
ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਵੱਲੋਂ ਗਰੁੱਪ-ਬੀ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ’ਚ ਹੋਏ ਕਥਿਤ ਘਪਲੇ ਦੀਆਂ ਪਰਤਾਂ ਖੋਹਲਣ ਲਈ ਵਿਜੀਲੈਂਸ ਨੇ ਇੱਕ ਡੀਐਸਪੀ ਦੀ ਅਗਵਾਈ ਹੇਠ 4 ਮੈਂਬਰੀ ਐਸਆਈਟੀ ਬਣਾਈ ਹੈ ਜਿਸ ਟੀਮ ਵਿੱਚ ਤਿੰਨ ਇੰਸਪੈਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇੱਕ ਮਹਿਲਾ ਇੰਸਪੈਕਟਰ ਵੀ ਹੈ। ਪਿਛਲੇ ਸਾਲ 21 ਦਸੰਬਰ 2025 ਨੂੰ ਕਰਵਾਈ ਇਸ ਭਰਤੀ ਪ੍ਰੀਖਿਆ ਲਈ 8808 ਪ੍ਰੀਖਿਆਰਥੀਆਂ ਵਾਸਤੇ ਇਕੱਲੇ ਬਠਿੰਡਾ ’ਚ 24 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇੰਨ੍ਹਾਂ ਪ੍ਰੀਖਿਆ ਕੇਂਦਰਾਂ ’ਚ 1 ਯੂਨੀਵਰਸਿਟੀ ਤੋਂ ਇਲਾਵਾ ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਸਮੇਤ 5 ਅਦਾਰਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਐਸਆਈਟੀ ਨੇ ਕਰੀਬ ਇੱਕ ਦਰਜਨ ਸ਼ੱਕੀ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਪ੍ਰੀਖਿਆ ਨਾਲ ਸਬੰਧਤ ਦਸਤਾਵੇਜ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਨ੍ਹਾਂ ਵਿੱਚ ਪ੍ਰੀਖਿਆਰਥੀਆਂ ਦਾ ਸਿਟਿੰਗ ਪਲਾਨ ਅਤੇ ਵੀਡੀਓਗ੍ਰਾਫੀ ਸਮੇਤ ਹੋਰ ਕਈ ਪ੍ਰਕਾਰ ਦੇ ਵੇਰਵੇ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਸਮਰੱਥਾ ਅਨੁਸਾਰ 240 ਤੋਂ 256 ਤੱਕ ਪ੍ਰੀਖਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਸੀ। ਇਸ ਪ੍ਰੀਖਿਆ ਦਾ ਨਤੀਜਾ 9 ਜਨਵਰੀ ਨੂੰ ਐਲਾਨਿਆ ਗਿਆ ਸੀ ਜਿਸ ਤੋਂ ਤੁਰੰਤ ਬਾਅਦ ਘਪਲਾ ਹੋਣ ਦੇ ਦੀ ਗੱਲ ਉੱਠਣੀ ਸ਼ੁਰੂ ਹੋ ਗਈ ਸੀ। ਪ੍ਰੀਖਿਆਰਥੀਆਂ ਨੇ ਇਸ ਮੌਕੇ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਅਤੇ ਵੱਡਾ ਪੱਧਰ ਤੇ ਘਪਲਾ ਹੋਣ ਦਾ ਸ਼ੱਕ ਜਤਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਚੋਟੀ ਦੇ 100 ਪ੍ਰੀਖਿਆਰਥੀਆਂ ਚੋਂ ਬਠਿੰਡਾ ਜਿਲ੍ਹੇ ਦੇ ਕੇਂਦਰਾਂ ’ਚ ਪ੍ਰੀਖਿਆ ਦੇਣ ਵਾਲੇ 22 ਪ੍ਰੀਖਿਆਰਥੀ ਆਏ ਹਨ। ਨਤੀਜੇ ਅਨੁਸਾਰ ਪਹਿਲੇ ਅਤੇ ਦੂਸਰੇ ਸਥਾਨ ’ਤੇ ਆਏ ਪ੍ਰੀਖਿਆਰਥੀਆਂ ਨੇ 120 ’ਚੋਂ ਇੱਕੋ ਜਿਹੇ 117.50 ਨੰਬਰ ਹਾਸਲ ਕੀਤੇ ਜਦੋਂਕਿ ਚੌਥੇ ਸਥਾਨ ਤੇ ਇੱਕ ਲੜਕੀ ਨੇ 116.25 ਅਤੇ ਪੰਜਵੇਂ ਨੰਬਰ ਵਾਲੇ ਨੇ 115 ਅੰਕ ਪ੍ਰਾਪਤ ਕੀਤੇ ਹਨ। ਛੇਵਾਂ ਸਥਾਨ 106.75 ਅੰਕਾਂ ਨਾਲ ਪ੍ਰੀਖਿਆਰਥਣ ਦਾ ਹੈ ਜਦੋਂਕਿ 101.25 ਅੰਕਾਂ ਵਾਲਾ ਸੱਤਵੇਂ ਨੰਬਰ ’ਤੇ ਆਇਆ ਹੈ।
ਬਠਿੰਡਾ ਦੀਆਂ ਵੱਖ ਵੱਖ ਲਾਇਬਰੇਰੀਆਂ ’ਚ ਤਿਆਰੀ ਕਰਨ ਵਾਲੇ ਸੈਂਕੜਿਆਂ ਦੀ ਗਿਣਤੀ ਨੌਜੁਆਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਨਤੀਜਾ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 5 –5 ਸਾਲਾਂ ਤੋਂ ਮੁਕਾਬਲੇ ਦੀਆਂ ਇੰਨ੍ਹਾਂ ਪ੍ਰੀਖਿਆਵਾਂ ਗਰੁੱਪ ਬੀ , ਗਰੁੱਪ ਸੀ, ਸਿਵਿਲ ਸਰਵਿਸ, ਪੀਸੀਐਸ ਅਤੇ ਆਈਏਐਸ ਲਈ ਤਿਆਰੀ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਹਾਸਲ ਅੰਕਾਂ ਦਾ ਅੰਕੜਾ 80 ਤੋਂ 100 ਤੱਕ ਹੀ ਪੁੱਜ ਸਕਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਭਰਤੀ ਪ੍ਰੀਖਿਆ ਦੇ ਨਤੀਜੇ ਤੇ ਨਜ਼ਰ ਮਾਰੀਏ ਤਾਂ ਪਾਰਦਰਸ਼ਤਾ ਸ਼ੱਕ ਦੇ ਘੇਰੇ ’ਚ ਆਉਂਦੀ ਹੈ। ਇੰਨ੍ਹਾਂ ਨੌਜੁਆਨਾਂ ਦਾ ਕਹਿਣਾ ਸੀ ਕਿ ਪ੍ਰੀਖਿਆ ਦੌਰਾਨ ਮੈਰਿਟ ’ਚ ਆਉਣ ਵਾਲੇ ਪ੍ਰੀਖਿਆਰਥੀਆਂ ਦਾ ਇਸ ਤਰਾਂ ਦਾ ਆਪਸੀ ਅਤੇ ਬੇਹੱਦ ਨਜ਼ਦੀਕੀ ਸਬੰਧ ਸਾਹਮਣੇ ਆਉਣਾ ਕੋਈ ਸੰਜੋਗ ਨਹੀਂ ਬਲਕਿ ਬਹੁਤ ਵੱਡੀ ਸਾਜਿਸ਼ ਹੈ ਜਿਸ ਦੀ ਮੁਕੰਮਲ ਘੁੰਡ ਚੁਕਾਈ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਪ੍ਰੀਖਿਆਰਥੀਆਂ ਵੱਲੋਂ ਇਸ ਕਥਿਤ ਭਰਤੀ ਘਪਲੇ ਸਬੰਧੀ ਸਾਹਮਣੇ ਲਿਆਂਦੇ ਇੰਨ੍ਹਾਂ ਗੰਭੀਰ ਕਿਸਮ ਦੇ ਤੱਥਾਂ ਤੋਂ ਬਾਅਦ ਸ਼ਹਿਰ ਦੇ ਕਈ ਨਾਮੀ ਸਕੂਲ ਅਤੇ ਕਾਲਜ ਵਿਜੀਲੈਂਸ ਦੀ ਵਿਸ਼ੇਸ਼ ਜਾਂਚ ਟੀਮ ਦੇ ਨਿਸ਼ਾਨੇ ’ਤੇ ਆ ਗਏ ਹਨ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਜਾਂਚ ਟੀਮ ਘਪਲੇ ਨਾਲ ਜੁੜੇ ਤੱਥ ਫਰੋਲਣ ਲੱਗੀ ਹੈ ਜਿਸ ਤਹਿਤ ਅੱਧੀ ਦਰਜਨ ਪ੍ਰੀਖਿਆਰਥੀਆਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਗਈ ਹੈ। ਇਹ ਪ੍ਰੀਖਿਆਰਥੀ ਸ਼ੱਕੀ ਹਨ ਜਾਂ ਫਿਰ ਘਪਲਾ ਉਜਾਗਰ ਕਰਨ ਵਾਲਿਆਂ ਚੋਂ ਕੋਈ, ਅਧਿਕਾਰੀ ਇਸ ਸਬੰਧ ਵਿੱਚ ਕੋਈ ਵੀ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਫਿਲਹਾਲ ਸ਼ੁਰੂਆਤੀ ਦੌਰ ਵਿੱਚ ਹੈ ਜਿਸ ਦੇ ਪ੍ਰਭਾਵਿਤ ਹੋਣ ਨੂੰ ਦੇਖਦਿਆਂ ਕੁੱਝ ਵੀ ਕਹਿਣਾ ਵਕਤੋਂ ਪਹਿਲਾਂ ਦੀ ਗੱਲ ਹੋਵੇਗੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਵੱਲੋਂ ਸ਼ੁਰੂ ’ਚ ਭਰਤੀ ਸਬੰਧੀ ਸਮੁੱਚਾ ਰਿਕਾਰਡ ਖੰਘਾਲਿਆ ਜਾਣਾ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਅੱਗੇ ਵਧਾਈ ਜਾਣੀ ਹੈ।
ਪੰਜਾਬ ’ਚ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਕਈ ਸਾਲ ਪਹਿਲਾਂ ਗਠਜੋੜ ਸਰਕਾਰ ਦੌਰਾਨ ਵੀ ਨੌਕਰੀ ਘੁਟਾਲਾ ਹੋਇਆ ਸੀ। ਉਦੋਂ ਪੰਜਾਬ ਸਰਕਾਰ ਨੇ ਕਈ ਵਿਭਾਗਾਂ ’ਚ ਭਰਤੀ ਸਬੰਧੀ ਪੁਲਿਸ ਨੇ ਮਲੋਟ ਦੇ ਇੱਕ ਅਕਾਲੀ ਆਗੂ ਸਮੇਤ ਹੋਰ ਸੂਬਿਆਂ ਚੋ ਵੀ ਗ੍ਰਿਫਤਾਰੀਆਂ ਕੀਤੀਆਂ ਸਨ। ਬਠਿੰਡਾ ਜਿਲ੍ਹੇ ਦਾ ਇੱਕ ਅਕਾਲੀ ਆਗੂ ਵੀ ਨਾਮਜਦ ਕੀਤਾ ਗਿਆ ਅਤੇ ਤਲਵੰਡੀ ਸਾਬੋ ਦੇ ਭਾਜਪਾ ਆਗੂ ਦੇ ਪੁੱਤਰਾਂ ਤੋਂ ਪੁੱਛਗਿਛ ਕੀਤੀ ਗਈ ਸੀ। ਇਸ ਮੌਕੇ ਸਾਹਮਣੇ ਆਇਆ ਸੀ ਕਿ ਸੌ ਤੋਂ ਵੱਧ ਉਮੀਦਵਾਰਾਂ ਨੇ ਲੱਖਾਂ ਰੁਪਏ ਚਾੜ੍ਹਕੇ ਨੌਕਰੀਆਂ ਹਾਸਲ ਕੀਤੀਆਂ ਹਨ। ਉਦੋਂ ਲਖਨਊ ਦੇ ਗੁਰੂ ਜੀ ਦੀ ਭੂਮਿਕਾ ਵੀ ਸਾਹਮਣੇ ਆਈ ਸੀ। ਮਗਰੋਂ ਇਸ ਮਾਮਲੇ ਦਾ ਕੀ ਬਣਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਐਸਆਈਟੀ ਵੱਲੋਂ ਜਾਂਚ:ਐਸਐਸਪੀਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਦਿਗਵਿਜੇ ਕਪਿਲ ਦਾ ਕਹਿਣਾ ਸੀ ਕਿ ਪ੍ਰੀਖਿਆ ਘਪਲੇ ਦੀ ਪੜਤਾਲ ਲਈ 4 ਮੈਂਬਰੀ ਐਸਆਈਟੀ ਬਣਾਈ ਗਈ ਹੈ ਜਿਸ ’ਚ ਇੱਕ ਡੀਐਸਪੀ ਅਤੇ ਤਿੰਨ ਇੰਸਪੈਕਟਰਾਂ ਨੂੰ ਜਾਂਚ ਦਾ ਜਿੰਮਾਂ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸ਼ੁਰੂਆਤ ਹੈ ਜਾਂਚ ਦੌਰਾਨ ਹਰ ਪਹਿਲੂ ਦੀ ਪੜਤਾਲ ਤੋਂ ਬਾਠਅਦ ਹੀ ਖੁਲਾਸਾ ਹੋ ਸਕੇਗਾ ਕਿ ਆਖਿਰ ਮਾਜਰਾ ਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




