PunjabTop News

ਪੇਪਰ ਲੀਕ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਹਰਜੋਤ ਬੈਂਸ ਤੇ ਡਾ. ਬਲਬੀਰ ਸਿੰਘ ਅਸਤੀਫਾ ਦੇਣ: ਅਕਾਲੀ ਦਲ

ਪੰਜਾਬ ਵਿਚ ਚਾਰ ਸਾਲਾਂ ਦੌਰਾਨ ਛੇ ਪੇਪਰ ਲੀਕ ਹੋਏ ਜਿਸ ਨਾਲ ਪੰਜ ਲੱਖ ਵਿਦਿਆਰਥੀ ਪ੍ਰਭਾਵਤ ਹੋਏ: ਅਰਸ਼ਦੀਪ ਸਿੰਘ ਕਲੇਰ

ਪੰਜਾਬ ਵਿਚ ਚਾਰ ਸਾਲਾਂ ਦੌਰਾਨ ਛੇ ਪੇਪਰ ਲੀਕ ਹੋਏ ਜਿਸ ਨਾਲ ਪੰਜ ਲੱਖ ਵਿਦਿਆਰਥੀ ਪ੍ਰਭਾਵਤ ਹੋਏ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 25 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਦੋਵੇਂ ਮੰਤਰੀਆਂ ਨੂੰ ਉਹਨਾਂ ਦੇ ਅਧੀਨ ਵਿਭਾਗਾਂ ਵਿਚ ਪੇਪਰ ਲੀਕ ਦੀ ਉਸੇ ਤਰੀਕੇ ਜਵਾਬਦੇਹੀ ਚੁੱਕਣੀ ਚਾਹੀਦੀ ਹੈ ਜਿਵੇਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਨੀਟ ਪੇਪਰ ਲੀਕ ਵਿਚ ਚੁੱਕੀ ਤੇ ਅਸਤੀਫਾ ਦਿੱਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ‌ਕਿਹਾ ਕਿ ਆਮ ਆਦਮੀ ਪਾਰਟੀ ਨੂੰ ਧੋਖੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਕੋ ਮੁੱਦੇ ’ਤੇ ਦੋ ਪੈਮਾਨੇ ਨਹੀਂ ਹੋ ਸਕਦੇ।
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਮੰਗ ਰਹੇ ਸਨ ਪਰ ਉਹ ਪੰਜਾਬ ਵਿਚ ਪੇਪਰ ਲੀਕ ਦੇ ਮਾਮਲੇ ਵਿਚ ਚੁੱਪ ਬੈਠੇ ਹਨ ਤੇ ਉਹਨਾਂ ਨੇ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਵਜ਼ਾਰਤ ਤੋਂ ਅਸਤੀਫੇ ਨਹੀਂ ਲਏ।
ਅਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਚਾਰ ਸਾਲਾਂ ਵਿਚ ਛੇ ਪੇਪਰ ਲੀਕ ਹੋਏ ਹਨ ਜਿਸ ਕਾਰਨ ਪੰਜ ਲੱਖ ਵਿਦਿਆਰਥੀ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਬਜਾਏ ਸਬੰਧਤ ਮੰਤਰੀ ਨੂੰ ਜਵਾਬਦੇਹ ਠਹਿਰਾਉਣ ਦੇ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਸਾਰੇ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਝੂਠ ਬੋਲਿਆ ਕਿ ਪੰਜਾਬ ਵਿਚ ਇਸ ਸਰਕਾਰ ਦੇ ਰਾਜ ਵਿਚ ਕੋਈ ਪੇਪਰ ਲੀਕ ਨਹੀਂ ਹੋਇਆ।
ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਈ 2022 ਵਿਚ ਨਾਇਬ ਤਹਿਸੀਲਦਾਰ ਦਾ ਪੇਪਰ ਲੀਕ ਹੋਇਆ ਜਿਸ ਕਾਰਨ 42000 ਉਮੀਦਵਾਰ ਪ੍ਰਭਾਵਤ ਹੋਏ। ਉਹਨਾਂ ਕਿਹਾ ਕਿ 2023 ਵਿਚ ਟੈਟ ਪ੍ਰੀਖਿਆ ਕਾਰਨ ਇਕ ਲੱਖ ਵਿਦਿਆਰਥੀ ਪ੍ਰਭਾਵਤ ਹੋਏ। ਇਸੇ ਤਰੀਕੇ 12ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਇਆ ਤਾਂ 2.50 ਲੱਖ ਵਿਦਿਆਰਥੀ ਪ੍ਰਭਾਵਤ ਹੋਏ। ਉਹਨਾ ਕਿਹਾ ਕਿ ਜੂਨ 2024 ਵਿਚ ਏ ਡੀ ਓ ਦਾ ਪੇਪਰ ਲੀਕ ਹੋਇਆ ਤੇ ਦਸੰਬਰ 2025 ਵਿਚ ਐਸ ਐਸ ਐਸ ਬੋਰਡ ਵੱਲੋਂ ਲਏ ਪੇਪਰ ਲੀਕ ਹੋਏ ਤੇ ਹੁਣ ਫਾਰਮੇਸੀ ਅਫਸਰ ਦੇ ਪ੍ਰੀਖਿਆ ਪੇਪਰ ਲੀਕ ਹੋ ਗਏ ਹਨ।
ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀਵਾਰ ਨਹੀਂ ਹੈ ਜਦੋ਼ ਆਪ ਨੇ ਮਾਮਲੇ ’ਤੇ ਦੋਗਲੇ ਮਿਆਰ ਅਪਣਾਏ ਹੋਣ। ਉਹਨਾਂ ਕਿਹਾ ਕਿ ਪਹਿਲਾਂ ਆਪ ਸਰਕਾਰ ਨੇ ਦਾਗੀ ਮੰਤਰੀ ਹਟਾਉਣ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਹੁੰਦਿਆਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਵੁਹਨਾਂ ਕਿਹਾ ਕਿ ਪਾਰਟੀ ਆਉਂਦੇ ਦਿਨਾਂ ਵਿਚ ਇਹ ਮਾਮਲਾ ਲੋਕਾਂ ਤੱਕ ਲੈ ਕੇ ਜਾਵੇਗੀ ਅਤੇ ਆਪ ਸਰਕਾਰ ਵੱਲੋਂ ਵਾਰ-ਵਾਰ ਪੇਪਰ ਲੀਕ ਕਰਨ ਕਾਰਨ ਇਕ ਪੀੜੀ ਦਾ ਭਵਿੱਖ ਖ਼ਤਰੇ ਵਿਚ ਪਾਉਣ ਨੂੰ ਬੇਨਕਾਬ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button