
ਭਾਈ ਬਖਤੌਰ ’ਚ ਪਹਿਲੀ ਜੂਨ ਨੂੰ ਪਿੰਡ ’ਚ ਚਿੱਟੇ ਦੀ ਵਿੱਕਰੀ ਤੋਂ ਅੱਕ ਕੇ ‘ਸਾਡਾ ਪਿੰਡ ਵਿਕਾਊ ਹੈ’ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਨੂੰ ਕਥਿਤ ਧਮਕੀਆਂ ਦੇਣ ਵਾਲੇ ਥਾਣਾ ਕੋਟਫੱਤਾ ਦੇ ਐਸਐਚਓ ਇੰਸਪੈਕਟਰ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਫੇਸਬੁੱਕ ਤੇ ਲਾਈਵ ਵੀਡੀਓ ਰਾਹੀਂ ਲੱਖੀ ਸਿੱਧੂ ਨੇ ਬੀਤੀ ਦੇਰ ਸ਼ਾਮ ਕਾਫੀ ਭਾਵੁਕ ਅੰਦਾਜ਼ ’ਚ ਧਮਕੀਆਂ ਦੇਣ ਸਬੰਧੀ ਖੁਲਾਸਾ ਕੀਤਾ ਸੀ। ਵੀਡੀਓ ਜਨਤਕ ਹੋਣ ਤੋਂ ਬਾਅਦ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਥਾਣਾ ਨੰਦਗੜ੍ਹ ਦੇ ਐਸਐਚਓ ਸੰਦੀਪ ਭਾਟੀ ਨੂੰ ਮੌਕੇ ਤੇ ਭੇਜਿਆ ਸੀ ਜਿਨ੍ਹਾਂ ਨੇ ਲਖਵੀਰ ਸਿੰਘ ਨੂੰ ਸ਼ਾਂਤ ਕੀਤਾ ਸੀ। ਜਿਲ੍ਹਾ ਪੁਲਿਸ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਤੇ ਪੋਸਟ ਪਾਕੇ ਧਮਕੀਆਂ ਦੇਣ ਦੇ ਮਾਮਲੇ ਸਬੰਧੀ ਸਫਾਈ ਦਿੱਤੀ ਹੈ।
ਪਿੰਡ ਭਾਈ ਬਖਤੌਰ ’ਚ ਚਿੱਟਾ ਤਸਕਰਾਂ ਨੇ 31 ਮਈ ਰਾਤ ਨੂੰ ਸਾਬਕਾ ਫੌਜੀ ਰਣਵੀਰ ਸਿੰਘ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ ਜੋ ਬਠਿੰਡਾ ਦੇ ਹਸਪਤਾਲ ’ਚ ਜੇਰੇ ਇਲਾਜ ਹੈ। ਇਸ ਤੋਂ ਬਾਅਦ ਲੱਖੀ ਸਿੱਧੂ ਨੇ ਪਿੰਡ ਦੇ ਬਾਹਰਵਾਰ ਇਹ ਪੋਸਟਰ ਲਾ ਦਿੱਤਾ ਅਤੇ ਲਾਈਵ ਹੋਕੇ ਪਿੰਡ ਵਿਚਲੀ ਭਿਆਨਕ ਸਥਿਤੀ ਸਬੰਧੀ ਜਾਣਕਾਰੀ ਦਿੱਤੀ ਸੀ। ਪੋਸਟਰ ਲੱਗਣ ਤੋਂ ਮਗਰੋਂ ਕੁੱਝ ਕੁ ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਸਾਬਕਾ ਫੌਜੀ ਤੇ ਹਮਲਾ ਕਰਨ ਵਾਲੇ ਮੁੱਖ ਮੁਲਜਮ ਸਮੇਤ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਸੂਤਰ ਦੱਸਦੇ ਹਨ ਕਿ ਪੁਲਿਸ ਅਧਿਕਾਰੀਆਂ ਅੱਗੇ ਕਿਰਕਰੀ ਹੋਣ ਕਾਰਨ ਥਾਣਾ ਕੋਟਫੱਤਾ ਦਾ ਮੁੱਖ ਥਾਣਾ ਅਫਸਰ ਮਨੀਸ਼ ਕੁਮਾਰ ਲਖਵੀਰ ਸਿੰਘ ਤੇ ਗਰਮੀ ਖਾ ਗਿਆ ਜਿਸ ਪਿੱਛੋਂ ਪਿੰਡ ਭਾਈ ਬਖਤੌਰ ਪੁੱਜ ਕੇ ਲੱਖੀ ਸਿੱਧੂ ਨੂੰ ਪੁਲਸੀਆ ਅੰਦਾਜ਼ ’ਚ ਧਮਕੀ ਦਿੱਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.