ ਹੋਏ ਆਪਣੀ ਮਾਨਸਿਕ ਤਿ੍ਰਪਤੀ ਕਰਦੇ ਰਹਿੰਦੇ ਹਨ। ਉਨ੍ਹਾਂ ਕਦੀਂ ਵੀ ਵਿਓਪਾਰਕ ਤੌਰ ‘ਤੇ ਅਲਗੋਜ਼ੇ/ਬੰਸਰੀ ਨਹੀਂ ਵਜਾਈ।

ਗੁਰਮੇਲ ਸਿੰਘ ਮੁੰਡੀ ਦਾ ਜਨਮ 4 ਅਪ੍ਰੈਲ 1947 ਨੂੰ ਪਿਤਾ ਨੌਰੰਗ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਰੋਪੜ ਜਿਲ੍ਹੇ ਦੇ ਨਿਆਮੀਆਂ ਪਿੰਡ ਵਿੱਚ ਹੋਇਆ। ਉਨ੍ਹਾਂ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਅਤੇ ਹਾਇਰ ਸੈਕੰਡਰੀ ਖਾਲਸਾ ਹਾਇਰ ਸੈਕੰਡਰੀ ਸਕੂਲ ਖਰੜ ਤੋਂ 1966 ਵਿੱਚ ਪਾਸ ਕੀਤੀ। ਖਰੜ ਜਾਣ ਲਈ ਉਸ ਨੂੰ ਹਰ ਰੋਜ਼ 8 ਮੀਲ ਤੁਰਕੇ ਕੱਚੇ ਰਸਤਿਆਂ ਤੋਂ ਜਾਣਾ ਅਤੇ 8 ਮੀਲ ਵਾਪਸ ਆਉਣਾ ਪੈਂਦਾ ਸੀ। ਉਸ ਨੂੰ 1967 ਵਿੱਚ ਸਕੱਤਰੇਤ ਵਿੱਚ ਮਹਿਮਾਨ ਨਿਵਾਜੀ ਵਿਭਾਗ ਵਿੱਚ ਐਡਹਾਕ ਤੌਰ ਤੇ ਨੌਕਰੀ ਮਿਲ ਗਈ, ਉਸ ਤੋਂ ਬਾਅਦ ਉਨ੍ਹਾਂ ਥੋੜ੍ਹਾ ਸਮਾ ਫਾਰੈਸਟ ਵਿਭਾਗ ਵਿੱਚ ਨੌਕਰੀ ਕੀਤੀ। 1968 ਵਿੱਚ ਉਹ ਪੰਜਾਬ ਦੇ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਕਲਰਕ ਭਰਤੀ ਹੋ ਗਏ। 1979 ਵਿੱਚ ਉਨ੍ਹਾਂ ਦੀ ਸਹਾਇਕ ਅਤੇ 1999 ਵਿੱਚ ਸੁਪਰਇਨਟੈਂਡੈਂਟ ਦੀ ਤਰੱਕੀ ਹੋ ਗਈ। 2005 ਵਿੱਚ ਉਹ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਅੱਜ ਕਲ੍ਹ ਉਹ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਵਿੱਚ ਬੰਸਰੀ/ਅਲਗੋਜ਼ਾ ਵਜਾ ਕੇ ਸੰਗੀਤਕ ਭੁੱਖ ਦੀ ਤਿ੍ਰਪਤੀ ਕਰਦੇ ਹਨ। ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਸਦੀ ਬੰਸਰੀ/ਅਲਗੋਜ਼ੇ ਵਜਾਉਣ ਦੀ ਪ੍ਰਵਿਰਤੀ ਹੋ ਵਿਸ਼ਾਲ ਹੋ ਗਈ ਹੈ।

ਤਸਵੀਰ : ਗੁਰਮੇਲ ਸਿੰਘ ਮੁੰਡੀ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ    

ਮੋਬਾਈਲ-94178 13072   

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button