Press ReleasePunjabTop News

ਪੀ.ਏ.ਯੂ. ਵਿੱਚ 56ਵੀਂ ਐਥਲੈਟਿਕ ਮੀਟ ਜੋਸ਼-ਖਰੋਸ਼ ਨਾਲ ਸ਼ੁਰੂ ਹੋਈ, ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਨੇ ਕੀਤਾ ਉਦਘਾਟਨ

ਲੁਧਿਆਣਾ, 20 ਅਪ੍ਰੈਲ 2023 : ਪੀ.ਏ.ਯੂ. ਦੇ ਖੇਡ ਸਟੇਡੀਅਮ ਵਿੱਚ ਅੱਜ 56ਵੀਂ ਐਥਲੈਟਿਕ ਮੀਟ ਸ਼ੁਰੂ ਹੋਈ | ਇਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਸ਼ਾਮਿਲ ਹੋਏ | ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਸ. ਮੀਤ ਹੇਅਰ ਨੇ ਝੰਡਾ ਝੁਲਾ ਕੇ ਐਥਲੈਟਿਕ ਮੀਟ ਦਾ ਆਰੰਭ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ |ਇਹਨਾਂ ਖੇਡਾਂ ਵਿੱਚ ਪੀ.ਏ.ਯੂ. ਦੇ ਪੰਜ ਕਾਲਜਾਂ ਅਤੇ ਦੋ ਬਾਹਰੀ ਸੰਸਥਾਵਾਂ ਦੇ ਖਿਡਾਰੀ ਟਰੈਕ ਐਂਡ ਫੀਲਡ ਈਵੈਂਟਸ ਵਿੱਚ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਹਨ |

ਉਦਘਾਟਨੀ ਭਾਸ਼ਣ ਵਿੱਚ ਸ. ਮੀਤ ਹੇਅਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਅੱਜ ਉਸ ਯੂਨੀਵਰਸਿਟੀ ਦੇ ਖੇਡ ਸਮਾਰੋਹ ਦਾ ਹਿੱਸਾ ਬਣ ਰਹੇ ਹਨ ਜਿਸਨੇ ਪੰਜਾਬ ਦੀ ਖੇਤੀ ਨੂੰ ਫਰਸ਼ ਤੋਂ ਅਰਸ਼ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਦੋਂ ਸਾਡਾ ਦੇਸ਼ ਅਨਾਜ ਸੰਕਟ ਨਾਲ ਜੂਝ ਰਿਹਾ ਸੀ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਕਣਕ ਮੰਗਵਾ ਕੇ ਆਪਣੇ ਨਾਗਰਿਕਾਂ ਦਾ ਢਿੱਡ ਭਰ ਰਿਹਾ ਸੀ ਤਾਂ ਪੀ.ਏ.ਯੂ. ਨੇ ਉੱਨਤ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਅਤੇ ਪੰਜਾਬ ਦੇ ਖੇਤੀ ਖੇਤਰ ਨੂੰ ਮੋਹਰੀ ਸੂਬਾ ਬਣਾਇਆ | ਖੇਡ ਮੰਤਰੀ ਨੇ ਕਿਹਾ ਕਿ ਖੇਤੀ ਦੇ ਨਾਲ-ਨਾਲ ਸਾਹਿਤ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਇਸ ਸੰਸਥਾ ਨੇ ਦੇਸ਼ ਨੂੰ ਭਰਪੂਰ ਯੋਗਦਾਨ ਦਿੱਤਾ |

ਉਹਨਾਂ ਕਿਹਾ ਕਿ ਦੇਸ਼ ਦੀ ਹਾਕੀ ਟੀਮ ਨੂੰ ਤਿੰਨ ਓਲੰਪਿਕ ਕਪਤਾਨ ਦੇਣ ਵਾਲੀ ਇਹ ਦੇਸ਼ ਦੀ ਹੀ ਨਹੀਂ ਸ਼ਾਇਦ ਦੁਨੀਆਂ ਦੀ ਵੀ ਇਕ ਮਾਤਰ ਯੂਨੀਵਰਸਿਟੀ ਹੈ | ਸ. ਮੀਤ ਹੇਅਰ ਨੇ ਕਿਹਾ ਕਿ ਇਹਨਾਂ ਕਪਤਾਨਾਂ ਦੇ ਬੁੱਤ ਸਥਾਪਿਤ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਣ |

ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਨਾਲ ਵਿਅਕਤੀ ਦੀ ਸਖਸ਼ੀਅਤ ਨੂੰ ਸਰੀਰਕ, ਮਾਨਸਿਕ ਅਤੇ ਬੌਧਿਕ ਪਰਿਪੱਕਤਾ ਪ੍ਰਾਪਤ ਹੁੰਦੀ ਹੈ | ਉਹਨਾਂ ਕਿਹਾ ਕਿ ਸੰਸਥਾਵਾਂ ਵਿੱਚੋਂ ਪੜ•ਾਈ ਪੂਰੀ ਕਰਨ ਤੋਂ ਬਾਅਦ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਪਲ ਸਾਰੀ ਉਮਰ ਲਈ ਯਾਦਾਂ ਵਿੱਚ ਵੱਸ ਜਾਂਦੇ ਹਨ | ਸਰਕਾਰ ਦੀ ਖੇਡ ਨੀਤੀ ਬਾਰੇ ਬੋਲਦਿਆਂ ਸ. ਮੀਤ ਹੇਅਰ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਦੇਸ਼ ਵਿੱਚ ਮੁੜ ਤੋਂ ਖੇਡਾਂ ਦੇ ਖੇਤਰ ਦਾ ਸਿਰਮੌਰ ਸੂਬਾ ਬਣੇਗਾ ਇਸਦੀ ਜ਼ਿੰਮੇਵਾਰੀ ਨਵੇਂ ਖਿਡਾਰੀਆਂ ਸਿਰ ਹੈ | ਉਹਨਾਂ ਕਿਹਾ ਕਿ ਉਹ ਐਨੇ ਪ੍ਰਭਾਵਿਤ ਹੋਏ ਹਨ ਕਿ ਹਰ ਸਾਲ ਇਸ ਐਥਲੈਟਿਕ ਮੀਟ ਵਿੱਚ ਸ਼ਾਮਿਲ ਹੋਣ ਦਾ ਵਾਅਦਾ ਕਰਦੇ ਹਨ |

ਸ. ਮੀਤ ਹੇਅਰ ਨੇ ਐਥਲੈਟਿਕ ਮੀਟ ਦੀ ਸ਼ੁਰੂਆਤ ਦਾ ਐਲਾਨ ਕੀਤਾ |

 

 

ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ. ਦੀ ਸਥਾਪਨਾ 1962 ਵਿੱਚ ਹੋਈ ਸੀ ਅਤੇ ਇਹ ਸੰਸਥਾਂ ਦੀ 56ਵੀਂ ਐਥਲੈਟਿਕ ਮੀਟ ਹੈ | ਉਹਨਾਂ ਖੇਡ ਮੰਤਰੀ ਲਈ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਖੇਡ ਮੰਤਰੀ ਨੂੰ ਰੋਲ ਮਾਡਲ ਮੰਨਣਾ ਚਾਹੀਦਾ ਹੈ ਜੋ ਖੇਡਾਂ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਿਣ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਤਿੰਨ ਹਾਕੀ ਕਪਤਾਨ ਓਲੰਪਿਕ ਵਿੱਚ ਦੇਸ਼ ਨੂੰ ਦਿੱਤੇ ਜਿਨ•ਾਂ ਵਿੱਚ ਸ. ਪ੍ਰਿਥੀਪਾਲ ਸਿੰਘ ਰੰਧਾਵਾ, ਸ. ਚਰਨਜੀਤ ਸਿੰਘ ਅਤੇ ਸ. ਰਮਨਦੀਪ ਸਿੰਘ ਗਰੇਵਾਲ ਸਨ | ਇਹਨਾਂ ਤਿੰਨਾਂ ਕਪਤਾਨਾਂ ਦੇ ਸਨਮਾਨ ਵਿੱਚ ਪੀ.ਏ.ਯੂ. ਵਿੱਚ ਓਲੰਪਿਕ ਮਾਰਗ ਸਥਾਪਿਤ ਕੀਤਾ ਗਿਆ ਹੈ |

ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਕੋਲ ਠੋਸ ਖੇਡ ਬੁਨਿਆਦੀ ਢਾਂਚਾ ਹੈ ਅਤੇ ਖਿਡਾਰੀਆਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੇਡ ਪ੍ਰਾਪਤੀਆਂ ਕੀਤੀਆਂ ਹਨ | ਡਾ. ਗੋਸਲ ਨੇ ਕਿਹਾ ਕਿ ਖੇਡਾਂ ਨੇ ਮਨੁੱਖ ਨੂੰ ਅਨੁਸ਼ਾਸਨ ਵਿੱਚ ਰਹਿ ਕਿ ਬਿਹਤਰ ਜੀਵਨ ਨੂੰ ਉਸਾਰਨ ਵਾਲਾ ਬਨਾਉਣਾ ਹੁੰਦਾ ਹੈ | ਅਕਾਦਮਿਕ ਜੀਵਨ ਵਿੱਚ ਵੀ ਖੇਡ ਪ੍ਰਾਪਤੀਆਂ ਸਹਾਇਕ ਸਿੱਧ ਹੁੰਦੀਆਂ ਹਨ | ਉਹਨਾਂ ਨੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਟੀਮ ਨੂੰ ਐਥਲੈਟਿਕ ਮੀਟ ਦੇ ਕਾਮਯਾਬ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੀ.ਏ.ਯੂ. ਨੇ ਆਪਣੇ ਸਾਬਕਾ ਖੇਡ ਉਸਤਾਦਾਂ ਦੇ ਯੋਗਦਾਨ ਨੂੰ ਯਾਦ ਰੱਖਿਆ ਹੈ ਇਸਲਈ ਅੱਜ ਚਾਰ ਮਹਾ ਕੋਚਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ |

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹੇ | ਉਹਨਾਂ ਕਿਹਾ ਕਿ ਖੇਤੀ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਨੇ ਖੇਡ ਪ੍ਰਾਪਤੀਆਂ ਕੀਤੀਆਂ ਹਨ | ਅੰਤਰ ਵਰਸਿਟੀ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਹਾਸਲ ਕੀਤੀਆਂ ਸ਼ਾਨਦਾਰ ਜਿੱਤਾਂ ਦਾ ਵੇਰਵਾ ਦਿੰਦਿਆਂ ਨਿਰਮਲ ਜੌੜਾ ਨੇ ਕਿਹਾ ਕਿ ਇਹ ਵਿਦਿਆਰਥੀ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਹੋਣ ਦੇ ਬਾਵਜੂਦ ਖੇਡਾਂ ਦੇ ਖੇਤਰ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ | ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਖੇਡ ਸਿਖਲਾਈ ਲਈ ਯੋਗਦਾਨ ਦੇਣ ਵਾਲੇ ਕੋਚਾਂ ਨੂੰ ਸਨਮਾਨਿਤ ਕਰਕੇ ਆਪਣੀ ਵਿਰਾਸਤ ਨੂੰ ਸਨਮਾਨਿਆ ਹੈ |

ਇਸ ਮੌਕੇ ਹਾਕੀ ਕੋਚ ਸ. ਹਰਿੰਦਰ ਸਿੰਘ ਭੁੱਲਰ, ਐਥਲੈਟਿਕਸ ਕੋਚ ਸ. ਕਿਰਪਾਲ ਸਿੰਘ ਕਾਹਲੋ (ਬਾਈ ਜੀ), ਐਥਲੈਟਿਕਸ ਕੋਚ ਸ. ਹਰਭਜਨ ਸਿੰਘ ਗਰੇਵਾਲ ਅਤੇ ਵਾਲੀਵਾਲ ਕੋਚ ਸ. ਗੁਰਚਰਨ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ |
ਡਾ. ਵਿਸ਼ਾਲ ਬੈਕਟਰ ਨੇ ਸਮਾਰੋਹ ਦਾ ਸੰਚਾਲਨ ਕੀਤਾ|

ਨਤੀਜੇ

ਮਰਦ ਸੈਕਸ਼ਨ

ਉੱਚੀ ਛਾਲ : 1) ਹਰਵਿੰਦਰ ਸਿੰਘ (ਬਾਗਬਾਨੀ ਅਤੇ ਜੰਗਲਾਤ ਕਾਲਜ), 2) ਅਜੇਵੀਰ ਸਿੰਘ ਸੋਹੀ (ਬਾਗਬਾਨੀ ਅਤੇ ਜੰਗਲਾਤ ਕਾਲਜ), 3) ਗੁਰਜੋਤ ਸਿੰਘ ਭੱਟੀ (ਖੇਤੀਬਾੜੀ ਕਾਲਜ)
ਟ੍ਰਿਪਲ ਜੰਪ: 1) ਸਾਹਿਲ (ਖੇਤੀਬਾੜੀ ਕਾਲਜ) , 2) ਹਰਵਿੰਦਰ ਸਿੰਘ (ਬਾਗਬਾਨੀ ਅਤੇ ਜੰਗਲਾਤ ਕਾਲਜ), 3) ਅਰਸਦੀਪ ਸਿੰਘ (ਖੇਤੀ ਇੰਜਨੀਅਰਿੰਗ ਕਾਲਜ)
110 ਮੀਟਰ ਹਰਡਲ ਦੌੜ: 1) ਅਰਸ਼ਦੀਪ ਸਿੰਘ (ਖੇਤੀਬਾੜੀ ਕਾਲਜ), 2) ਰਮੇਸ਼ (ਖੇਤੀਬਾੜੀ ਕਾਲਜ), 3) ਹਰਵਿੰਦਰ ਸਿੰਘ (ਬਾਗਬਾਨੀ ਅਤੇ ਜੰਗਲਾਤ ਕਾਲਜ) |
400 ਮੀਟਰ ਹਰਡਲ ਦੌੜ: 1) ਅਰਸ਼ਦੀਪ ਸਿੰਘ (ਖੇਤੀਬਾੜੀ ਕਾਲਜ), 2) ਰਮੇਸ਼ (ਖੇਤੀਬਾੜੀ ਕਾਲਜ), 3) ਹਰਵਿੰਦਰ ਸਿੰਘ (ਬਾਗਬਾਨੀ ਅਤੇ ਜੰਗਲਾਤ ਕਾਲਜ) |
5000 ਮੀਟਰ ਦੌੜ: 1) ਜਸਨਦੀਪ ਸਿੰਘ ਸੰਧੂ (ਖੇਤੀ ਇੰਜਨੀਅਰਿੰਗ ਕਾਲਜ), 2) ਵਾਸੂਦੇਵ (ਖੇਤੀਬਾੜੀ ਕਾਲਜ), 3) ਅਨੁਜ ਸ਼ਰਮਾ (ਖੇਤੀ ਇੰਜਨੀਅਰਿੰਗ ਕਾਲਜ)
ਜੈਵਲਿਨ ਥਰੋ: 1) ਅਨਮੋਲ ਬਿਸ਼ਨੋਈ (ਖੇਤੀਬਾੜੀ ਕਾਲਜ), 2) ਪਰਮਵੀਰ ਸਿੰਘ (ਬੇਸਿਕ ਸਾਇੰਸਜ਼ ਕਾਲਜ), 3) ਹਰਜੋਧ ਸਿੰਘ (ਬੇਸਿਕ ਸਾਇੰਸਜ਼ ਕਾਲਜ) |
ਡਿਸਕਸ ਥਰੋ: 1) ਅਜੀਤੇਸ਼ ਸਿੰਘ ਚਾਹਲ (ਖੇਤੀਬਾੜੀ ਕਾਲਜ) , 2) ਰਿਸ਼ਵ (ਖੇਤੀਬਾੜੀ ਕਾਲਜ), 3) ਤਰਨਵੀਰ ਸਿੰਘ (ਬੇਸਿਕ ਸਾਇੰਸਜ਼ ਕਾਲਜ)
ਤੀਹਰੀ ਛਾਲ: 1) ਸਾਹਿਲ (ਖੇਤੀਬਾੜੀ ਕਾਲਜ), 2) ਹਰਵਿੰਦਰ ਸਿੰਘ (ਬਾਗਬਾਨੀ ਕਾਲਜ), 3) ਅਰਸ਼ਦੀਪ ਸਿੰਘ (ਖੇਤੀ ਇੰਜਨੀਅਰਿੰਗ ਕਾਲਜ
100 ਮੀਟਰ ਦੌੜ: 1) ਹਰਸ਼ਾਨ ਸਿੰਘ (ਬਾਗਬਾਨੀ ਕਾਲਜ), 2) ਅਰਸਦੀਪ ਸਿੰਘ (ਖੇਤੀਬਾੜੀ ਕਾਲਜ), 3) ਰਮਨੀਤ ਸਿੰਘ (ਬੇਸਿਕ ਸਾਇੰਸਜ਼ ਕਾਲਜ)
1500 ਮੀਟਰ ਫਾਈਨਲ ਦੌੜ: 1) ਜਸਨਦੀਪ ਸਿੰਘ ਸੰਧੂ (ਖੇਤੀ ਇੰਜਨੀਅਰਿੰਗ ਕਾਲਜ), 2) ਵਾਸੂਦੇਵ (ਖੇਤੀਬਾੜੀ ਕਾਲਜ), 3) ਅਨੁਜ ਸਰਮਾ (ਖੇਤੀ ਇੰਜਨੀਅਰਿੰਗ ਕਾਲਜ)

