
ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਸਰਹੱਦੀ ਪਿੰਡ ਜੱਟਾ ਵਿਖੇ ਇੱਕ ਘਰ ਵਿੱਚ ਹੋਏ ਦੋ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਨੌਜਵਾਨਾਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਰਿਮਾਂਡ ਦੌਰਾਨ ਦੋਵਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕਰੇਗੀ।
ਜਾਣਕਾਰੀ ਮੁਤਾਬਕ ਪਿੰਡ ਜੱਟਾ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਬੰਬ ਧਮਾਕੇ ਕੀਤੇ ਗਏ ਸਨ। ਇਸ ਸਬੰਧੀ ਥਾਣਾ ਰਮਦਾਸ ਦੀ ਪੁਲਿਸ ਵੱਲੋਂ ਗੈਂਗਸਟਰ ਹੈਪੀ ਪਸ਼ੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਬੰਬ ਸੁੱਟਣ ਦੀ ਵਾਰਦਾਤ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਕਾਬੂ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਵਿਸ਼ਵਾਸਪ੍ਰੀਤ ਸਿੰਘ ਵਾਸੀ ਪਿੰਡ ਅਲੀਵਾਲ ਅਤੇ ਉਸਦਾ ਇੱਕ ਹੋਰ ਸਾਥੀ ਸ਼ਾਮਲ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਮਾਮਲੇ ਦੀ ਜਾਂਚ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਲਜ਼ਮਾਂ ਦੇ ਵਕੀਲ ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ਦੱਸਿਆ ਕਿ ਅੱਜ ਦੋਵਾਂ ਮੁਲਜ਼ਮਾਂ ਨੂੰਮਾਣਯੋਗ ਸ਼੍ਰੀਮਤੀ ਚਤਨਾ ਭੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥਾਣਾ ਰਮਦਾਸ ਵਿੱਚ ਦਰਜ ਮਾਮਲੇ ਵਿੱਚ ਪੁਲਿਸ ਨੇ ਦੋਵਾਂ ਨੌਜਵਾਨਾਂ ’ਤੇ ਬੰਬ ਧਮਾਕੇ ਦੀ ਵਾਰਦਾਤ ਵਿੱਚ ਸ਼ਮੂਲੀਅਤ ਦੇ ਦੋਸ਼ ਲਗਾਏ ਹਨ।
ਵਕੀਲ ਮੁਤਾਬਕ ਪੁਲਿਸ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਜਾਂਚ ਦੌਰਾਨ ਵਿਸ਼ਵਾਸਪ੍ਰੀਤ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਦੀ ਇਸ ਵਾਰਦਾਤ ਵਿੱਚ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਅਤੇ ਮਾਮਲੇ ਵਿੱਚ ਹੋਰ ਖੁਲਾਸਿਆਂ ਲਈ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ। ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਲਜ਼ਮਾਂ ਦੇ ਹੱਕ ਵਿੱਚ ਅਦਾਲਤ ਸਾਹਮਣੇ ਦਲੀਲਾਂ ਪੇਸ਼ ਕੀਤੀਆਂ ਗਈਆਂ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਪੁਲਿਸ ਨੂੰ 10 ਦਿਨ ਦੀ ਬਜਾਏ 5 ਦਿਨ ਦਾ ਰਿਮਾਂਡ ਦਿੱਤਾ। ਵਕੀਲ ਨੇ ਇਹ ਵੀ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਕਿਸੇ ਖ਼ਾਸ ਬਰਾਮਦਗੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੋਰ ਪੁੱਛਗਿੱਛ ਅਤੇ ਮਾਮਲੇ ਨਾਲ ਜੁੜੇ ਹੋਰ ਖੁਲਾਸਿਆਂ ਲਈ ਰਿਮਾਂਡ ਹਾਸਲ ਕੀਤਾ ਹੈ। ਹੁਣ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ 30 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਰਿਮਾਂਡ ਦੌਰਾਨ ਬੰਬ ਧਮਾਕੇ ਦੀ ਵਾਰਦਾਤ, ਮੁਲਜ਼ਮਾਂ ਦੀ ਕਥਿਤ ਭੂਮਿਕਾ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




