Opinion

ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ : ਦਰੋਪਦੀ ਮੁਰਮੂ

ਉਜਾਗਰ ਸਿੰਘ

ਦੇਸ਼ ਦੇ ਸਰਬਉਚ ਅਹੁਦੇ ‘ਤੇ ਪਹੁੰਚਣ ਵਾਲੀ ਸ਼੍ਰੀਮਤੀ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਹੋਵੇਗੀ। ਉਹ ਭਾਰਤ ਦੀ 15ਵੀਂ ਰਾਸ਼ਟਰਪਤੀ ਹੈ। ਉਸਨੇ ਯੂ ਪੀ ਏ ਦੇ ਉਮੀਦਵਾਰ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ 2 ਲੱਖ 96 ਹਜ਼ਾਰ 626 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਉਹ ਐਨ ਡੀ ਏ ਦੇ ਸਾਂਝੇ ਉਮੀਦਵਾਰ ਸਨ। ਸ਼੍ਰੀਮਤੀ ਦਰੋਪਦੀ ਮੁਰਮੂ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਰਹੇ ਹਨ।  ਰਾਸ਼ਟਰਪਤੀ ਦੀ ਚੋਣ ਲਈ ਵੋਟਾਂ18 ਜੁਲਾੲਂੀ 2022 ਨੂੰ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋਈ ਹੈ।

ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ  ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ।

ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਦੀ ਉਹ ਪਹਿਲੀ ਇਸਤਰੀ ਰਾਸ਼ਟਰਪਤੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਆਪਣੇ ਗ੍ਰਹਿ ਜਨਪਦ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ  ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਹਾਸਲ ਕੀਤੀ।  ਉਨ੍ਹਾਂ ਨੇ ਸਿੰਜਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਦੀ ਨੌਕਰੀ ਵੀ ਕੀਤੀ। 1994 ਤੋਂ 1997 ਤੱਕ ਉਨ੍ਹਾਂ ਨੈ ਰਾਏਰੰਗਪੁਰ ਦੇ ਸ੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਸੈਂਟਰ ‘ਚ ਆਨਰੇਰੀ ਐਸਿਸਟੈਂਟ ਅਧਿਆਪਕ ਦੇ ਤੋ+ ‘ਤੇ ਸੇਵਾਵਾਂ ਵੀ ਦਿੱਤੀਆਂ ਸਨ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ।

2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ‘‘ਨੀਲਕੰਠ ਪੁਰਸਕਾਰ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ।  64 ਸਾਲਾ ਸ਼੍ਰੀਮਤੀ ਦਰੋਪਦੀ ਮੁਰਮੂ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਣ ਵਾਲੀ ਦੂਜੀ ਇਸਤਰੀ ਹਨ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਦਾ ਆਖ਼ਰੀ ਦਿਨ 24 ਜੁਲਾਈ 2022 ਹੈ।  ਸ਼੍ਰੀਮਤੀ ਦਰੋਪਦੀ ਮੁਰਮੂ 25 ਜੁਲਾਈ ਨੂੰ ਆਪਣੇ ਅਹੁਦੇ ਦੀ ਸੌਂਹ ਚੁੱਕਣਗੇ।

ਉਹ ਬੇਹੱਦ ਮੁਸ਼ਕਲਾਂ ਵਿੱਚੋਂ ਲੰਘ ਕੇ ਰਾਏਸਿਨਾ ਹਿਲਜ਼ ਤੱਕ ਪਹੁੰਚੇ ਹਨ। ਉਨ੍ਹਾਂ ਦੇ ਪਤੀ ਸ਼ਿਆਮ ਚਰਣ ਮਰਮੂ ਦਾ 2014 ਵਿੱਚ ਦੇਹਾਂਤ ਹੋ ਗਿਆ ਸੀ। ਉਹ ਆਦੀਵਾਸੀ ਜਾਤੀ ਸਮੂਹ ਸੰਥਾਲ ਨਾਲ ਸੰਬੰਧ ਰੱਖਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਡੀਟੇਸ਼ਨ ਕਰਨ ਲੱਗ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਦੀ ਚੋਣ ਕਰਕੇ ਆਦੀਵਾਸੀ ਸ਼ਖ਼ਸੀਅਤ ਨੂੰ ਵੱਡਾ ਮਾਣ ਦਿੱਤਾ ਹੈ। ਇਸ ਸਿਆਣਪ ਦਾ ਅਸਰ ਭਾਰਤੀ ਜਨਤਾ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਦਿਖਣ ਨੂੰ ਮਿਲੇਗਾ।  ਦੇਸ਼ ਵਿੱਚ ਵੱਖ-ਵੱਖ ਕਬੀਲਿਆਂ  ਨਾਲ ਸੰਬੰਧਤ 10 ਕਰੋੜ ਤੋਂ ਵਧੇਰੇ ਵਸੋਂ ਹੈ। ਇਹ ਚੋਣ ਦੂਰ ਦਰਾਜ ਇਲਾਕਿਆਂ  ਦੇ ਕਬੀਲਿਆਂ ਨੂੰ ਦੇਸ਼ ਨਾਲ ਜੋੜਨ ਦੇ ਸਮਰੱਥ ਹੋਵੇਗੀ। ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ।

ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ।

ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ,  ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ।

ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਈ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ।

ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ।

ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ।

ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ।  ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਕੇ ਆਪਣੇ ਹੱਥ ਮਜ਼ਬੂਤ ਕੀਤੇ ਹਨ ਕਿਉਂਕਿ ਉਹ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button