ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਖਰੀਦੋ-ਫ਼ਰੋਖਤ ਕਰਨ ਵਾਸਤੇ ਪਾਕਿਸਤਾਨ ਵੱਲੋਂ ਮਾਰਕੀਟ ਕੰਪਲੈਕਸ ਦਾ ਨਿਰਮਾਣ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ 9 ਨਵੰਬਰ 2019 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੌਰਾਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਲਾਂਘਾ ਖੋਲ੍ਹਿਆ ਗਿਆ ਸੀ।
ਉਸ ਸਮੇਂ ਤੋਂ ਹੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਲੰਗਰ ਹਾਲ ਦੇ ਨਾਲ ਹੀ ਛੋਟੀ ਅਜਿਹੀ ਮਾਰਕੀਟ ਵਿੱਚ ਬਣਾਈਆਂ ਗਈਆਂ ਆਰਜ਼ੀ ਛੋਟੀਆਂ-ਛੋਟੀਆਂ ਦੁਕਾਨਾਂ ਵਿੱਚ ਪਾਕਿਸਤਾਨੀ ਕੱਪੜੇ, ਡਰਾਈ ਫਰੂਟ, ਸ਼ੋਅ ਪੀਸ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਬਣਾਈਆਂ ਗਈਆਂ ਸਨ।ਸ਼ਰਧਾਲੂਆਂ ਦੇ ਖ਼ਰੀਦੋ ਫ਼ਰੋਖਤ ਕਰਨ ਵਾਸਤੇ ਬਣਾਏ ਜਾ ਰਹੇ ਮਾਰਕੀਟ ਕੰਪਲੈਕਸ ਵਿੱਚ ਆਲੀਸ਼ਾਨ ਦੁਕਾਨਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਦਾ ਰੰਗ ਰੋਗਨ ਹੋਣਾ ਅਜੇ ਬਾਕੀ ਹੈ। ਸ਼ਰਧਾਲੂਆਂ ਨੇ ਇਹ ਦੱਸਿਆ ਕਿ ਭਾਵੇਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਸਮੇਂ ਭਾਰਤ ਕਰੰਸੀ ਦਾ ਇਕ ਰੁਪਏ ਦਾ ਰੇਟ ਪਾਕਿਸਤਾਨ ਕਰੰਸੀ ਤੋਂ ਤਿੰਨ ਰੁਪਏ ਤੋਂ ਵੱਧ ਹੈ ਪਰੰਤੂ ਪਾਕਿਸਤਾਨ ਵਾਲੇ ਪਾਸੇ ਅੱਤ ਦੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੋਂ ਕੋਈ ਨਾ ਕੋਈ ਵਸਤੂ ਯਾਦਗਾਰ ਵਜੋਂ ਖਰੀਦ ਕੇ ਭਾਰਤੀ ਖੇਤਰ ਵਿੱਚ ਲਿਆ ਰਹੇ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਇਸ ਪਵਿੱਤਰ ਧਰਤੀ ’ਤੇ ਸੁਸ਼ੋਭਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਸਵੇਰੇ-ਸ਼ਾਮ ਬਾਣ ਦੇ ਪਾਠ ਅਤੇ ਕੀਰਤਨ ਹੁੰਦੇ ਹਨ ਜਦਕਿ 11 ਅਤੇ 2 ਵਜੇ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀਆਂ ਅਰਦਾਸਾਂ ਅਤੇ ਹੁਕਮਨਾਮਾ ਹੀ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਪਾਠੀ ਸਿੰਘਾਂ ਵੱਲੋਂ ਲਿਆ ਜਾਂਦਾ ਹੈ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਗੁਰੂਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਲਗਾਤਾਰ ਕੀਰਤਨ ਕੀਤਾ ਜਾਵੇ ਤਾਂ ਜੋ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੀਆਂ ਨਾਨਕ ਨਾਮ ਲੇਵਾ ਸੰਗਤਾਂ ਕੀਰਤਨ ਦਾ ਆਨੰਦ ਲੈ ਸਕਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.