ਮਹਿਲਾ ਸੈਕਸ਼ਨ

1500 ਮੀਟਰ ਦੌੜ:  1) ਹਰਮੀਤ ਕੌਰ (ਬੇਸਿਕ ਸਾਇੰਸਜ਼ ਕਾਲਜ), 2) ਪਰਤੀਕ ਕੌਰ (ਬਾਗਬਾਨੀ ਕਾਲਜ), 3) ਅਨੀਤਾ (ਬੇਸਿਕ ਸਾਇੰਸਜ਼ ਕਾਲਜ)
ਜੈਵਲਿਨ ਥਰੋ: 1) ਸੁਸ਼ੀਲ ਗਰੇਵਾਲ, 2) ਅਕੀਮ ਕੌਰ ਵੜੈਚ, 3) ਦਿਵਿਆ ਗੁਪਤਾ (ਤਿੰਨੇ ਖੇਤੀਬਾੜੀ ਕਾਲਜ)
ਉੱਚੀ ਛਾਲ: 1) ਹਰਲੀਨ ਕੌਰ (ਕਮਿਊਨਟੀ ਸਾਇੰਸ ਕਾਲਜ), 2) ਮੁਸਕਾਨ ਸ਼ਰਮਾ, 3) ਅਮਨਦੀਪ ਕੌਰ ਸੇਖੋਂ (ਦੋਵੇਂ ਖੇਤੀਬਾੜੀ ਕਾਲਜ)
ਸ਼ਾਟ ਪੁਟ: 1) ਜਸਲੀਨ ਕੌਰ (ਕਮਿਊਨਟੀ ਸਾਇੰਸ ਕਾਲਜ), 2) ਹਰਲੀਨ ਕੌਰ (ਕਮਿਊਨਟੀ ਸਾਇੰਸ ਕਾਲਜ), 3) ਜਸਨੂਰ ਟਿਵਾਣਾ (ਬੇਸਿਕ ਸਾਇੰਸਜ਼ ਕਾਲਜ)
100 ਮੀਟਰ ਦੌੜ: 1) ਹਰਲੀਨ ਕੌਰ (ਕਮਿਊਨਟੀ ਸਾਇੰਸ ਕਾਲਜ), 2) ਹਰੀਤਾ ਐੱਮ. (ਕਮਿਊਨਟੀ ਸਾਇੰਸ ਕਾਲਜ), 3) ਚੇਤਨਾ ਦੇਵੀ (ਬਾਗਬਾਨੀ ਕਾਲਜ)
800 ਮੀਟਰ ਦੌੜ: 1) ਹਰਮੀਤ ਕੌਰ (ਬੇਸਿਕ ਸਾਇੰਸਜ਼ ਕਾਲਜ), 2) ਪਰਤੀਕ ਕੌਰ (ਬਾਗਬਾਨੀ ਕਾਲਜ),  3) ਅਰੁੰਧਤੀ ਡੋਗਰਾ (ਖੇਤੀਬਾੜੀ ਕਾਲਜ)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button