ਪਹਿਲਾਂ ਪੰਜਾਬ ਬਚਾਓ ਫਿਰ ਸਿਆਸੀ ਕਬੱਡੀ ਪਾਓ

ਇੰਦਰਾ ਗਾਂਧੀ ਦੇ1984 ਵਿੱਚ ਹੋਏ ਕਤਲ ਮਗਰੋਂ ਦਿੱਲੀ ‘ਚ ਹੋਈ ਸਿਖ ਨਸਲਕੁਸ਼ੀ ਬਾਰੇ ਸੁਰਜੀਤ ਪਾਤਰ ਨੇ ਇਕ ਨਜ਼ਮ ਲਿਖੀ ਸੀ;
ਲੱਗੀ ਨਜ਼ਰ ਪੰਜਾਬ ਨੂੰ
ਏਹਦੀ ਨਜ਼ਰ ਉਤਾਰੋ
ਲੈਕੇ ਮਿਰਚਾਂ ਕੌੜੀਆਂ
ਏਹਦੇ ਸਿਰ ਤੋਂ ਵਾਰੋ…
ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ ਹੁਣ ਬਣ ਰਹੇ ਹਨ ਜਿਨ੍ਹਾਂ ਕਾਰਨ ਅੱਗ ਪੰਜਾਬ ਤੋਂ ਦੇਸ਼ ਦੀ ਰਾਜਧਾਨੀ ਤੱਕ ਪਹੁੰਚ ਗਈ ਸੀ। ਅੱਜ 44 ਸਾਲਾਂ ਮਗਰੋਂ ਫਿਰ ਪੰਜਾਬ ਦੇ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਬਣਾਉਣ ਲਈ ਸਮਾਜ ਅਤੇ ਪੰਜਾਬ ਵਿਰੋਧੀ ਸਕਤੀਆਂ ਸਰਗਰਮ ਹਨ ਜੋ ਅੰਮ੍ਰਿਤਸਰ ਵਿੱਚ 13 ਅਪ੍ਰੈਲ, 1978 ਦੀ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਅਤੇ ਅਖੰਡ ਕੀਰਤਨੀਏ ਜਥੇ ਦਰਮਿਆਨ ਹੋਈਆ ਖੂਨੀ ਝੜਪਾਂ ਸਮੇਂ ਬਣਾਏ ਗਏ ਸਨ ; 13 ਸਿੱਖ ਕਤਲ ਹੋਏ ਸਨ ਉਸ ਵੇਲੇ। ਉਸ ਮਗਰੋਂ ਪੰਜਾਬ ਦੇ ਹਾਲਾਤ ਵਿਗੜਦੇ ਹੀ ਗਏ ਅਤੇ ਕੇਂਦਰ ਸਰਕਾਰ ਨੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਹਜ਼ਾਰ ਤੋਂ ਵੀ ਵੱਧ ਸਿੱਖ ਸ਼ਰਧਾਲੂ ਮਾਰੇ ਗਏ। ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਰਹਿ ਕਿ ਪੰਜਾਬ ਵਿੱਚ ਕਥਿਤ ਤੌਰ ‘ਤੇ ਹਿੰਸਕ ਸਰਗਰਮੀਆਂ ਚਲਾ ਰਹੇ ਸਨ।
ਉਸ ਵਕਤ ਹਜ਼ਾਰਾਂ ਹੀ ਨਿਰਦੋਸ਼ੇ ਹਿੰਦੂ ਅਤੇ ਸਿੱਖ ਮਾਰੇ ਗਏ। ਕੁਝ ਅੱਤਵਾਦੀਆਂ ਨੇ ਮਾਰੇ ਅਤੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਪੁਲਿਸ ਨੇ ਕਥਿਤ ਰੂਪ ਵਿੱਚ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ। ਪੰਜਾਬ ਵਿੱਚ ਫਿਰਕੂ ਹਿੰਸਾ, ਨਜ਼ਾਇਜ਼ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਗੂੰਜ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪਈ।
ਤਕਰੀਬਨ ਪਿਛਲੇ 25 ਕੁ ਸਾਲਾਂ ਤੋਂ ਪੰਜਾਬ ਮੁੜ ਲੀਹਾ ਤੇ ਆਉਣ ਹੀ ਲੱਗਾ ਸੀ ਕਿ ਹੁਣ ਫਿਰ ਕਿਸੇ ਨੇ ਸੇਹ ਦਾ ਤੱਕਲਾ ਲਿਆ ਗੱਡਿਆ ਹੈ ; ਸਰਹੱਦ ਪਾਰੋਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਦਾ ਸਿਲਸਿਲਾ ਦੋ ਸਾਲ ਪਹਿਲਾਂ ਹੀ ਚੱਲ ਪਿਆ ਸੀ। ਹਾਲ ਹੀ ਵਿੱਚ ਬੁੜੈਲ ਜੇਲ੍ਹ ਦੇ ਬਾਹਰ ਵਿਸਫੋਟਕ ਸਮੱਗਰੀ ਦਾ ਮਿਲਣਾ ਅਤੇ ਹੁਣ ਪੰਜਾਬ ਦੀ ਇੰਟੈਲੀਜੈਂਸ ਦੇ ਮੋਹਾਲੀ ਹੈੱਡਕੁਆਰਟਰ ‘ਤੇ ਛੋਟਾ ਰਾਕਟ ਦਾਗਣਾ ਸਿਧੇ ਰੂਪ ਵਿੱਚ ਪੰਜਾਬ ਦੀ ਸਰਕਾਰ ਨੂੰ ਲਲਕਾਰਨ ਵਾਲੀ ਗੱਲ ਹੈ। ਪਿਛਲੇ ਸਮੇਂ ਦੀਆਂ ਘਟਨਾਵਾਂ ਜਿਵੇਂ ਕਰਨਾਲ ‘ਚ ਪੰਜਾਬ ਦੇ ਚਾਰ ਮੁੰਡਿਆਂ ਦਾ ਕਥਿਤ ਤੌਰ ‘ਤੇ ਹਥਿਆਰਾਂ ਨਾਲ ਫੜੇ ਜਾਣਾ, ਤਰਨਤਾਰਨ ਵਿੱਚ ਵਿਸਫੋਟਕ ਮਿਲਣੇ, ਹਿਮਾਚਲ ਪ੍ਰਦੇਸ ਦੀ ਧਰਮਸ਼ਾਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਾਕੇ ਖਾਲਿਸਤਾਨ ਲਿਖਣਾ, 29 ਅਪ੍ਰੈਲ ਨੂੰ ਪਟਿਆਲੇ ਵਿੱਚ ਹੋਈਆਂ ਮੰਦਭਾਗੀਆਂ ਘਟਨਾਵਾਂ, ਉਸੇ ਹੀ ਦਿਨ ਮਲੇਰਕੋਟਲਾ ਦੇ ਡੀ ਸੀ ਦੇ ਦਫ਼ਤਰ ਦੇ ਬਾਹਰ ਵੀ ਖਾਲਿਸਤਾਨ ਦਾ ਪ੍ਰਚਾਰ ਕਰਨਾ, ਰੋਪੜ ਵਿੱਚ ਮਿੰਨੀ ਸੈਕਰੇਟੇਰੀਏਟ ਦੇ ਬਾਹਰ ਖਾਲਿਸਤਾਨ ਲਿਖਣਾ ਅਤੇ ਰੋਪੜ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੜਕ ਦੇ ਨਾਲ ਲੱਗੇ ਰੁੱਖਾਂ ਉਪਰ ਖਾਲਿਸਤਾਨ ਦੇ ਝੰਡੇ ਲਾ ਕੇ ਖਾਲਿਸਤਾਨ ਲਿਖਣਾ, 2021 ਵਿੱਚ ਹਿਮਾਚਲ ਦੇ ਮੁੱਖ-ਮੰਤਰੀ ਨੂੰ ਆਜ਼ਾਦੀ ਦਿਵਸ ‘ਤੇ ਝੰਡਾ ਨਾ ਲਹਿਰਾਉਣ ਦੇਣ ਦੀ ਧਮਕੀ ਅਤੇ ਵਿਦੇਸ਼ ਵਿੱਚ ਬੈਠੈ ਖਾਲਿਸਤਾਨ ਦੀ ਲਹਿਰ ਨੂੰ ਚਲਾਉਣ ਵਾਲੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੱਖ-ਵੱਖ ਸਮੇਂ ਖਾਲਿਸਤਾਨ ਲਈ ਰੈਫ਼ਰੈਂਡਮ ਕਰਵਾਉਣ ਦੇ ਐਲਾਨਾਂ ਨੂੰ ਜੇਕਰ ਜੋੜ ਕੇ ਵੇਖਿਆ ਜਾਵੇ ਤਾਂ ਮਨ ਉਦਾਸ ਹੋ ਜਾਂਦਾ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਸਾਡੇ ਲੀਡਰਾਂ ਦੀ ਸਿਔੜੀ ਸਿਆਸਤ ਕਾਰਨ ਝੰਬਿਆ ਪਿਆ ਹੈ ਜੇਕਰ ਫਿਰ ਹਾਲਾਤ 80ਵਿਆਂ ਵਰਗੇ ਹੋ ਗਏ ਤਾਂ ਗੁਰੂਆਂ ਦੇ ਪੰਜਾਬ ਨੂੰ ਗੁਰੂ ਵੀ ਨਹੀਂ ਬਚਾ ਸਕਣਗੇ।
‘ਆਪ’ ਦੀ ਸਰਕਾਰ ਲਈ ਇਹ ਇਕ ਵੱਡੀ ਚੁਣੌਤੀ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਾ ਹੋਣ ਦੇਵੇ। ਇਸ ਮੌਕੇ ਬਾਕੀ ਸਿਆਸੀ, ਸਮਾਜਿਕ ਅਤੇ ਧਾਰਮਿਕ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦਾ ਸਾਰਥਿਕ ਰੂਪ ‘ਚ ਸਾਥ ਦੇਣ ਤਾਂ ਕਿ ਪੰਜਾਬ ਨੂੰ ਦੁਬਾਰਾ ਬਲਦੀ ਦੇ ਬੁਥੇ ਦੇਣ ਤੋਂ ਬਚਾ ਸਕੀਏ। ਸਿਆਸੀ ਕਬੱਡੀ ਤਾਂ ਬਾਅਦ ਵਿੱਚ ਵੀ ਪਾਈ ਜਾ ਸਕਦੀ ਹੈ। ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਅਸਲ ਵਿੱਚ ਪੰਜਾਬ ਦੇ ਉਹ ਹੀ ਸਭ ਤੋਂ ਵੱਡੇ ਦੁਸ਼ਮਣ ਹਨ, ਉਹ ਚਾਹੇ ਪੰਜਾਬ ‘ਚ ਹੋਣ ਜਾਂ ਵਿਦੇਸ਼ਾਂ ਵਿੱਚ ਹੋਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.